ਦੂਜਾ ਰਾਜਿਆਂ 5:1-27

  • ਅਲੀਸ਼ਾ ਨੇ ਨਾਮਾਨ ਦਾ ਕੋੜ੍ਹ ਠੀਕ ਕੀਤਾ (1-19)

  • ਲਾਲਚੀ ਗੇਹਾਜੀ ਨੂੰ ਕੋੜ੍ਹ (20-27)

5  ਸੀਰੀਆ ਦੇ ਰਾਜੇ ਦੀ ਫ਼ੌਜ ਦਾ ਮੁਖੀ ਨਾਮਾਨ ਇਕ ਮੰਨਿਆ-ਪ੍ਰਮੰਨਿਆ ਆਦਮੀ ਸੀ ਜਿਸ ਦਾ ਮਾਲਕ ਉਸ ਦੀ ਬਹੁਤ ਇੱਜ਼ਤ ਕਰਦਾ ਹੁੰਦਾ ਸੀ ਕਿਉਂਕਿ ਉਸ ਦੇ ਜ਼ਰੀਏ ਯਹੋਵਾਹ ਨੇ ਸੀਰੀਆ ਨੂੰ ਜਿੱਤ* ਦਿਵਾਈ ਸੀ। ਉਹ ਇਕ ਤਾਕਤਵਰ ਯੋਧਾ ਸੀ, ਪਰ ਕੋੜ੍ਹੀ ਸੀ।*  ਇਕ ਵਾਰ ਜਦੋਂ ਸੀਰੀਆਈ ਫ਼ੌਜੀ ਲੁੱਟ-ਮਾਰ ਕਰਨ ਗਏ, ਤਾਂ ਉਹ ਇਜ਼ਰਾਈਲ ਦੇਸ਼ ਤੋਂ ਇਕ ਛੋਟੀ ਕੁੜੀ ਨੂੰ ਗ਼ੁਲਾਮ ਬਣਾ ਕੇ ਲੈ ਆਏ ਤੇ ਉਹ ਨਾਮਾਨ ਦੀ ਪਤਨੀ ਦੀ ਨੌਕਰਾਣੀ ਬਣ ਗਈ।  ਉਸ ਨੇ ਆਪਣੀ ਮਾਲਕਣ ਨੂੰ ਕਿਹਾ: “ਜੇ ਇਕ ਵਾਰ ਮੇਰਾ ਮਾਲਕ ਸਾਮਰਿਯਾ ਵਿਚ ਜਾ ਕੇ ਨਬੀ+ ਨੂੰ ਮਿਲ ਲਵੇ, ਤਾਂ ਉਹ ਉਸ ਦਾ ਕੋੜ੍ਹ ਠੀਕ ਕਰ ਦੇਵੇਗਾ।”+  ਇਸ ਲਈ ਉਹ* ਗਿਆ ਤੇ ਆਪਣੇ ਮਾਲਕ ਨੂੰ ਦੱਸਿਆ ਕਿ ਇਜ਼ਰਾਈਲ ਤੋਂ ਆਈ ਕੁੜੀ ਨੇ ਕੀ ਕਿਹਾ ਸੀ।  ਫਿਰ ਸੀਰੀਆ ਦੇ ਰਾਜੇ ਨੇ ਕਿਹਾ: “ਹੁਣੇ ਜਾਹ! ਮੈਂ ਇਜ਼ਰਾਈਲ ਦੇ ਰਾਜੇ ਨੂੰ ਇਕ ਚਿੱਠੀ ਘੱਲਾਂਗਾ।” ਇਸ ਲਈ ਉਹ ਗਿਆ ਅਤੇ ਆਪਣੇ ਨਾਲ ਦਸ ਕਿੱਕਾਰ* ਚਾਂਦੀ, ਸੋਨੇ ਦੇ 6,000 ਟੁਕੜੇ ਅਤੇ ਦਸ ਜੋੜੇ ਕੱਪੜਿਆਂ ਦੇ ਲੈ ਗਿਆ।  ਉਹ ਇਜ਼ਰਾਈਲ ਦੇ ਰਾਜੇ ਕੋਲ ਚਿੱਠੀ ਲੈ ਕੇ ਆਇਆ ਜਿਸ ਵਿਚ ਲਿਖਿਆ ਸੀ: “ਇਸ ਚਿੱਠੀ ਦੇ ਨਾਲ ਮੈਂ ਤੇਰੇ ਕੋਲ ਆਪਣੇ ਸੇਵਕ ਨਾਮਾਨ ਨੂੰ ਘੱਲ ਰਿਹਾ ਹਾਂ ਤਾਂਕਿ ਤੂੰ ਉਸ ਦਾ ਕੋੜ੍ਹ ਠੀਕ ਕਰ ਦੇਵੇਂ।”  ਇਜ਼ਰਾਈਲ ਦੇ ਰਾਜੇ ਨੇ ਚਿੱਠੀ ਪੜ੍ਹਦਿਆਂ ਸਾਰ ਆਪਣੇ ਕੱਪੜੇ ਪਾੜੇ ਤੇ ਕਿਹਾ: “ਕੀ ਮੈਂ ਰੱਬ ਹਾਂ ਜਿਸ ਦੇ ਵੱਸ ਵਿਚ ਜ਼ਿੰਦਗੀ ਤੇ ਮੌਤ ਹੈ?+ ਉਸ ਨੇ ਇਹ ਕਹਿ ਕੇ ਮੇਰੇ ਕੋਲ ਇਸ ਬੰਦੇ ਨੂੰ ਘੱਲਿਆ ਹੈ ਕਿ ਮੈਂ ਇਸ ਦਾ ਕੋੜ੍ਹ ਠੀਕ ਕਰ ਦੇਵਾਂ! ਦੇਖ ਲਓ, ਉਹ ਮੇਰੇ ਨਾਲ ਲੜਾਈ ਛੇੜਨੀ ਚਾਹੁੰਦਾ ਹੈ।”  ਪਰ ਜਦੋਂ ਸੱਚੇ ਪਰਮੇਸ਼ੁਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਜ਼ਰਾਈਲ ਦੇ ਰਾਜੇ ਨੇ ਆਪਣੇ ਕੱਪੜੇ ਪਾੜੇ ਸਨ, ਤਾਂ ਉਸ ਨੇ ਉਸੇ ਵੇਲੇ ਰਾਜੇ ਨੂੰ ਇਹ ਸੰਦੇਸ਼ ਘੱਲਿਆ: “ਤੂੰ ਆਪਣੇ ਕੱਪੜੇ ਕਿਉਂ ਪਾੜੇ? ਕਿਰਪਾ ਕਰ ਕੇ ਉਸ ਨੂੰ ਮੇਰੇ ਕੋਲ ਆਉਣ ਦੇ ਤਾਂਕਿ ਉਹ ਜਾਣ ਲਵੇ ਕਿ ਇਜ਼ਰਾਈਲ ਵਿਚ ਇਕ ਨਬੀ ਹੈ।”+  ਇਸ ਲਈ ਨਾਮਾਨ ਆਪਣੇ ਘੋੜਿਆਂ ਅਤੇ ਯੁੱਧ ਦੇ ਰਥਾਂ ਨਾਲ ਆਇਆ ਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ’ਤੇ ਖੜ੍ਹ ਗਿਆ। 10  ਪਰ ਅਲੀਸ਼ਾ ਨੇ ਇਕ ਸੰਦੇਸ਼ ਦੇਣ ਵਾਲੇ ਰਾਹੀਂ ਉਸ ਨੂੰ ਕਿਹਾ: “ਜਾ ਕੇ ਯਰਦਨ+ ਵਿਚ ਸੱਤ ਵਾਰ+ ਚੁੱਭੀ ਮਾਰ ਅਤੇ ਤੇਰੀ ਚਮੜੀ ਠੀਕ ਹੋ ਜਾਵੇਗੀ ਤੇ ਤੂੰ ਸ਼ੁੱਧ ਹੋ ਜਾਵੇਂਗਾ।” 11  ਇਹ ਸੁਣ ਕੇ ਨਾਮਾਨ ਦਾ ਪਾਰਾ ਚੜ੍ਹ ਗਿਆ ਤੇ ਉਹ ਇਹ ਕਹਿ ਕੇ ਵਾਪਸ ਜਾਣ ਲੱਗਾ: “ਮੈਂ ਤਾਂ ਸੋਚਿਆ ਸੀ, ‘ਉਹ ਮੇਰੇ ਕੋਲ ਬਾਹਰ ਆਵੇਗਾ ਅਤੇ ਇੱਥੇ ਖੜ੍ਹ ਕੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਪੁਕਾਰੇਗਾ ਅਤੇ ਕੋੜ੍ਹ ’ਤੇ ਹੱਥ ਫੇਰ ਕੇ ਇਸ ਨੂੰ ਠੀਕ ਕਰ ਦੇਵੇਗਾ।’ 12  ਕੀ ਦਮਿਸਕ+ ਦੀਆਂ ਨਦੀਆਂ ਅਬਾਨਾਹ ਤੇ ਫਰਪਰ ਇਜ਼ਰਾਈਲ ਦੇ ਪਾਣੀਆਂ ਨਾਲੋਂ ਵਧੀਆ ਨਹੀਂ ਹਨ? ਕੀ ਮੈਂ ਉਨ੍ਹਾਂ ਵਿਚ ਚੁੱਭੀ ਮਾਰ ਕੇ ਸ਼ੁੱਧ ਨਹੀਂ ਹੋ ਸਕਦਾ?” ਤੈਸ਼ ਵਿਚ ਆ ਕੇ ਉਹ ਮੁੜਿਆ ਤੇ ਉੱਥੋਂ ਚਲਾ ਗਿਆ। 13  ਉਸ ਦੇ ਸੇਵਕਾਂ ਨੇ ਉਸ ਕੋਲ ਆ ਕੇ ਕਿਹਾ: “ਮੇਰੇ ਪਿਤਾ, ਜੇ ਉਸ ਨਬੀ ਨੇ ਤੈਨੂੰ ਕੋਈ ਅਨੋਖਾ ਕੰਮ ਕਰਨ ਨੂੰ ਕਿਹਾ ਹੁੰਦਾ, ਤਾਂ ਕੀ ਤੂੰ ਨਾ ਕਰਦਾ? ਹੁਣ ਜੇ ਉਸ ਨੇ ਤੈਨੂੰ ਸਿਰਫ਼ ਇੰਨਾ ਕਿਹਾ ਹੈ, ‘ਚੁੱਭੀ ਮਾਰ ਤੇ ਸ਼ੁੱਧ ਹੋ ਜਾ,’ ਤਾਂ ਇਸ ਤਰ੍ਹਾਂ ਕਰਨ ਵਿਚ ਹਰਜ਼ ਹੀ ਕੀ ਹੈ?” 14  ਇਹ ਸੁਣ ਕੇ ਉਹ ਹੇਠਾਂ ਯਰਦਨ ਵੱਲ ਗਿਆ ਤੇ ਉਸ ਨੇ ਪਾਣੀ ਵਿਚ ਸੱਤ ਵਾਰ ਚੁੱਭੀ ਮਾਰੀ, ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ।+ ਫਿਰ ਉਸ ਦੀ ਚਮੜੀ ਇਕ ਛੋਟੇ ਮੁੰਡੇ ਦੀ ਚਮੜੀ ਵਰਗੀ ਹੋ ਗਈ+ ਤੇ ਉਹ ਸ਼ੁੱਧ ਹੋ ਗਿਆ।+ 15  ਇਸ ਤੋਂ ਬਾਅਦ ਉਹ ਆਪਣੇ ਸਾਰੇ ਕਾਫ਼ਲੇ* ਨਾਲ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਵਾਪਸ ਗਿਆ।+ ਉਸ ਨੇ ਉਸ ਅੱਗੇ ਖੜ੍ਹ ਕੇ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਪੂਰੀ ਧਰਤੀ ਉੱਤੇ ਸਿਰਫ਼ ਇਜ਼ਰਾਈਲ ਵਿਚ ਹੀ ਪਰਮੇਸ਼ੁਰ ਹੈ, ਹੋਰ ਕਿਤੇ ਨਹੀਂ।+ ਹੁਣ ਕਿਰਪਾ ਕਰ ਕੇ ਆਪਣੇ ਸੇਵਕ ਤੋਂ ਇਹ ਤੋਹਫ਼ਾ* ਕਬੂਲ ਕਰ।” 16  ਪਰ ਅਲੀਸ਼ਾ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਸੇਵਾ ਕਰਦਾ ਹਾਂ,* ਮੈਂ ਇਹ ਕਬੂਲ ਨਹੀਂ ਕਰਾਂਗਾ।”+ ਉਸ ਨੇ ਤੋਹਫ਼ਾ ਕਬੂਲ ਕਰਨ ਲਈ ਉਸ ’ਤੇ ਜ਼ੋਰ ਪਾਇਆ, ਪਰ ਉਹ ਮਨ੍ਹਾ ਕਰਦਾ ਰਿਹਾ। 17  ਅਖ਼ੀਰ ਨਾਮਾਨ ਨੇ ਕਿਹਾ: “ਜੇ ਨਹੀਂ, ਤਾਂ ਕਿਰਪਾ ਕਰ ਕੇ ਆਪਣੇ ਸੇਵਕ ਨੂੰ ਇਸ ਜ਼ਮੀਨ ਤੋਂ ਉੱਨੀ ਮਿੱਟੀ ਲਿਜਾਣ ਦੇ ਜਿੰਨੀ ਦੋ ਖੱਚਰਾਂ ’ਤੇ ਲੱਦੀ ਜਾ ਸਕਦੀ ਹੈ ਕਿਉਂਕਿ ਹੁਣ ਤੋਂ ਤੇਰਾ ਸੇਵਕ ਯਹੋਵਾਹ ਤੋਂ ਸਿਵਾਇ ਹੋਰ ਕਿਸੇ ਦੇਵਤੇ ਅੱਗੇ ਹੋਮ-ਬਲ਼ੀ ਜਾਂ ਬਲੀਦਾਨ ਨਹੀਂ ਚੜ੍ਹਾਵੇਗਾ। 18  ਪਰ ਯਹੋਵਾਹ ਤੇਰੇ ਸੇਵਕ ਨੂੰ ਇਸ ਇਕ ਗੱਲ ਲਈ ਮਾਫ਼ ਕਰ ਦੇਵੇ: ਜਦੋਂ ਮੇਰਾ ਮਾਲਕ ਰਿੰਮੋਨ ਦੇ ਮੰਦਰ* ਵਿਚ ਮੱਥਾ ਟੇਕਣ ਜਾਂਦਾ ਹੈ, ਤਾਂ ਉਹ ਮੇਰੀ ਬਾਂਹ ਦਾ ਸਹਾਰਾ ਲੈਂਦਾ ਹੈ, ਇਸ ਕਾਰਨ ਮੈਨੂੰ ਵੀ ਰਿੰਮੋਨ ਦੇ ਮੰਦਰ ਵਿਚ ਝੁਕਣਾ ਪੈਂਦਾ ਹੈ। ਜਦੋਂ ਮੈਂ ਰਿੰਮੋਨ ਦੇ ਮੰਦਰ ਵਿਚ ਝੁਕਾਂ, ਤਾਂ ਯਹੋਵਾਹ ਇਸ ਦੇ ਲਈ ਤੇਰੇ ਸੇਵਕ ਨੂੰ ਮਾਫ਼ ਕਰ ਦੇਵੇ।” 19  ਇਹ ਸੁਣ ਕੇ ਉਸ ਨੇ ਉਸ ਨੂੰ ਕਿਹਾ: “ਜਾ ਤੇ ਸੁਖੀ ਰਹਿ।” ਜਦੋਂ ਉਹ ਉਸ ਕੋਲੋਂ ਚਲਾ ਗਿਆ ਤੇ ਥੋੜ੍ਹੀ ਦੂਰ ਪਹੁੰਚਿਆ, 20  ਤਾਂ ਸੱਚੇ ਪਰਮੇਸ਼ੁਰ ਦੇ ਬੰਦੇ+ ਅਲੀਸ਼ਾ ਦੇ ਸੇਵਾਦਾਰ ਗੇਹਾਜੀ+ ਨੇ ਸੋਚਿਆ: ‘ਮੇਰੇ ਮਾਲਕ ਨੇ ਸੀਰੀਆਈ ਨਾਮਾਨ+ ਨੂੰ ਉੱਦਾਂ ਹੀ ਘੱਲ ਦਿੱਤਾ ਤੇ ਉਸ ਦੇ ਲਿਆਂਦੇ ਤੋਹਫ਼ੇ ਨੂੰ ਕਬੂਲ ਹੀ ਨਹੀਂ ਕੀਤਾ। ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਭੱਜ ਕੇ ਉਸ ਦੇ ਪਿੱਛੇ ਜਾਵਾਂਗਾ ਤੇ ਉਸ ਕੋਲੋਂ ਕੁਝ ਲੈ ਲਵਾਂਗਾ।’ 21  ਇਸ ਲਈ ਗੇਹਾਜੀ ਨੇ ਨਾਮਾਨ ਦਾ ਪਿੱਛਾ ਕੀਤਾ। ਜਦੋਂ ਨਾਮਾਨ ਨੇ ਦੇਖਿਆ ਕਿ ਕੋਈ ਉਸ ਦੇ ਪਿੱਛੇ-ਪਿੱਛੇ ਭੱਜਦਾ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਰਥ ਤੋਂ ਉੱਤਰਿਆ ਤੇ ਉਸ ਨੂੰ ਕਿਹਾ: “ਕੀ ਸਭ ਠੀਕ ਤਾਂ ਹੈ?” 22  ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਸਭ ਠੀਕ ਹੈ। ਮੇਰੇ ਮਾਲਕ ਨੇ ਇਹ ਕਹਿ ਕੇ ਮੈਨੂੰ ਭੇਜਿਆ ਹੈ, ‘ਦੇਖ! ਇਫ਼ਰਾਈਮ ਦੇ ਪਹਾੜੀ ਇਲਾਕੇ ਤੋਂ ਨਬੀਆਂ ਦੇ ਪੁੱਤਰਾਂ ਵਿੱਚੋਂ ਹੁਣੇ-ਹੁਣੇ ਦੋ ਨੌਜਵਾਨ ਮੇਰੇ ਕੋਲ ਆਏ ਹਨ। ਕਿਰਪਾ ਕਰ ਕੇ ਉਨ੍ਹਾਂ ਲਈ ਇਕ ਕਿੱਕਾਰ* ਚਾਂਦੀ ਅਤੇ ਦੋ ਜੋੜੀ ਕੱਪੜੇ ਦੇ ਦੇ।’”+ 23  ਨਾਮਾਨ ਨੇ ਕਿਹਾ: “ਤੂੰ ਦੋ ਕਿੱਕਾਰ* ਚਾਂਦੀ ਲੈ ਲਾ।” ਉਸ ਨੇ ਉਸ ’ਤੇ ਜ਼ੋਰ ਪਾਇਆ+ ਅਤੇ ਦੋ ਬੋਰਿਆਂ ਵਿਚ ਦੋ ਕਿੱਕਾਰ ਚਾਂਦੀ ਅਤੇ ਦੋ ਜੋੜੀ ਕੱਪੜੇ ਬੰਨ੍ਹ ਦਿੱਤੇ ਤੇ ਆਪਣੇ ਦੋ ਸੇਵਕਾਂ ਨੂੰ ਫੜਾ ਦਿੱਤੇ ਜੋ ਉਨ੍ਹਾਂ ਨੂੰ ਉਸ ਦੇ ਅੱਗੇ-ਅੱਗੇ ਲੈ ਗਏ। 24  ਜਦੋਂ ਉਹ ਓਫਲ* ਪਹੁੰਚਿਆ, ਤਾਂ ਉਸ ਨੇ ਇਹ ਸਭ ਉਨ੍ਹਾਂ ਦੇ ਹੱਥੋਂ ਲੈ ਲਿਆ ਤੇ ਘਰ ਵਿਚ ਰੱਖ ਦਿੱਤਾ ਅਤੇ ਆਦਮੀਆਂ ਨੂੰ ਭੇਜ ਦਿੱਤਾ। ਉਨ੍ਹਾਂ ਦੇ ਜਾਣ ਤੋਂ ਬਾਅਦ 25  ਉਹ ਆਪਣੇ ਮਾਲਕ ਕੋਲ ਜਾ ਕੇ ਖੜ੍ਹ ਗਿਆ। ਅਲੀਸ਼ਾ ਨੇ ਉਸ ਨੂੰ ਕਿਹਾ: “ਤੂੰ ਕਿੱਥੋਂ ਆਇਆਂ ਗੇਹਾਜੀ?” ਉਸ ਨੇ ਕਿਹਾ: “ਤੇਰਾ ਸੇਵਕ ਤਾਂ ਕਿਤੇ ਵੀ ਨਹੀਂ ਗਿਆ।”+ 26  ਅਲੀਸ਼ਾ ਨੇ ਉਸ ਨੂੰ ਕਿਹਾ: “ਕੀ ਮੇਰਾ ਦਿਲ ਉੱਥੇ ਤੇਰੇ ਨਾਲ ਨਹੀਂ ਸੀ ਜਦੋਂ ਉਹ ਆਦਮੀ ਰਥ ਤੋਂ ਉੱਤਰ ਕੇ ਤੈਨੂੰ ਮਿਲਿਆ ਸੀ? ਕੀ ਇਹ ਸਮਾਂ ਚਾਂਦੀ, ਕੱਪੜੇ, ਜ਼ੈਤੂਨ ਜਾਂ ਅੰਗੂਰਾਂ ਦੇ ਬਾਗ਼, ਭੇਡਾਂ ਜਾਂ ਪਸ਼ੂ ਤੇ ਨੌਕਰ-ਨੌਕਰਾਣੀਆਂ ਲੈਣ ਦਾ ਹੈ?+ 27  ਹੁਣ ਨਾਮਾਨ ਦਾ ਕੋੜ੍ਹ+ ਤੈਨੂੰ ਤੇ ਤੇਰੀ ਔਲਾਦ ਨੂੰ ਹਮੇਸ਼ਾ ਲਈ ਲੱਗਿਆ ਰਹੇਗਾ।” ਉਸ ਨੂੰ ਉਸੇ ਵੇਲੇ ਕੋੜ੍ਹ ਹੋ ਗਿਆ ਤੇ ਉਹ ਬਰਫ਼ ਵਰਗਾ ਚਿੱਟਾ ਹੋ ਕੇ ਉਸ ਅੱਗਿਓਂ ਚਲਾ ਗਿਆ।+

ਫੁਟਨੋਟ

ਜਾਂ, “ਮੁਕਤੀ।”
ਜਾਂ, “ਉਸ ਨੂੰ ਚਮੜੀ ਦੀ ਬੀਮਾਰੀ ਲੱਗੀ ਸੀ।”
ਇੱਥੇ ਸ਼ਾਇਦ ਨਾਮਾਨ ਦੀ ਗੱਲ ਕੀਤੀ ਗਈ ਹੈ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਬਰਕਤ।”
ਇਬ, “ਡੇਰਾ।”
ਇਬ, “ਜਿਸ ਦੇ ਅੱਗੇ ਮੈਂ ਖੜ੍ਹਾ ਹੁੰਦਾ ਹਾਂ।”
ਜਾਂ, “ਘਰ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਸਾਮਰਿਯਾ ਦੀ ਇਕ ਜਗ੍ਹਾ ਜੋ ਸ਼ਾਇਦ ਇਕ ਪਹਾੜੀ ਜਾਂ ਕਿਲਾ ਹੈ।