Skip to content

Skip to table of contents

ਖ਼ੁਦ ਦਾ ਆਦਰ ਕਰੋ

ਖ਼ੁਦ ਦਾ ਆਦਰ ਕਰੋ

ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

ਜਿਹੜੇ ਲੋਕ ਖ਼ੁਦ ਦਾ ਆਦਰ ਕਰਦੇ ਹਨ, ਉਹ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਵਧੀਆ ਤਰੀਕੇ ਨਾਲ ਸਾਮ੍ਹਣਾ ਕਰ ਪਾਉਂਦੇ ਹਨ ਅਤੇ ਜਲਦੀ ਹਾਰ ਨਹੀਂ ਮੰਨਦੇ।

  • ਇਕ ਖੋਜ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਖ਼ੁਦ ਨੂੰ ਨਿਕੰਮਾ ਸਮਝਦੇ ਹਨ, ਉਹ ਅਕਸਰ ਤਣਾਅ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਨਾਲੇ ਅਜਿਹੇ ਲੋਕ ਜਾਂ ਤਾਂ ਹੱਦੋਂ ਵੱਧ ਖਾਣਾ ਸ਼ੁਰੂ ਕਰ ਦਿੰਦੇ ਹਨ ਜਾਂ ਉਨ੍ਹਾਂ ਦੀ ਭੁੱਖ ਮਰ ਜਾਂਦੀ ਹੈ। ਉਹ ਅਕਸਰ ਨਸ਼ੇ ਕਰਨ ਅਤੇ ਹੱਦੋਂ ਵੱਧ ਸ਼ਰਾਬ ਪੀਣ ਲੱਗ ਜਾਂਦੇ ਹਨ।

  • ਜਿਹੜੇ ਲੋਕ ਖ਼ੁਦ ਦਾ ਆਦਰ ਯਾਨੀ ਖ਼ੁਦ ਦੀ ਕਦਰ ਕਰਦੇ ਹਨ, ਉਹ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਦੇ। ਇਸ ਕਰਕੇ ਉਨ੍ਹਾਂ ਦੀ ਦੂਜਿਆਂ ਨਾਲ ਵਧੀਆ ਬਣਦੀ ਹੈ ਅਤੇ ਉਹ ਪੱਕੇ ਦੋਸਤ ਬਣਾ ਪਾਉਂਦੇ ਹਨ। ਦੂਜੇ ਪਾਸੇ, ਜਿਹੜੇ ਲੋਕ ਖ਼ੁਦ ਦੀ ਕਦਰ ਨਹੀਂ ਕਰਦੇ, ਉਹ ਅਕਸਰ ਦੂਜਿਆਂ ਵਿਚ ਨੁਕਸ ਕੱਢਦੇ ਹਨ ਜਿਸ ਕਰਕੇ ਦੂਜਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ।

  • ਖ਼ੁਦ ਦਾ ਆਦਰ ਕਰਨ ਵਾਲੇ ਲੋਕ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਡਟੇ ਰਹਿੰਦੇ ਹਨ। ਨਾਲੇ ਉਨ੍ਹਾਂ ਨੇ ਜੋ ਕਰਨ ਦੀ ਠਾਣੀ ਹੁੰਦੀ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਪਾਸੇ, ਜਿਹੜੇ ਲੋਕ ਖ਼ੁਦ ਦੀ ਕਦਰ ਨਹੀਂ ਕਰਦੇ, ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਮੁਸ਼ਕਲਾਂ ਵੀ ਬਹੁਤ ਵੱਡੀਆਂ ਲੱਗਦੀਆਂ ਹਨ। ਇਸ ਕਰਕੇ ਉਹ ਜਲਦੀ ਹਾਰ ਮੰਨ ਲੈਂਦੇ ਹਨ।

ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?

ਹੌਸਲਾ ਵਧਾਉਣ ਵਾਲੇ ਦੋਸਤ ਬਣਾਓ। ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਰੱਖੋ ਜਿਹੜੇ ਦੂਜਿਆਂ ਦਾ ਆਦਰ ਕਰਦੇ ਹਨ, ਜੋ ਸੱਚੀ ਤੁਹਾਡਾ ਭਲਾ ਚਾਹੁੰਦੇ ਹਨ ਅਤੇ ਤੁਹਾਡਾ ਹੌਸਲਾ ਵਧਾਉਂਦੇ ਹਨ।

“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”​—ਕਹਾਉਤਾਂ 17:17.

ਦੂਜਿਆਂ ਦੀ ਮਦਦ ਕਰੋ। ਜਦੋਂ ਤੁਸੀਂ ਉਨ੍ਹਾਂ ਲੋਕਾਂ ਲਈ ਵੀ ਕੁਝ ਕਰਦੇ ਹੋ ਜੋ ਬਦਲੇ ਵਿਚ ਤੁਹਾਡੇ ਲਈ ਕੁਝ ਨਹੀਂ ਕਰ ਸਕਦੇ, ਤਾਂ ਤੁਹਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਚਾਹੇ ਤੁਹਾਡੇ ਚੰਗੇ ਕੰਮਾਂ ਦੀ ਤਾਰੀਫ਼ ਨਾ ਵੀ ਕੀਤੀ ਜਾਵੇ, ਤਾਂ ਵੀ ਤੁਹਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਦੇਣ ਨਾਲ ਮਿਲਦੀ ਹੈ।

“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ​—ਰਸੂਲਾਂ ਦੇ ਕੰਮ 20:35.

ਬੱਚਿਆਂ ਨੂੰ ਖ਼ੁਦ ਦੀ ਕਦਰ ਕਰਨੀ ਸਿਖਾਓ। ਜਿਹੜੀਆਂ ਮੁਸ਼ਕਲਾਂ ਬੱਚੇ ਖ਼ੁਦ ਸੁਲਝਾ ਸਕਦੇ ਹਨ, ਉਹ ਮੁਸ਼ਕਲਾਂ ਉਨ੍ਹਾਂ ਨੂੰ ਖ਼ੁਦ ਸੁਲਝਾਉਣ ਦਿਓ। ਇੱਦਾਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਅਤੇ ਇਨ੍ਹਾਂ ਨੂੰ ਸੁਲਝਾਉਣਾ ਸਿੱਖਣਗੇ। ਇਸ ਕਰਕੇ ਉਹ ਨਾ ਸਿਰਫ਼ ਹੁਣ, ਸਗੋਂ ਭਵਿੱਖ ਵਿਚ ਵੀ ਆਪਣੀ ਕਦਰ ਕਰਨੀ ਸਿੱਖ ਸਕਣਗੇ।

“ਮੁੰਡੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ; ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।”​—ਕਹਾਉਤਾਂ 22:6, ਫੁਟਨੋਟ।

ਯਹੋਵਾਹ ਦੇ ਗਵਾਹ ਕੀ ਕਰਦੇ ਹਨ?

ਸਾਡੀਆਂ ਸਭਾਵਾਂ ਵਿਚ ਆ ਕੇ ਅਤੇ ਬਾਈਬਲ ਸਟੱਡੀ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਹੋਈਆਂ ਹਨ ਅਤੇ ਉਨ੍ਹਾਂ ਨੇ ਖ਼ੁਦ ਦਾ ਆਦਰ ਕਰਨਾ ਸਿੱਖਿਆ ਹੈ।

ਹਰ ਹਫ਼ਤੇ ਸਾਡੀਆਂ ਸਭਾਵਾਂ

ਸਾਡੀਆਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ ਅਤੇ ਕਿਸੇ ਤੋਂ ਵੀ ਪੈਸੇ ਨਹੀਂ ਮੰਗੇ ਜਾਂਦੇ। ਹਰ ਹਫ਼ਤੇ ਸਾਡੀਆਂ ਸਭਾਵਾਂ ਵਿਚ ਬਾਈਬਲ-ਆਧਾਰਿਤ ਭਾਸ਼ਣ ਹੁੰਦੇ ਹਨ ਜਿਨ੍ਹਾਂ ਵਿਚ ਅਕਸਰ ਸੁਝਾਅ ਦਿੱਤੇ ਜਾਂਦੇ ਹਨ ਕਿ ਅਸੀਂ ਖ਼ੁਦ ਦਾ ਆਦਰ ਕਿਵੇਂ ਕਰ ਸਕਦੇ ਹਾਂ। ਉਦਾਹਰਣ ਲਈ, ਤੁਸੀਂ ਸਿੱਖ ਸਕਦੇ ਹੋ ਕਿ . . .

  • ਤੁਸੀਂ ਰੱਬ ਲਈ ਕਿਉਂ ਅਹਿਮ ਹੋ?

  • ਤੁਸੀਂ ਜ਼ਿੰਦਗੀ ਦਾ ਅਸਲੀ ਮਕਸਦ ਕਿਵੇਂ ਜਾਣ ਸਕਦੇ ਹੋ?

  • ਰੱਬ ਅਤੇ ਲੋਕਾਂ ਨਾਲ ਸੱਚੀ ਦੋਸਤੀ ਕਿਵੇਂ ਕੀਤੀ ਜਾ ਸਕਦੀ ਹੈ?

ਤੁਹਾਨੂੰ ਉੱਥੇ ਸੱਚੇ ਦੋਸਤ ਮਿਲਣਗੇ ਜੋ ‘ਇਕ-ਦੂਜੇ ਦਾ ਖ਼ਿਆਲ ਰੱਖਦੇ’ ਹਨ।​—1 ਕੁਰਿੰਥੀਆਂ 12:25, 26.

ਸਾਡੀਆਂ ਸਭਾਵਾਂ ਬਾਰੇ ਹੋਰ ਜਾਣਨ ਲਈ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦੇਖੋ। ਤੁਸੀਂ jw.org/pa ʼਤੇ ਲੱਭੋ ਡੱਬੀ ਵਿਚ ਇਸ ਵੀਡੀਓ ਦਾ ਨਾਂ ਟਾਈਪ ਕਰ ਕੇ ਇਸ ਨੂੰ ਲੱਭ ਸਕਦੇ ਹੋ।

ਅਸੀਂ ਬਾਈਬਲ ਵਿੱਚੋਂ ਸਿਖਾਉਂਦੇ ਹਾਂ

ਅਸੀਂ ਲੋਕਾਂ ਨੂੰ ਮੁਫ਼ਤ ਵਿਚ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿੱਚੋਂ ਸਟੱਡੀ ਕਰਾਉਂਦੇ ਹਾਂ। ਇਸ ਕਿਤਾਬ ਵਿਚ ਦਿੱਤੇ ਸਵਾਲਾਂ ਦੀ ਮਦਦ ਨਾਲ ਅਸੀਂ ਚਰਚਾ ਕਰਦੇ ਹਾਂ ਅਤੇ ਬਾਈਬਲ ਵਿੱਚੋਂ ਕੁਝ ਵਧੀਆ ਅਸੂਲ ਵੀ ਦੇਖਦੇ ਹਾਂ। ਇਸ ਵਿਚ ਅਜਿਹੀਆਂ ਵੀਡੀਓ ਅਤੇ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ ਜੋ ਦਿਲ ਨੂੰ ਛੂਹ ਜਾਂਦੀਆਂ ਹਨ। ਬਾਈਬਲ ਸਟੱਡੀ ਕਰ ਕੇ ਲੋਕ ਆਪਣੀ ਕਦਰ ਕਰਨੀ ਸਿੱਖਦੇ ਹਨ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾ ਪਾਉਂਦੇ ਹਨ।

ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ, ਇਸ ਬਾਰੇ ਜਾਣਕਾਰੀ ਲੈਣ ਲਈ ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ। ਤੁਸੀਂ jw.org/pa ʼਤੇ ਲੱਭੋ ਡੱਬੀ ਵਿਚ ਇਸ ਵੀਡੀਓ ਦਾ ਨਾਂ ਟਾਈਪ ਕਰ ਕੇ ਇਸ ਨੂੰ ਲੱਭ ਸਕਦੇ ਹੋ।