Skip to content

Skip to table of contents

ਜ਼ਿੰਦਗੀ ਦਾ ਆਦਰ ਕਰੋ

ਜ਼ਿੰਦਗੀ ਦਾ ਆਦਰ ਕਰੋ

ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

ਜਦੋਂ ਅਸੀਂ ਅਜਿਹੇ ਕੰਮ ਕਰਦੇ ਹਾਂ ਜਿਨ੍ਹਾਂ ਨਾਲ ਸਾਡੀ ਸਿਹਤ ʼਤੇ ਮਾੜਾ ਅਸਰ ਪੈ ਸਕਦਾ ਹੈ ਜਾਂ ਦੂਸਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ, ਉਦੋਂ ਅਸੀਂ ਦਿਖਾਉਂਦੇ ਹਾਂ ਕਿ ਨਾ ਤਾਂ ਸਾਨੂੰ ਆਪਣੀ ਜ਼ਿੰਦਗੀ ਦੀ ਅਤੇ ਨਾ ਹੀ ਦੂਸਰਿਆਂ ਦੀ ਜ਼ਿੰਦਗੀ ਦੀ ਕਦਰ ਹੈ।

  • ਸਿਗਰਟ ਪੀਣ ਨਾਲ ਇਕ ਵਿਅਕਤੀ ਨੂੰ ਸਿਰਫ਼ ਕੈਂਸਰ ਹੀ ਨਹੀਂ ਹੁੰਦਾ, ਸਗੋਂ ਉਸ ਦੇ ਸਰੀਰ ਵਿਚ ਕੈਂਸਰ ਨਾਲ ਲੜਨ ਦੀ ਤਾਕਤ ਵੀ ਘਟ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਦੀ ਮੌਤ ਫੇਫੜਿਆਂ ਦੇ ਕੈਂਸਰ ਕਰਕੇ ਹੋਈ, ਉਨ੍ਹਾਂ ਵਿੱਚੋਂ 90 ਪ੍ਰਤਿਸ਼ਤ ਲੋਕ ਸਿਗਰਟ ਪੀਂਦੇ ਸਨ ਜਾਂ ਫਿਰ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਸਿਗਰਟ ਪੀਂਦੇ ਸਨ।

  • ਜਨਸੱਤਾ ਹਿੰਦੀ ਅਖ਼ਬਾਰ ਮੁਤਾਬਕ, ਭਾਰਤ ਦੇ ਸਕੂਲ ਦੇ ਬੱਚਿਆਂ ਵਿਚ ਵਧਦੀ ਹਿੰਸਾ ਸਕੂਲ ਅਤੇ ਸਮਾਜ ਲਈ ਖ਼ਤਰਾ ਬਣਦੀ ਜਾ ਰਹੀ ਹੈ। ਕੁਝ ਦੇਸ਼ਾਂ ਵਿਚ ਤਾਂ ਸਕੂਲਾਂ ਅਤੇ ਹੋਰ ਥਾਵਾਂ ਤੇ ਸ਼ਰੇਆਮ ਗੋਲੀਬਾਰੀ ਕੀਤੀ ਜਾਂਦੀ ਹੈ। ਇਸ ਕਰਕੇ ਹਰ ਸਾਲ ਕਈ ਲੋਕਾਂ ਦੇ ਦਿਲ-ਦਿਮਾਗ਼ ਉੱਤੇ ਬੁਰਾ ਅਸਰ ਪੈਂਦਾ ਹੈ। ਇਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਦੀ ਰਿਪੋਰਟ ਵਿਚ ਲਿਖਿਆ ਹੈ: “ਇਕ ਖੋਜ ਤੋਂ ਪਤਾ ਲੱਗਦਾ ਹੈ, ਭਾਵੇਂ ਕਿ ਕਈ ਬੱਚੇ ਗੋਲੀਬਾਰੀ ਤੋਂ ਬਚ ਜਾਂਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਇਨ੍ਹਾਂ ਹਾਦਸਿਆਂ ਦਾ ਗਹਿਰਾ ਸਦਮਾ ਲੱਗਦਾ ਹੈ ਤੇ ਉਹ ਇਨ੍ਹਾਂ ਨੂੰ ਕਈ ਸਾਲਾਂ ਤਕ ਭੁਲਾ ਨਹੀਂ ਪਾਉਂਦੇ।”

  • ਜਦੋਂ ਲੋਕ ਸ਼ਰਾਬ ਪੀ ਕੇ ਜਾਂ ਨਸ਼ੇ ਕਰ ਕੇ ਗੱਡੀ ਚਲਾਉਂਦੇ ਹਨ, ਤਾਂ ਹਾਦਸਾ ਵਾਪਰ ਸਕਦਾ ਹੈ, ਇੱਥੋਂ ਤਕ ਕਿ ਸੜਕ ਦੇ ਕੰਢੇ ਪੈਦਲ ਤੁਰਨ ਵਾਲਿਆਂ ਨੂੰ ਖ਼ਤਰਾ ਹੋ ਸਕਦਾ ਹੈ। ਜਦੋਂ ਲੋਕ ਜ਼ਿੰਦਗੀ ਦੀ ਕਦਰ ਨਹੀਂ ਕਰਦੇ, ਤਾਂ ਇਸ ਦੀ ਕੀਮਤ ਅਕਸਰ ਬੇਕਸੂਰ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ।

ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?

ਆਪਣੀ ਸਿਹਤ ਦਾ ਧਿਆਨ ਰੱਖੋ। ਜੇ ਤੁਸੀਂ ਸਿਗਰਟ ਜਾਂ ਹੱਦੋਂ ਵੱਧ ਸ਼ਰਾਬ ਪੀਂਦੇ ਹੋ ਜਾਂ ਨਸ਼ੇ ਕਰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਹੈ, ਇੱਥੋਂ ਤਕ ਕਿ ਆਪਣੇ ਘਰਦਿਆਂ ਦੀ ਜ਼ਿੰਦਗੀ ਦੀ ਵੀ ਨਹੀਂ। ਪਰ ਹਾਲੇ ਵੀ ਦੇਰ ਨਹੀਂ ਹੋਈ, ਤੁਸੀਂ ਇਨ੍ਹਾਂ ਬੁਰੀਆਂ ਆਦਤਾਂ ਨੂੰ ਛੱਡ ਸਕਦੇ ਹੋ।

‘ਆਓ ਆਪਾਂ ਤਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।’​—2 ਕੁਰਿੰਥੀਆਂ 7:1.

ਆਪਣੀ ਤੇ ਦੂਸਰਿਆਂ ਦੀ ਸੁਰੱਖਿਆ ਦਾ ਧਿਆਨ ਰੱਖੋ। ਆਪਣੇ ਘਰ ਨੂੰ ਅਤੇ ਇਸ ਵਿਚਲੀਆਂ ਚੀਜ਼ਾਂ ਨੂੰ ਸਹੀ ਹਾਲਤ ਵਿਚ ਰੱਖੋ ਤਾਂਕਿ ਕੋਈ ਹਾਦਸਾ ਨਾ ਹੋ ਜਾਵੇ। ਆਪਣੀ ਗੱਡੀ ਅਤੇ ਮੋਟਰ ਸਾਈਕਲ ਵਗੈਰਾ ਨੂੰ ਵੀ ਸਹੀ ਹਾਲਤ ਵਿਚ ਰੱਖੋ ਅਤੇ ਇਨ੍ਹਾਂ ਨੂੰ ਧਿਆਨ ਨਾਲ ਚਲਾਓ। ਕਿਸੇ ਦੇ ਵੀ ਦਬਾਅ ਹੇਠ ਆ ਕੇ ਇੱਦਾਂ ਦਾ ਕੋਈ ਕੰਮ ਨਾ ਕਰੋ ਜਿਸ ਨਾਲ ਤੁਹਾਨੂੰ ਸੱਟ-ਚੋਟ ਲੱਗ ਜਾਵੇ ਜਾਂ ਤੁਹਾਡੀ ਜਾਨ ਖ਼ਤਰੇ ਵਿਚ ਪੈ ਜਾਵੇ।

“ਜਦ ਤੂੰ ਨਵਾਂ ਘਰ ਬਣਾਵੇਂ, ਤਾਂ ਤੂੰ ਛੱਤ ʼਤੇ ਬਨੇਰਾ ਜ਼ਰੂਰ ਬਣਾਈਂ, ਕਿਤੇ ਇੱਦਾਂ ਨਾ ਹੋਵੇ ਕਿ ਕੋਈ ਛੱਤ ਤੋਂ ਡਿਗ ਪਵੇ ਅਤੇ ਉਸ ਦੇ ਖ਼ੂਨ ਦਾ ਦੋਸ਼ ਤੇਰੇ ਸਿਰ ਆ ਪਵੇ।”​—ਬਿਵਸਥਾ ਸਾਰ 22:8. a

ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਓ। ਜ਼ਿੰਦਗੀ ਦੀ ਕਦਰ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਈਏ, ਫਿਰ ਚਾਹੇ ਉਹ ਕਿਸੇ ਵੀ ਦੇਸ਼ ਜਾਂ ਨਸਲ ਦੇ ਹੋਣ, ਪੜ੍ਹੇ-ਲਿਖੇ ਜਾਂ ਅਨਪੜ੍ਹ ਹੋਣ, ਅਮੀਰ ਜਾਂ ਗ਼ਰੀਬ ਹੋਣ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਦੇਖਿਆ ਗਿਆ ਹੈ ਕਿ ਵੈਰ ਅਤੇ ਹਿੰਸਾ ਦੀ ਅਸਲੀ ਜੜ੍ਹ ਪੱਖਪਾਤ ਅਤੇ ਨਫ਼ਰਤ ਹੈ।

“ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਅਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਕਿਸੇ ਵੀ ਤਰ੍ਹਾਂ ਬੁਰਾ ਨਾ ਕਰੋ। ਇਸ ਦੀ ਬਜਾਇ, ਇਕ-ਦੂਜੇ ਲਈ ਦਇਆ ਦਿਖਾਓ ਅਤੇ ਹਮਦਰਦੀ ਨਾਲ ਪੇਸ਼ ਆਓ।” ​—ਅਫ਼ਸੀਆਂ 4:31, 32.

ਯਹੋਵਾਹ ਦੇ ਗਵਾਹ ਕੀ ਕਰਦੇ ਹਨ?

ਯਹੋਵਾਹ ਦੇ ਗਵਾਹ ਲੋਕਾਂ ਨੂੰ ਅਜਿਹਾ ਜੀਵਨ ਢੰਗ ਅਪਣਾਉਣ ਦੀ ਹੱਲਾਸ਼ੇਰੀ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਵਧੀਆ ਰਹੇ। ਸਾਡੀਆਂ ਸਭਾਵਾਂ ਹੁੰਦੀਆਂ ਹਨ ਅਤੇ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਸਟੱਡੀ ਕਰਾਉਂਦੇ ਹਾਂ। ਇਸ ਦੌਰਾਨ ਅਸੀਂ ਲੋਕਾਂ ਨੂੰ ਅਜਿਹੀਆਂ ਗੱਲਾਂ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੀਆਂ ਬੁਰੀਆਂ ਆਦਤਾਂ ਉੱਤੇ ਕਾਬੂ ਪਾ ਸਕਦੇ ਹਨ, ਜਿੱਦਾਂ ਕਿ ਹੱਦੋਂ ਵੱਧ ਗੁੱਸਾ ਕਰਨਾ, ਨਸ਼ੇ ਕਰਨੇ ਜਾਂ ਸਿਗਰਟ ਪੀਣੀ।

ਉਸਾਰੀ ਦਾ ਕੰਮ ਕਰਦਿਆਂ ਅਸੀਂ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹਾਂ। ਜਿਹੜੇ ਲੋਕ ਸਾਡੀ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਸੱਟ-ਚੋਟ ਲੱਗਣ ਤੋਂ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਨ। ਨਾਲੇ ਸਮੇਂ-ਸਮੇਂ ਤੇ ਸਾਡੀਆਂ ਇਨ੍ਹਾਂ ਇਮਾਰਤਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂਕਿ ਇਹ ਸਥਾਨਕ ਨਿਯਮਾਂ ਦੇ ਮੁਤਾਬਕ ਸੁਰੱਖਿਅਤ ਹੋਣ।

ਅਸੀਂ ਆਫ਼ਤਾਂ ਵੇਲੇ ਲੋਕਾਂ ਦੀ ਮਦਦ ਕਰਦੇ ਹਾਂ। ਸਾਲ 2022 ਵਿਚ ਪੂਰੀ ਦੁਨੀਆਂ ਵਿਚ ਤਕਰੀਬਨ 200 ਵੱਡੀਆਂ-ਵੱਡੀਆਂ ਆਫ਼ਤਾਂ ਆਈਆਂ। ਸਾਡੇ ਸੰਗਠਨ ਨੇ ਇਨ੍ਹਾਂ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਤਕਰੀਬਨ 90 ਕਰੋੜ ਰੁਪਏ ਖ਼ਰਚੇ।

2014 ਵਿਚ ਪੱਛਮੀ ਅਫ਼ਰੀਕਾ ਵਿਚ ਅਤੇ 2018 ਵਿਚ ਕਾਂਗੋ ਲੋਕਤੰਤਰੀ ਗਣਰਾਜ ਵਿਚ ਈਬੋਲਾ ਨਾਂ ਦਾ ਵਾਇਰਸ ਫੈਲਿਆ। ਉਸ ਵੇਲੇ ਅਸੀਂ ਲੋਕਾਂ ਨੂੰ ਦੱਸਿਆ ਕਿ ਉਹ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਹਨ ਤਾਂਕਿ ਇਹ ਖ਼ਤਰਨਾਕ ਵਾਇਰਸ ਹੋਰ ਨਾ ਫੈਲੇ। ਸਾਡੇ ਸੰਗਠਨ ਨੇ ਆਪਣੇ ਕੁਝ ਨੁਮਾਇੰਦੇ ਵੀ ਭੇਜੇ ਤਾਂਕਿ ਉਹ ਲੋਕਾਂ ਨਾਲ ਇਸ ਵਿਸ਼ੇ ʼਤੇ ਗੱਲ ਕਰਨ ਕਿ “ਕਹਿਣਾ ਮੰਨਣ ਨਾਲ ਜਾਨ ਬਚਦੀ ਹੈ।” ਸਾਡੀਆਂ ਸਾਰੀਆਂ ਭਗਤੀ ਦੀਆਂ ਥਾਵਾਂ ਦੇ ਬਾਹਰ ਹੱਥ ਧੋਣ ਦਾ ਵੀ ਇੰਤਜ਼ਾਮ ਕੀਤਾ ਗਿਆ। ਅਸੀਂ ਇਸ ਗੱਲ ʼਤੇ ਵੀ ਜ਼ੋਰ ਦਿੱਤਾ ਕਿ ਹੱਥ ਧੋਣਾ ਕਿੰਨਾ ਜ਼ਰੂਰੀ ਹੈ। ਨਾਲੇ ਇਹ ਵੀ ਦੱਸਿਆ ਗਿਆ ਕਿ ਇਸ ਬੀਮਾਰੀ ਨੂੰ ਫੈਲਣ ਤੋਂ ਕਿੱਦਾਂ ਰੋਕਿਆ ਜਾ ਸਕਦਾ ਹੈ।

ਸੀਆਰਾ ਲਿਓਨ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੀ ਰੇਡੀਓ ʼਤੇ ਤਾਰੀਫ਼ ਕਰਦੇ ਹੋਏ ਦੱਸਿਆ ਗਿਆ ਕਿ ਇਨ੍ਹਾਂ ਨੇ ਈਬੋਲਾ ਵਾਇਰਸ ਤੋਂ ਬਚਣ ਵਿਚ ਨਾ ਸਿਰਫ਼ ਆਪਣੇ ਲੋਕਾਂ ਦੀ, ਸਗੋਂ ਦੂਸਰੇ ਲੋਕਾਂ ਦੀ ਵੀ ਮਦਦ ਕੀਤੀ।

2014 ਦੌਰਾਨ ਲਾਈਬੀਰੀਆ ਵਿਚ ਈਬੋਲਾ ਬੀਮਾਰੀ ਫੈਲਣ ਵੇਲੇ ਕਿੰਗਡਮ ਹਾਲ ਵਿਚ ਹੱਥ ਧੋਣ ਦਾ ਪ੍ਰਬੰਧ ਕੀਤਾ ਗਿਆ

a ਪ੍ਰਾਚੀਨ ਮੱਧ ਪੂਰਬ ਵਿਚ ਲੋਕ ਆਪਣੇ ਕਈ ਕੰਮ ਘਰ ਦੀਆਂ ਛੱਤਾਂ ʼਤੇ ਹੀ ਕਰਦੇ ਸਨ। ਇਸ ਲਈ ਇਹ ਕਾਨੂੰਨ ਪਰਿਵਾਰ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਦਿੱਤਾ ਗਿਆ ਸੀ।