ਦੂਜਾ ਰਾਜਿਆਂ 6:1-33

  • ਅਲੀਸ਼ਾ ਦੇ ਚਮਤਕਾਰ ਕਰਕੇ ਕੁਹਾੜੀ ਤੈਰਨ ਲੱਗੀ (1-7)

  • ਅਲੀਸ਼ਾ ਦਾ ਸੀਰੀਆਈ ਫ਼ੌਜ ਨਾਲ ਮੁਕਾਬਲਾ (8-23)

    • ਅਲੀਸ਼ਾ ਦੇ ਸੇਵਾਦਾਰ ਦੀਆਂ ਅੱਖਾਂ ਖੋਲ੍ਹੀਆਂ ਗਈਆਂ (16, 17)

    • ਸੀਰੀਆਈ ਫ਼ੌਜ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ (18, 19)

  • ਘੇਰਾਬੰਦੀ ਦੌਰਾਨ ਸਾਮਰੀਆ ਵਿਚ ਕਾਲ਼ (24-33)

6  ਨਬੀਆਂ ਦੇ ਪੁੱਤਰਾਂ+ ਨੇ ਅਲੀਸ਼ਾ ਨੂੰ ਕਿਹਾ: “ਦੇਖ! ਜਿਸ ਜਗ੍ਹਾ ਅਸੀਂ ਤੇਰੇ ਨਾਲ ਠਹਿਰੇ ਹੋਏ ਹਾਂ, ਉਹ ਸਾਡੇ ਲਈ ਬਹੁਤ ਛੋਟੀ ਹੈ।  ਅਸੀਂ ਯਰਦਨ ਦਰਿਆ ’ਤੇ ਜਾਂਦੇ ਹਾਂ। ਉੱਥੋਂ ਅਸੀਂ ਇਕ-ਇਕ ਸ਼ਤੀਰੀ ਲਿਆਵਾਂਗੇ ਤੇ ਉੱਥੇ ਰਹਿਣ ਲਈ ਘਰ ਬਣਾਵਾਂਗੇ।” ਉਸ ਨੇ ਕਿਹਾ: “ਠੀਕ ਹੈ, ਜਾਓ।”  ਫਿਰ ਉਨ੍ਹਾਂ ਵਿੱਚੋਂ ਇਕ ਜਣੇ ਨੇ ਕਿਹਾ: “ਕਿਰਪਾ ਕਰ ਕੇ ਤੂੰ ਵੀ ਆਪਣੇ ਸੇਵਕਾਂ ਨਾਲ ਚੱਲ।” ਉਸ ਨੇ ਕਿਹਾ: “ਠੀਕ ਹੈ, ਮੈਂ ਵੀ ਚੱਲਦਾ ਹਾਂ।”  ਉਹ ਉਨ੍ਹਾਂ ਨਾਲ ਚਲਾ ਗਿਆ ਅਤੇ ਉਹ ਯਰਦਨ ਦਰਿਆ ਕੋਲ ਪਹੁੰਚ ਗਏ ਅਤੇ ਦਰਖ਼ਤ ਕੱਟਣ ਲੱਗੇ।  ਜਦੋਂ ਉਨ੍ਹਾਂ ਵਿੱਚੋਂ ਇਕ ਜਣਾ ਦਰਖ਼ਤ ਕੱਟ ਰਿਹਾ ਸੀ, ਤਾਂ ਕੁਹਾੜੀ ਹੱਥੀ ਵਿੱਚੋਂ ਨਿਕਲ ਕੇ ਪਾਣੀ ਵਿਚ ਡਿਗ ਪਈ ਤੇ ਉਹ ਉੱਚੀ-ਉੱਚੀ ਕਹਿਣ ਲੱਗਾ: “ਹਾਇ, ਮੇਰੇ ਮਾਲਕ, ਇਹ ਤਾਂ ਕਿਸੇ ਤੋਂ ਮੰਗ ਕੇ ਲਿਆਂਦੀ ਸੀ!”  ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ: “ਦੱਸ, ਕਿੱਥੇ ਡਿਗੀ?” ਉਸ ਨੇ ਉਸ ਨੂੰ ਉਹ ਜਗ੍ਹਾ ਦਿਖਾਈ। ਫਿਰ ਉਸ ਨੇ ਲੱਕੜ ਦਾ ਇਕ ਟੁਕੜਾ ਕੱਟ ਕੇ ਉਸ ਜਗ੍ਹਾ ਸੁੱਟਿਆ ਅਤੇ ਕੁਹਾੜੀ ਪਾਣੀ ਉੱਤੇ ਤੈਰਨ ਲੱਗ ਪਈ।  ਉਸ ਨੇ ਕਿਹਾ: “ਇਸ ਨੂੰ ਬਾਹਰ ਕੱਢ ਲੈ।” ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕ ਲਿਆ।  ਹੁਣ ਸੀਰੀਆ ਦਾ ਰਾਜਾ ਇਜ਼ਰਾਈਲ ਖ਼ਿਲਾਫ਼ ਯੁੱਧ ਲੜਨ ਗਿਆ।+ ਉਸ ਨੇ ਆਪਣੇ ਸੇਵਕਾਂ ਨਾਲ ਸਲਾਹ ਕੀਤੀ ਤੇ ਕਿਹਾ: “ਮੈਂ ਫਲਾਨੀ-ਫਲਾਨੀ ਜਗ੍ਹਾ ’ਤੇ ਤੁਹਾਡੇ ਨਾਲ ਡੇਰਾ ਲਾਵਾਂਗਾ।”  ਫਿਰ ਸੱਚੇ ਪਰਮੇਸ਼ੁਰ ਦੇ ਬੰਦੇ+ ਨੇ ਇਜ਼ਰਾਈਲ ਦੇ ਰਾਜੇ ਨੂੰ ਇਹ ਸੰਦੇਸ਼ ਭੇਜਿਆ: “ਖ਼ਬਰਦਾਰ ਰਹੀਂ! ਇਸ ਜਗ੍ਹਾ ਥਾਣੀਂ ਨਾ ਲੰਘੀਂ ਕਿਉਂਕਿ ਸੀਰੀਆਈ ਫ਼ੌਜ ਇੱਧਰ ਹੀ ਆ ਰਹੀ ਹੈ।” 10  ਇਸ ਲਈ ਇਜ਼ਰਾਈਲ ਦੇ ਰਾਜੇ ਨੇ ਉਸ ਜਗ੍ਹਾ ਸੰਦੇਸ਼ ਭੇਜਿਆ ਜਿਸ ਬਾਰੇ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਉਸ ਨੂੰ ਖ਼ਬਰਦਾਰ ਕੀਤਾ ਸੀ। ਉਹ ਉਸ ਨੂੰ ਖ਼ਬਰਦਾਰ ਕਰਦਾ ਰਿਹਾ ਤੇ ਉਹ ਕਈ ਵਾਰ* ਉਸ ਜਗ੍ਹਾ ਤੋਂ ਦੂਰ ਹੀ ਰਿਹਾ।+ 11  ਇਸ ਕਾਰਨ ਸੀਰੀਆ ਦਾ ਰਾਜਾ* ਗੁੱਸੇ ਨਾਲ ਭਰ ਗਿਆ, ਇਸ ਲਈ ਉਸ ਨੇ ਆਪਣੇ ਸੇਵਕਾਂ ਨੂੰ ਬੁਲਾ ਕੇ ਕਿਹਾ: “ਦੱਸੋ ਮੈਨੂੰ! ਸਾਡੇ ਵਿੱਚੋਂ ਕੌਣ ਹੈ ਜੋ ਇਜ਼ਰਾਈਲ ਦੇ ਰਾਜੇ ਦਾ ਸਾਥ ਦੇ ਰਿਹਾ ਹੈ?” 12  ਫਿਰ ਉਸ ਦੇ ਇਕ ਸੇਵਕ ਨੇ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਡੇ ਵਿੱਚੋਂ ਅਜਿਹਾ ਕੋਈ ਨਹੀਂ! ਉਹ ਤਾਂ ਇਜ਼ਰਾਈਲ ਦਾ ਨਬੀ ਅਲੀਸ਼ਾ ਹੈ ਜੋ ਇਜ਼ਰਾਈਲ ਦੇ ਰਾਜੇ ਨੂੰ ਉਹ ਸਾਰੀਆਂ ਗੱਲਾਂ ਦੱਸਦਾ ਹੈ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਅੰਦਰ ਕਹਿੰਦਾ ਹੈਂ।”+ 13  ਉਸ ਨੇ ਕਿਹਾ: “ਜਾਓ ਤੇ ਪਤਾ ਕਰੋ ਕਿ ਉਹ ਕਿੱਥੇ ਹੈ ਤਾਂਕਿ ਮੈਂ ਉਸ ਨੂੰ ਫੜਨ ਲਈ ਬੰਦੇ ਭੇਜਾਂ।” ਬਾਅਦ ਵਿਚ ਉਸ ਨੂੰ ਖ਼ਬਰ ਦਿੱਤੀ ਗਈ: “ਉਹ ਦੋਥਾਨ+ ਵਿਚ ਹੈ।” 14  ਉਸ ਨੇ ਤੁਰੰਤ ਉੱਥੇ ਘੋੜੇ ਤੇ ਯੁੱਧ ਦੇ ਰਥ ਅਤੇ ਇਕ ਵੱਡੀ ਫ਼ੌਜ ਭੇਜੀ; ਉਨ੍ਹਾਂ ਨੇ ਰਾਤ ਨੂੰ ਜਾ ਕੇ ਸ਼ਹਿਰ ਨੂੰ ਘੇਰਾ ਪਾ ਲਿਆ। 15  ਜਦੋਂ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਸੇਵਾਦਾਰ ਤੜਕੇ ਉੱਠ ਕੇ ਬਾਹਰ ਗਿਆ, ਤਾਂ ਉਸ ਨੇ ਦੇਖਿਆ ਕਿ ਘੋੜਿਆਂ ਅਤੇ ਯੁੱਧ ਦੇ ਰਥਾਂ ਵਾਲੀ ਇਕ ਫ਼ੌਜ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਸੇਵਾਦਾਰ ਨੇ ਇਕਦਮ ਉਸ ਨੂੰ ਕਿਹਾ: “ਹਾਇ, ਮੇਰੇ ਮਾਲਕ! ਹੁਣ ਆਪਾਂ ਕੀ ਕਰੀਏ?” 16  ਪਰ ਉਸ ਨੇ ਕਿਹਾ: “ਨਾ ਡਰ!+ ਕਿਉਂਕਿ ਉਨ੍ਹਾਂ ਨਾਲ ਜਿੰਨੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ।”+ 17  ਫਿਰ ਅਲੀਸ਼ਾ ਪ੍ਰਾਰਥਨਾ ਕਰਦੇ ਹੋਏ ਕਹਿਣ ਲੱਗਾ: “ਹੇ ਯਹੋਵਾਹ, ਕਿਰਪਾ ਕਰ ਕੇ ਉਸ ਦੀਆਂ ਅੱਖਾਂ ਖੋਲ੍ਹ ਤਾਂਕਿ ਉਹ ਦੇਖ ਸਕੇ।”+ ਉਸੇ ਵੇਲੇ ਯਹੋਵਾਹ ਨੇ ਸੇਵਾਦਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਦੇਖਿਆ ਕਿ ਅਲੀਸ਼ਾ ਦੇ ਆਲੇ-ਦੁਆਲੇ+ ਦਾ ਪਹਾੜੀ ਇਲਾਕਾ ਅੱਗ ਵਰਗੇ ਘੋੜਿਆਂ ਅਤੇ ਯੁੱਧ ਦੇ ਰਥਾਂ ਨਾਲ ਭਰਿਆ ਹੋਇਆ ਸੀ।+ 18  ਜਦੋਂ ਸੀਰੀਆਈ ਫ਼ੌਜ ਅਲੀਸ਼ਾ ਵੱਲ ਆਈ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ: “ਕਿਰਪਾ ਕਰ ਕੇ ਇਸ ਕੌਮ ਨੂੰ ਅੰਨ੍ਹੀ ਕਰ ਦੇ।”+ ਇਸ ਲਈ ਉਸ ਨੇ ਉਨ੍ਹਾਂ ਨੂੰ ਅੰਨ੍ਹੇ ਕਰ ਦਿੱਤਾ, ਠੀਕ ਜਿਵੇਂ ਅਲੀਸ਼ਾ ਨੇ ਬੇਨਤੀ ਕੀਤੀ ਸੀ। 19  ਫਿਰ ਅਲੀਸ਼ਾ ਨੇ ਉਨ੍ਹਾਂ ਨੂੰ ਕਿਹਾ: “ਇਹ ਉਹ ਰਾਹ ਨਹੀਂ ਹੈ, ਇਹ ਉਹ ਸ਼ਹਿਰ ਨਹੀਂ ਹੈ। ਮੇਰੇ ਮਗਰ-ਮਗਰ ਆਓ ਅਤੇ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਜਾਵਾਂਗਾ ਜਿਸ ਨੂੰ ਤੁਸੀਂ ਲੱਭ ਰਹੇ ਹੋ।” ਪਰ ਉਹ ਉਨ੍ਹਾਂ ਨੂੰ ਸਾਮਰਿਯਾ+ ਲੈ ਗਿਆ। 20  ਜਦੋਂ ਉਹ ਸਾਮਰਿਯਾ ਪਹੁੰਚੇ, ਤਾਂ ਅਲੀਸ਼ਾ ਨੇ ਕਿਹਾ: “ਹੇ ਯਹੋਵਾਹ, ਉਨ੍ਹਾਂ ਦੀਆਂ ਅੱਖਾਂ ਖੋਲ੍ਹ ਤਾਂਕਿ ਉਹ ਦੇਖ ਸਕਣ।” ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਤੇ ਉਨ੍ਹਾਂ ਨੇ ਦੇਖਿਆ ਕਿ ਉਹ ਸਾਮਰਿਯਾ ਦੇ ਵਿਚਕਾਰ ਸਨ। 21  ਜਦੋਂ ਇਜ਼ਰਾਈਲ ਦੇ ਰਾਜੇ ਨੇ ਉਨ੍ਹਾਂ ਨੂੰ ਦੇਖਿਆ, ਤਾਂ ਉਸ ਨੇ ਅਲੀਸ਼ਾ ਨੂੰ ਪੁੱਛਿਆ: “ਹੇ ਮੇਰੇ ਪਿਤਾ, ਕੀ ਮੈਂ ਇਨ੍ਹਾਂ ਨੂੰ ਮਾਰ ਸੁੱਟਾਂ, ਕੀ ਮੈਂ ਇਨ੍ਹਾਂ ਨੂੰ ਮਾਰ ਮੁਕਾਵਾਂ?” 22  ਪਰ ਉਸ ਨੇ ਕਿਹਾ: “ਤੂੰ ਉਨ੍ਹਾਂ ਨੂੰ ਨਾ ਮਾਰ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਕਮਾਨ ਨਾਲ ਗ਼ੁਲਾਮ ਬਣਾਉਂਦਾ ਹੈਂ, ਕੀ ਤੂੰ ਉਨ੍ਹਾਂ ਨੂੰ ਮਾਰ ਦਿੰਦਾ ਹੈਂ? ਉਨ੍ਹਾਂ ਨੂੰ ਰੋਟੀ-ਪਾਣੀ ਦੇ ਤਾਂਕਿ ਉਹ ਖਾਣ-ਪੀਣ+ ਤੇ ਆਪਣੇ ਮਾਲਕ ਕੋਲ ਵਾਪਸ ਜਾਣ।” 23  ਇਸ ਲਈ ਉਸ ਨੇ ਉਨ੍ਹਾਂ ਲਈ ਵੱਡੀ ਦਾਅਵਤ ਕੀਤੀ ਅਤੇ ਉਨ੍ਹਾਂ ਨੇ ਖਾਧਾ-ਪੀਤਾ ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਕੋਲ ਵਾਪਸ ਭੇਜ ਦਿੱਤਾ। ਫਿਰ ਕਦੇ ਵੀ ਸੀਰੀਆਈ ਲੁਟੇਰੇ+ ਇਜ਼ਰਾਈਲ ਦੇਸ਼ ਵਿਚ ਨਹੀਂ ਵੜੇ। 24  ਬਾਅਦ ਵਿਚ ਸੀਰੀਆ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ* ਇਕੱਠੀ ਕੀਤੀ ਅਤੇ ਜਾ ਕੇ ਸਾਮਰਿਯਾ ਨੂੰ ਘੇਰਾ ਪਾ ਲਿਆ।+ 25  ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ। 26  ਇਕ ਦਿਨ ਜਦੋਂ ਇਜ਼ਰਾਈਲ ਦਾ ਰਾਜਾ ਕੰਧ ਉੱਤੋਂ ਦੀ ਲੰਘ ਰਿਹਾ ਸੀ, ਤਾਂ ਇਕ ਔਰਤ ਨੇ ਉਸ ਨੂੰ ਉੱਚੀ ਆਵਾਜ਼ ਵਿਚ ਪੁਕਾਰਿਆ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਡੀ ਮਦਦ ਕਰ!” 27  ਇਹ ਸੁਣ ਕੇ ਉਸ ਨੇ ਕਿਹਾ: “ਜੇ ਯਹੋਵਾਹ ਤੇਰੀ ਮਦਦ ਨਹੀਂ ਕਰ ਰਿਹਾ, ਤਾਂ ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ? ਕੀ ਪਿੜ* ਵਿਚ ਜਾਂ ਦਾਖਰਸ ਜਾਂ ਤੇਲ ਦੇ ਚੁਬੱਚੇ ਵਿਚ ਕੁਝ ਬਚਿਆ ਹੈ?” 28  ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਕੀ ਹੋਇਆ?” ਉਸ ਨੇ ਜਵਾਬ ਦਿੱਤਾ: “ਇਸ ਔਰਤ ਨੇ ਮੈਨੂੰ ਕਿਹਾ, ‘ਆਪਣਾ ਪੁੱਤਰ ਦੇ ਤੇ ਆਪਾਂ ਅੱਜ ਇਸ ਨੂੰ ਖਾ ਲੈਂਦੀਆਂ ਹਾਂ ਤੇ ਕੱਲ੍ਹ ਨੂੰ ਆਪਾਂ ਮੇਰੇ ਪੁੱਤਰ ਨੂੰ ਖਾ ਲਵਾਂਗੀਆਂ।’+ 29  ਇਸ ਲਈ ਮੇਰੇ ਪੁੱਤਰ ਨੂੰ ਉਬਾਲ ਕੇ ਅਸੀਂ ਖਾ ਲਿਆ।+ ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣਾ ਪੁੱਤਰ ਦੇ ਤਾਂਕਿ ਆਪਾਂ ਉਸ ਨੂੰ ਖਾਈਏ।’ ਪਰ ਇਸ ਨੇ ਆਪਣੇ ਪੁੱਤਰ ਨੂੰ ਲੁਕਾ ਦਿੱਤਾ।” 30  ਉਸ ਔਰਤ ਦੀ ਗੱਲ ਸੁਣਦਿਆਂ ਸਾਰ ਰਾਜੇ ਨੇ ਆਪਣੇ ਕੱਪੜੇ ਪਾੜੇ।+ ਜਦੋਂ ਉਹ ਕੰਧ ਉੱਤੋਂ ਦੀ ਲੰਘਿਆ, ਤਾਂ ਲੋਕਾਂ ਨੇ ਦੇਖਿਆ ਕਿ ਉਸ ਨੇ ਆਪਣੇ ਕੱਪੜਿਆਂ ਦੇ ਥੱਲੇ* ਤੱਪੜ ਪਹਿਨਿਆ ਹੋਇਆ ਸੀ। 31  ਫਿਰ ਉਸ ਨੇ ਕਿਹਾ: “ਜੇ ਅੱਜ ਸ਼ਾਫਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲੋਂ ਅਲੱਗ ਨਾ ਕੀਤਾ ਗਿਆ, ਤਾਂ ਪਰਮੇਸ਼ੁਰ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ!”+ 32  ਅਲੀਸ਼ਾ ਆਪਣੇ ਘਰ ਬੈਠਾ ਹੋਇਆ ਸੀ ਤੇ ਬਜ਼ੁਰਗ ਉਸ ਦੇ ਨਾਲ ਬੈਠੇ ਸਨ। ਰਾਜੇ ਨੇ ਆਪਣੇ ਅੱਗੇ-ਅੱਗੇ ਇਕ ਆਦਮੀ ਭੇਜਿਆ, ਪਰ ਉਸ ਆਦਮੀ ਦੇ ਆਉਣ ਤੋਂ ਪਹਿਲਾਂ ਹੀ ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ: “ਕੀ ਤੁਸੀਂ ਦੇਖਿਆ ਕਿ ਕਾਤਲ ਦੇ ਇਸ ਪੁੱਤਰ+ ਨੇ ਮੇਰਾ ਸਿਰ ਧੜ ਨਾਲੋਂ ਅਲੱਗ ਕਰਨ ਲਈ ਇਕ ਆਦਮੀ ਨੂੰ ਭੇਜਿਆ ਹੈ? ਧਿਆਨ ਰੱਖਿਓ, ਜਦੋਂ ਉਹ ਆਦਮੀ ਆਵੇਗਾ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਦਰਵਾਜ਼ੇ ਨੂੰ ਧੱਕ ਕੇ ਰੱਖਿਓ ਤਾਂਕਿ ਉਹ ਅੰਦਰ ਨਾ ਆ ਸਕੇ। ਕੀ ਤੁਹਾਨੂੰ ਉਸ ਦੇ ਪਿੱਛੇ-ਪਿੱਛੇ ਆਉਂਦੇ ਉਸ ਦੇ ਮਾਲਕ ਦੇ ਪੈਰਾਂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ?” 33  ਜਦੋਂ ਉਹ ਉਨ੍ਹਾਂ ਨਾਲ ਗੱਲ ਕਰ ਹੀ ਰਿਹਾ ਸੀ, ਤਾਂ ਉਹ ਆਦਮੀ ਉਸ ਕੋਲ ਆ ਗਿਆ ਤੇ ਰਾਜੇ ਨੇ ਕਿਹਾ: “ਇਹ ਬਿਪਤਾ ਯਹੋਵਾਹ ਵੱਲੋਂ ਹੈ। ਮੈਂ ਯਹੋਵਾਹ ਦਾ ਹੋਰ ਇੰਤਜ਼ਾਰ ਕਿਉਂ ਕਰਾਂ?”

ਫੁਟਨੋਟ

ਜਾਂ, “ਇਕ ਜਾਂ ਦੋ ਤੋਂ ਜ਼ਿਆਦਾ ਵਾਰ।”
ਇਬ, “ਰਾਜੇ ਦਾ ਦਿਲ।”
ਇਬ, “ਡੇਰਾ।”
ਇਬ, “ਕੈਬ ਦੀ ਚੌਥਾਈ-ਭਰ।” ਇਕ ਕੈਬ 1.22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਅੰਦਰ ਆਪਣੇ ਸਰੀਰ ਉੱਤੇ ਸਭ ਤੋਂ ਪਹਿਲਾਂ।”