ਇਹ ਕਿਸ ਦਾ ਕਮਾਲ ਹੈ?
ਮਧੂ-ਮੱਖੀ ਦੇ ਥੱਲੇ ਉਤਰਨ ਦਾ ਤਰੀਕਾ
ਮਧੂ-ਮੱਖੀਆਂ ਬਿਨਾਂ ਕਿਸੇ ਪਰੇਸ਼ਾਨੀ ਦੇ ਕਿਸੇ ਵੀ ਦਿਸ਼ਾ ਤੋਂ ਆਰਾਮ ਨਾਲ ਥੱਲੇ ਉਤਰ ਸਕਦੀਆਂ ਹਨ। ਉਹ ਇੱਦਾਂ ਕਿਵੇਂ ਕਰਦੀਆਂ ਹਨ?
ਜ਼ਰਾ ਸੋਚੋ: ਸੁਰੱਖਿਅਤ ਢੰਗ ਨਾਲ ਥੱਲੇ ਉਤਰਨ ਲਈ ਜ਼ਰੂਰੀ ਹੈ ਕਿ ਮਧੂ-ਮੱਖੀ ਬੈਠਣ ਤੋਂ ਪਹਿਲਾਂ ਆਪਣੀ ਰਫ਼ਤਾਰ ਤਕਰੀਬਨ ਜ਼ੀਰੋ ਕਰ ਲਵੇ। ਇਸ ਤਰ੍ਹਾਂ ਕਰਨ ਲਈ ਦੋ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਉੱਡਣ ਦੀ ਰਫ਼ਤਾਰ ਅਤੇ ਬੈਠਣ ਵਾਲੀ ਜਗ੍ਹਾ ਦੀ ਦੂਰੀ। ਫਿਰ ਇਸ ਮੁਤਾਬਕ ਮਧੂ-ਮੱਖੀਆਂ ਨੂੰ ਆਪਣੀ ਰਫ਼ਤਾਰ ਘਟਾਉਣ ਦੀ ਲੋੜ ਹੈ। ਪਰ ਇਹ ਤਰੀਕਾ ਜ਼ਿਆਦਾਤਰ ਕੀੜਿਆਂ ਲਈ ਮੁਸ਼ਕਲ ਹੁੰਦਾ ਹੈ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਇਸ ਤਰ੍ਹਾਂ ਦੀਆਂ ਨਹੀਂ ਹਨ ਕਿ ਉਹ ਦੇਖ ਕੇ ਦੂਰੀ ਦਾ ਅੰਦਾਜ਼ਾ ਲਾ ਸਕਣ।
ਮਧੂ-ਮੱਖੀ ਦੇ ਦੇਖਣ ਦਾ ਤਰੀਕਾ ਇਨਸਾਨਾਂ ਦੇ ਦੇਖਣ ਦੇ ਤਰੀਕੇ ਤੋਂ ਅਲੱਗ ਹੈ। ਇੱਦਾਂ ਲੱਗਦਾ ਕਿ ਮਧੂ-ਮੱਖੀਆਂ ਜਿੱਦਾਂ-ਜਿੱਦਾਂ ਕਿਸੇ ਚੀਜ਼ ਦੇ ਲਾਗੇ ਜਾਂਦੀਆਂ ਹਨ, ਉੱਦਾਂ-ਉੱਦਾਂ ਉਨ੍ਹਾਂ ਨੂੰ ਚੀਜ਼ ਵੱਡੀ ਦਿੱਸਣ ਲੱਗ ਪੈਂਦੀ ਹੈ। ਉਹ ਜਿੰਨੀ ਤੇਜ਼ੀ ਨਾਲ ਕਿਸੇ ਚੀਜ਼ ਦੇ ਨੇੜੇ ਜਾਂਦੀਆਂ ਹਨ, ਉੱਨੀ ਤੇਜ਼ੀ ਨਾਲ ਉਹ ਚੀਜ਼ ਵੱਡੀ ਹੁੰਦੀ ਜਾਂਦੀ ਹੈ। ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਵਿਚ ਕੀਤੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਮਧੂ-ਮੱਖੀ ਆਪਣੀ ਉੱਡਣ ਦੀ ਰਫ਼ਤਾਰ ਇਸ ਲਈ ਘਟਾਉਂਦੀ ਹੈ ਤਾਂਕਿ ਕੋਈ ਚੀਜ਼ ਇਕਦਮ ਵੱਡੀ ਨਾ ਦਿੱਸਣ ਲੱਗ ਪਵੇ। ਜਦੋਂ ਮਧੂ-ਮੱਖੀ ਕਿਸੇ ਚੀਜ਼ ’ਤੇ ਬੈਠਣ ਵਾਲੀ ਹੁੰਦੀ ਹੈ, ਤਾਂ ਉਹ ਆਪਣੀ ਰਫ਼ਤਾਰ ਲਗਭਗ ਜ਼ੀਰੋ ਕਰ ਲੈਂਦੀ ਹੈ ਤਾਂਕਿ ਉਹ ਬਿਨਾਂ ਕਿਸੇ ਮੁਸ਼ਕਲ ਦੇ ਥੱਲੇ ਉਤਰ ਸਕੇ।
ਇਕ ਅਖ਼ਬਾਰ ਅਨੁਸਾਰ ‘ਜਿਸ ਸਾਧਾਰਣ ਅਤੇ ਆਰਾਮਦਾਇਕ ਤਰੀਕੇ ਨਾਲ ਮਧੂ-ਮੱਖੀ ਥੱਲੇ ਉਤਰਦੀ ਹੈ, ਉਸ ਦੀ ਨਕਲ ਕਰ ਕੇ ਉੱਡਣ ਵਾਲੇ ਰੋਬੋਟ ਬਣਾਏ ਜਾਣੇ ਚਾਹੀਦੇ ਹਨ।’
ਤੁਹਾਡਾ ਕੀ ਖ਼ਿਆਲ ਹੈ? ਕੀ ਮਧੂ-ਮੱਖੀ ਦੇ ਥੱਲੇ ਉਤਰਨ ਦਾ ਤਰੀਕਾ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?