ਦੂਜਾ ਰਾਜਿਆਂ 7:1-20

  • ਅਲੀਸ਼ਾ ਨੇ ਕਾਲ਼ ਦੇ ਅੰਤ ਬਾਰੇ ਭਵਿੱਖਬਾਣੀ ਕੀਤੀ (1, 2)

  • ਸੀਰੀਆਈ ਫ਼ੌਜ ਦੁਆਰਾ ਛੱਡੀ ਗਈ ਛਾਉਣੀ ਵਿਚ ਭੋਜਨ ਮਿਲਿਆ (3-15)

  • ਅਲੀਸ਼ਾ ਦੀ ਭਵਿੱਖਬਾਣੀ ਪੂਰੀ ਹੋਈ (16-20)

7  ਹੁਣ ਅਲੀਸ਼ਾ ਨੇ ਕਿਹਾ: “ਯਹੋਵਾਹ ਦਾ ਬਚਨ ਸੁਣੋ। ਯਹੋਵਾਹ ਇਹ ਕਹਿੰਦਾ ਹੈ: ‘ਕੱਲ੍ਹ ਇਸੇ ਵੇਲੇ ਸਾਮਰਿਯਾ ਦੇ ਦਰਵਾਜ਼ੇ ’ਤੇ* ਇਕ ਸੇਆਹ* ਮੈਦੇ ਦੀ ਕੀਮਤ ਇਕ ਸ਼ੇਕੇਲ* ਹੋਵੇਗੀ ਅਤੇ ਦੋ ਸੇਆਹ ਜੌਆਂ ਦੀ ਕੀਮਤ ਇਕ ਸ਼ੇਕੇਲ ਹੋਵੇਗੀ।’”+  ਇਹ ਸੁਣ ਕੇ ਰਾਜੇ ਦੇ ਭਰੋਸੇਯੋਗ ਸਹਾਇਕ ਅਧਿਕਾਰੀ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਜੇ ਯਹੋਵਾਹ ਆਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ, ਤਾਂ ਵੀ ਕੀ ਇੱਦਾਂ* ਹੋ ਸਕਦਾ?”+ ਇਹ ਸੁਣ ਕੇ ਉਸ ਨੇ ਕਿਹਾ: “ਤੂੰ ਇਹ ਆਪਣੀ ਅੱਖੀਂ ਦੇਖੇਂਗਾ,+ ਪਰ ਤੂੰ ਇਸ ਤੋਂ ਖਾ ਨਹੀਂ ਪਾਏਂਗਾ।”+  ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ ਚਾਰ ਕੋੜ੍ਹੀ ਸਨ+ ਜੋ ਇਕ-ਦੂਜੇ ਨੂੰ ਕਹਿ ਰਹੇ ਸਨ: “ਅਸੀਂ ਇੱਥੇ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਿਉਂ ਕਰ ਰਹੇ ਹਾਂ?  ਜੇ ਅਸੀਂ ਕਹਿੰਦੇ ਹਾਂ, ‘ਚਲੋ ਆਪਾਂ ਸ਼ਹਿਰ ਦੇ ਅੰਦਰ ਚੱਲਦੇ ਹਾਂ,’ ਤਾਂ ਆਪਾਂ ਮਰ ਜਾਣਾ ਕਿਉਂਕਿ ਉੱਥੇ ਕਾਲ਼ ਪਿਆ ਹੋਇਆ ਹੈ।+ ਜੇ ਅਸੀਂ ਇੱਥੇ ਬੈਠੇ ਰਹੇ, ਤਾਂ ਵੀ ਅਸੀਂ ਮਰ ਜਾਣਾ। ਇਸ ਲਈ ਆਓ ਹੁਣ ਆਪਾਂ ਸੀਰੀਆਈ ਫ਼ੌਜੀਆਂ ਦੀ ਛਾਉਣੀ ਵਿਚ ਚੱਲਦੇ ਹਾਂ। ਜੇ ਉਨ੍ਹਾਂ ਨੇ ਸਾਡੀ ਜਾਨ ਬਖ਼ਸ਼ ਦਿੱਤੀ, ਤਾਂ ਅਸੀਂ ਜੀਉਂਦੇ ਰਹਾਂਗੇ, ਪਰ ਜੇ ਉਨ੍ਹਾਂ ਨੇ ਸਾਡੀ ਜਾਨ ਨਾ ਬਖ਼ਸ਼ੀ, ਤਾਂ ਅਸੀਂ ਮਾਰੇ ਜਾਵਾਂਗੇ।”  ਫਿਰ ਉਹ ਸ਼ਾਮ ਨੂੰ ਹਨੇਰਾ ਹੋਣ ਤੇ ਉੱਠੇ ਅਤੇ ਸੀਰੀਆਈ ਫ਼ੌਜੀਆਂ ਦੀ ਛਾਉਣੀ ਜਾ ਪਹੁੰਚੇ। ਜਦੋਂ ਉਹ ਸੀਰੀਆਈ ਛਾਉਣੀ ਦੇ ਬਾਹਰਵਾਰ ਪਹੁੰਚੇ, ਤਾਂ ਉੱਥੇ ਕੋਈ ਵੀ ਨਹੀਂ ਸੀ।  ਦਰਅਸਲ ਯਹੋਵਾਹ ਨੇ ਯੁੱਧ ਦੇ ਰਥਾਂ ਅਤੇ ਘੋੜਿਆਂ ਤੇ ਵੱਡੀ ਫ਼ੌਜ ਦੀ ਆਵਾਜ਼ ਸੀਰੀਆਈ ਫ਼ੌਜੀਆਂ ਨੂੰ ਸੁਣਾਈ ਸੀ।+ ਇਸ ਲਈ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਦੇਖੋ! ਇਜ਼ਰਾਈਲ ਦਾ ਰਾਜਾ ਹਿੱਤੀਆਂ ਦੇ ਰਾਜਿਆਂ ਅਤੇ ਮਿਸਰ ਦੇ ਰਾਜਿਆਂ ਨੂੰ ਸਾਡੇ ਖ਼ਿਲਾਫ਼ ਕਿਰਾਏ ’ਤੇ ਲਿਆਇਆ ਹੈ!”  ਉਹ ਉਸੇ ਵੇਲੇ ਸ਼ਾਮ ਦੇ ਹਨੇਰੇ ਵਿਚ ਆਪਣੇ ਤੰਬੂ, ਘੋੜੇ, ਗਧੇ ਅਤੇ ਸਾਰੀ ਛਾਉਣੀ ਨੂੰ ਜਿਉਂ ਦਾ ਤਿਉਂ ਛੱਡ ਕੇ ਨੱਠ ਗਏ ਅਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ।  ਜਦੋਂ ਇਹ ਕੋੜ੍ਹੀ ਛਾਉਣੀ ਦੇ ਬਾਹਰਵਾਰ ਪਹੁੰਚੇ, ਤਾਂ ਉਹ ਇਕ ਤੰਬੂ ਵਿਚ ਵੜ ਗਏ ਅਤੇ ਖਾਣ-ਪੀਣ ਲੱਗੇ। ਉਨ੍ਹਾਂ ਨੇ ਉੱਥੋਂ ਸੋਨਾ-ਚਾਂਦੀ ਅਤੇ ਕੱਪੜੇ ਲਏ ਤੇ ਜਾ ਕੇ ਇਨ੍ਹਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਕੇ ਇਕ ਹੋਰ ਤੰਬੂ ਵਿਚ ਵੜ ਗਏ ਤੇ ਉੱਥੋਂ ਵੀ ਚੀਜ਼ਾਂ ਚੁੱਕ ਕੇ ਲੈ ਗਏ ਅਤੇ ਇਨ੍ਹਾਂ ਨੂੰ ਲੁਕਾ ਦਿੱਤਾ।  ਅਖ਼ੀਰ ਉਨ੍ਹਾਂ ਨੇ ਇਕ-ਦੂਜੇ ਨੂੰ ਕਿਹਾ: “ਅਸੀਂ ਠੀਕ ਨਹੀਂ ਕਰ ਰਹੇ। ਇਹ ਦਿਨ ਖ਼ੁਸ਼ ਖ਼ਬਰੀ ਦਾ ਦਿਨ ਹੈ! ਜੇ ਅਸੀਂ ਜੱਕੋ-ਤੱਕੀ ਕਰਦੇ ਰਹੇ ਅਤੇ ਸਵੇਰ ਹੋਣ ਤਕ ਇੰਤਜ਼ਾਰ ਕਰਦੇ ਰਹੇ, ਤਾਂ ਅਸੀਂ ਸਜ਼ਾ ਦੇ ਲਾਇਕ ਠਹਿਰਾਂਗੇ। ਆਓ ਹੁਣ ਆਪਾਂ ਚੱਲੀਏ ਅਤੇ ਰਾਜੇ ਦੇ ਮਹਿਲ ਵਿਚ ਇਹ ਖ਼ਬਰ ਦੇਈਏ।” 10  ਇਸ ਲਈ ਉਹ ਗਏ ਅਤੇ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਪੁਕਾਰਿਆ ਅਤੇ ਉਨ੍ਹਾਂ ਨੂੰ ਇਹ ਖ਼ਬਰ ਦਿੱਤੀ: “ਅਸੀਂ ਸੀਰੀਆਈ ਫ਼ੌਜੀਆਂ ਦੀ ਛਾਉਣੀ ਵਿਚ ਗਏ ਸੀ, ਪਰ ਉੱਥੇ ਕੋਈ ਨਹੀਂ ਸੀ, ਅਸੀਂ ਕਿਸੇ ਦੀ ਆਵਾਜ਼ ਨਹੀਂ ਸੁਣੀ। ਉੱਥੇ ਸਿਰਫ਼ ਘੋੜੇ ਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਜਿਉਂ ਦੇ ਤਿਉਂ ਛੱਡੇ ਹੋਏ ਸਨ।” 11  ਉਸੇ ਵੇਲੇ ਦਰਬਾਨਾਂ ਨੇ ਉੱਚੀ ਆਵਾਜ਼ ਵਿਚ ਬੋਲ ਕੇ ਇਹ ਖ਼ਬਰ ਰਾਜੇ ਦੇ ਮਹਿਲ ਵਿਚ ਪਹੁੰਚਾਈ। 12  ਰਾਜਾ ਰਾਤ ਨੂੰ ਤੁਰੰਤ ਉੱਠਿਆ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੈਂ ਤੁਹਾਨੂੰ ਦੱਸਦਾਂ ਕਿ ਸੀਰੀਆਈ ਫ਼ੌਜੀਆਂ ਨੇ ਸਾਡੇ ਨਾਲ ਕੀ ਕੀਤਾ। ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਭੁੱਖੇ ਹਾਂ,+ ਇਸ ਲਈ ਉਹ ਛਾਉਣੀ ਛੱਡ ਕੇ ਮੈਦਾਨ ਵਿਚ ਲੁਕ ਗਏ ਹਨ। ਉਨ੍ਹਾਂ ਨੇ ਸੋਚਿਆ, ‘ਉਹ ਸ਼ਹਿਰ ਵਿੱਚੋਂ ਬਾਹਰ ਆਉਣਗੇ ਅਤੇ ਅਸੀਂ ਉਨ੍ਹਾਂ ਨੂੰ ਜੀਉਂਦੇ ਫੜ ਲਵਾਂਗੇ ਅਤੇ ਸ਼ਹਿਰ ਅੰਦਰ ਦਾਖ਼ਲ ਹੋ ਜਾਵਾਂਗੇ।’”+ 13  ਫਿਰ ਉਸ ਦੇ ਇਕ ਸੇਵਕ ਨੇ ਕਿਹਾ: “ਕਿਰਪਾ ਕਰ ਕੇ ਕੁਝ ਆਦਮੀਆਂ ਨੂੰ ਇਜਾਜ਼ਤ ਦੇ ਕਿ ਉਹ ਸ਼ਹਿਰ ਵਿਚ ਬਚੇ ਘੋੜਿਆਂ ਵਿੱਚੋਂ ਪੰਜ ਘੋੜੇ ਲੈਣ। ਦੇਖ! ਉਨ੍ਹਾਂ ਦਾ ਵੀ ਉਹੀ ਹਸ਼ਰ ਹੋਣਾ ਹੈ ਜੋ ਇੱਥੇ ਬਚੇ ਸਾਰੇ ਇਜ਼ਰਾਈਲੀਆਂ ਦਾ ਹੋਣਾ ਹੈ। ਦੇਖ! ਉਨ੍ਹਾਂ ਦਾ ਵੀ ਉਹੀ ਹਸ਼ਰ ਹੋਣਾ ਹੈ ਜੋ ਉਨ੍ਹਾਂ ਸਾਰੇ ਇਜ਼ਰਾਈਲੀਆਂ ਦਾ ਹੋਇਆ ਜੋ ਮਰ ਚੁੱਕੇ ਹਨ। ਇਸ ਲਈ ਆਪਾਂ ਉਨ੍ਹਾਂ ਨੂੰ ਭੇਜ ਕੇ ਦੇਖ ਲੈਂਦੇ ਹਾਂ।” 14  ਇਸ ਲਈ ਉਨ੍ਹਾਂ ਨੇ ਘੋੜਿਆਂ ਵਾਲੇ ਦੋ ਰਥ ਲਏ ਅਤੇ ਰਾਜੇ ਨੇ ਉਨ੍ਹਾਂ ਨੂੰ ਸੀਰੀਆਈ ਫ਼ੌਜੀਆਂ ਦੀ ਛਾਉਣੀ ਵਿਚ ਇਹ ਕਹਿ ਕੇ ਭੇਜਿਆ: “ਜਾਓ ਤੇ ਦੇਖੋ।” 15  ਉਹ ਉਨ੍ਹਾਂ ਨੂੰ ਲੱਭਦੇ-ਲੱਭਦੇ ਯਰਦਨ ਦਰਿਆ ਤਕ ਗਏ ਅਤੇ ਸਾਰੇ ਰਾਹ ਵਿਚ ਕੱਪੜੇ ਅਤੇ ਭਾਂਡੇ ਪਏ ਸਨ ਜੋ ਸੀਰੀਆਈ ਫ਼ੌਜੀ ਘਬਰਾਹਟ ਵਿਚ ਭੱਜਦੇ ਹੋਏ ਸੁੱਟ ਗਏ ਸਨ। ਰਾਜੇ ਦੇ ਆਦਮੀ ਵਾਪਸ ਆਏ ਅਤੇ ਰਾਜੇ ਨੂੰ ਇਹ ਖ਼ਬਰ ਦਿੱਤੀ। 16  ਇਸ ਲਈ ਲੋਕਾਂ ਨੇ ਬਾਹਰ ਜਾ ਕੇ ਸੀਰੀਆਈ ਛਾਉਣੀ ਵਿਚ ਲੁੱਟ ਮਚਾਈ ਜਿਸ ਕਰਕੇ ਇਕ ਸੇਆਹ ਮੈਦੇ ਦੀ ਕੀਮਤ ਇਕ ਸ਼ੇਕੇਲ ਅਤੇ ਦੋ ਸੇਆਹ ਜੌਆਂ ਦੀ ਕੀਮਤ ਇਕ ਸ਼ੇਕੇਲ ਹੋ ਗਈ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+ 17  ਰਾਜੇ ਨੇ ਆਪਣੇ ਭਰੋਸੇਯੋਗ ਸਹਾਇਕ ਅਧਿਕਾਰੀ ਨੂੰ ਦਰਵਾਜ਼ੇ ਦੀ ਨਿਗਰਾਨੀ ਲਈ ਠਹਿਰਾਇਆ, ਪਰ ਲੋਕਾਂ ਨੇ ਉਸ ਨੂੰ ਦਰਵਾਜ਼ੇ ਕੋਲ ਮਿੱਧ-ਮਿੱਧ ਕੇ ਮਾਰ ਸੁੱਟਿਆ, ਠੀਕ ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਰਾਜੇ ਨੂੰ ਕਿਹਾ ਸੀ ਜਦੋਂ ਉਹ ਉਸ ਕੋਲ ਆਇਆ ਸੀ। 18  ਸੱਚੇ ਪਰਮੇਸ਼ੁਰ ਦੇ ਬੰਦੇ ਦੀ ਇਹ ਗੱਲ ਪੂਰੀ ਹੋਈ ਜੋ ਉਸ ਨੇ ਰਾਜੇ ਨੂੰ ਕਹੀ ਸੀ: “ਕੱਲ੍ਹ ਇਸੇ ਵੇਲੇ ਸਾਮਰਿਯਾ ਦੇ ਦਰਵਾਜ਼ੇ ’ਤੇ ਦੋ ਸੇਆਹ ਜੌਆਂ ਦੀ ਕੀਮਤ ਇਕ ਸ਼ੇਕੇਲ ਹੋਵੇਗੀ ਅਤੇ ਇਕ ਸੇਆਹ ਮੈਦੇ ਦੀ ਕੀਮਤ ਇਕ ਸ਼ੇਕੇਲ ਹੋਵੇਗੀ।”+ 19  ਪਰ ਸਹਾਇਕ ਅਧਿਕਾਰੀ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ ਸੀ: “ਜੇ ਯਹੋਵਾਹ ਆਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ, ਤਾਂ ਵੀ ਕੀ ਇੱਦਾਂ* ਹੋ ਸਕਦਾ?” ਇਹ ਸੁਣ ਕੇ ਅਲੀਸ਼ਾ ਨੇ ਕਿਹਾ ਸੀ: “ਤੂੰ ਇਹ ਆਪਣੀ ਅੱਖੀਂ ਦੇਖੇਂਗਾ, ਪਰ ਤੂੰ ਇਸ ਤੋਂ ਖਾ ਨਹੀਂ ਪਾਏਂਗਾ।” 20  ਉਸ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ ਕਿਉਂਕਿ ਲੋਕਾਂ ਨੇ ਉਸ ਨੂੰ ਦਰਵਾਜ਼ੇ ਕੋਲ ਮਿੱਧ-ਮਿੱਧ ਕੇ ਮਾਰ ਸੁੱਟਿਆ।

ਫੁਟਨੋਟ

ਜਾਂ, “ਬਾਜ਼ਾਰਾਂ ਵਿਚ।”
ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਇਸ ਤਰ੍ਹਾਂ ਦੀ ਗੱਲ।”
ਇਬ, “ਇਸ ਤਰ੍ਹਾਂ ਦੀ ਗੱਲ।”