ਦੂਜਾ ਸਮੂਏਲ 9:1-13

  • ਮਫੀਬੋਸ਼ਥ ਲਈ ਦਾਊਦ ਦਾ ਅਟੱਲ ਪਿਆਰ (1-13)

9  ਫਿਰ ਦਾਊਦ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਯੋਨਾਥਾਨ ਦੀ ਖ਼ਾਤਰ ਅਟੱਲ ਪਿਆਰ ਦਿਖਾ ਸਕਾਂ?”+  ਸ਼ਾਊਲ ਦੇ ਘਰਾਣੇ ਦਾ ਇਕ ਸੇਵਕ ਸੀ ਜਿਸ ਦਾ ਨਾਂ ਸੀਬਾ ਸੀ।+ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਬੁਲਾਇਆ ਤੇ ਰਾਜੇ ਨੇ ਉਸ ਨੂੰ ਪੁੱਛਿਆ: “ਕੀ ਤੂੰ ਸੀਬਾ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਤੇਰਾ ਸੇਵਕ ਸੀਬਾ ਹਾਂ।”  ਫਿਰ ਰਾਜੇ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਪਰਮੇਸ਼ੁਰ ਦਾ ਅਟੱਲ ਪਿਆਰ ਦਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਯੋਨਾਥਾਨ ਦਾ ਇਕ ਪੁੱਤਰ ਬਚਿਆ ਹੈ; ਉਹ ਦੋਹਾਂ ਪੈਰਾਂ ਤੋਂ ਅਪਾਹਜ* ਹੈ।”+  ਰਾਜੇ ਨੇ ਉਸ ਨੂੰ ਪੁੱਛਿਆ: “ਕਿੱਥੇ ਹੈ ਉਹ?” ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਉਹ ਲੋ-ਦੇਬਾਰ ਵਿਚ ਅਮੀਏਲ ਦੇ ਪੁੱਤਰ ਮਾਕੀਰ+ ਦੇ ਘਰ ਹੈ।”  ਰਾਜਾ ਦਾਊਦ ਨੇ ਤੁਰੰਤ ਉਸ ਨੂੰ ਲੋ-ਦੇਬਾਰ ਵਿਚ ਅਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਬੁਲਵਾਇਆ।  ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫੀਬੋਸ਼ਥ ਦਾਊਦ ਕੋਲ ਅੰਦਰ ਆਇਆ, ਤਾਂ ਉਸ ਨੇ ਉਸੇ ਵੇਲੇ ਮੂੰਹ ਭਾਰ ਜ਼ਮੀਨ ’ਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ। ਫਿਰ ਦਾਊਦ ਨੇ ਕਿਹਾ: “ਮਫੀਬੋਸ਼ਥ!” ਉਸ ਨੇ ਜਵਾਬ ਦਿੱਤਾ: “ਤੇਰਾ ਸੇਵਕ ਹਾਜ਼ਰ ਹੈ।”  ਦਾਊਦ ਨੇ ਉਸ ਨੂੰ ਕਿਹਾ: “ਤੂੰ ਡਰ ਨਾ ਕਿਉਂਕਿ ਮੈਂ ਤੇਰੇ ਪਿਤਾ ਯੋਨਾਥਾਨ ਦੀ ਖ਼ਾਤਰ ਤੇਰੇ ਨਾਲ ਵਫ਼ਾਦਾਰੀ ਨਿਭਾਵਾਂਗਾ*+ ਅਤੇ ਮੈਂ ਤੇਰੇ ਦਾਦੇ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦਿਆਂਗਾ ਤੇ ਤੂੰ ਹਮੇਸ਼ਾ ਮੇਰੇ ਮੇਜ਼ ਤੋਂ ਖਾਵੇਂਗਾ।”*+  ਇਹ ਸੁਣ ਕੇ ਉਸ ਨੇ ਜ਼ਮੀਨ ਤਕ ਸਿਰ ਨਿਵਾਇਆ ਤੇ ਕਿਹਾ: “ਤੇਰਾ ਸੇਵਕ ਹੈ ਹੀ ਕੀ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ+ ਵੱਲ ਧਿਆਨ ਦਿੱਤਾ?”*  ਰਾਜੇ ਨੇ ਸ਼ਾਊਲ ਦੇ ਸੇਵਾਦਾਰ ਸੀਬਾ ਨੂੰ ਬੁਲਵਾਇਆ ਤੇ ਉਸ ਨੂੰ ਕਿਹਾ: “ਜੋ ਕੁਝ ਵੀ ਸ਼ਾਊਲ ਅਤੇ ਉਸ ਦੇ ਸਾਰੇ ਘਰਾਣੇ ਦਾ ਸੀ, ਉਹ ਸਭ ਮੈਂ ਤੇਰੇ ਮਾਲਕ ਦੇ ਪੋਤੇ ਨੂੰ ਦੇ ਰਿਹਾ ਹਾਂ।+ 10  ਤੂੰ, ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋਗੇ ਅਤੇ ਉਸ ਵਿਚ ਉੱਗੀ ਫ਼ਸਲ ਇਕੱਠੀ ਕਰ ਕੇ ਆਪਣੇ ਮਾਲਕ ਦੇ ਪੋਤੇ ਦੇ ਪਰਿਵਾਰ ਨੂੰ ਖਾਣੇ ਲਈ ਦਿਓਗੇ। ਪਰ ਤੇਰੇ ਮਾਲਕ ਦਾ ਪੋਤਾ ਮਫੀਬੋਸ਼ਥ ਹਮੇਸ਼ਾ ਮੇਰੇ ਮੇਜ਼ ’ਤੇ ਖਾਣਾ ਖਾਵੇਗਾ।”+ ਸੀਬਾ ਦੇ 15 ਪੁੱਤਰ ਅਤੇ 20 ਨੌਕਰ ਸਨ।+ 11  ਫਿਰ ਸੀਬਾ ਨੇ ਰਾਜੇ ਨੂੰ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਤੇਰਾ ਸੇਵਕ ਉਹ ਸਭ ਕੁਝ ਕਰੇਗਾ ਜੋ ਤੂੰ ਆਪਣੇ ਸੇਵਕ ਨੂੰ ਕਰਨ ਦਾ ਹੁਕਮ ਦਿੱਤਾ ਹੈ।” ਇਸ ਲਈ ਮਫੀਬੋਸ਼ਥ ਦਾਊਦ ਦੇ* ਮੇਜ਼ ਤੋਂ ਖਾਂਦਾ ਸੀ ਜਿਵੇਂ ਰਾਜੇ ਦੇ ਪੁੱਤਰ ਖਾਂਦੇ ਸਨ। 12  ਮਫੀਬੋਸ਼ਥ ਦਾ ਇਕ ਛੋਟਾ ਮੁੰਡਾ ਵੀ ਸੀ ਜਿਸ ਦਾ ਨਾਂ ਮੀਕਾ ਸੀ;+ ਸੀਬਾ ਦੇ ਘਰ ਰਹਿਣ ਵਾਲੇ ਸਾਰੇ ਜਣੇ ਮਫੀਬੋਸ਼ਥ ਦੇ ਨੌਕਰ ਬਣ ਗਏ। 13  ਮਫੀਬੋਸ਼ਥ ਯਰੂਸ਼ਲਮ ਵਿਚ ਰਹਿਣ ਲੱਗਾ ਕਿਉਂਕਿ ਉਹ ਹਮੇਸ਼ਾ ਰਾਜੇ ਦੇ ਮੇਜ਼ ’ਤੇ ਖਾਣਾ ਖਾਂਦਾ ਸੀ;+ ਅਤੇ ਉਹ ਦੋਹਾਂ ਪੈਰਾਂ ਤੋਂ ਅਪਾਹਜ ਸੀ।+

ਫੁਟਨੋਟ

ਜਾਂ, “ਲੰਗੜਾ।”
ਇਬ, “ਰੋਟੀ ਖਾਵੇਂਗਾ।”
ਜਾਂ, “ਅਟੱਲ ਪਿਆਰ ਦਿਖਾਵਾਂਗਾ।”
ਇਬ, “ਮੂੰਹ ਕੀਤਾ।”
ਜਾਂ ਸੰਭਵ ਹੈ, “ਮੇਰੇ।”