ਦੂਜਾ ਰਾਜਿਆਂ 22:1-20

  • ਯਹੂਦਾਹ ਦਾ ਰਾਜਾ ਯੋਸੀਯਾਹ (1, 2)

  • ਮੰਦਰ ਦੀ ਮੁਰੰਮਤ ਲਈ ਹਿਦਾਇਤਾਂ (3-7)

  • ਕਾਨੂੰਨ ਦੀ ਕਿਤਾਬ ਲੱਭੀ (8-13)

  • ਹੁਲਦਾਹ ਨੇ ਬਿਪਤਾ ਦੀ ਭਵਿੱਖਬਾਣੀ ਕੀਤੀ (14-20)

22  ਯੋਸੀਯਾਹ+ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 31 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਯਦੀਦਾਹ ਸੀ ਜੋ ਬਾਸਕਥ ਦੇ ਰਹਿਣ ਵਾਲੇ ਅਦਾਯਾਹ ਦੀ ਧੀ ਸੀ।+  ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਸਾਰੇ ਰਾਹਾਂ ’ਤੇ ਚੱਲਿਆ+ ਅਤੇ ਸੱਜੇ ਜਾਂ ਖੱਬੇ ਨਹੀਂ ਮੁੜਿਆ।  ਰਾਜਾ ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਵਿਚ ਰਾਜੇ ਨੇ ਅਸਲਯਾਹ ਦੇ ਪੁੱਤਰ ਅਤੇ ਮਸ਼ੂਲਾਮ ਦੇ ਪੋਤੇ ਸਕੱਤਰ ਸ਼ਾਫਾਨ ਨੂੰ ਇਹ ਕਹਿ ਕੇ ਯਹੋਵਾਹ ਦੇ ਭਵਨ ਵਿਚ ਭੇਜਿਆ:+  “ਮਹਾਂ ਪੁਜਾਰੀ ਹਿਲਕੀਯਾਹ+ ਕੋਲ ਜਾਹ ਅਤੇ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸਾਰਾ ਪੈਸਾ ਲਵੇ+ ਜੋ ਪੈਸਾ ਦਰਬਾਨਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ।+  ਉਹ ਇਹ ਪੈਸਾ ਉਨ੍ਹਾਂ ਨੂੰ ਦੇਣ ਜੋ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਉਹ ਅੱਗੋਂ ਇਹ ਪੈਸਾ ਯਹੋਵਾਹ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਨੂੰ ਦੇਣਗੇ ਜਿਨ੍ਹਾਂ ਨੇ ਭਵਨ ਦੀ ਟੁੱਟ-ਭੱਜ* ਦੀ ਮੁਰੰਮਤ ਕਰਨੀ ਹੈ,+  ਯਾਨੀ ਕਾਰੀਗਰਾਂ, ਉਸਾਰੀ ਦਾ ਕੰਮ ਕਰਨ ਵਾਲਿਆਂ ਅਤੇ ਰਾਜਗੀਰੀ ਕਰਨ ਵਾਲਿਆਂ ਨੂੰ; ਉਹ ਇਸ ਨਾਲ ਭਵਨ ਦੀ ਮੁਰੰਮਤ ਲਈ ਲੱਕੜਾਂ ਅਤੇ ਤਰਾਸ਼ੇ ਹੋਏ ਪੱਥਰ ਖ਼ਰੀਦਣ।+  ਪਰ ਜਿਹੜਾ ਪੈਸਾ ਉਨ੍ਹਾਂ ਨੂੰ ਦਿੱਤਾ ਜਾਵੇਗਾ, ਉਸ ਦਾ ਉਨ੍ਹਾਂ ਤੋਂ ਕੋਈ ਹਿਸਾਬ ਨਾ ਮੰਗਿਆ ਜਾਵੇ ਕਿਉਂਕਿ ਉਹ ਭਰੋਸੇਯੋਗ ਹਨ।”+  ਬਾਅਦ ਵਿਚ ਮਹਾਂ ਪੁਜਾਰੀ ਹਿਲਕੀਯਾਹ ਨੇ ਸਕੱਤਰ ਸ਼ਾਫਾਨ+ ਨੂੰ ਕਿਹਾ: “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਕਾਨੂੰਨ ਦੀ ਕਿਤਾਬ+ ਲੱਭੀ ਹੈ।” ਹਿਲਕੀਯਾਹ ਨੇ ਇਹ ਕਿਤਾਬ ਸ਼ਾਫਾਨ ਨੂੰ ਦਿੱਤੀ ਅਤੇ ਉਹ ਇਸ ਨੂੰ ਪੜ੍ਹਨ ਲੱਗਾ।+  ਫਿਰ ਸਕੱਤਰ ਸ਼ਾਫਾਨ ਨੇ ਰਾਜੇ ਕੋਲ ਜਾ ਕੇ ਕਿਹਾ: “ਤੇਰੇ ਸੇਵਕਾਂ ਨੇ ਭਵਨ ਵਿੱਚੋਂ ਪੈਸਾ ਲਿਆ ਕੇ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦੇ ਦਿੱਤਾ ਹੈ।”+ 10  ਸਕੱਤਰ ਸ਼ਾਫਾਨ ਨੇ ਰਾਜੇ ਨੂੰ ਇਹ ਵੀ ਕਿਹਾ: “ਪੁਜਾਰੀ ਹਿਲਕੀਯਾਹ ਨੇ ਮੈਨੂੰ ਇਕ ਕਿਤਾਬ+ ਦਿੱਤੀ ਹੈ।” ਫਿਰ ਸ਼ਾਫਾਨ ਰਾਜੇ ਅੱਗੇ ਉਸ ਕਿਤਾਬ ਨੂੰ ਪੜ੍ਹਨ ਲੱਗਾ। 11  ਕਾਨੂੰਨ* ਦੀ ਕਿਤਾਬ ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜੇ ਨੇ ਆਪਣੇ ਕੱਪੜੇ ਪਾੜ ਲਏ।+ 12  ਫਿਰ ਰਾਜੇ ਨੇ ਪੁਜਾਰੀ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ,+ ਮੀਕਾਯਾਹ ਦੇ ਪੁੱਤਰ ਅਕਬੋਰ, ਸਕੱਤਰ ਸ਼ਾਫਾਨ ਅਤੇ ਰਾਜੇ ਦੇ ਸੇਵਕ ਅਸਾਯਾਹ ਨੂੰ ਇਹ ਹੁਕਮ ਦਿੱਤਾ: 13  “ਜਾਓ, ਇਸ ਲੱਭੀ ਕਿਤਾਬ ਦੀਆਂ ਗੱਲਾਂ ਬਾਰੇ ਮੇਰੇ ਵੱਲੋਂ, ਲੋਕਾਂ ਵੱਲੋਂ ਅਤੇ ਸਾਰੇ ਯਹੂਦਾਹ ਵੱਲੋਂ ਯਹੋਵਾਹ ਕੋਲੋਂ ਪੁੱਛੋ; ਯਹੋਵਾਹ ਦੇ ਕ੍ਰੋਧ ਦੀ ਅੱਗ ਸਾਡੇ ਉੱਤੇ ਭੜਕ ਉੱਠੀ ਹੈ+ ਕਿਉਂਕਿ ਸਾਡੇ ਪਿਉ-ਦਾਦਿਆਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਨਹੀਂ ਕੀਤੀ ਜੋ ਸਾਡੇ ਲਈ ਇਸ ਕਿਤਾਬ ਵਿਚ ਲਿਖੀਆਂ ਹਨ।” 14  ਇਸ ਲਈ ਪੁਜਾਰੀ ਹਿਲਕੀਯਾਹ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸਾਯਾਹ ਹੁਲਦਾਹ ਨਬੀਆ+ ਕੋਲ ਗਏ। ਉਹ ਪੁਸ਼ਾਕ-ਘਰ ਦੇ ਨਿਗਰਾਨ ਸ਼ਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ। ਉਹ ਯਰੂਸ਼ਲਮ ਸ਼ਹਿਰ ਦੇ ਨਵੇਂ ਹਿੱਸੇ ਵਿਚ ਰਹਿੰਦੀ ਸੀ; ਉੱਥੇ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ।+ 15  ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਿਸ ਆਦਮੀ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, ਉਸ ਨੂੰ ਕਹੋ: 16  “ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਇਸ ਕਿਤਾਬ ਦੀਆਂ ਜਿਹੜੀਆਂ ਗੱਲਾਂ ਪੜ੍ਹੀਆਂ, ਉਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਮੈਂ ਇਸ ਜਗ੍ਹਾ ’ਤੇ ਅਤੇ ਇਸ ਦੇ ਵਾਸੀਆਂ ਉੱਤੇ ਬਿਪਤਾ ਲਿਆਵਾਂਗਾ।+ 17  ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਉਹ ਆਪਣੇ ਹੱਥਾਂ ਦੇ ਸਾਰੇ ਕੰਮ ਨਾਲ ਮੇਰਾ ਗੁੱਸਾ ਭੜਕਾਉਣ ਲਈ+ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ,+ ਇਸ ਲਈ ਮੇਰੇ ਕ੍ਰੋਧ ਦੀ ਅੱਗ ਇਸ ਜਗ੍ਹਾ ’ਤੇ ਭੜਕ ਉੱਠੇਗੀ ਜੋ ਕਦੇ ਨਹੀਂ ਬੁਝੇਗੀ।’”+ 18  ਪਰ ਯਹੂਦਾਹ ਦੇ ਰਾਜੇ ਨੂੰ, ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛਣ ਲਈ ਭੇਜਿਆ ਹੈ, ਤੁਸੀਂ ਇਹ ਕਹਿਓ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਿਹੜੀਆਂ ਗੱਲਾਂ ਤੂੰ ਸੁਣੀਆਂ ਹਨ, 19  ਹਾਂ, ਜਿਹੜੀਆਂ ਗੱਲਾਂ ਮੈਂ ਇਸ ਜਗ੍ਹਾ ਅਤੇ ਇਸ ਦੇ ਵਾਸੀਆਂ ਬਾਰੇ ਕਹੀਆਂ ਹਨ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਸਰਾਪੀ ਹੋਣਗੇ, ਉਹ ਗੱਲਾਂ ਸੁਣ ਕੇ ਤੇਰੇ ਦਿਲ ਨੇ ਹੁੰਗਾਰਾ ਭਰਿਆ ਅਤੇ ਤੂੰ ਯਹੋਵਾਹ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ+ ਅਤੇ ਤੂੰ ਆਪਣੇ ਕੱਪੜੇ ਪਾੜੇ+ ਤੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣੀ ਹੈ, ਯਹੋਵਾਹ ਐਲਾਨ ਕਰਦਾ ਹੈ। 20  ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ’ਤੇ ਲਿਆਵਾਂਗਾ।’”’” ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ।

ਫੁਟਨੋਟ

ਜਾਂ, “ਵਿਚ ਆਈਆਂ ਤਰੇੜਾਂ।”
ਜਾਂ, “ਮੂਸਾ ਦੇ ਕਾਨੂੰਨ।”
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।