Skip to content

Skip to table of contents

ਉਹ ਸਰਕਾਰ ਜੋ ਸਮੱਸਿਆ ਦਾ ਹੱਲ ਕੱਢੇਗੀ

“ਹਮੇਸ਼ਾ ਸ਼ਾਂਤੀ ਰਹੇਗੀ”

“ਹਮੇਸ਼ਾ ਸ਼ਾਂਤੀ ਰਹੇਗੀ”

ਸੰਯੁਕਤ ਰਾਸ਼ਟਰ ਸੰਘ ਪੂਰੀ ਦੁਨੀਆਂ ਦੇ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਿ ਸਾਰੇ ਜਣੇ ਮਿਲ ਕੇ ਰਹਿਣ, ਦੂਸਰਿਆਂ ਦੇ ਮਾਨਵੀ ਅਧਿਕਾਰਾਂ ਦਾ ਆਦਰ ਕਰਨ ਅਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਉਣ। ਉਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਮਾਹੇਰ ਨਸੇਰ ਨੇ ਇਕ ਰਸਾਲੇ ਵਿਚ ਕਿਹਾ: “ਮੌਸਮ ਵਿਚ ਤਬਦੀਲੀ, ਅਪਰਾਧੀ ਸਮੂਹਾਂ ਵਿਚ ਵਾਧਾ, ਹਰ ਦਿਨ ਵਧ ਰਿਹਾ ਪੱਖਪਾਤ, ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ, ਵੱਡੀ ਤਾਦਾਦ ਵਿਚ ਲੋਕਾਂ ਦਾ ਮਜਬੂਰਨ ਘਰ ਛੱਡਣਾ, ਪੂਰੀ ਦੁਨੀਆਂ ਵਿਚ ਫੈਲਿਆ ਅੱਤਵਾਦ, ਛੂਤ ਦੀਆਂ ਬੀਮਾਰੀਆਂ ਅਤੇ ਹੋਰ ਇਹੋ ਜਿਹੇ ਖ਼ਤਰੇ . . . ਹਰ ਦੇਸ਼ ਦੀ ਕਹਾਣੀ ਹੈ।”​—UN Chronicle.

ਬਹੁਤ ਸਾਰੇ ਤਾਂ ਇਹ ਵੀ ਕਹਿ ਰਹੇ ਹਨ ਕਿ ਪੂਰੀ ਦੁਨੀਆਂ ʼਤੇ ਇਕ ਹੀ ਸਰਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਲੋਕਾਂ ਵਿਚ ਇਟਲੀ ਦਾ ਵਿਦਵਾਨ, ਕਵੀ ਤੇ ਸਿਆਸਤਦਾਨ ਦਾਂਤੇ (1265-1321) ਅਤੇ ਵਿਗਿਆਨੀ ਐਲਬਰਟ ਆਇਨਸਟਾਈਨ (1879-1955) ਵੀ ਸ਼ਾਮਲ ਸਨ। ਦਾਂਤੇ ਮੰਨਦਾ ਸੀ ਕਿ ਦੁਨੀਆਂ ਵਿਚ ਸ਼ਾਂਤੀ ਉਦੋਂ ਤਕ ਕਾਇਮ ਨਹੀਂ ਹੋ ਸਕਦੀ ਜਦੋਂ ਤਕ ਹਰ ਦੇਸ਼ ਵਿਚ ਵੱਖੋ-ਵੱਖਰੀ ਸਰਕਾਰ ਹੈ। ਯਿਸੂ ਮਸੀਹ ਦੀ ਗੱਲ ਦਾ ਹਵਾਲਾ ਦਿੰਦੇ ਹੋਏ ਉਸ ਨੇ ਕਿਹਾ ਕਿ “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ।”​—ਲੂਕਾ 11:17.

ਦੂਜੇ ਵਿਸ਼ਵ ਯੁੱਧ, ਜਿਸ ਵਿਚ ਦੋ ਪਰਮਾਣੂ ਬੰਬ ਵਰਤੇ ਗਏ ਸਨ, ਤੋਂ ਥੋੜ੍ਹੀ ਦੇਰ ਬਾਅਦ ਹੀ ਐਲਬਰਟ ਆਇਨਸਟਾਈਨ ਨੇ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੂੰ ਖੁੱਲ੍ਹੀ ਚਿੱਠੀ ਲਿਖੀ। ਉਸ ਨੇ ਲਿਖਿਆ: “ਸੰਯੁਕਤ ਰਾਸ਼ਟਰ ਸੰਘ ਨੂੰ ਜਲਦੀ ਤੋਂ ਜਲਦੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂਕਿ ਪੂਰੀ ਦੁਨੀਆਂ ਵਿਚ ਸੁਰੱਖਿਆ ਕਾਇਮ ਕੀਤੀ ਜਾ ਸਕੇ ਅਤੇ ਇਹ ਸਿਰਫ਼ ਪੂਰੀ ਦੁਨੀਆਂ ਵਿਚ ਇੱਕੋ ਹੀ ਸਰਕਾਰ ਹੋਣ ਨਾਲ ਹੋ ਸਕਦਾ ਹੈ।”

ਪਰ ਕੀ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਨੇਤਾ ਇਹ ਤਾਕਤਵਰ ਸਰਕਾਰ ਬਣਾਉਣਗੇ, ਉਹ ਕਦੇ ਵੀ ਨਾਕਾਮ ਨਹੀਂ ਹੋਣਗੇ ਅਤੇ ਭ੍ਰਿਸ਼ਟ ਤੇ ਜ਼ਾਲਮ ਨਹੀਂ ਬਣਨਗੇ? ਜਾਂ ਕੀ ਉਹ ਵੀ ਦੂਸਰੇ ਰਾਜਿਆਂ ਵਾਂਗ ਇਨ੍ਹਾਂ ਔਗੁਣਾਂ ਦੇ ਸ਼ਿਕਾਰ ਹੋ ਜਾਣਗੇ? ਇਹ ਸਵਾਲ ਬ੍ਰਿਟਿਸ਼ ਇਤਿਹਾਸਕਾਰ ਲਾਰਡ ਐਕਟਨ ਦੇ ਸ਼ਬਦ ਯਾਦ ਕਰਾਉਂਦੇ ਹਨ, ਜਿਸ ਨੇ ਕਿਹਾ ਸੀ: “ਤਾਕਤ ਇਨਸਾਨ ਨੂੰ ਭ੍ਰਿਸ਼ਟ ਕਰਦੀ ਹੈ ਅਤੇ ਤਾਕਤ ਦੇ ਨਸ਼ੇ ਵਿਚ ਚੂਰ ਇਨਸਾਨ ਸ਼ਰਾਫ਼ਤ ਭੁੱਲ ਜਾਂਦਾ ਹੈ।”

ਜੇ ਅਸੀਂ ਚਾਹੁੰਦੇ ਹਾਂ ਕਿ ਧਰਤੀ ʼਤੇ ਸ਼ਾਂਤੀ ਹੋਵੇ ਅਤੇ ਸਾਰੇ ਮਿਲ ਕੇ ਰਹਿਣ, ਤਾਂ ਲੋਕਾਂ ਵਿਚ ਏਕਤਾ ਹੋਣੀ ਜ਼ਰੂਰੀ ਹੈ। ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਇਹ ਮੁਮਕਿਨ ਵੀ ਹੈ? ਬਾਈਬਲ ਮੁਤਾਬਕ ਇਹ ਮੁਮਕਿਨ ਹੈ। ਇੱਦਾਂ ਹੋ ਸਕਦਾ ਹੈ ਅਤੇ ਹੋਵੇਗਾ ਵੀ। ਪਰ ਕਿਵੇਂ? ਪੂਰੀ ਦੁਨੀਆਂ ʼਤੇ ਰਾਜ ਕਰਨ ਵਾਲੀ ਕਿਸੇ ਸਰਕਾਰ ਨਾਲ ਨਹੀਂ ਜੋ ਭ੍ਰਿਸ਼ਟ ਨੇਤਾਵਾਂ ਦੀ ਬਣੀ ਹੈ, ਸਗੋਂ ਉਸ ਸਰਕਾਰ ਰਾਹੀਂ ਜੋ ਰੱਬ ਬਣਾਵੇਗਾ। ਇਸ ਸਰਕਾਰ ਦੇ ਜ਼ਰੀਏ ਰੱਬ ਇਹ ਜ਼ਾਹਰ ਕਰੇਗਾ ਕਿ ਉਸ ਨੂੰ ਹੀ ਪੂਰੀ ਦੁਨੀਆਂ ʼਤੇ ਰਾਜ ਕਰਨ ਦਾ ਹੱਕ ਹੈ। ਬਾਈਬਲ ਵਿਚ ਇਸ ਸਰਕਾਰ ਨੂੰ ‘ਪਰਮੇਸ਼ੁਰ ਦਾ ਰਾਜ’ ਕਿਹਾ ਗਿਆ ਹੈ।​—ਲੂਕਾ 4:43, OV.

“ਤੇਰਾ ਰਾਜ ਆਵੇ”

ਯਿਸੂ ਮਸੀਹ ਇਸੇ ਰਾਜ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ। ਤੇਰੀ ਇੱਛਾ . . . ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9, 10) ਜੀ ਹਾਂ, ਪਰਮੇਸ਼ੁਰ ਦੇ ਰਾਜ ਵਿਚ ਧਰਤੀ ਉੱਤੇ ਸੁਆਰਥੀ ਅਤੇ ਤਾਕਤ ਦੇ ਭੁੱਖੇ ਇਨਸਾਨਾਂ ਦੀ ਇੱਛਾ ਨਹੀਂ, ਸਗੋਂ ਰੱਬ ਦੀ ਇੱਛਾ ਪੂਰੀ ਹੋਵੇਗੀ।

ਪਰਮੇਸ਼ੁਰ ਦੇ ਰਾਜ ਨੂੰ “ਸਵਰਗ ਦਾ ਰਾਜ” ਵੀ ਕਿਹਾ ਜਾਂਦਾ ਹੈ। (ਮੱਤੀ 5:3) ਕਿਉਂ? ਕਿਉਂਕਿ ਇਹ ਧਰਤੀ ਉੱਤੇ ਰਾਜ ਕਰੇਗਾ, ਪਰ ਇਹ ਧਰਤੀ ਤੋਂ ਨਹੀਂ, ਸਗੋਂ ਸਵਰਗ ਤੋਂ ਰਾਜ ਕਰੇਗਾ। ਜ਼ਰਾ ਸੋਚੋ ਕਿ ਇਸ ਰਾਜ ਅਧੀਨ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ। ਇਹ ਸਰਕਾਰ ਨਾ ਤਾਂ ਪੈਸੇ ਤੇ ਟੈਕਸ ਮੰਗੇਗੀ ਤੇ ਨਾ ਹੀ ਇਸ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੋਵੇਗੀ। ਇਸ ਸਰਕਾਰ ਅਧੀਨ ਸਾਰੇ ਇਨਸਾਨਾਂ ਨੂੰ ਕਿੰਨਾ ਸਕੂਨ ਮਿਲੇਗਾ!

“ਰਾਜ” ਸ਼ਬਦ ਤੋਂ ਪਤਾ ਲੱਗਦਾ ਹੈ ਕਿ ਜੇ ਰਾਜ ਹੈ, ਤਾਂ ਰਾਜਾ ਵੀ ਹੋਵੇਗਾ। ਇਹ ਰਾਜਾ ਯਿਸੂ ਮਸੀਹ ਹੈ ਜਿਸ ਨੂੰ ਪਰਮੇਸ਼ੁਰ ਨੇ ਅਧਿਕਾਰ ਦਿੱਤਾ ਹੈ। ਯਿਸੂ ਬਾਰੇ ਬਾਈਬਲ ਕਹਿੰਦੀ ਹੈ:

  • ਉਹ “ਸਾਡੇ ਉਤੇ ਰਾਜ ਕਰੇਗਾ . . . ਉਸ ਦੀ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਵੇਗੀ, ਅਤੇ ਉਸ ਦੇ ਰਾਜ ਵਿਚ ਹਮੇਸ਼ਾ ਸ਼ਾਂਤੀ ਰਹੇਗੀ।”​—ਯਸਾਯਾਹ 9:6, 7, CL.

  • “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ। ਉਹ ਦਾ ਰਾਜ . . . ਟਲੇਗਾ ਨਾ।”​—ਦਾਨੀਏਲ 7:14.

  • “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ ਅਤੇ ਮਸੀਹ ਦਾ ਹੋ ਗਿਆ ਹੈ ਅਤੇ ਪਰਮੇਸ਼ੁਰ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”​—ਪ੍ਰਕਾਸ਼ ਦੀ ਕਿਤਾਬ 11:15.

ਯਿਸੂ ਦੀ ਪ੍ਰਾਰਥਨਾ ਦੇ ਅਨੁਸਾਰ ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ʼਤੇ ਰੱਬ ਦੀ ਇੱਛਾ ਪੂਰੀ ਕਰੇਗਾ। ਇਸ ਰਾਜ ਦੇ ਅਧੀਨ ਸਾਰੇ ਇਨਸਾਨ ਸਿੱਖਣਗੇ ਕਿ ਧਰਤੀ ਦੀ ਦੇਖ-ਭਾਲ ਕਿਵੇਂ ਕਰਨੀ ਹੈ ਤਾਂਕਿ ਇਹ ਸਾਫ਼-ਸੁਥਰੀ ਹੋਵੇ ਤੇ ਹਰ ਕੋਈ ਜ਼ਿੰਦਗੀ ਦਾ ਮਜ਼ਾ ਲੈ ਸਕੇ।

ਇਸ ਤੋਂ ਵੀ ਵੱਧ, ਪਰਮੇਸ਼ੁਰ ਦਾ ਰਾਜ ਆਪਣੀ ਪਰਜਾ ਨੂੰ ਵਧੀਆ ਸਿੱਖਿਆ ਦੇਵੇਗਾ। ਸਾਰਿਆਂ ਨੂੰ ਇੱਕੋ ਜਿਹੇ ਮਿਆਰ ਸਿਖਾਏ ਜਾਣਗੇ। ਉੱਥੇ ਕਦੇ ਵੀ ਫੁੱਟ ਨਹੀਂ ਪਵੇਗੀ। ਯਸਾਯਾਹ 11:9 ਕਹਿੰਦਾ ਹੈ: “ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

ਜੋ ਸੰਯੁਕਤ ਰਾਸ਼ਟਰ ਸੰਘ ਅੱਜ ਤਕ ਨਹੀਂ ਕਰ ਪਾਇਆ, ਉਹ ਪਰਮੇਸ਼ੁਰ ਦਾ ਰਾਜ ਕਰੇਗਾ। ਇਸ ਰਾਜ ਵਿਚ ਸਾਰੀ ਧਰਤੀ ਉੱਤੇ ਲੋਕ ਇਕ-ਜੁੱਟ ਹੋ ਕੇ ਸ਼ਾਂਤੀ ਨਾਲ ਰਹਿਣਗੇ। ਜ਼ਬੂਰਾਂ ਦੀ ਪੋਥੀ 37:11 ਵਿਚ ਲਿਖਿਆ ਹੈ ਕਿ ਲੋਕ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਉਦੋਂ “ਜ਼ੁਲਮ,” “ਪ੍ਰਦੂਸ਼ਣ,” “ਗ਼ਰੀਬੀ” ਅਤੇ “ਯੁੱਧ” ਵਰਗੇ ਸ਼ਬਦ ਸਾਡੀ ਜ਼ਬਾਨ ʼਤੇ ਵੀ ਨਹੀਂ ਆਉਣਗੇ। ਪਰ ਇਹ ਹੋਵੇਗਾ ਕਦੋਂ? ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਰਾਜ ਕਰਨਾ ਸ਼ੁਰੂ ਕਰੇਗਾ? ਇਹ ਸਾਰਾ ਕੁਝ ਹੋਵੇਗਾ ਕਿੱਦਾਂ? ਅਤੇ ਤੁਸੀਂ ਇਸ ਰਾਜ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ? ਆਓ ਅੱਗੇ ਦੇਖੀਏ।