ਦੂਜਾ ਰਾਜਿਆਂ 16:1-20

  • ਯਹੂਦਾਹ ਦਾ ਰਾਜਾ ਆਹਾਜ਼ (1-6)

  • ਆਹਾਜ਼ ਨੇ ਅੱਸ਼ੂਰੀਆਂ ਨੂੰ ਰਿਸ਼ਵਤ ਦਿੱਤੀ (7-9)

  • ਆਹਾਜ਼ ਨੇ ਝੂਠੇ ਦੇਵੀ-ਦੇਵਤਿਆਂ ਦੀ ਵੇਦੀ ਵਰਗੀ ਵੇਦੀ ਬਣਾਈ (10-18)

  • ਆਹਾਜ਼ ਦੀ ਮੌਤ (19, 20)

16  ਰਮਲਯਾਹ ਦੇ ਪੁੱਤਰ ਪਕਾਹ ਦੇ ਰਾਜ ਦੇ 17ਵੇਂ ਸਾਲ ਯਹੂਦਾਹ ਦੇ ਰਾਜੇ ਯੋਥਾਮ ਦਾ ਪੁੱਤਰ ਆਹਾਜ਼+ ਰਾਜਾ ਬਣ ਗਿਆ।  ਆਹਾਜ਼ 20 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਨੇ ਉਹ ਨਹੀਂ ਕੀਤਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+  ਇਸ ਦੀ ਬਜਾਇ, ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹ ’ਤੇ ਤੁਰਿਆ+ ਅਤੇ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਚੱਲਿਆ+ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ।+ ਉਸ ਨੇ ਤਾਂ ਆਪਣੇ ਪੁੱਤਰ ਦੀ ਵੀ ਅੱਗ ਵਿਚ ਬਲ਼ੀ ਦਿੱਤੀ।*  ਨਾਲੇ ਉਹ ਉੱਚੀਆਂ ਥਾਵਾਂ+ ਅਤੇ ਪਹਾੜੀਆਂ ਉੱਤੇ ਤੇ ਹਰ ਸੰਘਣੇ ਦਰਖ਼ਤ ਥੱਲੇ ਬਲ਼ੀਆਂ ਚੜ੍ਹਾਉਂਦਾ ਰਿਹਾ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+  ਉਨ੍ਹੀਂ ਦਿਨੀਂ ਸੀਰੀਆ ਦਾ ਰਾਜਾ ਰਸੀਨ ਅਤੇ ਰਮਲਯਾਹ ਦਾ ਪੁੱਤਰ ਇਜ਼ਰਾਈਲ ਦਾ ਰਾਜਾ ਪਕਾਹ ਯਰੂਸ਼ਲਮ ਨਾਲ ਯੁੱਧ ਕਰਨ ਆਏ।+ ਉਨ੍ਹਾਂ ਨੇ ਆਹਾਜ਼ ਖ਼ਿਲਾਫ਼ ਆ ਕੇ ਸ਼ਹਿਰ ਨੂੰ ਘੇਰਾ ਪਾ ਲਿਆ, ਪਰ ਉਹ ਸ਼ਹਿਰ ’ਤੇ ਕਬਜ਼ਾ ਨਹੀਂ ਕਰ ਸਕੇ।  ਉਸ ਵੇਲੇ ਸੀਰੀਆ ਦੇ ਰਾਜੇ ਰਸੀਨ ਨੇ ਏਲੱਥ+ ਨੂੰ ਦੁਬਾਰਾ ਅਦੋਮ ਵਿਚ ਰਲ਼ਾ ਲਿਆ। ਇਸ ਤੋਂ ਬਾਅਦ ਉਸ ਨੇ ਯਹੂਦੀਆਂ* ਨੂੰ ਏਲੱਥ ਵਿੱਚੋਂ ਕੱਢ ਦਿੱਤਾ। ਅਦੋਮੀ ਏਲੱਥ ਵਿਚ ਆ ਗਏ ਅਤੇ ਉਹ ਅੱਜ ਤਕ ਉੱਥੇ ਹੀ ਵੱਸੇ ਹੋਏ ਹਨ।  ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਇਹ ਕਹਿਣ ਲਈ ਭੇਜਿਆ: “ਮੈਂ ਤੇਰਾ ਸੇਵਕ, ਤੇਰਾ ਪੁੱਤਰ ਹਾਂ। ਆ ਕੇ ਮੈਨੂੰ ਸੀਰੀਆ ਦੇ ਰਾਜੇ ਦੇ ਹੱਥੋਂ ਅਤੇ ਇਜ਼ਰਾਈਲ ਦੇ ਰਾਜੇ ਦੇ ਹੱਥੋਂ ਬਚਾ ਲੈ ਜਿਹੜੇ ਮੇਰੇ ’ਤੇ ਹਮਲਾ ਕਰ ਰਹੇ ਹਨ।”  ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+  ਅੱਸ਼ੂਰ ਦੇ ਰਾਜੇ ਨੇ ਉਸ ਦੀ ਬੇਨਤੀ ਸੁਣ ਲਈ। ਉਹ ਦਮਿਸਕ ਗਿਆ ਤੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਕੀਰ ਲੈ ਗਿਆ+ ਤੇ ਰਸੀਨ ਨੂੰ ਮਾਰ ਸੁੱਟਿਆ।+ 10  ਫਿਰ ਰਾਜਾ ਆਹਾਜ਼ ਦਮਿਸਕ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਗਿਆ। ਜਦੋਂ ਰਾਜਾ ਆਹਾਜ਼ ਨੇ ਦਮਿਸਕ ਵਿਚ ਵੇਦੀ ਦੇਖੀ, ਤਾਂ ਉਸ ਨੇ ਪੁਜਾਰੀ ਊਰੀਯਾਹ ਨੂੰ ਉਸ ਵੇਦੀ ਦਾ ਨਕਸ਼ਾ ਭੇਜਿਆ ਜਿਸ ਵਿਚ ਉਸ ਵੇਦੀ ਦਾ ਨਮੂਨਾ ਸੀ ਤੇ ਦੱਸਿਆ ਸੀ ਕਿ ਉਸ ਨੂੰ ਕਿਵੇਂ ਬਣਾਇਆ ਗਿਆ ਸੀ।+ 11  ਦਮਿਸਕ ਤੋਂ ਰਾਜਾ ਆਹਾਜ਼ ਦੀਆਂ ਭੇਜੀਆਂ ਸਾਰੀਆਂ ਹਿਦਾਇਤਾਂ ਅਨੁਸਾਰ ਪੁਜਾਰੀ ਊਰੀਯਾਹ+ ਨੇ ਇਕ ਵੇਦੀ ਬਣਾਈ।+ ਪੁਜਾਰੀ ਊਰੀਯਾਹ ਨੇ ਰਾਜਾ ਆਹਾਜ਼ ਦੇ ਦਮਿਸਕ ਤੋਂ ਮੁੜਨ ਤੋਂ ਪਹਿਲਾਂ-ਪਹਿਲਾਂ ਵੇਦੀ ਬਣਾਉਣ ਦਾ ਕੰਮ ਪੂਰਾ ਕਰ ਲਿਆ। 12  ਜਦੋਂ ਰਾਜਾ ਦਮਿਸਕ ਤੋਂ ਵਾਪਸ ਆਇਆ ਤੇ ਉਸ ਨੇ ਇਹ ਵੇਦੀ ਦੇਖੀ, ਤਾਂ ਉਹ ਵੇਦੀ ਕੋਲ ਗਿਆ ਅਤੇ ਇਸ ਉੱਤੇ ਭੇਟਾਂ ਚੜ੍ਹਾਈਆਂ।+ 13  ਇਸ ਵੇਦੀ ਉੱਤੇ ਉਹ ਹੋਮ-ਬਲ਼ੀਆਂ ਅਤੇ ਅਨਾਜ ਦੇ ਚੜ੍ਹਾਵੇ ਚੜ੍ਹਾਉਂਦਾ ਰਿਹਾ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ; ਨਾਲੇ ਉਸ ਨੇ ਇਸ ਉੱਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ ਅਤੇ ਸ਼ਾਂਤੀ-ਬਲ਼ੀਆਂ ਦਾ ਖ਼ੂਨ ਛਿੜਕਿਆ। 14  ਫਿਰ ਉਸ ਨੇ ਯਹੋਵਾਹ ਦੇ ਅੱਗਿਓਂ ਤਾਂਬੇ ਦੀ ਵੇਦੀ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿੱਤਾ+ ਜੋ ਭਵਨ ਦੇ ਸਾਮ੍ਹਣੇ ਯਾਨੀ ਉਸ ਦੀ ਆਪਣੀ ਵੇਦੀ ਅਤੇ ਯਹੋਵਾਹ ਦੇ ਭਵਨ ਦੇ ਵਿਚਕਾਰ ਸੀ। ਉਸ ਨੇ ਇਸ ਨੂੰ ਆਪਣੀ ਵੇਦੀ ਦੇ ਉੱਤਰ ਵਾਲੇ ਪਾਸੇ ਰੱਖ ਦਿੱਤਾ। 15  ਰਾਜਾ ਆਹਾਜ਼ ਨੇ ਪੁਜਾਰੀ ਊਰੀਯਾਹ+ ਨੂੰ ਹੁਕਮ ਦਿੱਤਾ: “ਵੱਡੀ ਵੇਦੀ ਉੱਤੇ ਸਵੇਰ ਦੀ ਹੋਮ-ਬਲ਼ੀ,+ ਸ਼ਾਮ ਦਾ ਅਨਾਜ ਦਾ ਚੜ੍ਹਾਵਾ,+ ਰਾਜੇ ਵੱਲੋਂ ਹੋਮ-ਬਲ਼ੀ ਤੇ ਅਨਾਜ ਦਾ ਚੜ੍ਹਾਵਾ ਅਤੇ ਸਾਰੇ ਲੋਕਾਂ ਵੱਲੋਂ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਤੇ ਪੀਣ ਦੀਆਂ ਭੇਟਾਂ ਚੜ੍ਹਾਈਂ। ਨਾਲੇ ਤੂੰ ਉਸ ਉੱਤੇ ਹੋਮ-ਬਲ਼ੀਆਂ ਦਾ ਸਾਰਾ ਖ਼ੂਨ ਅਤੇ ਦੂਜੀਆਂ ਬਲ਼ੀਆਂ ਦਾ ਸਾਰਾ ਖ਼ੂਨ ਛਿੜਕੀਂ। ਤਾਂਬੇ ਦੀ ਵੇਦੀ ਨਾਲ ਕੀ ਕਰਨਾ ਹੈ, ਇਸ ਬਾਰੇ ਮੈਨੂੰ ਸੋਚ ਲੈਣ ਦੇ।” 16  ਪੁਜਾਰੀ ਊਰੀਯਾਹ ਨੇ ਉਹ ਸਭ ਕੁਝ ਕੀਤਾ ਜੋ ਰਾਜਾ ਆਹਾਜ਼ ਨੇ ਕਰਨ ਦਾ ਹੁਕਮ ਦਿੱਤਾ ਸੀ।+ 17  ਫਿਰ ਰਾਜਾ ਆਹਾਜ਼ ਨੇ ਪਹੀਏਦਾਰ ਗੱਡੀਆਂ ਦੇ ਪਾਸਿਆਂ ’ਤੇ ਲੱਗੇ ਫੱਟਿਆਂ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਨ੍ਹਾਂ ਤੋਂ ਛੋਟੇ ਹੌਦ ਲਾਹ ਲਏ।+ ਉਸ ਨੇ ਤਾਂਬੇ ਦੇ ਬਲਦਾਂ ਉੱਤੇ ਰੱਖੇ ਹੌਦ ਨੂੰ ਲਾਹ ਕੇ+ ਪੱਥਰ ਦੇ ਫ਼ਰਸ਼ ਉੱਤੇ ਰੱਖ ਦਿੱਤਾ।+ 18  ਉਸ ਨੇ ਭਵਨ ਵਿਚ ਸਬਤ ਲਈ ਬਣਾਈ ਗਈ ਛੱਤੀ ਹੋਈ ਜਗ੍ਹਾ ਅਤੇ ਰਾਜੇ ਦੇ ਆਉਣ-ਜਾਣ ਲਈ ਬਣੇ ਬਾਹਰਲੇ ਰਾਹ ਨੂੰ ਯਹੋਵਾਹ ਦੇ ਭਵਨ ਵਿੱਚੋਂ ਬੰਦ ਕਰ ਕੇ ਕਿਤੇ ਹੋਰ ਬਣਾ ਦਿੱਤਾ; ਇਹ ਉਸ ਨੇ ਅੱਸ਼ੂਰ ਦੇ ਰਾਜੇ ਕਰਕੇ ਕੀਤਾ। 19  ਆਹਾਜ਼ ਦੀ ਬਾਕੀ ਕਹਾਣੀ ਅਤੇ ਉਸ ਦੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 20  ਫਿਰ ਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਹਿਜ਼ਕੀਯਾਹ* ਰਾਜਾ ਬਣ ਗਿਆ।+

ਫੁਟਨੋਟ

ਇਬ, “ਨੂੰ ਵੀ ਅੱਗ ਦੇ ਵਿੱਚੋਂ ਦੀ ਲੰਘਾਇਆ।”
ਜਾਂ, “ਯਹੂਦਾਹ ਦੇ ਆਦਮੀਆਂ।”
ਮਤਲਬ “ਯਹੋਵਾਹ ਤਾਕਤ ਦਿੰਦਾ ਹੈ।”