ਖ਼ੁਸ਼ ਕਿਵੇਂ ਰਹੀਏ?
ਚਾਹੇ ਅਸੀਂ ਕੁਆਰੇ ਹਾਂ ਜਾਂ ਵਿਆਹੇ, ਜੁਆਨ ਹਾਂ ਜਾਂ ਬੁੱਢੇ, ਅਸੀਂ ਸਾਰੇ ਖ਼ੁਸ਼ ਰਹਿਣਾ ਚਾਹੁੰਦੇ ਹਾਂ। ਸਾਡਾ ਸਿਰਜਣਹਾਰ ਵੀ ਇਹੀ ਚਾਹੁੰਦਾ ਹੈ। ਇਸ ਲਈ ਉਸ ਨੇ ਸਾਨੂੰ ਬਹੁਤ ਵਧੀਆ ਸਲਾਹ ਦਿੱਤੀ ਹੈ।
ਮਿਹਨਤ ਕਰੋ
“ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।”—ਅਫ਼ਸੀਆਂ 4:28.
ਰੱਬ ਚਾਹੁੰਦਾ ਹੈ ਕਿ ਅਸੀਂ ਸਾਰੇ ਮਿਹਨਤ ਕਰੀਏ। ਉਸ ਦੀ ਇਹ ਸਲਾਹ ਮੰਨ ਕੇ ਸਾਨੂੰ ਹੀ ਫ਼ਾਇਦਾ ਹੋਵੇਗਾ। ਮਿਹਨਤ ਕਰ ਕੇ ਅਸੀਂ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਾਂਗੇ, ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰ ਸਕਾਂਗੇ ਅਤੇ ਸਾਡੀ ਨੌਕਰੀ ਵੀ ਸਾਡੇ ਹੱਥੋਂ ਨਹੀਂ ਜਾਵੇਗੀ ਕਿਉਂਕਿ ਸਾਡਾ ਮਾਲਕ ਸਾਡੇ ਤੋਂ ਖ਼ੁਸ਼ ਹੋਵੇਗਾ। ਧਰਮ-ਗ੍ਰੰਥ ਸਾਫ਼-ਸਾਫ਼ ਦੱਸਦਾ ਹੈ ਕਿ ਸਖ਼ਤ ਮਿਹਨਤ ਦਾ ਜੋ ਫਲ ਮਿਲਦਾ ਹੈ, ਉਹ “ਪਰਮੇਸ਼ੁਰ ਦੀ ਦੇਣ ਹੈ।”—ਉਪਦੇਸ਼ਕ ਦੀ ਕਿਤਾਬ 3:13.
ਈਮਾਨਦਾਰ ਬਣੋ
“ਸਾਨੂੰ ਭਰੋਸਾ ਹੈ ਕਿ ਸਾਡੀ ਜ਼ਮੀਰ ਸਾਫ਼ ਹੈ ਅਤੇ ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”—ਇਬਰਾਨੀਆਂ 13:18.
ਬੇਈਮਾਨ ਵਿਅਕਤੀ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਜਾਂਦਾ ਹੈ। ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾਉਂਦੀ ਹੈ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਨਾਲੇ ਉਸ ਨੂੰ ਹਰ ਵੇਲੇ ਇਹੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਉਸ ਦੀ ਚੋਰੀ ਫੜੀ ਨਾ ਜਾਵੇ। ਪਰ ਈਮਾਨਦਾਰ ਵਿਅਕਤੀ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ ਅਤੇ ਉਹ ਮਿੱਠੀ ਨੀਂਦ ਸੌਂਦਾ ਹੈ। ਦੂਜੇ ਉਸ ’ਤੇ ਭਰੋਸਾ ਕਰਦੇ ਹਨ ਅਤੇ ਉਸ ਦੀ ਇੱਜ਼ਤ ਕਰਦੇ ਹਨ।
ਪੈਸੇ ਪ੍ਰਤੀ ਸਹੀ ਨਜ਼ਰੀਆ
“ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।”—ਇਬਰਾਨੀਆਂ 13:5.
ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ। ਪਰ ਜੇ ਇਕ ਵਿਅਕਤੀ “ਪੈਸੇ ਨਾਲ ਪਿਆਰ” ਕਰਦਾ ਹੈ, ਤਾਂ ਇਸ ਦੇ ਬੁਰੇ ਅੰਜਾਮ ਨਿਕਲ ਸਕਦੇ ਹਨ। ਜੇ ਉਹ ਦਿਨ-ਰਾਤ ਪੈਸਾ ਕਮਾਉਣ ਵਿਚ ਲੱਗਾ ਰਹਿੰਦਾ ਹੈ, ਤਾਂ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕੇਗਾ। ਉਸ ਦਾ ਵਿਆਹੁਤਾ ਰਿਸ਼ਤਾ ਟੁੱਟ ਸਕਦਾ ਹੈ ਅਤੇ ਉਸ ਦੀ ਸਿਹਤ ਖ਼ਰਾਬ ਹੋ ਸਕਦੀ ਹੈ। (1 ਤਿਮੋਥਿਉਸ 6:9, 10) ਨਾਲੇ ਪੈਸੇ ਨਾਲ ਪਿਆਰ ਇਕ ਵਿਅਕਤੀ ਨੂੰ ਬੇਈਮਾਨ ਬਣਾ ਸਕਦਾ ਹੈ। ਇਸੇ ਕਰਕੇ ਇਕ ਬੁੱਧੀਮਾਨ ਆਦਮੀ ਨੇ ਕਿਹਾ: “ਵਫ਼ਾਦਾਰ ਆਦਮੀ ਢੇਰ ਸਾਰੀਆਂ ਬਰਕਤਾਂ ਪਾਵੇਗਾ, ਪਰ ਜਿਹੜਾ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਹੈ, ਉਹ ਨਿਰਦੋਸ਼ ਨਹੀਂ ਰਹੇਗਾ।”—ਕਹਾਉਤਾਂ 28:20.
ਸਭ ਤੋਂ ਵਧੀਆ ਸਿੱਖਿਆ ਲਓ
“ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ।”—ਕਹਾਉਤਾਂ 3:21.
ਪੜ੍ਹ-ਲਿਖ ਕੇ ਅਸੀਂ ਇਕ ਜ਼ਿੰਮੇਵਾਰ ਇਨਸਾਨ ਬਣ ਸਕਦੇ ਹਾਂ ਅਤੇ ਆਪਣੇ ਪਰਿਵਾਰ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰ ਸਕਦੇ ਹਾਂ। ਪਰ ਡਿਗਰੀ ਹਾਸਲ ਕਰਨੀ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ। ਜੇ ਅਸੀਂ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਰੱਬ ਤੋਂ ਸਿੱਖਿਆ ਲੈਣ ਦੀ ਲੋੜ ਹੈ। ਧਰਮ-ਗ੍ਰੰਥ ਕਹਿੰਦਾ ਹੈ ਕਿ ਜਿਹੜਾ ਰੱਬ ਦੀ ਗੱਲ ਸੁਣਦਾ ਹੈ, “ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।”—ਜ਼ਬੂਰ 1:1-3.