ਦੂਜਾ ਰਾਜਿਆਂ 8:1-29

  • ਸ਼ੂਨੰਮੀ ਔਰਤ ਨੂੰ ਜ਼ਮੀਨ ਵਾਪਸ ਕੀਤੀ ਗਈ (1-6)

  • ਅਲੀਸ਼ਾ, ਬਨ-ਹਦਦ ਅਤੇ ਹਜ਼ਾਏਲ (7-15)

  • ਯਹੂਦਾਹ ਦਾ ਰਾਜਾ ਯਹੋਰਾਮ (16-24)

  • ਯਹੂਦਾਹ ਦਾ ਰਾਜਾ ਅਹਜ਼ਯਾਹ (25-29)

8  ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜੀਉਂਦਾ ਕੀਤਾ ਸੀ,+ ਕਿਹਾ: “ਉੱਠ ਅਤੇ ਆਪਣੇ ਘਰਾਣੇ ਨੂੰ ਨਾਲ ਲੈ ਕੇ ਜਾਹ ਅਤੇ ਜਿੱਥੇ ਹੋ ਸਕੇ ਪਰਦੇਸੀ ਵਜੋਂ ਵੱਸ ਜਾ ਕਿਉਂਕਿ ਯਹੋਵਾਹ ਨੇ ਕਾਲ਼ ਲਿਆਉਣ ਦਾ ਐਲਾਨ ਕੀਤਾ ਹੈ+ ਅਤੇ ਇਹ ਦੇਸ਼ ਵਿਚ ਸੱਤ ਸਾਲਾਂ ਲਈ ਪਿਆ ਰਹੇਗਾ।”  ਇਸ ਲਈ ਉਹ ਔਰਤ ਉੱਠੀ ਅਤੇ ਉਸ ਨੇ ਉਹੀ ਕੀਤਾ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ। ਉਹ ਆਪਣੇ ਘਰਾਣੇ ਸਣੇ ਗਈ ਅਤੇ ਸੱਤ ਸਾਲਾਂ ਲਈ ਫਲਿਸਤੀਆਂ ਦੇ ਦੇਸ਼+ ਵਿਚ ਵੱਸੀ ਰਹੀ।  ਉਹ ਔਰਤ ਸੱਤ ਸਾਲਾਂ ਬਾਅਦ ਫਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਤੇ ਆਪਣਾ ਘਰ ਅਤੇ ਖੇਤ ਵਾਪਸ ਲੈਣ ਲਈ ਰਾਜੇ ਅੱਗੇ ਫ਼ਰਿਆਦ ਕਰਨ ਗਈ।  ਉਸ ਵੇਲੇ ਰਾਜਾ ਸੱਚੇ ਪਰਮੇਸ਼ੁਰ ਦੇ ਬੰਦੇ ਦੇ ਸੇਵਾਦਾਰ ਗੇਹਾਜੀ ਨਾਲ ਗੱਲ ਕਰ ਰਿਹਾ ਸੀ। ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਉਨ੍ਹਾਂ ਸਾਰੇ ਵੱਡੇ-ਵੱਡੇ ਕੰਮਾਂ ਬਾਰੇ ਦੱਸ ਜੋ ਅਲੀਸ਼ਾ ਨੇ ਕੀਤੇ ਹਨ।”+  ਜਦੋਂ ਉਹ ਰਾਜੇ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇਕ ਮੁਰਦੇ ਨੂੰ ਜੀਉਂਦਾ ਕੀਤਾ ਸੀ,+ ਤਾਂ ਉਹ ਔਰਤ ਜਿਸ ਦੇ ਪੁੱਤਰ ਨੂੰ ਉਸ ਨੇ ਜੀਉਂਦਾ ਕੀਤਾ ਸੀ, ਰਾਜੇ ਕੋਲ ਆਈ ਅਤੇ ਆਪਣਾ ਘਰ ਅਤੇ ਖੇਤ ਵਾਪਸ ਲੈਣ ਲਈ ਫ਼ਰਿਆਦ ਕਰਨ ਲੱਗੀ।+ ਗੇਹਾਜੀ ਨੇ ਇਕਦਮ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਇਹ ਉਹੀ ਔਰਤ ਹੈ ਅਤੇ ਇਹ ਉਹੀ ਮੁੰਡਾ ਹੈ ਜਿਸ ਨੂੰ ਅਲੀਸ਼ਾ ਨੇ ਜੀਉਂਦਾ ਕੀਤਾ ਸੀ।”  ਇਹ ਸੁਣ ਕੇ ਰਾਜੇ ਨੇ ਉਸ ਔਰਤ ਨੂੰ ਪੁੱਛਿਆ ਤੇ ਉਸ ਨੇ ਸਾਰੀ ਕਹਾਣੀ ਉਸ ਨੂੰ ਦੱਸ ਦਿੱਤੀ। ਫਿਰ ਰਾਜੇ ਨੇ ਉਸ ਲਈ ਇਕ ਦਰਬਾਰੀ ਨੂੰ ਠਹਿਰਾਇਆ ਅਤੇ ਉਸ ਨੂੰ ਕਿਹਾ: “ਉਸ ਦਾ ਸਭ ਕੁਝ ਮੋੜਿਆ ਜਾਵੇ ਅਤੇ ਇਸ ਦੇਸ਼ ਵਿੱਚੋਂ ਉਸ ਦੇ ਜਾਣ ਦੇ ਦਿਨ ਤੋਂ ਲੈ ਕੇ ਅੱਜ ਤਕ ਉਸ ਦੇ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਵਾਪਸ ਦੇ ਦਿੱਤੀ ਜਾਵੇ।”  ਅਲੀਸ਼ਾ ਦਮਿਸਕ+ ਨੂੰ ਆਇਆ ਜਦੋਂ ਸੀਰੀਆ ਦਾ ਰਾਜਾ ਬਨ-ਹਦਦ+ ਬੀਮਾਰ ਸੀ। ਇਸ ਲਈ ਉਸ ਨੂੰ ਇਹ ਖ਼ਬਰ ਦਿੱਤੀ ਗਈ: “ਸੱਚੇ ਪਰਮੇਸ਼ੁਰ ਦਾ ਬੰਦਾ+ ਇੱਥੇ ਆਇਆ ਹੈ।”  ਇਹ ਸੁਣ ਕੇ ਰਾਜੇ ਨੇ ਹਜ਼ਾਏਲ+ ਨੂੰ ਕਿਹਾ: “ਆਪਣੇ ਨਾਲ ਇਕ ਤੋਹਫ਼ਾ ਲੈ ਕੇ ਜਾਹ ਅਤੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਜਾ ਕੇ ਮਿਲ+ ਅਤੇ ਉਸ ਰਾਹੀਂ ਯਹੋਵਾਹ ਤੋਂ ਇਹ ਪੁੱਛ, ‘ਕੀ ਮੈਂ ਇਸ ਬੀਮਾਰੀ ਤੋਂ ਠੀਕ ਹੋਵਾਂਗਾ?’”  ਹਜ਼ਾਏਲ ਉਸ ਨੂੰ ਮਿਲਣ ਗਿਆ ਅਤੇ ਉਸ ਨੇ ਆਪਣੇ ਨਾਲ ਇਕ ਤੋਹਫ਼ਾ ਲਿਆ, ਹਾਂ, ਉਹ ਦਮਿਸਕ ਦੀ ਹਰ ਵਧੀਆ ਚੀਜ਼ 40 ਊਠਾਂ ’ਤੇ ਲੱਦ ਕੇ ਲੈ ਗਿਆ। ਉਹ ਆ ਕੇ ਉਸ ਸਾਮ੍ਹਣੇ ਖੜ੍ਹ ਗਿਆ ਅਤੇ ਕਿਹਾ: “ਤੇਰੇ ਪੁੱਤਰ ਸੀਰੀਆ ਦੇ ਰਾਜੇ ਬਨ-ਹਦਦ ਨੇ ਮੈਨੂੰ ਤੇਰੇ ਕੋਲ ਇਹ ਪੁੱਛਣ ਲਈ ਭੇਜਿਆ ਹੈ, ‘ਕੀ ਮੈਂ ਇਸ ਬੀਮਾਰੀ ਤੋਂ ਠੀਕ ਹੋਵਾਂਗਾ?’” 10  ਅਲੀਸ਼ਾ ਨੇ ਉਸ ਨੂੰ ਜਵਾਬ ਦਿੱਤਾ: “ਜਾਹ ਅਤੇ ਉਸ ਨੂੰ ਕਹਿ, ‘ਤੂੰ ਜ਼ਰੂਰ ਠੀਕ ਹੋ ਜਾਵੇਂਗਾ,’ ਪਰ ਯਹੋਵਾਹ ਨੇ ਮੈਨੂੰ ਦਿਖਾਇਆ ਹੈ ਕਿ ਉਹ ਜ਼ਰੂਰ ਮਰ ਜਾਵੇਗਾ।”+ 11  ਅਤੇ ਉਹ ਉਦੋਂ ਤਕ ਉਸ ਨੂੰ ਟਿਕਟਿਕੀ ਲਗਾ ਕੇ ਦੇਖਦਾ ਰਿਹਾ ਜਦੋਂ ਤਕ ਉਹ ਸ਼ਰਮਿੰਦਾ ਨਹੀਂ ਹੋ ਗਿਆ। ਫਿਰ ਸੱਚੇ ਪਰਮੇਸ਼ੁਰ ਦਾ ਬੰਦਾ ਰੋਣ ਲੱਗ ਪਿਆ। 12  ਹਜ਼ਾਏਲ ਨੇ ਪੁੱਛਿਆ: “ਮੇਰਾ ਮਾਲਕ ਰੋ ਕਿਉਂ ਰਿਹਾ ਹੈ?” ਉਸ ਨੇ ਜਵਾਬ ਦਿੱਤਾ: “ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਇਜ਼ਰਾਈਲ ਦੇ ਲੋਕਾਂ ਨੂੰ ਕੀ-ਕੀ ਨੁਕਸਾਨ ਪਹੁੰਚਾਵੇਂਗਾ।+ ਤੂੰ ਉਨ੍ਹਾਂ ਦੀਆਂ ਕਿਲੇਬੰਦ ਥਾਵਾਂ ਨੂੰ ਅੱਗ ਨਾਲ ਸਾੜ ਦੇਵੇਂਗਾ, ਤੂੰ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਤਲਵਾਰ ਨਾਲ ਮਾਰ ਸੁੱਟੇਂਗਾ, ਤੂੰ ਉਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਦੇਵੇਂਗਾ ਅਤੇ ਤੂੰ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਕੇ ਰੱਖ ਦੇਵੇਂਗਾ।”+ 13  ਹਜ਼ਾਏਲ ਨੇ ਕਿਹਾ: “ਤੇਰਾ ਇਹ ਸੇਵਕ ਇੱਦਾਂ ਕਿਵੇਂ ਕਰ ਸਕਦਾ ਹੈ ਜੋ ਸਿਰਫ਼ ਇਕ ਕੁੱਤਾ ਹੀ ਹੈ?” ਪਰ ਅਲੀਸ਼ਾ ਨੇ ਕਿਹਾ: “ਯਹੋਵਾਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਸੀਰੀਆ ਦਾ ਰਾਜਾ ਬਣੇਂਗਾ।”+ 14  ਫਿਰ ਉਹ ਅਲੀਸ਼ਾ ਕੋਲੋਂ ਚਲਾ ਗਿਆ ਤੇ ਆਪਣੇ ਮਾਲਕ ਕੋਲ ਵਾਪਸ ਆਇਆ ਜਿਸ ਨੇ ਉਸ ਨੂੰ ਪੁੱਛਿਆ: “ਅਲੀਸ਼ਾ ਨੇ ਤੈਨੂੰ ਕੀ ਕਿਹਾ?” ਉਸ ਨੇ ਜਵਾਬ ਦਿੱਤਾ: “ਉਸ ਨੇ ਮੈਨੂੰ ਕਿਹਾ ਕਿ ਤੂੰ ਜ਼ਰੂਰ ਠੀਕ ਹੋ ਜਾਵੇਂਗਾ।”+ 15  ਪਰ ਅਗਲੇ ਦਿਨ ਉਸ ਨੇ ਇਕ ਚਾਦਰ ਲਈ ਅਤੇ ਪਾਣੀ ਵਿਚ ਭਿਓਂ ਕੇ ਇਸ ਨਾਲ ਉਸ ਦੇ ਮੂੰਹ ਨੂੰ ਉਦੋਂ ਤਕ ਘੁੱਟੀ* ਰੱਖਿਆ ਜਦ ਤਕ ਉਹ ਮਰ ਨਹੀਂ ਗਿਆ।+ ਅਤੇ ਹਜ਼ਾਏਲ ਉਸ ਦੀ ਜਗ੍ਹਾ ਰਾਜਾ ਬਣ ਗਿਆ।+ 16  ਇਜ਼ਰਾਈਲ ਦੇ ਰਾਜਾ ਅਹਾਬ ਦੇ ਪੁੱਤਰ ਯਹੋਰਾਮ+ ਦੇ ਰਾਜ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਰਾਜਾ ਸੀ, ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ+ ਰਾਜਾ ਬਣਿਆ। 17  ਉਹ 32 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿਚ ਰਾਜ ਕੀਤਾ। 18  ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹ ’ਤੇ ਚੱਲਦਾ ਰਿਹਾ,+ ਠੀਕ ਜਿਵੇਂ ਅਹਾਬ ਦੇ ਘਰਾਣੇ ਦੇ ਰਾਜੇ ਚੱਲੇ ਸਨ+ ਕਿਉਂਕਿ ਉਸ ਨੇ ਅਹਾਬ ਦੀ ਧੀ ਨਾਲ ਵਿਆਹ ਕੀਤਾ;+ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 19  ਪਰ ਯਹੋਵਾਹ ਆਪਣੇ ਸੇਵਕ ਦਾਊਦ ਦੀ ਖ਼ਾਤਰ ਯਹੂਦਾਹ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+ 20  ਯਹੋਰਾਮ ਦੇ ਦਿਨਾਂ ਵਿਚ ਅਦੋਮ ਨੇ ਯਹੂਦਾਹ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਫਿਰ ਆਪਣੇ ਲਈ ਇਕ ਰਾਜਾ ਠਹਿਰਾਇਆ।+ 21  ਇਸ ਲਈ ਯਹੋਰਾਮ ਆਪਣੇ ਸਾਰੇ ਰਥਾਂ ਸਣੇ ਉਸ ਪਾਰ ਸਈਰ ਨੂੰ ਗਿਆ ਅਤੇ ਉਹ ਰਾਤ ਨੂੰ ਉੱਠਿਆ ਤੇ ਉਸ ਨੇ ਅਦੋਮੀਆਂ ਨੂੰ ਹਰਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸੈਨਾਪਤੀਆਂ ਨੂੰ ਘੇਰਿਆ ਹੋਇਆ ਸੀ; ਅਤੇ ਫ਼ੌਜੀ ਆਪਣੇ ਤੰਬੂਆਂ ਨੂੰ ਭੱਜ ਗਏ। 22  ਪਰ ਅਦੋਮ ਅੱਜ ਤਕ ਯਹੂਦਾਹ ਖ਼ਿਲਾਫ਼ ਬਗਾਵਤ ਕਰਦਾ ਆਇਆ ਹੈ। ਲਿਬਨਾਹ+ ਨੇ ਵੀ ਉਸ ਸਮੇਂ ਬਗਾਵਤ ਕੀਤੀ ਸੀ। 23  ਯਹੋਰਾਮ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 24  ਫਿਰ ਯਹੋਰਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ।+ ਉਸ ਦਾ ਪੁੱਤਰ ਅਹਜ਼ਯਾਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ। 25  ਇਜ਼ਰਾਈਲ ਦੇ ਰਾਜਾ ਅਹਾਬ ਦੇ ਪੁੱਤਰ ਯਹੋਰਾਮ ਦੇ ਰਾਜ ਦੇ 12ਵੇਂ ਸਾਲ ਯਹੂਦਾਹ ਦੇ ਰਾਜੇ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜਾ ਬਣਿਆ।+ 26  ਅਹਜ਼ਯਾਹ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਇਕ ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਥਲਯਾਹ+ ਸੀ ਜੋ ਇਜ਼ਰਾਈਲ ਦੇ ਰਾਜਾ ਆਮਰੀ+ ਦੀ ਪੋਤੀ* ਸੀ। 27  ਉਹ ਅਹਾਬ ਦੇ ਘਰਾਣੇ ਦੇ ਰਾਹ ’ਤੇ ਚੱਲਿਆ+ ਅਤੇ ਅਹਾਬ ਦੇ ਘਰਾਣੇ ਵਾਂਗ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਕਿਉਂਕਿ ਉਹ ਵਿਆਹ ਦੇ ਕਰਕੇ ਅਹਾਬ ਦੇ ਘਰਾਣੇ ਦਾ ਰਿਸ਼ਤੇਦਾਰ ਸੀ।+ 28  ਇਸ ਲਈ ਉਹ ਅਹਾਬ ਦੇ ਪੁੱਤਰ ਯਹੋਰਾਮ ਨਾਲ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਰਾਮੋਥ-ਗਿਲਆਦ+ ਵਿਚ ਯੁੱਧ ਲੜਨ ਗਿਆ, ਪਰ ਸੀਰੀਆਈ ਫ਼ੌਜ ਨੇ ਯਹੋਰਾਮ ਨੂੰ ਜ਼ਖ਼ਮੀ ਕਰ ਦਿੱਤਾ।+ 29  ਇਸ ਲਈ ਰਾਜਾ ਯਹੋਰਾਮ ਯਿਜ਼ਰਾਏਲ+ ਵਾਪਸ ਚਲਾ ਗਿਆ ਤਾਂਕਿ ਉਸ ਦੇ ਜ਼ਖ਼ਮ ਭਰ ਜਾਣ ਕਿਉਂਕਿ ਸੀਰੀਆਈ ਫ਼ੌਜ ਨੇ ਉਸ ਨੂੰ ਰਾਮਾਹ ਵਿਚ ਜ਼ਖ਼ਮੀ ਕਰ ਦਿੱਤਾ ਸੀ ਜਦੋਂ ਉਹ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਲੜਿਆ ਸੀ।+ ਯਹੂਦਾਹ ਦੇ ਰਾਜੇ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯਹੋਰਾਮ ਨੂੰ ਯਿਜ਼ਰਾਏਲ ਵਿਚ ਦੇਖਣ ਗਿਆ ਕਿਉਂਕਿ ਉਹ ਜ਼ਖ਼ਮੀ ਹੋ ਗਿਆ ਸੀ।*

ਫੁਟਨੋਟ

ਜਾਂ, “ਦੱਬੀ।”
ਇਬ, “ਧੀ।”
ਜਾਂ, “ਉਹ ਬੀਮਾਰ ਸੀ।”