Skip to content

Skip to table of contents

ਖ਼ੁਸ਼ੀ ਦਾ ਰਾਹ

Love

Love

ਇਨਸਾਨ ਪਿਆਰ ਦੇ ਭੁੱਖੇ ਹੁੰਦੇ ਹਨ। ਇਸ ਤੋਂ ਬਿਨਾਂ ਕੋਈ ਵਿਆਹੁਤਾ ਰਿਸ਼ਤਾ, ਪਰਿਵਾਰ ਜਾਂ ਦੋਸਤੀ ਵਧ-ਫੁੱਲ ਨਹੀਂ ਸਕਦੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੋਚ ਵਧੀਆ ਰਹੇ ਅਤੇ ਅਸੀਂ ਖ਼ੁਸ਼ ਰਹੀਏ, ਤਾਂ ਪਿਆਰ ਦਾ ਗੁਣ ਹੋਣਾ ਜ਼ਰੂਰੀ ਹੈ। ਪਰ “ਪਿਆਰ” ਹੈ ਕੀ?

ਭਾਵੇਂ ਰੋਮਾਂਟਿਕ ਪਿਆਰ ਆਪਣੇ ਆਪ ਵਿਚ ਗ਼ਲਤ ਨਹੀਂ ਹੁੰਦਾ, ਪਰ ਅਸੀਂ ਇਸ ਪਿਆਰ ਦੀ ਗੱਲ ਨਹੀਂ ਕਰ ਰਹੇ। ਇੱਥੇ ਉਸ ਪਿਆਰ ਦੀ ਗੱਲ ਕੀਤੀ ਗਈ ਹੈ ਜਿਸ ਕਰਕੇ ਇਕ ਵਿਅਕਤੀ ਆਪਣੇ ਤੋਂ ਪਹਿਲਾਂ ਦੂਜਿਆਂ ਦਾ ਭਲਾ ਕਰਨ ਬਾਰੇ ਸੋਚਦਾ ਹੈ। ਇਹ ਪਿਆਰ ਰੱਬ ਦੇ ਅਸੂਲਾਂ ’ਤੇ ਆਧਾਰਿਤ ਹੁੰਦਾ ਹੈ, ਪਰ ਇਸ ਵਿਚ ਸਨੇਹ ਅਤੇ ਹੋਰ ਭਾਵਨਾਵਾਂ ਵੀ ਸ਼ਾਮਲ ਹੁੰਦੀਆਂ ਹਨ।

ਪਿਆਰ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ, ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, . . . ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ। ਪਿਆਰ ਕਦੇ ਖ਼ਤਮ ਨਹੀਂ ਹੁੰਦਾ।”​—1 ਕੁਰਿੰਥੀਆਂ 13:4-8.

ਇਸ ਤਰ੍ਹਾਂ ਦਾ ਪਿਆਰ “ਕਦੇ ਖ਼ਤਮ ਨਹੀਂ ਹੁੰਦਾ,” ਸਗੋਂ ਹਮੇਸ਼ਾ ਬਣਿਆ ਰਹਿੰਦਾ ਹੈ। ਅਸਲ ਵਿਚ, ਸਮੇਂ ਦੇ ਬੀਤਣ ਨਾਲ ਇਹ ਪਿਆਰ ਹੋਰ ਗੂੜ੍ਹਾ ਹੋ ਸਕਦਾ ਹੈ। ਪਿਆਰ ਧੀਰਜਵਾਨ, ਦਿਆਲੂ ਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ ਜਿਸ ਕਰਕੇ ਇਹ ਲੋਕਾਂ ਨੂੰ “ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁੱਸੀਆਂ 3:14) ਸਾਰੇ ਇਨਸਾਨਾਂ ਵਿਚ ਕਮੀਆਂ-ਕਮਜ਼ੋਰੀਆਂ ਹਨ, ਪਰ ਜਿਨ੍ਹਾਂ ਰਿਸ਼ਤਿਆਂ ਵਿਚ ਅਜਿਹਾ ਪਿਆਰ ਹੁੰਦਾ ਹੈ, ਉਨ੍ਹਾਂ ਵਿਚ ਖ਼ੁਸ਼ੀ ਹੁੰਦੀ ਹੈ ਅਤੇ ਰਿਸ਼ਤੇ ਟੁੱਟਦੇ ਨਹੀਂ। ਜ਼ਰਾ ਵਿਆਹ ਦੇ ਬੰਧਨ ’ਤੇ ਗੌਰ ਕਰੋ।

“ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ” ਬੰਨ੍ਹਿਆ ਹੋਇਆ

ਯਿਸੂ ਮਸੀਹ ਨੇ ਵਿਆਹ ਸੰਬੰਧੀ ਅਹਿਮ ਅਸੂਲ ਸਿਖਾਏ। ਮਿਸਾਲ ਲਈ, ਉਸ ਨੇ ਕਿਹਾ: “‘ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ’ . . . ਇਸ ਕਰਕੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:5, 6) ਇਨ੍ਹਾਂ ਆਇਤਾਂ ਵਿਚ ਘੱਟੋ-ਘੱਟ ਦੋ ਅਹਿਮ ਅਸੂਲਾਂ ਬਾਰੇ ਪਤਾ ਲੱਗਦਾ ਹੈ।

“ਉਹ ਦੋਵੇਂ ਇਕ ਸਰੀਰ ਹੋਣਗੇ।” ਵਿਆਹ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਨਜ਼ਦੀਕੀ ਰਿਸ਼ਤਾ ਹੁੰਦਾ ਹੈ। ਜੇ ਵਿਆਹੁਤਾ ਰਿਸ਼ਤੇ ਵਿਚ ਪਿਆਰ ਹੋਵੇਗਾ, ਤਾਂ ਪਤੀ-ਪਤਨੀ ਇਕ-ਦੂਜੇ ਨਾਲ ਬੇਵਫ਼ਾਈ ਨਹੀਂ ਕਰਨਗੇ ਯਾਨੀ ਉਹ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ “ਇਕ ਸਰੀਰ” ਨਹੀਂ ਹੋਣਗੇ। (1 ਕੁਰਿੰਥੀਆਂ 6:16; ਇਬਰਾਨੀਆਂ 13:4) ਬੇਵਫ਼ਾਈ ਭਰੋਸੇ ਦੀਆਂ ਧੱਜੀਆਂ ਉਡਾਉਂਦੀ ਹੈ ਅਤੇ ਵਿਆਹ ਦੇ ਬੰਧਨ ਨੂੰ ਤੋੜ ਸਕਦੀ ਹੈ। ਜੇ ਪਰਿਵਾਰ ਵਿਚ ਬੱਚੇ ਹਨ, ਤਾਂ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਹੋਰ ਵੀ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਦੇ ਮਨ ਵਿਚ ਆ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ, ਉਹ ਅਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਮਨ ਵਿਚ ਕੁੜੱਤਣ ਭਰ ਸਕਦੀ ਹੈ।

“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ।” ਵਿਆਹ ਇਕ ਪਵਿੱਤਰ ਬੰਧਨ ਵੀ ਹੈ। ਜਿਹੜੇ ਜੋੜੇ ਇਹ ਗੱਲ ਮੰਨਦੇ ਹਨ, ਉਹ ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੁਸ਼ਕਲਾਂ ਪੈਦਾ ਹੋਣ ’ਤੇ ਵੀ ਉਹ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਦਾ ਪਿਆਰ ਗੂੜ੍ਹਾ ਹੁੰਦਾ ਹੈ ਤੇ ਕਦੇ ਖ਼ਤਮ ਨਹੀਂ ਹੁੰਦਾ। ਇਸ ਤਰ੍ਹਾਂ ਦਾ ਪਿਆਰ “ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ” ਤੇ ਇਹ ਵਿਆਹ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ ਅਤੇ ਵਿਆਹੁਤਾ ਰਿਸ਼ਤੇ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ।

ਜਦੋਂ ਮਾਪੇ ਆਪਣੇ ਬੱਚਿਆਂ ਨਾਲ ਬਿਨਾਂ ਸੁਆਰਥ ਦੇ ਪਿਆਰ ਕਰਦੇ ਹਨ, ਤਾਂ ਇਹ ਪਰਿਵਾਰ ਵਿਚ ਹਰ ਬੱਚੇ ਨੂੰ ਇਸ ਤੋਂ ਬਹੁਤ ਫ਼ਾਇਦਾ ਹੁੰਦਾ ਹੈ। ਜੈਸਿਕਾ ਨਾਂ ਦੀ ਨੌਜਵਾਨ ਦੱਸਦੀ ਹੈ: “ਮੇਰੇ ਮੰਮੀ-ਡੈਡੀ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ ਅਤੇ ਇਕ-ਦੂਜੇ ਦਾ ਆਦਰ ਕਰਦੇ ਹਨ। ਮੇਰੇ ਮੰਮੀ ਜੀ ਡੈਡੀ ਜੀ ਨਾਲ ਆਦਰ ਨਾਲ ਪੇਸ਼ ਆਉਂਦੇ ਹਨ। ਇਹ ਦੇਖ ਕੇ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਆਪਣੇ ਮੰਮੀ ਜੀ ਵਰਗੀ ਬਣਾਂ।”

ਪਿਆਰ ਰੱਬ ਦਾ ਮੁੱਖ ਗੁਣ ਹੈ। ਇੱਥੋਂ ਤਕ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਇਸ ਲਈ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਹੋਵਾਹ ਨੂੰ “ਖ਼ੁਸ਼ਦਿਲ ਪਰਮੇਸ਼ੁਰ” ਵੀ ਕਿਹਾ ਗਿਆ ਹੈ। (1 ਤਿਮੋਥਿਉਸ 1:11) ਜਦੋਂ ਅਸੀਂ ਆਪਣੇ ਸਿਰਜਣਹਾਰ ਦੇ ਗੁਣਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਾਂਗੇ, ਖ਼ਾਸ ਕਰਕੇ ਉਸ ਦੇ ਪਿਆਰ ਦੀ, ਤਾਂ ਅਸੀਂ ਵੀ ਖ਼ੁਸ਼ ਹੋਵਾਂਗੇ। ਅਫ਼ਸੀਆਂ 5:1, 2 ਕਹਿੰਦਾ ਹੈ: “ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ ਅਤੇ ਪਿਆਰ ਕਰਦੇ ਰਹੋ।”