ਦੂਜਾ ਰਾਜਿਆਂ 25:1-30

  • ਨਬੂਕਦਨੱਸਰ ਨੇ ਯਰੂਸ਼ਲਮ ਨੂੰ ਘੇਰਿਆ (1-7)

  • ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼; ਗ਼ੁਲਾਮੀ ਵਿਚ ਗਿਆ ਦੂਜਾ ਸਮੂਹ (8-21)

  • ਗਦਲਯਾਹ ਰਾਜਪਾਲ ਬਣਿਆ (22-24)

  • ਗਦਲਯਾਹ ਦਾ ਕਤਲ; ਲੋਕ ਮਿਸਰ ਨੂੰ ਭੱਜ ਗਏ (25, 26)

  • ਬਾਬਲ ਵਿਚ ਯਹੋਯਾਕੀਨ ਦੀ ਰਿਹਾਈ (27-30)

25  ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ+ ਆਪਣੀ ਸਾਰੀ ਫ਼ੌਜ ਨਾਲ ਯਰੂਸ਼ਲਮ ਖ਼ਿਲਾਫ਼ ਆਇਆ।+ ਉਸ ਨੇ ਇਸ ਖ਼ਿਲਾਫ਼ ਡੇਰਾ ਲਾਇਆ ਅਤੇ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰੀ+  ਅਤੇ ਇਹ ਘੇਰਾਬੰਦੀ ਰਾਜਾ ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਤਕ ਰਹੀ।  ਚੌਥੇ ਮਹੀਨੇ ਦੀ 9 ਤਾਰੀਖ਼ ਨੂੰ ਸ਼ਹਿਰ ਵਿਚ ਕਾਲ਼ ਨੇ ਭਿਆਨਕ ਰੂਪ ਧਾਰ ਲਿਆ+ ਅਤੇ ਦੇਸ਼ ਦੇ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।+  ਸ਼ਹਿਰ ਦੀ ਕੰਧ ਤੋੜ ਦਿੱਤੀ ਗਈ+ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਵਿਚਕਾਰਲੇ ਦਰਵਾਜ਼ੇ ਥਾਣੀਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਰਾਜਾ ਅਰਾਬਾਹ ਦੇ ਰਾਹ ਥਾਣੀਂ ਚਲਾ ਗਿਆ।+  ਪਰ ਕਸਦੀ ਫ਼ੌਜ ਨੇ ਰਾਜੇ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਯਰੀਹੋ ਦੀ ਉਜਾੜ ਵਿਚ ਘੇਰ ਲਿਆ ਅਤੇ ਉਸ ਦੇ ਸਾਰੇ ਫ਼ੌਜੀ ਉਸ ਕੋਲੋਂ ਖਿੰਡ-ਪੁੰਡ ਗਏ।  ਫਿਰ ਉਨ੍ਹਾਂ ਨੇ ਰਾਜੇ ਨੂੰ ਫੜ ਲਿਆ+ ਅਤੇ ਉਸ ਨੂੰ ਰਿਬਲਾਹ ਵਿਚ ਬਾਬਲ ਦੇ ਰਾਜੇ ਕੋਲ ਲੈ ਆਏ ਅਤੇ ਉਨ੍ਹਾਂ ਨੇ ਉਸ ਨੂੰ ਸਜ਼ਾ ਸੁਣਾਈ।  ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਵੱਢ ਦਿੱਤਾ; ਫਿਰ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਸ ਨੂੰ ਤਾਂਬੇ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਆਇਆ।+  ਪੰਜਵੇਂ ਮਹੀਨੇ ਦੀ 7 ਤਾਰੀਖ਼ ਨੂੰ ਯਾਨੀ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ 19ਵੇਂ ਸਾਲ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ,+ ਜੋ ਬਾਬਲ ਦੇ ਰਾਜੇ ਦਾ ਸੇਵਕ ਸੀ, ਯਰੂਸ਼ਲਮ ਆਇਆ।+  ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ+ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ;+ ਨਾਲੇ ਉਸ ਨੇ ਹਰੇਕ ਮੰਨੇ-ਪ੍ਰਮੰਨੇ ਆਦਮੀ ਦੇ ਘਰ ਨੂੰ ਸਾੜ ਸੁੱਟਿਆ।+ 10  ਅਤੇ ਪਹਿਰੇਦਾਰਾਂ ਦੇ ਮੁਖੀ ਨਾਲ ਆਈ ਕਸਦੀਆਂ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੁਆਲੇ ਬਣੀਆਂ ਕੰਧਾਂ ਨੂੰ ਢਾਹ ਦਿੱਤਾ।+ 11  ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ, ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਅਤੇ ਹੋਰ ਬਚੇ-ਖੁਚੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ।+ 12  ਪਰ ਪਹਿਰੇਦਾਰਾਂ ਦਾ ਮੁਖੀ ਦੇਸ਼ ਦੇ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਤਾਂਕਿ ਉਹ ਅੰਗੂਰਾਂ ਦੇ ਬਾਗ਼ਾਂ ਵਿਚ ਕੰਮ ਕਰਨ ਅਤੇ ਉਨ੍ਹਾਂ ਕੋਲੋਂ ਜਬਰੀ ਮਜ਼ਦੂਰੀ ਕਰਾਈ ਜਾਵੇ।+ 13  ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਤਾਂਬੇ ਨੂੰ ਬਾਬਲ ਲੈ ਗਏ।+ 14  ਨਾਲੇ ਉਨ੍ਹਾਂ ਨੇ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਪਿਆਲੇ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ। 15  ਪਹਿਰੇਦਾਰਾਂ ਦਾ ਮੁਖੀ ਖਾਲਸ ਸੋਨੇ ਅਤੇ ਚਾਂਦੀ ਦੇ ਬਣੇ ਅੱਗ ਚੁੱਕਣ ਵਾਲੇ ਕੜਛੇ ਅਤੇ ਕਟੋਰੇ ਲੈ ਗਿਆ।+ 16  ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਜੋ ਦੋ ਥੰਮ੍ਹ, ਹੌਦ ਅਤੇ ਪਹੀਏਦਾਰ ਗੱਡੀਆਂ ਬਣਾਈਆਂ ਸਨ, ਉਨ੍ਹਾਂ ਨੂੰ ਬਣਾਉਣ ਲਈ ਇੰਨਾ ਤਾਂਬਾ ਲੱਗਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ।+ 17  ਹਰੇਕ ਥੰਮ੍ਹ ਦੀ ਉਚਾਈ 18 ਹੱਥ* ਸੀ+ ਅਤੇ ਉਸ ਉੱਤੇ ਤਾਂਬੇ ਦਾ ਕੰਗੂਰਾ* ਬਣਿਆ ਹੋਇਆ ਸੀ; ਕੰਗੂਰੇ ਦੀ ਉਚਾਈ ਤਿੰਨ ਹੱਥ ਸੀ ਅਤੇ ਕੰਗੂਰੇ ’ਤੇ ਬਣੀ ਜਾਲ਼ੀ ਅਤੇ ਇਸ ਦੁਆਲੇ ਬਣੇ ਸਾਰੇ ਅਨਾਰ ਤਾਂਬੇ ਦੇ ਸਨ।+ ਦੂਸਰਾ ਥੰਮ੍ਹ ਤੇ ਉਸ ਦੀ ਜਾਲ਼ੀ ਵੀ ਇਸੇ ਤਰ੍ਹਾਂ ਦੀ ਸੀ। 18  ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਮੁੱਖ ਪੁਜਾਰੀ ਸਰਾਯਾਹ,+ ਦੂਸਰੇ ਪੁਜਾਰੀ ਸਫ਼ਨਯਾਹ+ ਅਤੇ ਤਿੰਨ ਦਰਬਾਨਾਂ ਨੂੰ ਵੀ ਲੈ ਗਿਆ।+ 19  ਉਹ ਸ਼ਹਿਰ ਵਿੱਚੋਂ ਇਕ ਦਰਬਾਰੀ ਨੂੰ ਲੈ ਗਿਆ ਜੋ ਫ਼ੌਜੀਆਂ ਉੱਤੇ ਅਧਿਕਾਰੀ ਸੀ ਅਤੇ ਸ਼ਹਿਰ ਵਿਚ ਮਿਲੇ ਰਾਜੇ ਦੇ ਪੰਜ ਸਲਾਹਕਾਰਾਂ ਨੂੰ, ਫ਼ੌਜ ਦੇ ਮੁਖੀ ਦੇ ਸਕੱਤਰ ਨੂੰ ਜੋ ਦੇਸ਼ ਦੇ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਦਾ ਸੀ ਅਤੇ ਦੇਸ਼ ਦੇ ਆਮ ਲੋਕਾਂ ਵਿੱਚੋਂ 60 ਆਦਮੀਆਂ ਨੂੰ ਲੈ ਗਿਆ ਜੋ ਅਜੇ ਵੀ ਸ਼ਹਿਰ ਵਿਚ ਸਨ। 20  ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ+ ਉਨ੍ਹਾਂ ਨੂੰ ਰਿਬਲਾਹ ਵਿਚ ਬਾਬਲ ਦੇ ਰਾਜੇ ਕੋਲ ਲੈ ਆਇਆ।+ 21  ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+ 22  ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਵਿਚ ਜਿਨ੍ਹਾਂ ਲੋਕਾਂ ਨੂੰ ਛੱਡ ਗਿਆ ਸੀ, ਉਨ੍ਹਾਂ ਉੱਤੇ ਉਸ ਨੇ ਅਹੀਕਾਮ+ ਦੇ ਪੁੱਤਰ ਅਤੇ ਸ਼ਾਫਾਨ+ ਦੇ ਪੋਤੇ ਗਦਲਯਾਹ+ ਨੂੰ ਠਹਿਰਾ ਦਿੱਤਾ।+ 23  ਜਦੋਂ ਫ਼ੌਜ ਦੇ ਸਾਰੇ ਮੁਖੀਆਂ ਤੇ ਉਨ੍ਹਾਂ ਦੇ ਆਦਮੀਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਨਿਯੁਕਤ ਕੀਤਾ ਸੀ, ਤਾਂ ਉਹ ਉਸੇ ਵੇਲੇ ਮਿਸਪਾਹ ਵਿਚ ਗਦਲਯਾਹ ਕੋਲ ਆਏ। ਉਹ ਸਨ: ਨਥਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦਾ ਪੁੱਤਰ ਯੋਹਾਨਾਨ, ਨਟੋਫਾਥੀ ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਯਜ਼ਨਯਾਹ ਜੋ ਇਕ ਮਾਕਾਥੀ ਆਦਮੀ ਦਾ ਪੁੱਤਰ ਸੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਆਦਮੀ ਸਨ।+ 24  ਗਦਲਯਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਆਦਮੀਆਂ ਨੂੰ ਕਿਹਾ: “ਕਸਦੀਆਂ ਦੇ ਸੇਵਕ ਬਣਨ ਤੋਂ ਨਾ ਡਰੋ। ਦੇਸ਼ ਵਿਚ ਰਹੋ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ ਅਤੇ ਤੁਹਾਡਾ ਭਲਾ ਹੋਵੇਗਾ।”+ 25  ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਸੀ, ਦਸ ਹੋਰ ਆਦਮੀਆਂ ਨਾਲ ਆਇਆ ਤੇ ਉਨ੍ਹਾਂ ਨੇ ਗਦਲਯਾਹ ’ਤੇ ਵਾਰ ਕਰ ਦਿੱਤਾ ਤੇ ਉਹ ਮਰ ਗਿਆ। ਉਨ੍ਹਾਂ ਨੇ ਉਨ੍ਹਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਮਾਰ ਦਿੱਤਾ ਜੋ ਮਿਸਪਾਹ ਵਿਚ ਉਸ ਦੇ ਨਾਲ ਸਨ।+ 26  ਇਸ ਤੋਂ ਬਾਅਦ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਲੋਕ, ਜਿਨ੍ਹਾਂ ਵਿਚ ਫ਼ੌਜ ਦੇ ਮੁਖੀ ਵੀ ਸ਼ਾਮਲ ਸਨ, ਉੱਠ ਕੇ ਮਿਸਰ ਚਲੇ ਗਏ+ ਕਿਉਂਕਿ ਉਹ ਕਸਦੀਆਂ ਕੋਲੋਂ ਡਰ ਗਏ ਸਨ।+ 27  ਯਹੂਦਾਹ ਦੇ ਰਾਜੇ ਯਹੋਯਾਕੀਨ+ ਦੀ ਗ਼ੁਲਾਮੀ ਦੇ 37ਵੇਂ ਸਾਲ ਦੇ 12ਵੇਂ ਮਹੀਨੇ ਦੀ 27 ਤਾਰੀਖ਼ ਨੂੰ ਬਾਬਲ ਦੇ ਰਾਜੇ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੌਰਾਨ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ।*+ 28  ਉਸ ਨੇ ਯਹੋਯਾਕੀਨ ਨਾਲ ਨਰਮਾਈ ਨਾਲ ਗੱਲ ਕੀਤੀ ਅਤੇ ਉਸ ਨੂੰ ਦੂਜੇ ਰਾਜਿਆਂ ਨਾਲੋਂ ਵੱਧ ਇੱਜ਼ਤ-ਮਾਣ* ਬਖ਼ਸ਼ਿਆ ਜੋ ਉਸ ਦੇ ਨਾਲ ਬਾਬਲ ਵਿਚ ਸਨ। 29  ਯਹੋਯਾਕੀਨ ਨੇ ਕੈਦੀਆਂ ਵਾਲੇ ਕੱਪੜੇ ਲਾਹ ਦਿੱਤੇ ਅਤੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਰਾਜੇ ਦੇ ਅੱਗੇ ਖਾਣਾ ਖਾਂਦਾ ਰਿਹਾ। 30  ਉਸ ਦੀ ਸਾਰੀ ਜ਼ਿੰਦਗੀ ਉਸ ਨੂੰ ਰੋਜ਼ਾਨਾ ਰਾਜੇ ਤੋਂ ਖਾਣਾ ਮਿਲਦਾ ਰਿਹਾ।

ਫੁਟਨੋਟ

ਥੰਮ੍ਹ ਦਾ ਸਜਾਵਟੀ ਸਿਰਾ।
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਰਾਜ ਦਾ ਬੀ।”
ਇਬ, “ਦੇ ਸਿਰ ਨੂੰ ਉੱਚਾ ਕੀਤਾ।”
ਇਬ, “ਦੂਜੇ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਉਸ ਦਾ ਸਿੰਘਾਸਣ ਉੱਚਾ ਕੀਤਾ।”