ਦੂਜਾ ਰਾਜਿਆਂ 15:1-38

  • ਯਹੂਦਾਹ ਦਾ ਰਾਜਾ ਅਜ਼ਰਯਾਹ (1-7)

  • ਇਜ਼ਰਾਈਲ ਦੇ ਆਖ਼ਰੀ ਰਾਜੇ: ਜ਼ਕਰਯਾਹ (8-12), ਸ਼ਲੂਮ (13-16), ਮਨਹੇਮ (17-22), ਪਕਾਹਯਾਹ (23-26), ਪਕਾਹ (27-31)

  • ਯਹੂਦਾਹ ਦਾ ਰਾਜਾ ਯੋਥਾਮ (32-38)

15  ਇਜ਼ਰਾਈਲ ਦੇ ਰਾਜੇ ਯਾਰਾਬੁਆਮ* ਦੇ ਰਾਜ ਦੇ 27ਵੇਂ ਸਾਲ ਯਹੂਦਾਹ ਦੇ ਰਾਜੇ ਅਮਸਯਾਹ+ ਦਾ ਪੁੱਤਰ ਅਜ਼ਰਯਾਹ*+ ਰਾਜਾ ਬਣ ਗਿਆ।+  ਉਹ 16 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 52 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਤੋਂ ਸੀ।  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ।+  ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ+ ਅਤੇ ਲੋਕ ਹਾਲੇ ਵੀ ਉੱਚੀਆਂ ਥਾਵਾਂ ’ਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+  ਯਹੋਵਾਹ ਨੇ ਰਾਜੇ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ+ ਤੇ ਉਹ ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ; ਉਹ ਇਕ ਵੱਖਰੇ ਘਰ ਵਿਚ ਰਹਿੰਦਾ ਸੀ+ ਜਦ ਕਿ ਰਾਜੇ ਦਾ ਪੁੱਤਰ ਯੋਥਾਮ+ ਮਹਿਲ ਦੀ ਦੇਖ-ਰੇਖ ਕਰਦਾ ਸੀ ਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ।+  ਅਜ਼ਰਯਾਹ ਦੀ ਬਾਕੀ ਕਹਾਣੀ+ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।  ਫਿਰ ਅਜ਼ਰਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ; ਅਤੇ ਉਸ ਦਾ ਪੁੱਤਰ ਯੋਥਾਮ ਉਸ ਦੀ ਜਗ੍ਹਾ ਰਾਜਾ ਬਣ ਗਿਆ।  ਯਹੂਦਾਹ ਦੇ ਰਾਜੇ ਅਜ਼ਰਯਾਹ+ ਦੇ ਰਾਜ ਦੇ 38ਵੇਂ ਸਾਲ ਯਾਰਾਬੁਆਮ ਦਾ ਪੁੱਤਰ ਜ਼ਕਰਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਛੇ ਮਹੀਨੇ ਰਾਜ ਕੀਤਾ।  ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਕੀਤਾ ਸੀ। ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 10  ਫਿਰ ਯਾਬੇਸ਼ ਦੇ ਪੁੱਤਰ ਸ਼ਲੂਮ ਨੇ ਉਸ ਖ਼ਿਲਾਫ਼ ਸਾਜ਼ਸ਼ ਰਚੀ ਤੇ ਯਿਬਲਾਮ+ ਵਿਚ ਉਸ ਨੂੰ ਮਾਰ ਸੁੱਟਿਆ।+ ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਉਹ ਆਪ ਉਸ ਦੀ ਜਗ੍ਹਾ ਰਾਜਾ ਬਣ ਗਿਆ। 11  ਜ਼ਕਰਯਾਹ ਦੀ ਬਾਕੀ ਕਹਾਣੀ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖੀ ਹੋਈ ਹੈ। 12  ਇਸ ਤਰ੍ਹਾਂ ਯੇਹੂ ਨੂੰ ਕਿਹਾ ਯਹੋਵਾਹ ਦਾ ਇਹ ਬਚਨ ਪੂਰਾ ਹੋਇਆ: “ਤੇਰੇ ਪੁੱਤਰਾਂ ਦੀਆਂ ਚਾਰ ਪੀੜ੍ਹੀਆਂ+ ਇਜ਼ਰਾਈਲ ਦੇ ਸਿੰਘਾਸਣ ’ਤੇ ਬੈਠਣਗੀਆਂ।”+ ਅਤੇ ਇਸੇ ਤਰ੍ਹਾਂ ਹੋਇਆ। 13  ਯਹੂਦਾਹ ਦੇ ਰਾਜੇ ਉਜ਼ੀਯਾਹ+ ਦੇ ਰਾਜ ਦੇ 39ਵੇਂ ਸਾਲ ਯਾਬੇਸ਼ ਦਾ ਪੁੱਤਰ ਸ਼ਲੂਮ ਰਾਜਾ ਬਣ ਗਿਆ ਤੇ ਉਸ ਨੇ ਸਾਮਰਿਯਾ ਵਿਚ ਪੂਰਾ ਇਕ ਮਹੀਨਾ ਰਾਜ ਕੀਤਾ। 14  ਫਿਰ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ+ ਤੋਂ ਸਾਮਰਿਯਾ ਆਇਆ ਤੇ ਉਸ ਨੇ ਯਾਬੇਸ਼ ਦੇ ਪੁੱਤਰ ਸ਼ਲੂਮ+ ਨੂੰ ਸਾਮਰਿਯਾ ਵਿਚ ਮਾਰ ਸੁੱਟਿਆ। ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਉਹ ਆਪ ਉਸ ਦੀ ਜਗ੍ਹਾ ਰਾਜਾ ਬਣ ਗਿਆ। 15  ਸ਼ਲੂਮ ਦੀ ਬਾਕੀ ਕਹਾਣੀ ਤੇ ਉਸ ਦੀ ਰਚੀ ਸਾਜ਼ਸ਼ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 16  ਉਸ ਵੇਲੇ ਮਨਹੇਮ ਤਿਰਸਾਹ ਤੋਂ ਆਇਆ ਤੇ ਉਸ ਨੇ ਤਿਫਸਾਹ ’ਤੇ ਹਮਲਾ ਕਰ ਕੇ ਉਸ ਦੇ ਅਤੇ ਉਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਉਸ ਲਈ ਆਪਣੇ ਦਰਵਾਜ਼ੇ ਨਹੀਂ ਖੋਲ੍ਹੇ। ਉਸ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਤੇ ਉੱਥੇ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਸੁੱਟਿਆ। 17  ਯਹੂਦਾਹ ਦੇ ਰਾਜੇ ਅਜ਼ਰਯਾਹ ਦੇ ਰਾਜ ਦੇ 39ਵੇਂ ਸਾਲ ਗਾਦੀ ਦਾ ਪੁੱਤਰ ਮਨਹੇਮ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ ਦਸ ਸਾਲ ਸਾਮਰਿਯਾ ਵਿਚ ਰਾਜ ਕੀਤਾ। 18  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਆਪਣੇ ਸਾਰੇ ਦਿਨਾਂ ਦੌਰਾਨ ਉਨ੍ਹਾਂ ਸਾਰੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 19  ਦੇਸ਼ ਵਿਚ ਅੱਸ਼ੂਰ ਦਾ ਰਾਜਾ ਪੂਲ+ ਆਇਆ ਅਤੇ ਮਨਹੇਮ ਨੇ ਪੂਲ ਨੂੰ 1,000 ਕਿੱਕਾਰ* ਚਾਂਦੀ ਦਿੱਤੀ ਤਾਂਕਿ ਉਹ ਉਸ ਦਾ ਸਾਥ ਦੇ ਕੇ ਉਸ ਦੇ ਹੱਥਾਂ ਵਿਚ ਰਾਜ ਦੀ ਪਕੜ ਮਜ਼ਬੂਤ ਕਰੇ।+ 20  ਮਨਹੇਮ ਨੇ ਇਜ਼ਰਾਈਲ ਦੇ ਮੰਨੇ-ਪ੍ਰਮੰਨੇ ਅਮੀਰ ਆਦਮੀਆਂ ਤੋਂ ਚਾਂਦੀ ਇਕੱਠੀ ਕੀਤੀ ਸੀ।+ ਉਸ ਨੇ ਹਰੇਕ ਆਦਮੀ ਤੋਂ 50 ਸ਼ੇਕੇਲ* ਚਾਂਦੀ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਦਿੱਤੀ ਸੀ। ਇਸ ਤੋਂ ਬਾਅਦ ਅੱਸ਼ੂਰ ਦਾ ਰਾਜਾ ਮੁੜ ਗਿਆ ਤੇ ਉਹ ਦੇਸ਼ ਵਿਚ ਨਹੀਂ ਰਿਹਾ। 21  ਮਨਹੇਮ+ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 22  ਫਿਰ ਮਨਹੇਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਪਕਾਹਯਾਹ ਰਾਜਾ ਬਣ ਗਿਆ। 23  ਯਹੂਦਾਹ ਦੇ ਰਾਜੇ ਅਜ਼ਰਯਾਹ ਦੇ ਰਾਜ ਦੇ 50ਵੇਂ ਸਾਲ ਮਨਹੇਮ ਦਾ ਪੁੱਤਰ ਪਕਾਹਯਾਹ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 24  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 25  ਫਿਰ ਉਸ ਦੇ ਸਹਾਇਕ ਅਧਿਕਾਰੀ ਪਕਾਹ+ ਨੇ, ਜੋ ਰਮਲਯਾਹ ਦਾ ਪੁੱਤਰ ਸੀ, ਉਸ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਅਰਗੋਬ ਤੇ ਅਰਯੇਹ ਨਾਲ ਸਾਮਰਿਯਾ ਵਿਚ ਰਾਜੇ ਦੇ ਮਹਿਲ ਦੇ ਮਜ਼ਬੂਤ ਬੁਰਜ ਵਿਚ ਉਸ ਨੂੰ ਮਾਰ ਦਿੱਤਾ। ਉਸ ਦੇ ਨਾਲ ਗਿਲਆਦ ਦੇ 50 ਆਦਮੀ ਸਨ; ਉਸ ਨੂੰ ਜਾਨੋਂ ਮਾਰਨ ਤੋਂ ਬਾਅਦ ਪਕਾਹ ਆਪ ਉਸ ਦੀ ਜਗ੍ਹਾ ਰਾਜਾ ਬਣ ਗਿਆ। 26  ਪਕਾਹਯਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 27  ਯਹੂਦਾਹ ਦੇ ਰਾਜੇ ਅਜ਼ਰਯਾਹ ਦੇ ਰਾਜ ਦੇ 52ਵੇਂ ਸਾਲ ਰਮਲਯਾਹ ਦਾ ਪੁੱਤਰ ਪਕਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਤੇ ਉਸ ਨੇ 20 ਸਾਲ ਰਾਜ ਕੀਤਾ। 28  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 29  ਇਜ਼ਰਾਈਲ ਦੇ ਰਾਜੇ ਪਕਾਹ ਦੇ ਦਿਨਾਂ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਨੇ ਹਮਲਾ ਕਰ ਕੇ ਈਯੋਨ, ਆਬੇਲ-ਬੈਤ-ਮਾਕਾਹ,+ ਯਾਨੋਆਹ, ਕੇਦਸ਼,+ ਹਾਸੋਰ, ਗਿਲਆਦ+ ਅਤੇ ਗਲੀਲ, ਹਾਂ, ਸਾਰੇ ਨਫ਼ਤਾਲੀ ਦੇਸ਼ ਉੱਤੇ ਕਬਜ਼ਾ ਕਰ ਲਿਆ+ ਅਤੇ ਉੱਥੇ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ।+ 30  ਫਿਰ ਏਲਾਹ ਦੇ ਪੁੱਤਰ ਹੋਸ਼ੇਆ+ ਨੇ ਰਮਲਯਾਹ ਦੇ ਪੁੱਤਰ ਪਕਾਹ ਵਿਰੁੱਧ ਸਾਜ਼ਸ਼ ਘੜੀ ਅਤੇ ਉਸ ’ਤੇ ਵਾਰ ਕਰ ਕੇ ਉਸ ਨੂੰ ਮਾਰ ਸੁੱਟਿਆ; ਅਤੇ ਉਹ ਉਸ ਦੀ ਜਗ੍ਹਾ ਰਾਜਾ ਬਣ ਗਿਆ। ਇਹ ਉਜ਼ੀਯਾਹ ਦੇ ਪੁੱਤਰ ਯੋਥਾਮ+ ਦੇ ਰਾਜ ਦਾ 20ਵਾਂ ਸਾਲ ਸੀ। 31  ਪਕਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 32  ਇਜ਼ਰਾਈਲ ਦੇ ਰਾਜੇ ਰਮਲਯਾਹ ਦੇ ਪੁੱਤਰ ਪਕਾਹ ਦੇ ਰਾਜ ਦੇ ਦੂਜੇ ਸਾਲ ਯਹੂਦਾਹ ਦੇ ਰਾਜੇ ਉਜ਼ੀਯਾਹ+ ਦਾ ਪੁੱਤਰ ਯੋਥਾਮ+ ਰਾਜਾ ਬਣਿਆ। 33  ਉਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਰੂਸ਼ਾ ਸੀ ਜੋ ਸਾਦੋਕ ਦੀ ਧੀ ਸੀ।+ 34  ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ।+ 35  ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ ਅਤੇ ਲੋਕ ਹਾਲੇ ਵੀ ਉੱਚੀਆਂ ਥਾਵਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+ ਯਹੋਵਾਹ ਦੇ ਭਵਨ ਦਾ ਉੱਪਰਲਾ ਦਰਵਾਜ਼ਾ ਉਸ ਨੇ ਹੀ ਬਣਾਇਆ ਸੀ।+ 36  ਯੋਥਾਮ ਦੀ ਬਾਕੀ ਕਹਾਣੀ ਅਤੇ ਉਸ ਦੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 37  ਉਨ੍ਹਾਂ ਦਿਨਾਂ ਵਿਚ ਯਹੋਵਾਹ ਸੀਰੀਆ ਦੇ ਰਾਜੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਪਕਾਹ+ ਨੂੰ ਯਹੂਦਾਹ ਦੇ ਖ਼ਿਲਾਫ਼ ਭੇਜਣ ਲੱਗਾ।+ 38  ਫਿਰ ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਵੱਡ-ਵਡੇਰੇ ਦਾਊਦ ਦੇ ਸ਼ਹਿਰ ਵਿਚ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ। ਅਤੇ ਉਸ ਦਾ ਪੁੱਤਰ ਆਹਾਜ਼ ਉਸ ਦੀ ਜਗ੍ਹਾ ਰਾਜਾ ਬਣ ਗਿਆ।

ਫੁਟਨੋਟ

ਯਾਨੀ, ਯਾਰਾਬੁਆਮ ਦੂਜਾ।
ਮਤਲਬ “ਯਹੋਵਾਹ ਨੇ ਮਦਦ ਕੀਤੀ।” 2 ਰਾਜ 15:13; 2 ਇਤਿ 26:​1-23; ਯਸਾ 6:1 ਅਤੇ ਜ਼ਕ 14:5 ਵਿਚ ਉਸ ਨੂੰ ਉਜ਼ੀਯਾਹ ਕਿਹਾ ਗਿਆ ਹੈ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।