ਦੂਜਾ ਸਮੂਏਲ 5:1-25

  • ਦਾਊਦ ਸਾਰੇ ਇਜ਼ਰਾਈਲ ਦਾ ਰਾਜਾ ਬਣਿਆ (1-5)

  • ਯਰੂਸ਼ਲਮ ’ਤੇ ਕਬਜ਼ਾ (6-16)

    • ਸੀਓਨ, ਦਾਊਦ ਦਾ ਸ਼ਹਿਰ (7)

  • ਦਾਊਦ ਨੇ ਫਲਿਸਤੀਆਂ ਨੂੰ ਹਰਾਇਆ (17-25)

5  ਕੁਝ ਸਮੇਂ ਬਾਅਦ ਇਜ਼ਰਾਈਲ ਦੇ ਸਾਰੇ ਗੋਤ ਹਬਰੋਨ ਵਿਚ ਦਾਊਦ ਕੋਲ ਆਏ+ ਤੇ ਕਹਿਣ ਲੱਗੇ: “ਦੇਖ! ਅਸੀਂ ਤੇਰਾ ਆਪਣਾ ਖ਼ੂਨ ਹਾਂ।*+  ਬੀਤੇ ਸਮੇਂ ਵਿਚ ਜਦੋਂ ਸ਼ਾਊਲ ਸਾਡਾ ਰਾਜਾ ਹੁੰਦਾ ਸੀ, ਤਾਂ ਤੂੰ ਹੀ ਯੁੱਧਾਂ ਵਿਚ ਇਜ਼ਰਾਈਲ ਦੀ ਅਗਵਾਈ ਕਰਦਾ ਸੀ।*+ ਯਹੋਵਾਹ ਨੇ ਤੈਨੂੰ ਕਿਹਾ ਸੀ: ‘ਤੂੰ ਮੇਰੀ ਪਰਜਾ ਇਜ਼ਰਾਈਲ ਦਾ ਚਰਵਾਹਾ ਬਣੇਂਗਾ ਤੇ ਤੂੰ ਇਜ਼ਰਾਈਲ ਦਾ ਆਗੂ ਹੋਵੇਂਗਾ।’”+  ਇਸ ਲਈ ਇਜ਼ਰਾਈਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਰਾਜੇ ਕੋਲ ਆਏ ਤੇ ਰਾਜਾ ਦਾਊਦ ਨੇ ਹਬਰੋਨ ਵਿਚ ਉਨ੍ਹਾਂ ਨਾਲ ਯਹੋਵਾਹ ਅੱਗੇ ਇਕਰਾਰ ਕੀਤਾ।+ ਫਿਰ ਉਨ੍ਹਾਂ ਨੇ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰ ਦਿੱਤਾ।+  ਦਾਊਦ 30 ਸਾਲ ਦੀ ਉਮਰ ਵਿਚ ਰਾਜਾ ਬਣਿਆ ਤੇ ਉਸ ਨੇ 40 ਸਾਲ ਰਾਜ ਕੀਤਾ।+  ਉਸ ਨੇ ਹਬਰੋਨ ਵਿਚ ਹੁੰਦਿਆਂ ਯਹੂਦਾਹ ਉੱਤੇ 7 ਸਾਲ ਅਤੇ 6 ਮਹੀਨੇ ਰਾਜ ਕੀਤਾ ਤੇ ਯਰੂਸ਼ਲਮ+ ਵਿਚ ਹੁੰਦਿਆਂ ਸਾਰੇ ਇਜ਼ਰਾਈਲ ਅਤੇ ਯਹੂਦਾਹ ਉੱਤੇ 33 ਸਾਲ ਰਾਜ ਕੀਤਾ।  ਅਤੇ ਰਾਜਾ ਤੇ ਉਸ ਦੇ ਆਦਮੀ ਯਰੂਸ਼ਲਮ ਲਈ ਰਵਾਨਾ ਹੋਏ ਤਾਂਕਿ ਉਹ ਯਬੂਸੀਆਂ ਉੱਤੇ ਹਮਲਾ ਕਰਨ+ ਜੋ ਉੱਥੇ ਵੱਸੇ ਹੋਏ ਸਨ। ਉਨ੍ਹਾਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ! ਤੈਨੂੰ ਭਜਾਉਣ ਲਈ ਤਾਂ ਸਾਡੇ ਅੰਨ੍ਹੇ ਅਤੇ ਲੰਗੜੇ ਹੀ ਕਾਫ਼ੀ ਹਨ।” ਉਨ੍ਹਾਂ ਨੇ ਸੋਚਿਆ, ‘ਦਾਊਦ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਗਾ।’+  ਪਰ ਦਾਊਦ ਨੇ ਸੀਓਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+  ਇਸ ਲਈ ਦਾਊਦ ਨੇ ਉਸ ਦਿਨ ਕਿਹਾ: “ਯਬੂਸੀਆਂ ਉੱਤੇ ਹਮਲਾ ਕਰਨ ਵਾਲਿਆਂ ਨੂੰ ਪਾਣੀ ਦੀ ਸੁਰੰਗ ਥਾਣੀਂ ਜਾਣਾ ਚਾਹੀਦਾ ਹੈ ਤਾਂਕਿ ਉਹ ‘ਲੰਗੜਿਆਂ ਅਤੇ ਅੰਨ੍ਹਿਆਂ’ ਨੂੰ ਮਾਰ ਸੁੱਟਣ ਜਿਨ੍ਹਾਂ ਨੂੰ ਦਾਊਦ ਨਫ਼ਰਤ ਕਰਦਾ ਹੈ!” ਇਸੇ ਕਰਕੇ ਇਹ ਕਿਹਾ ਜਾਂਦਾ ਹੈ: “ਅੰਨ੍ਹੇ ਅਤੇ ਲੰਗੜੇ ਘਰ ਵਿਚ ਕਦੇ ਦਾਖ਼ਲ ਨਹੀਂ ਹੋਣਗੇ।”  ਫਿਰ ਦਾਊਦ ਕਿਲੇ ਵਿਚ ਵੱਸ ਗਿਆ ਅਤੇ ਇਸ ਨੂੰ ਦਾਊਦ ਦਾ ਸ਼ਹਿਰ ਕਿਹਾ ਗਿਆ;* ਦਾਊਦ ਟਿੱਲੇ*+ ਉੱਤੇ ਅਤੇ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਕੰਧਾਂ ਅਤੇ ਇਮਾਰਤਾਂ ਬਣਾਉਣ ਲੱਗਾ।+ 10  ਇਸ ਤਰ੍ਹਾਂ ਦਾਊਦ ਹੋਰ ਤਾਕਤਵਰ ਹੁੰਦਾ ਗਿਆ+ ਤੇ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਸੀ।+ 11  ਸੋਰ ਦੇ ਰਾਜੇ ਹੀਰਾਮ+ ਨੇ ਦਾਊਦ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ, ਨਾਲੇ ਉਸ ਨੇ ਦਿਆਰ ਦੀ ਲੱਕੜ,+ ਤਰਖਾਣ ਅਤੇ ਕੰਧਾਂ ਬਣਾਉਣ ਲਈ ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀਆਂ ਨੂੰ ਵੀ ਘੱਲਿਆ ਤੇ ਉਹ ਦਾਊਦ ਲਈ ਇਕ ਘਰ* ਬਣਾਉਣ ਲੱਗੇ।+ 12  ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਤੇ ਆਪਣੀ ਪਰਜਾ ਇਜ਼ਰਾਈਲ ਦੀ ਖ਼ਾਤਰ+ ਉਸ ਦੇ ਰਾਜ ਨੂੰ ਬੁਲੰਦ ਕੀਤਾ ਹੈ।+ 13  ਹਬਰੋਨ ਤੋਂ ਆਉਣ ਤੋਂ ਬਾਅਦ ਦਾਊਦ ਨੇ ਯਰੂਸ਼ਲਮ ਵਿਚ ਹੋਰ ਰਖੇਲਾਂ ਰੱਖੀਆਂ+ ਤੇ ਕੁਝ ਹੋਰ ਔਰਤਾਂ ਨਾਲ ਵਿਆਹ ਕਰਾਏ ਅਤੇ ਦਾਊਦ ਦੇ ਹੋਰ ਧੀਆਂ-ਪੁੱਤਰ ਪੈਦਾ ਹੋਏ।+ 14  ਯਰੂਸ਼ਲਮ ਵਿਚ ਪੈਦਾ ਹੋਏ ਉਸ ਦੇ ਪੁੱਤਰਾਂ ਦੇ ਨਾਂ ਇਹ ਸਨ: ਸ਼ਮੂਆ, ਸ਼ੋਬਾਬ, ਨਾਥਾਨ,+ ਸੁਲੇਮਾਨ,+ 15  ਯਿਬਹਾਰ, ਅਲੀਸ਼ੂਆ, ਨਫਗ, ਯਾਫੀਆ, 16  ਅਲੀਸ਼ਾਮਾ, ਅਲਯਾਦਾ ਅਤੇ ਅਲੀਫਾਲਟ। 17  ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕੀਤਾ ਗਿਆ ਸੀ,+ ਤਾਂ ਸਾਰੇ ਫਲਿਸਤੀ ਦਾਊਦ ਨੂੰ ਲੱਭਣ ਆਏ।+ ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਹ ਸੁਰੱਖਿਅਤ ਜਗ੍ਹਾ ਜਾ ਕੇ ਲੁਕ ਗਿਆ।+ 18  ਫਿਰ ਫਲਿਸਤੀ ਆਏ ਤੇ ਰਫ਼ਾਈਮ ਵਾਦੀ+ ਵਿਚ ਸਾਰੇ ਪਾਸੇ ਫੈਲ ਗਏ। 19  ਦਾਊਦ ਨੇ ਯਹੋਵਾਹ ਤੋਂ ਇਹ ਸਲਾਹ ਮੰਗੀ:+ “ਕੀ ਮੈਂ ਜਾ ਕੇ ਫਲਿਸਤੀਆਂ ’ਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿਚ ਦੇ ਦੇਵੇਂਗਾ?” ਯਹੋਵਾਹ ਨੇ ਦਾਊਦ ਨੂੰ ਜਵਾਬ ਦਿੱਤਾ: “ਹਾਂ ਚੜ੍ਹਾਈ ਕਰ, ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿਚ ਜ਼ਰੂਰ ਦਿਆਂਗਾ।”+ 20  ਇਸ ਲਈ ਦਾਊਦ ਬਆਲ-ਪਰਾਸੀਮ ਆਇਆ ਤੇ ਦਾਊਦ ਨੇ ਉੱਥੇ ਫਲਿਸਤੀਆਂ ਨੂੰ ਮਾਰ ਸੁੱਟਿਆ। ਉਸ ਨੇ ਕਿਹਾ: “ਯਹੋਵਾਹ ਮੇਰੇ ਅੱਗੇ-ਅੱਗੇ ਜਾ ਕੇ ਦੁਸ਼ਮਣਾਂ ’ਤੇ ਇਵੇਂ ਟੁੱਟ ਪਿਆ+ ਜਿਵੇਂ ਪਾਣੀ ਆਪਣੇ ਜ਼ੋਰ ਨਾਲ ਕੰਧ ਢਾਹ ਦਿੰਦਾ ਹੈ।” ਇਸੇ ਕਰਕੇ ਉਸ ਨੇ ਉਸ ਜਗ੍ਹਾ ਦਾ ਨਾਂ ਬਆਲ-ਪਰਾਸੀਮ* ਰੱਖਿਆ।+ 21  ਫਲਿਸਤੀ ਆਪਣੀਆਂ ਮੂਰਤਾਂ ਉੱਥੇ ਛੱਡ ਗਏ ਅਤੇ ਦਾਊਦ ਤੇ ਉਸ ਦੇ ਆਦਮੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ। 22  ਬਾਅਦ ਵਿਚ ਫਲਿਸਤੀ ਦੁਬਾਰਾ ਆਏ ਤੇ ਰਫ਼ਾਈਮ ਵਾਦੀ ਵਿਚ ਸਾਰੇ ਪਾਸੇ ਫੈਲ ਗਏ।+ 23  ਦਾਊਦ ਨੇ ਯਹੋਵਾਹ ਤੋਂ ਸਲਾਹ ਪੁੱਛੀ, ਪਰ ਇਸ ਵਾਰ ਉਸ ਨੇ ਕਿਹਾ: “ਤੂੰ ਸਿੱਧਾ ਜਾ ਕੇ ਹਮਲਾ ਨਾ ਕਰੀਂ। ਇਸ ਦੀ ਬਜਾਇ, ਤੂੰ ਉਨ੍ਹਾਂ ਦੇ ਪਿੱਛਿਓਂ ਦੀ ਘੁੰਮ ਕੇ ਜਾਈਂ ਅਤੇ ਬਾਕਾ ਝਾੜੀਆਂ ਦੇ ਸਾਮ੍ਹਣਿਓਂ ਦੀ ਉਨ੍ਹਾਂ ’ਤੇ ਹਮਲਾ ਕਰੀਂ। 24  ਜਦੋਂ ਤੂੰ ਬਾਕਾ ਝਾੜੀਆਂ ਉੱਪਰੋਂ ਫ਼ੌਜੀਆਂ ਦੇ ਤੁਰਨ ਦੀ ਆਵਾਜ਼ ਸੁਣੇਂਗਾ, ਉਦੋਂ ਤੂੰ ਤੁਰੰਤ ਕਦਮ ਉਠਾਈਂ ਕਿਉਂਕਿ ਯਹੋਵਾਹ ਫਲਿਸਤੀਆਂ ਦੀ ਫ਼ੌਜ ਨੂੰ ਮਾਰਨ ਲਈ ਤੇਰੇ ਅੱਗੇ-ਅੱਗੇ ਜਾ ਚੁੱਕਾ ਹੋਵੇਗਾ।” 25  ਇਸ ਲਈ ਦਾਊਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਤੇ ਉਸ ਨੇ ਗਬਾ+ ਤੋਂ ਲੈ ਕੇ ਗਜ਼ਰ+ ਤਕ ਫਲਿਸਤੀਆਂ ਨੂੰ ਮਾਰ ਸੁੱਟਿਆ।+

ਫੁਟਨੋਟ

ਇਬ, “ਤੇਰੀ ਹੱਡੀ ਤੇ ਤੇਰਾ ਮਾਸ ਹਾਂ।”
ਇਬ, “ਇਜ਼ਰਾਈਲ ਤੋਂ ਬਾਹਰ ਲੈ ਜਾਂਦਾ ਸੀ ਅਤੇ ਅੰਦਰ ਲਿਆਉਂਦਾ ਸੀ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਜਾਂ ਸੰਭਵ ਹੈ, “ਉਸ ਨੇ ਇਸ ਨੂੰ ਦਾਊਦ ਦਾ ਸ਼ਹਿਰ ਕਿਹਾ।”
ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”
ਜਾਂ, “ਮਹਿਲ।”
ਮਤਲਬ “ਟੁੱਟ ਪੈਣ ਵਿਚ ਮਾਹਰ।”