ਦੂਜਾ ਸਮੂਏਲ 21:1-22

  • ਗਿਬਓਨੀਆਂ ਨੇ ਸ਼ਾਊਲ ਦੇ ਘਰਾਣੇ ਤੋਂ ਬਦਲਾ ਲਿਆ (1-14)

  • ਫਲਿਸਤੀਆਂ ਖ਼ਿਲਾਫ਼ ਯੁੱਧ (15-22)

21  ਦਾਊਦ ਦੇ ਦਿਨਾਂ ਵਿਚ ਤਿੰਨ ਸਾਲ ਲਗਾਤਾਰ ਕਾਲ਼ ਪਿਆ,+ ਇਸ ਲਈ ਦਾਊਦ ਨੇ ਯਹੋਵਾਹ ਤੋਂ ਪੁੱਛਿਆ ਤੇ ਯਹੋਵਾਹ ਨੇ ਕਿਹਾ: “ਸ਼ਾਊਲ ਅਤੇ ਉਸ ਦਾ ਘਰਾਣਾ ਖ਼ੂਨ ਦਾ ਦੋਸ਼ੀ ਹੈ ਕਿਉਂਕਿ ਉਨ੍ਹਾਂ ਨੇ ਗਿਬਓਨੀਆਂ ਨੂੰ ਮਾਰ ਸੁੱਟਿਆ ਸੀ।”+  ਇਸ ਲਈ ਰਾਜੇ ਨੇ ਗਿਬਓਨੀਆਂ+ ਨੂੰ ਬੁਲਾਇਆ ਤੇ ਉਨ੍ਹਾਂ ਨਾਲ ਗੱਲ ਕੀਤੀ। (ਗਿਬਓਨੀ ਇਜ਼ਰਾਈਲੀ ਨਹੀਂ ਸਨ, ਸਗੋਂ ਬਚੇ ਹੋਏ ਅਮੋਰੀ ਲੋਕ+ ਸਨ ਤੇ ਇਜ਼ਰਾਈਲੀਆਂ ਨੇ ਉਨ੍ਹਾਂ ਨੂੰ ਜੀਉਂਦਾ ਰੱਖਣ ਦੀ ਸਹੁੰ ਖਾਧੀ ਸੀ,+ ਪਰ ਸ਼ਾਊਲ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਦੀ ਖ਼ਾਤਰ ਜੋਸ਼ ਵਿਚ ਆ ਕੇ ਉਨ੍ਹਾਂ ਨੂੰ ਮਾਰ ਦੇਣਾ ਚਾਹੁੰਦਾ ਸੀ।)  ਦਾਊਦ ਨੇ ਗਿਬਓਨੀਆਂ ਨੂੰ ਕਿਹਾ: “ਮੈਂ ਤੁਹਾਡੇ ਲਈ ਕੀ ਕਰਾਂ? ਮੈਂ ਕਿਵੇਂ ਪ੍ਰਾਸਚਿਤ ਕਰਾਂ ਤਾਂਕਿ ਤੁਸੀਂ ਯਹੋਵਾਹ ਦੀ ਵਿਰਾਸਤ ਨੂੰ ਅਸੀਸ ਦਿਓ?”  ਗਿਬਓਨੀਆਂ ਨੇ ਉਸ ਨੂੰ ਕਿਹਾ: “ਸ਼ਾਊਲ ਅਤੇ ਉਸ ਦੇ ਘਰਾਣੇ ਨੇ ਸਾਡੇ ਨਾਲ ਜੋ ਕੀਤਾ, ਉਸ ਦੀ ਭਰਪਾਈ ਸੋਨੇ-ਚਾਂਦੀ ਨਾਲ ਨਹੀਂ ਹੋ ਸਕਦੀ;+ ਨਾ ਹੀ ਅਸੀਂ ਇਜ਼ਰਾਈਲ ਵਿਚ ਕਿਸੇ ਆਦਮੀ ਨੂੰ ਮਾਰ ਸਕਦੇ ਹਾਂ।” ਇਹ ਸੁਣ ਕੇ ਉਸ ਨੇ ਕਿਹਾ: “ਤੁਸੀਂ ਜੋ ਵੀ ਕਹੋ, ਮੈਂ ਤੁਹਾਡੇ ਲਈ ਕਰਾਂਗਾ।”  ਉਨ੍ਹਾਂ ਨੇ ਰਾਜੇ ਨੂੰ ਕਿਹਾ: “ਜਿਸ ਆਦਮੀ ਨੇ ਸਾਨੂੰ ਨਾਸ਼ ਕੀਤਾ ਅਤੇ ਸਾਡਾ ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਰਚੀ ਤਾਂਕਿ ਅਸੀਂ ਇਜ਼ਰਾਈਲ ਦੇ ਇਲਾਕੇ ਵਿਚ ਕਿਤੇ ਵੀ ਜੀਉਂਦੇ ਨਜ਼ਰ ਨਾ ਆਈਏ+​—  ਉਸ ਦੇ ਸੱਤ ਪੁੱਤਰਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ। ਅਸੀਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਯਹੋਵਾਹ ਦੇ ਚੁਣੇ ਹੋਏ ਰਾਜੇ ਸ਼ਾਊਲ+ ਦੇ ਸ਼ਹਿਰ ਗਿਬਆਹ+ ਵਿਚ ਯਹੋਵਾਹ ਅੱਗੇ ਟੰਗ ਦਿਆਂਗੇ।”*+ ਫਿਰ ਰਾਜੇ ਨੇ ਕਿਹਾ: “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦਿਆਂਗਾ।”  ਪਰ ਰਾਜੇ ਨੇ ਯੋਨਾਥਾਨ ਦੇ ਪੁੱਤਰ ਅਤੇ ਸ਼ਾਊਲ ਦੇ ਪੋਤੇ ਮਫੀਬੋਸ਼ਥ ’ਤੇ ਉਸ ਸਹੁੰ ਕਰਕੇ ਦਇਆ ਕੀਤੀ ਜੋ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਯਹੋਵਾਹ ਅੱਗੇ ਖਾਧੀ ਸੀ।+  ਇਸ ਲਈ ਰਾਜੇ ਨੇ ਅੱਯਾਹ ਦੀ ਧੀ ਰਿਸਪਾਹ+ ਦੇ ਦੋ ਪੁੱਤਰਾਂ ਅਰਮੋਨੀ ਅਤੇ ਮਫੀਬੋਸ਼ਥ ਨੂੰ ਲਿਆ ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੀਕਲ+ ਦੇ ਪੰਜ ਪੁੱਤਰਾਂ ਨੂੰ ਲਿਆ ਜੋ ਮਹੋਲਾਹੀ ਬਰਜ਼ਿੱਲਈ ਦੇ ਪੁੱਤਰ ਅਦਰੀਏਲ+ ਤੋਂ ਪੈਦਾ ਹੋਏ ਸਨ।  ਫਿਰ ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਹਾੜ ਉੱਤੇ ਯਹੋਵਾਹ ਸਾਮ੍ਹਣੇ ਟੰਗ ਦਿੱਤਾ।+ ਉਹ ਸੱਤੇ ਜਣੇ ਇਕੱਠੇ ਮਰ ਗਏ; ਉਨ੍ਹਾਂ ਨੂੰ ਵਾਢੀ ਦੇ ਸ਼ੁਰੂਆਤੀ ਦਿਨਾਂ ਵਿਚ ਯਾਨੀ ਜੌਆਂ ਦੀ ਵਾਢੀ ਦੇ ਸ਼ੁਰੂ ਵਿਚ ਮੌਤ ਦੇ ਘਾਟ ਉਤਾਰਿਆ ਗਿਆ ਸੀ। 10  ਫਿਰ ਅੱਯਾਹ ਦੀ ਧੀ ਰਿਸਪਾਹ+ ਨੇ ਤੱਪੜ ਲਿਆ ਅਤੇ ਉਸ ਨੂੰ ਵਾਢੀ ਦੀ ਸ਼ੁਰੂਆਤ ਤੋਂ ਲੈ ਕੇ ਉਦੋਂ ਤਕ ਚਟਾਨ ਉੱਤੇ ਵਿਛਾਈ ਰੱਖਿਆ ਜਦੋਂ ਤਕ ਆਕਾਸ਼ੋਂ ਲਾਸ਼ਾਂ ਉੱਤੇ ਮੀਂਹ ਨਾ ਪਿਆ; ਉਸ ਨੇ ਨਾ ਦਿਨੇ ਪੰਛੀਆਂ ਨੂੰ ਉਨ੍ਹਾਂ ਲਾਸ਼ਾਂ ’ਤੇ ਬੈਠਣ ਦਿੱਤਾ ਤੇ ਨਾ ਹੀ ਰਾਤ ਵੇਲੇ ਮੈਦਾਨ ਦੇ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੇ ਨੇੜੇ ਆਉਣ ਦਿੱਤਾ। 11  ਦਾਊਦ ਨੂੰ ਦੱਸਿਆ ਗਿਆ ਕਿ ਸ਼ਾਊਲ ਦੀ ਰਖੇਲ ਯਾਨੀ ਅੱਯਾਹ ਦੀ ਧੀ ਰਿਸਪਾਹ ਨੇ ਕੀ ਕੀਤਾ ਸੀ। 12  ਇਸ ਲਈ ਦਾਊਦ ਗਿਆ ਅਤੇ ਉਸ ਨੇ ਯਾਬੇਸ਼-ਗਿਲਆਦ ਦੇ ਹਾਕਮਾਂ* ਕੋਲੋਂ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ+ ਜੋ ਉਨ੍ਹਾਂ ਨੇ ਬੈਤ-ਸ਼ਾਨ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਸਨ। ਉੱਥੇ ਫਲਿਸਤੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸ ਦਿਨ ਟੰਗਿਆ ਸੀ ਜਦੋਂ ਫਲਿਸਤੀਆਂ ਨੇ ਗਿਲਬੋਆ ਉੱਤੇ ਸ਼ਾਊਲ ਨੂੰ ਮਾਰ ਮੁਕਾਇਆ ਸੀ।+ 13  ਉਹ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਉੱਥੋਂ ਲੈ ਆਇਆ ਅਤੇ ਉਨ੍ਹਾਂ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਵੀ ਇਕੱਠੀਆਂ ਕੀਤੀਆਂ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ* ਗਈ ਸੀ।+ 14  ਫਿਰ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਬਿਨਯਾਮੀਨ ਇਲਾਕੇ ਦੇ ਸੇਲਾ ਸ਼ਹਿਰ+ ਵਿਚ ਉਸ ਦੇ ਪਿਤਾ ਕੀਸ਼+ ਦੀ ਕਬਰ ਵਿਚ ਦੱਬ ਦਿੱਤੀਆਂ। ਜਦੋਂ ਉਹ ਰਾਜੇ ਦੇ ਹੁਕਮ ਮੁਤਾਬਕ ਸਭ ਕੁਝ ਕਰ ਚੁੱਕੇ, ਤਾਂ ਪਰਮੇਸ਼ੁਰ ਨੇ ਦੇਸ਼ ਲਈ ਕੀਤੀਆਂ ਉਨ੍ਹਾਂ ਦੀਆਂ ਬੇਨਤੀਆਂ ਸੁਣੀਆਂ।+ 15  ਇਕ ਵਾਰ ਫਿਰ ਫਲਿਸਤੀਆਂ ਅਤੇ ਇਜ਼ਰਾਈਲ ਵਿਚ ਲੜਾਈ ਲੱਗ ਗਈ।+ ਇਸ ਲਈ ਦਾਊਦ ਅਤੇ ਉਸ ਦੇ ਸੇਵਕ ਗਏ ਅਤੇ ਫਲਿਸਤੀਆਂ ਨਾਲ ਲੜੇ, ਪਰ ਦਾਊਦ ਥੱਕ ਕੇ ਚੂਰ ਹੋ ਗਿਆ। 16  ਉਸ ਵੇਲੇ ਰਫ਼ਾਈਮ+ ਦੇ ਵੰਸ਼ ਵਿੱਚੋਂ ਇਸ਼ਬੀ-ਬਨੋਬ ਨਾਂ ਦੇ ਇਕ ਆਦਮੀ ਨੇ ਦਾਊਦ ਨੂੰ ਮਾਰਨ ਦੀ ਸੋਚੀ। ਉਸ ਆਦਮੀ ਦੇ ਤਾਂਬੇ ਦੇ ਬਰਛੇ ਦਾ ਭਾਰ 300 ਸ਼ੇਕੇਲ* ਸੀ+ ਅਤੇ ਉਸ ਕੋਲ ਇਕ ਨਵੀਂ ਤਲਵਾਰ ਸੀ। 17  ਸਰੂਯਾਹ ਦਾ ਪੁੱਤਰ ਅਬੀਸ਼ਈ+ ਇਕਦਮ ਦਾਊਦ ਦੀ ਮਦਦ ਲਈ ਆਇਆ+ ਅਤੇ ਉਸ ਫਲਿਸਤੀ ’ਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਉਸ ਸਮੇਂ ਦਾਊਦ ਦੇ ਆਦਮੀਆਂ ਨੇ ਉਸ ਨਾਲ ਇਹ ਸਹੁੰ ਖਾਧੀ: “ਹੁਣ ਤੋਂ ਤੈਨੂੰ ਸਾਡੇ ਨਾਲ ਲੜਾਈ ਵਿਚ ਨਹੀਂ ਜਾਣਾ ਚਾਹੀਦਾ!+ ਕਿਤੇ ਇੱਦਾਂ ਨਾ ਹੋਵੇ ਕਿ ਇਜ਼ਰਾਈਲ ਦਾ ਦੀਵਾ ਬੁੱਝ ਜਾਵੇ!”+ 18  ਉਸ ਤੋਂ ਬਾਅਦ ਇਕ ਵਾਰ ਫਿਰ ਗੋਬ ਵਿਚ ਫਲਿਸਤੀਆਂ ਨਾਲ ਲੜਾਈ ਲੱਗ ਗਈ।+ ਉਸ ਸਮੇਂ ਹੂਸ਼ਾਹ ਦੇ ਸਿਬਕਾਈ+ ਨੇ ਸਫ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਰਫ਼ਾਈਮ+ ਦੇ ਵੰਸ਼ ਵਿੱਚੋਂ ਸੀ। 19  ਫਲਿਸਤੀਆਂ ਨਾਲ ਦੁਬਾਰਾ ਗੋਬ ਵਿਚ ਲੜਾਈ ਲੱਗ ਗਈ+ ਅਤੇ ਯਾਰੇ-ਓਰਗੀਮ ਬੈਤਲਹਮੀ ਦੇ ਪੁੱਤਰ ਅਲਹਾਨਾਨ ਨੇ ਗਿੱਤੀ ਗੋਲਿਅਥ ਨੂੰ ਮਾਰ ਸੁੱਟਿਆ ਜਿਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਸੀ।+ 20  ਇਕ ਵਾਰ ਫਿਰ ਗਥ ਵਿਚ ਲੜਾਈ ਲੱਗ ਗਈ ਜਿੱਥੇ ਇਕ ਬਹੁਤ ਵੱਡੇ ਕੱਦ ਦਾ ਆਦਮੀ ਸੀ ਜਿਸ ਦੇ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਸਨ, ਕੁੱਲ ਮਿਲਾ ਕੇ 24 ਉਂਗਲਾਂ; ਉਹ ਵੀ ਰਫ਼ਾਈਮ ਦੇ ਵੰਸ਼ ਵਿੱਚੋਂ ਸੀ।+ 21  ਉਹ ਲਗਾਤਾਰ ਇਜ਼ਰਾਈਲ ਨੂੰ ਲਲਕਾਰਦਾ ਰਿਹਾ।+ ਇਸ ਲਈ ਦਾਊਦ ਦੇ ਭਰਾ ਸ਼ਿਮਈ+ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਮਾਰ ਸੁੱਟਿਆ। 22  ਗਥ ਦੇ ਰਹਿਣ ਵਾਲੇ ਇਹ ਚਾਰੇ ਜਣੇ ਰਫ਼ਾਈਮ ਦੇ ਵੰਸ਼ ਵਿੱਚੋਂ ਸਨ ਜੋ ਦਾਊਦ ਤੇ ਉਸ ਦੇ ਸੇਵਕਾਂ ਹੱਥੋਂ ਮਾਰੇ ਗਏ।+

ਫੁਟਨੋਟ

ਇਬ, “ਉਨ੍ਹਾਂ ਦੀ ਨੁਮਾਇਸ਼ ਕਰਾਂਗੇ,” ਯਾਨੀ, ਲੱਤਾਂ-ਬਾਹਾਂ ਤੋੜ ਕੇ।
ਜਾਂ ਸੰਭਵ ਹੈ, “ਜ਼ਮੀਂਦਾਰਾਂ।”
ਇਬ, “ਨੁਮਾਇਸ਼ ਕੀਤੀ।”
ਲਗਭਗ 3.42 ਕਿਲੋਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।