Skip to content

Skip to table of contents

ਦਮ ਤੋੜ ਰਹੀ ਹੈ ਸਾਡੀ ਧਰਤੀ!

ਹਵਾ

ਹਵਾ

ਸਾਨੂੰ ਹਵਾ ਦੀ ਲੋੜ ਹੈ। ਪਰ ਸਿਰਫ਼ ਸਾਹ ਲੈਣ ਲਈ ਹੀ ਨਹੀਂ, ਸਗੋਂ ਇਹ ਸਾਡੀ ਧਰਤੀ ਨੂੰ ਸੂਰਜ ਦੀਆਂ ਖ਼ਤਰਨਾਕ ਕਿਰਨਾਂ ਤੋਂ ਵੀ ਬਚਾਉਂਦੀ ਹੈ। ਇੰਨਾ ਹੀ ਨਹੀਂ, ਇਹ ਸਾਡੀ ਧਰਤੀ ਦੇ ਤਾਪਮਾਨ ਨੂੰ ਜ਼ੀਰੋ ਡਿਗਰੀ ਸੈਲਸੀਅਸ ਤੋਂ ਥੱਲੇ ਨਹੀਂ ਜਾਣ ਦਿੰਦੀ।

ਹਵਾ ਕਿਉਂ ਦੂਸ਼ਿਤ ਹੁੰਦੀ ਜਾ ਰਹੀ ਹੈ?

ਹਵਾ ਦੇ ਪ੍ਰਦੂਸ਼ਣ ਕਰਕੇ ਪੇੜ-ਪੌਦਿਆਂ, ਜੀਵ-ਜੰਤੂਆਂ ਅਤੇ ਇਨਸਾਨਾਂ ਦਾ ਖ਼ਾਤਮਾ ਹੋ ਸਕਦਾ ਹੈ। ਦੁਨੀਆਂ ਦੀ ਸਿਰਫ਼ ਇਕ ਪ੍ਰਤਿਸ਼ਤ ਆਬਾਦੀ ਹੀ ਅਜਿਹੀ ਹਵਾ ਵਿਚ ਸਾਹ ਲੈ ਰਹੀ ਹੈ ਜੋ ਵਿਸ਼ਵ ਸਿਹਤ ਸੰਗਠਨ ਮੁਤਾਬਕ ਸੁਰੱਖਿਅਤ ਹੈ।

ਹਵਾ ਦੇ ਪ੍ਰਦੂਸ਼ਣ ਕਰਕੇ ਸਾਹ ਦੀਆਂ ਬੀਮਾਰੀਆਂ, ਫੇਫੜਿਆਂ ਦਾ ਕੈਂਸਰ ਅਤੇ ਦਿਲ ਦੀ ਬੀਮਾਰੀ ਹੋ ਸਕਦੀ ਹੈ। ਹਰ ਸਾਲ ਹਵਾ ਦੇ ਪ੍ਰਦੂਸ਼ਣ ਕਰਕੇ ਲਗਭਗ 70 ਲੱਖ ਲੋਕਾਂ ਦੀਆਂ ਮੌਤਾਂ ਸਮੇਂ ਤੋਂ ਪਹਿਲਾਂ ਹੀ ਹੋ ਜਾਂਦੀਆਂ ਹਨ।

ਧਰਤੀ ਦੀ ਸ਼ਾਨਦਾਰ ਬਣਤਰ

ਸਾਡੀ ਧਰਤੀ ਨੂੰ ਇੱਦਾਂ ਬਣਾਇਆ ਗਿਆ ਹੈ ਕਿ ਇਹ ਸਾਰਿਆਂ ਲਈ ਲਗਾਤਾਰ ਸਾਫ਼ ਹਵਾ ਬਣਾ ਸਕਦੀ ਹੈ। ਪਰ ਇੱਦਾਂ ਤਾਂ ਹੀ ਹੋ ਸਕਦਾ ਹੈ ਜੇ ਇਨਸਾਨ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰਨ। ਆਓ ਆਪਾਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ।

  • ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੰਗਲ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਸੌਖ ਲੈਂਦੇ ਹਨ। ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਮੁੰਦਰੀ ਕਿਨਾਰਿਆਂ ਨੇੜੇ ਜਿਨ੍ਹਾਂ ਦਲਦਲੀ ਇਲਾਕਿਆਂ ਵਿਚ ਮੈਂਗ੍ਰੋਵ ਦੇ ਦਰਖ਼ਤ ਉੱਗਦੇ ਹਨ, ਉਹ ਇਨ੍ਹਾਂ ਜੰਗਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਕੰਮ ਕਰਦੇ ਹਨ। ਗਰਮ ਇਲਾਕਿਆਂ ਦੇ ਜੰਗਲ ਜਿੰਨੀ ਕਾਰਬਨ ਡਾਈਆਕਸਾਈਡ ਸੌਖ ਲੈਂਦੇ ਹਨ, ਉਨ੍ਹਾਂ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਕਾਰਬਨ ਡਾਈਆਕਸਾਈਡ ਮੈਂਗ੍ਰੋਵ ਦੇ ਦਰਖ਼ਤ ਸੌਖ ਲੈਂਦੇ ਹਨ।

  • ਹਾਲ ਹੀ ਦੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਕੁਝ ਕਿਸਮਾਂ ਦੇ ਵੱਡੇ-ਵੱਡੇ ਸਮੁੰਦਰੀ ਪੌਦੇ (algae), ਜਿਵੇਂ ਕਿ ਕੈਲਪ (Kelp) ਨਾ ਸਿਰਫ਼ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਸੌਖ ਲੈਂਦੇ ਹਨ, ਸਗੋਂ ਉਸ ਨੂੰ ਜ਼ਮੀਨ ਵਿਚ ਦਫ਼ਨਾ ਵੀ ਦਿੰਦੇ ਹਨ। ਕੈਲਪ ਦੀਆਂ ਪੱਤੀਆਂ ਵਿਚ ਛੋਟੀਆਂ-ਛੋਟੀਆਂ ਥੈਲੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਹਵਾ ਭਰੀ ਹੁੰਦੀ ਹੈ। ਇਸ ਕਰਕੇ ਇਹ ਕਾਫ਼ੀ ਦੂਰ ਤਕ ਤੈਰ ਪਾਉਂਦੇ ਹਨ। ਜਦੋਂ ਕੈਲਪ ਸਮੁੰਦਰੀ ਕਿਨਾਰੇ ਤੋਂ ਕਾਫ਼ੀ ਦੂਰ ਚਲੇ ਜਾਂਦੇ ਹਨ, ਉਦੋਂ ਇਹ ਥੈਲੀਆਂ ਫਟ ਜਾਂਦੀਆਂ ਹਨ। ਫਿਰ ਕਾਰਬਨ ਡਾਈਆਕਸਾਈਡ ਨਾਲ ਭਰੇ ਕੈਲਪ ਸਮੁੰਦਰ ਦੀਆਂ ਗਹਿਰਾਈਆਂ ਵਿਚ ਡੁੱਬ ਜਾਂਦੇ ਹਨ ਅਤੇ ਉੱਥੇ ਹੀ ਜ਼ਮੀਨ ਵਿਚ ਦਫ਼ਨ ਹੋ ਜਾਂਦੇ ਹਨ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਕੈਲਪ ਸਦੀਆਂ ਤਕ ਉੱਥੇ ਹੀ ਸੁਰੱਖਿਅਤ ਦਫ਼ਨ ਰਹਿੰਦੇ ਹਨ।

  • ਸਾਡੇ ਵਾਯੂਮੰਡਲ ਦੀ ਖ਼ਾਸੀਅਤ ਹੈ ਕਿ ਜੇ ਉਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਜਾਵੇ, ਤਾਂ ਵੀ ਉਹ ਫਿਰ ਤੋਂ ਸਾਫ਼ ਹੋ ਸਕਦਾ ਹੈ। 2020 ਵਿਚ ਇੱਦਾਂ ਹੀ ਹੋਇਆ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਲਾਕਡਾਊਨ ਲੱਗਾ, ਉਦੋਂ ਦੁਨੀਆਂ ਦੇ ਲਗਭਗ ਸਾਰੇ ਕਾਰਖ਼ਾਨੇ ਬੰਦ ਹੋ ਗਏ ਅਤੇ ਲੋਕਾਂ ਨੇ ਗੱਡੀਆਂ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ। ਇਸ ਕਰਕੇ ਥੋੜ੍ਹੇ ਹੀ ਸਮੇਂ ਦੇ ਅੰਦਰ-ਅੰਦਰ ਹਵਾ ਵਿੱਚੋਂ ਪ੍ਰਦੂਸ਼ਣ ਬਹੁਤ ਘੱਟ ਗਿਆ। “2020 ਦੀ ਵਰਲਡ ਏਅਰ ਕੁਆਲਿਟੀ ਰਿਪੋਰਟ” ਮੁਤਾਬਕ ਜਿਨ੍ਹਾਂ ਦੇਸ਼ਾਂ ਦਾ ਉਨ੍ਹਾਂ ਨੇ ਅਧਿਐਨ ਕੀਤਾ ਸੀ, ਉਨ੍ਹਾਂ ਵਿੱਚੋਂ 80 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਲਾਕਡਾਊਨ ਲੱਗਣ ਤੋਂ ਤੁਰੰਤ ਬਾਅਦ ਹਵਾ ਸਾਫ਼ ਹੋ ਗਈ।

ਇਨਸਾਨਾਂ ਦੀਆਂ ਕੋਸ਼ਿਸ਼ਾਂ

ਸਾਈਕਲ ʼਤੇ ਆਉਣ-ਜਾਣ ਨਾਲ ਹਵਾ ਦਾ ਪ੍ਰਦੂਸ਼ਣ ਘੱਟ ਸਕਦਾ ਹੈ।

ਸਰਕਾਰਾਂ ਕਾਰਖ਼ਾਨਿਆਂ ਨੂੰ ਲਗਾਤਾਰ ਹਿਦਾਇਤਾਂ ਦੇ ਰਹੀਆਂ ਹਨ ਕਿ ਉਹ ਹਵਾ ਨੂੰ ਘੱਟ ਪ੍ਰਦੂਸ਼ਿਤ ਕਰਨ। ਨਾਲੇ ਵਿਗਿਆਨੀ ਪ੍ਰਦੂਸ਼ਣ ਦੇ ਅਸਰ ਨੂੰ ਘਟਾਉਣ ਲਈ ਬਾਕਾਇਦਾ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਉਦਾਹਰਣ ਲਈ, ਉਨ੍ਹਾਂ ਨੇ ਇਕ ਤਰੀਕਾ ਲੱਭਿਆ ਜਿਸ ਵਿਚ ਬੈਕਟੀਰੀਆ ਦਾ ਇਸਤੇਮਾਲ ਹੁੰਦਾ ਹੈ। ਇਹ ਬੈਕਟੀਰੀਆ ਜ਼ਹਿਰੀਲੀਆਂ ਗੈਸਾਂ ਅਤੇ ਕਣਾਂ ਨੂੰ ਸ਼ੁੱਧ ਕਰਦਾ ਹੈ। ਇਸ ਤੋਂ ਇਲਾਵਾ, ਮਾਹਰ ਵੀ ਲੋਕਾਂ ਨੂੰ ਕਈ ਸਲਾਹਾਂ ਦੇ ਰਹੇ ਹਨ, ਜਿਵੇਂ ਕਿ ਜੇ ਹੋ ਸਕੇ, ਤਾਂ ਕਿਤੇ ਜਾਣ ਲਈ ਗੱਡੀ ਜਾਂ ਕਾਰ ਦਾ ਇਸਤੇਮਾਲ ਕਰਨ ਦੀ ਬਜਾਇ ਤੁਰ ਕੇ ਜਾਂ ਸਾਈਕਲ ʼਤੇ ਜਾਓ। ਨਾਲੇ ਘਰ ਵਿਚ ਬਿਜਲੀ ਤੇ ਗੈਸ ਵਗੈਰਾ ਬੇਵਜ੍ਹਾ ਨਾ ਵਰਤੋ।

ਕੁਝ ਸਰਕਾਰਾਂ ਹਵਾ ਦਾ ਪ੍ਰਦੂਸ਼ਣ ਘਟਾਉਣ ਲਈ ਨਾਗਰਿਕਾਂ ਨੂੰ ਨਵੇਂ ਜ਼ਮਾਨੇ ਦੇ ਸਟੋਵ ਦੇ ਰਹੀਆਂ ਹਨ, ਪਰ ਕਈ ਲੋਕਾਂ ਨੂੰ ਹਾਲੇ ਵੀ ਅਜਿਹਾ ਸਟੋਵ ਨਹੀਂ ਮਿਲਿਆ ਹੈ।

ਪਰ ਸਿਰਫ਼ ਇੰਨਾ ਹੀ ਕਰਨਾ ਕਾਫ਼ੀ ਨਹੀਂ ਹੈ। ਇਹ ਗੱਲ 2022 ਦੀ ਇਕ ਰਿਪੋਰਟ ਤੋਂ ਪਤਾ ਲੱਗਦੀ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਬੈਂਕ ਵਰਗੀਆਂ ਕਈ ਅੰਤਰਰਾਸ਼ਟਰੀ ਏਜੰਸੀਆਂ ਨੇ ਮਿਲ ਕੇ ਬਣਾਇਆ ਹੈ।

ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2020 ਵਿਚ ਦੁਨੀਆਂ ਦਾ ਹਰ ਤੀਜਾ ਵਿਅਕਤੀ ਖਾਣਾ ਬਣਾਉਣ ਲਈ ਅਜਿਹਾ ਬਾਲਣ ਜਾਂ ਚੁੱਲ੍ਹਾ ਵਰਤਦਾ ਹੈ ਜਿਸ ਕਰਕੇ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਕਈ ਇਲਾਕਿਆਂ ਵਿਚ ਇੱਦਾਂ ਦੇ ਬਹੁਤ ਘੱਟ ਲੋਕ ਹਨ ਜੋ ਨਵੇਂ ਜ਼ਮਾਨੇ ਦੇ ਸਟੋਵ ਖ਼ਰੀਦ ਸਕਦੇ ਹਨ ਜਾਂ ਜਿਨ੍ਹਾਂ ਨੂੰ ਅਜਿਹਾ ਬਾਲਣ ਮਿਲਦਾ ਹੈ ਜਿਸ ਨਾਲ ਘੱਟ ਪ੍ਰਦੂਸ਼ਣ ਫੈਲਦਾ ਹੈ।

ਕੀ ਕੋਈ ਉਮੀਦ ਹੈ?​—ਬਾਈਬਲ ਦੱਸਦੀ ਹੈ . . .

‘ਸੱਚਾ ਪਰਮੇਸ਼ੁਰ ਯਹੋਵਾਹ, ਇਹ ਕਹਿੰਦਾ ਹੈ ਕਿ ਮੈਂ ਆਕਾਸ਼ ਦਾ ਸਿਰਜਣਹਾਰ ਹਾਂ, ਜਿਸ ਨੇ ਧਰਤੀ ਨੂੰ ਅਤੇ ਇਸ ਦੀ ਉਪਜ ਨੂੰ ਫੈਲਾਇਆ, ਜੋ ਇਸ ਉੱਪਰ ਵੱਸਦੇ ਲੋਕਾਂ ਨੂੰ ਸਾਹ ਦਿੰਦਾ ਹੈ।’​—ਯਸਾਯਾਹ 42:5.

ਰੱਬ ਨੇ ਹਵਾ ਬਣਾਈ ਹੈ ਜਿਸ ਵਿਚ ਅਸੀਂ ਸਾਰੇ ਸਾਹ ਲੈਂਦੇ ਹਾਂ। ਨਾਲੇ ਉਸ ਨੇ ਅਜਿਹੇ ਕੁਦਰਤੀ ਚੱਕਰ ਵੀ ਬਣਾਏ ਹਨ ਜਿਨ੍ਹਾਂ ਕਰਕੇ ਹਵਾ ਸਾਫ਼ ਹੁੰਦੀ ਹੈ। ਇੰਨਾ ਹੀ ਨਹੀਂ ਉਹ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਕੋਲ ਬੇਅੰਤ ਤਾਕਤ ਹੈ। ਤਾਂ ਫਿਰ ਕੀ ਉਹ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਨਹੀਂ ਕਰ ਸਕਦਾ? ਇਸ ਬਾਰੇ ਜਾਣਨ ਲਈ “ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ” ਨਾਂ ਦਾ ਲੇਖ ਪੜ੍ਹੋ।