Skip to content

Skip to table of contents

Georgette Douwma/Stone via Getty Images

ਦਮ ਤੋੜ ਰਹੀ ਹੈ ਸਾਡੀ ਧਰਤੀ!

ਸਮੁੰਦਰ

ਸਮੁੰਦਰ

ਸਮੁੰਦਰ ਤੋਂ ਇੱਦਾਂ ਦੀਆਂ ਕਈ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਅਸੀਂ ਖਾਣ ਲਈ ਅਤੇ ਦਵਾਈਆਂ ਬਣਾਉਣ ਲਈ ਕਰਦੇ ਹਾਂ। ਸਮੁੰਦਰ ਧਰਤੀ ਨਾਲੋਂ 50 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਆਕਸੀਜਨ ਬਣਾਉਂਦੇ ਹਨ। ਨਾਲੇ ਇਹ ਵੱਖੋ-ਵੱਖਰੀਆਂ ਖ਼ਤਰਨਾਕ ਕਾਰਬਨ ਗੈਸਾਂ ਨੂੰ ਵੀ ਸੌਖ ਲੈਂਦੇ ਹਨ। ਇਸ ਤੋਂ ਇਲਾਵਾ, ਸਮੁੰਦਰ ਮੌਸਮ ਨੂੰ ਵੀ ਕੰਟ੍ਰੋਲ ਵਿਚ ਰੱਖਦੇ ਹਨ।

ਸਮੁੰਦਰ ਖ਼ਤਰੇ ਵਿਚ ਕਿਉਂ ਹਨ?

ਸਮੁੰਦਰ ਵਿਚ ਪਾਈਆਂ ਜਾਣ ਵਾਲੀਆਂ ਮੂੰਗਾ ਚਟਾਨਾਂ (coral reefs) ਕਰਕੇ ਘੱਟੋ-ਘੱਟ 25 ਪ੍ਰਤਿਸ਼ਤ ਸਮੁੰਦਰੀ ਜੀਵ ਜੀਉਂਦੇ ਰਹਿ ਪਾਉਂਦੇ ਹਨ। ਪਰ ਮੌਸਮ ਵਿਚ ਭਾਰੀ ਬਦਲਾਅ ਹੋਣ ਕਰਕੇ ਮੂੰਗਾ ਚਟਾਨਾਂ, ਘੋਗੇ ਅਤੇ ਹੋਰ ਜਲ-ਜੀਵ ਖ਼ਤਰੇ ਵਿਚ ਹਨ। ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਅਗਲੇ 30 ਸਾਲਾਂ ਦੇ ਅੰਦਰ-ਅੰਦਰ ਸਾਰੀਆਂ ਮੂੰਗਾ ਚਟਾਨਾਂ ਲਗਭਗ ਖ਼ਤਮ ਹੋ ਸਕਦੀਆਂ ਹਨ।

ਮਾਹਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਲਗਭਗ 90 ਪ੍ਰਤਿਸ਼ਤ ਸਮੁੰਦਰੀ ਪੰਛੀਆਂ ਨੇ ਸ਼ਾਇਦ ਪਲਾਸਟਿਕ ਖਾਧਾ ਹੈ। ਨਾਲੇ ਇਹ ਵੀ ਮੰਨਿਆ ਜਾਂਦਾ ਹੈ ਕਿ ਹਰ ਸਾਲ ਪਲਾਸਟਿਕ ਕਰਕੇ ਲੱਖਾਂ ਹੀ ਸਮੁੰਦਰੀ ਜੀਵ ਮਰ ਰਹੇ ਹਨ।

2022 ਵਿਚ ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਅਨਟੋਨੀਓ ਗੁਟੇਰੇਸ ਨੇ ਕਿਹਾ, “ਅਸੀਂ ਸਮੁੰਦਰਾਂ ਦਾ ਖ਼ਿਆਲ ਨਹੀਂ ਰੱਖਿਆ, ਇਸ ਲਈ ਅੱਜ ਇਹ ਬਹੁਤ ਵੱਡੇ ਖ਼ਤਰੇ ਵਿਚ ਹਨ।”

ਧਰਤੀ ਦੀ ਸ਼ਾਨਦਾਰ ਬਣਤਰ

ਸਮੁੰਦਰ ਅਤੇ ਇਸ ਵਿਚ ਪਾਏ ਜਾਂਦੇ ਜਲ-ਜੀਵ ਅਤੇ ਪੌਦਿਆਂ ਨੂੰ ਇੱਦਾਂ ਬਣਾਇਆ ਗਿਆ ਹੈ ਕਿ ਉਹ ਆਪਣੇ ਆਪ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਰੱਖ ਸਕਦੇ ਹਨ। ਇਕ ਕਿਤਾਬ a ਵਿਚ ਸਮਝਾਇਆ ਗਿਆ ਹੈ ਕਿ ਜੇ ਇਨਸਾਨ ਸਮੁੰਦਰਾਂ ਨੂੰ ਗੰਦਾ ਕਰਨਾ ਬੰਦ ਕਰ ਦੇਣ, ਤਾਂ “ਉਹ ਫਿਰ ਤੋਂ ਆਪਣੇ ਆਪ ਹੀ ਸਾਫ਼ ਹੋ ਸਕਦੇ ਹਨ।” ਜ਼ਰਾ ਹੇਠਾਂ ਦਿੱਤੀਆਂ ਕੁਝ ਉਦਾਹਰਣਾਂ ʼਤੇ ਗੌਰ ਕਰੋ:

  • ਸਮੁੰਦਰ ਵਿਚ ਫਾਈਟੋਪਲੈਂਕਟਨ ਨਾਂ ਦੇ ਬਹੁਤ ਹੀ ਛੋਟੇ-ਛੋਟੇ ਪੌਦੇ ਪਾਏ ਜਾਂਦੇ ਹਨ। ਇਨ੍ਹਾਂ ਨੂੰ ਸਿਰਫ਼ ਮਾਈਕ੍ਰੋਸਕੋਪ ਰਾਹੀਂ ਹੀ ਦੇਖਿਆ ਜਾ ਸਕਦਾ ਹੈ। ਇਹ ਪੌਦੇ ਕਾਰਬਨ ਡਾਈਆਕਸਾਈਡ ਸੌਖ ਲੈਂਦੇ ਹਨ ਅਤੇ ਇਸ ਨੂੰ ਜਮ੍ਹਾ ਕਰ ਕੇ ਰੱਖ ਲੈਂਦੇ ਹਨ। ਇਹੀ ਗੈਸ ਧਰਤੀ ਦੇ ਵਧਦੇ ਤਾਪਮਾਨ ਦਾ ਕਾਰਨ ਹੈ। ਧਰਤੀ ʼਤੇ ਸਾਰੇ ਪੇੜ-ਪੌਦੇ ਅਤੇ ਘਾਹ ਜਿੰਨੀ ਕਾਰਬਨ ਡਾਈਆਕਸਾਈਡ ਜਮ੍ਹਾ ਕਰਦੇ ਹਨ, ਫਾਈਟੋਪਲੈਂਕਟਨ ਉੱਨੀ ਇਕੱਲੇ ਹੀ ਜਮ੍ਹਾ ਕਰ ਲੈਂਦੇ ਹਨ।

  • ਬੈਕਟੀਰੀਆ ਮਰੀਆਂ ਹੋਈਆਂ ਮੱਛੀਆਂ ਦੀ ਚਮੜੀ ਅਤੇ ਹੱਡੀਆਂ ਨੂੰ ਖਾ ਲੈਂਦੇ ਹਨ ਜਿਸ ਕਰਕੇ ਸਮੁੰਦਰ ਸਾਫ਼ ਰਹਿੰਦਾ ਹੈ। ਇਸ ਬਾਰੇ ਇਕ ਵੈੱਬਸਾਈਟ ਕਹਿੰਦੀ ਹੈ, “ਇਸ ਪ੍ਰਕ੍ਰਿਆ ਕਰਕੇ ਸਮੁੰਦਰ ਸ਼ੀਸ਼ੇ ਵਾਂਗ ਸਾਫ਼ ਰਹਿੰਦਾ ਹੈ।”—Smithsonian Institution Ocean Portal.

  • ਬਹੁਤ ਸਾਰੀਆਂ ਮੱਛੀਆਂ ਜਿਸ ਤਰ੍ਹਾਂ ਆਪਣਾ ਖਾਣਾ ਪਚਾਉਂਦੀਆਂ ਹਨ, ਉਸ ਕਰਕੇ ਪਾਣੀ ਦਾ ਤੇਜ਼ਾਬ ਘੱਟ ਹੁੰਦਾ ਹੈ। ਜੇ ਪਾਣੀ ਵਿਚ ਤੇਜ਼ਾਬ ਜ਼ਿਆਦਾ ਹੋਵੇਗਾ, ਤਾਂ ਮੂੰਗਿਆਂ, ਘੋਗਿਆਂ ਅਤੇ ਹੋਰ ਜਲ-ਜੀਵਾਂ ਨੂੰ ਨੁਕਸਾਨ ਪਹੁੰਚੇਗਾ।

ਇਨਸਾਨਾਂ ਦੀਆਂ ਕੋਸ਼ਿਸ਼ਾਂ

ਵਾਰ-ਵਾਰ ਵਰਤੀਆਂ ਜਾ ਸਕਣ ਵਾਲੀਆਂ ਥੈਲੀਆਂ ਅਤੇ ਬੋਤਲਾਂ ਇਸਤੇਮਾਲ ਕਰੋ। ਇਸ ਨਾਲ ਅਸੀਂ ਸਮੁੰਦਰ ਵਿਚ ਪਲਾਸਟਿਕ ਦਾ ਕੂੜਾ ਜਾਣ ਤੋਂ ਰੋਕਣ ਵਿਚ ਮਦਦ ਕਰ ਰਹੇ ਹੋਵਾਂਗੇ।

ਜੇ ਲੋਕ ਸਮੁੰਦਰ ਵਿਚ ਕੂੜਾ ਸੁੱਟਣ ਹੀ ਨਾ, ਤਾਂ ਇਸ ਨੂੰ ਸਾਫ਼ ਕਰਨ ਦੀ ਲੋੜ ਹੀ ਨਹੀਂ ਪੈਣੀ। ਇਸ ਲਈ ਮਾਹਰ ਸੁਝਾਅ ਦਿੰਦੇ ਹਨ ਕਿ ਅਸੀਂ ਪਲਾਸਟਿਕ ਦੀਆਂ ਅਜਿਹੀਆਂ ਚੀਜ਼ਾਂ ਨੂੰ ਨਾ ਵਰਤੀਏ ਜਿਨ੍ਹਾਂ ਨੂੰ ਇਕ ਵਾਰ ਵਰਤ ਕੇ ਸੁੱਟਣਾ ਪੈਂਦਾ ਹੈ। ਇਸ ਦੀ ਬਜਾਇ, ਅਸੀਂ ਅਜਿਹੀਆਂ ਥੈਲੀਆਂ, ਡੱਬੇ ਅਤੇ ਹੋਰ ਚੀਜ਼ਾਂ ਵਰਤੀਏ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਵਰਤ ਸਕਦੇ ਹਾਂ।

ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਹਾਲ ਹੀ ਵਿਚ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਵਾਲੇ ਇਕ ਸੰਗਠਨ ਨੇ ਇਕ ਸਾਲ ਦੇ ਅੰਦਰ-ਅੰਦਰ 112 ਦੇਸ਼ਾਂ ਦੇ ਸਮੁੰਦਰੀ ਕਿਨਾਰਿਆਂ ਤੋਂ ਲਗਭਗ 8,300 ਟਨ ਕੂੜਾ ਇਕੱਠਾ ਕੀਤਾ ਹੈ। ਇਹ ਕੂੜਾ ਸਮੁੰਦਰ ਵਿਚ ਤੈਰਦਾ ਹੋਇਆ ਕਿਨਾਰਿਆਂ ʼਤੇ ਆ ਕੇ ਇਕੱਠਾ ਹੋ ਜਾਂਦਾ ਹੈ। ਚਾਹੇ ਕਿ ਇਹ ਕੂੜਾ ਬਹੁਤ ਜ਼ਿਆਦਾ ਹੈ, ਪਰ ਅਸਲ ਵਿਚ ਹਰ ਸਾਲ ਜਿੰਨਾ ਕੂੜਾ ਸਮੁੰਦਰਾਂ ਵਿਚ ਜਾਂਦਾ ਹੈ, ਉਸ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਘੱਟ ਹੈ।

ਨੈਸ਼ਨਲ ਜੀਓਗਰਾਫਿਕ ਰਸਾਲੇ ਵਿਚ ਲਿਖਿਆ ਹੈ, ‘ਸਮੁੰਦਰ ਵਿਚ ਤੇਜ਼ਾਬ ਦੀ ਮਾਤਰਾ ਇੰਨੀ ਜ਼ਿਆਦਾ ਵਧ ਗਈ ਹੈ ਕਿ ਹੁਣ ਸ਼ਾਇਦ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ। ਇਨਸਾਨ ਇੰਨਾ ਘਟੀਆ ਕਿਸਮ ਦਾ ਕੋਲਾ, ਤੇਲ ਜਾਂ ਬਾਲ਼ਣ ਬਾਲ਼ (fossil fuels) ਰਿਹਾ ਹੈ ਕਿ ਜਲ-ਜੀਵਾਂ ਲਈ ਸਮੁੰਦਰ ਨੂੰ ਸਾਫ਼ ਰੱਖਣਾ ਬਹੁਤ ਹੀ ਔਖਾ ਹੋ ਗਿਆ ਹੈ।’

ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .

“ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ। ਤੂੰ ਸਮੁੰਦਰ ਬਣਾਏ ਜੋ ਕਿੰਨੇ ਡੂੰਘੇ ਅਤੇ ਵਿਸ਼ਾਲ ਹਨ, ਜਿਨ੍ਹਾਂ ਵਿਚ ਅਣਗਿਣਤ ਛੋਟੇ-ਵੱਡੇ ਜੀਵ-ਜੰਤੂ ਹਨ।”​—ਜ਼ਬੂਰ 104:24, 25.

ਸਾਡੇ ਸ੍ਰਿਸ਼ਟੀਕਰਤਾ ਨੇ ਸਮੁੰਦਰ ਬਣਾਏ ਹਨ ਅਤੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਹੈ ਕਿ ਉਹ ਖ਼ੁਦ ਆਪਣੇ ਆਪ ਨੂੰ ਸਾਫ਼ ਰੱਖ ਸਕਦੇ ਹਨ। ਜ਼ਰਾ ਸੋਚੋ: ਜੇ ਉਸ ਨੇ ਸਮੁੰਦਰ ਅਤੇ ਉਸ ਵਿਚ ਪਾਏ ਜਾਣ ਵਾਲੇ ਸਾਰੇ ਜਲ-ਜੀਵ ਅਤੇ ਪੌਦੇ ਬਣਾਏ ਹਨ, ਤਾਂ ਕੀ ਉਹ ਸਮੁੰਦਰ ਵਿਚ ਹੋਏ ਨੁਕਸਾਨ ਨੂੰ ਠੀਕ ਨਹੀਂ ਕਰ ਸਕਦਾ? ਇਸ ਬਾਰੇ ਜਾਣਨ ਲਈ ਸਫ਼ਾ 15 ʼਤੇ “ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ” ਨਾਂ ਦਾ ਲੇਖ ਪੜ੍ਹੋ।

a Regeneration: Ending the Climate Crisis in One Generation ਨਾਂ ਦੀ ਕਿਤਾਬ।