Skip to content

Skip to table of contents

ਦੂਜਿਆਂ ਦਾ ਆਦਰ ਕਰੋ

ਦੂਜਿਆਂ ਦਾ ਆਦਰ ਕਰੋ

ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

ਜਦੋਂ ਅਸੀਂ ਬੁਰੇ ਹਾਲਾਤਾਂ ਵਿਚ ਵੀ ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਂਦੇ ਹਾਂ, ਤਾਂ ਤਣਾਅ ਘਟ ਜਾਂਦਾ ਹੈ ਅਤੇ ਹਾਲਾਤ ਹੋਰ ਜ਼ਿਆਦਾ ਨਹੀਂ ਵਿਗੜਦੇ।

  • ਬਾਈਬਲ ਵਿਚ ਲਿਖਿਆ ਹੈ: “ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਮਾੜੇ ਬੋਲ ਅਤੇ ਮਾੜੇ ਕੰਮ ਬਲ਼ਦੀ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਹਨ ਅਤੇ ਇਸ ਦੇ ਨਤੀਜੇ ਅਕਸਰ ਭਿਆਨਕ ਹੀ ਨਿਕਲਦੇ ਹਨ।

  • ਯਿਸੂ ਨੇ ਕਿਹਾ ਸੀ: “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।” (ਮੱਤੀ 12:34) ਜੇ ਅਸੀਂ ਹੋਰ ਨਸਲ, ਕੌਮ, ਕਬੀਲੇ ਜਾਂ ਪਿਛੋਕੜ ਦੇ ਲੋਕਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਾਂ, ਤਾਂ ਇਸ ਤੋਂ ਇਕ ਵੱਡੀ ਸਮੱਸਿਆ ਜ਼ਾਹਰ ਹੁੰਦੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਪ੍ਰਤੀ ਸਾਡਾ ਨਜ਼ਰੀਆ ਸਹੀ ਨਹੀਂ ਹੈ ਅਤੇ ਸਾਨੂੰ ਆਪਣੇ ਨਜ਼ਰੀਏ ਵਿਚ ਸੁਧਾਰ ਕਰਨ ਦੀ ਲੋੜ ਹੈ।

    ਹਾਲ ਹੀ ਵਿਚ 28 ਦੇਸ਼ਾਂ ਵਿਚ 32,000 ਤੋਂ ਜ਼ਿਆਦਾ ਲੋਕਾਂ ਦਾ ਸਰਵੇ ਕੀਤਾ ਗਿਆ, ਉਨ੍ਹਾਂ ਵਿੱਚੋਂ 65 ਪ੍ਰਤਿਸ਼ਤ ਲੋਕਾਂ ਦਾ ਕਹਿਣਾ ਹੈ ਕਿ ਅੱਜ ਲੋਕਾਂ ਵਿਚ ਪਹਿਲਾਂ ਵਰਗੀ ਤਮੀਜ਼ ਅਤੇ ਇਕ-ਦੂਜੇ ਪ੍ਰਤੀ ਆਦਰ ਜ਼ਰਾ ਵੀ ਨਹੀਂ ਰਿਹਾ।

ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?

ਚਾਹੇ ਤੁਸੀਂ ਲੋਕਾਂ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵੋ, ਤਾਂ ਵੀ ਉਨ੍ਹਾਂ ਦਾ ਆਦਰ ਕਰੋ। ਦੇਖਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਹੜੀਆਂ ਗੱਲਾਂ ਵਿਚ ਉਨ੍ਹਾਂ ਨਾਲ ਸਹਿਮਤ ਹੋ ਸਕਦੇ ਹੋ। ਇੱਦਾਂ ਕਰਨ ਨਾਲ ਤੁਸੀਂ ਉਨ੍ਹਾਂ ਵਿਚ ਨੁਕਸ ਕੱਢਣ ਅਤੇ ਉਨ੍ਹਾਂ ਬਾਰੇ ਗ਼ਲਤ ਰਾਇ ਕਾਇਮ ਕਰਨ ਤੋਂ ਬਚੋਗੇ।

“ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ।”​—ਮੱਤੀ 7:1.

ਜੀ ਕਹੋ, ਜੀ ਕਹਾਓ। ਜੇ ਤੁਸੀਂ ਦੂਜਿਆਂ ਦੀ ਪਰਵਾਹ ਕਰੋਗੇ ਅਤੇ ਉਨ੍ਹਾਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਓਗੇ, ਤਾਂ ਉਹ ਵੀ ਤੁਹਾਡੇ ਨਾਲ ਉੱਦਾਂ ਹੀ ਪੇਸ਼ ਆਉਣਗੇ।

“ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”​—ਲੂਕਾ 6:31.

ਮਾਫ਼ ਕਰਨ ਵਾਲੇ ਬਣੋ। ਜੇ ਕਿਸੇ ਨੇ ਤੁਹਾਨੂੰ ਆਪਣੀਆਂ ਗੱਲਾਂ ਅਤੇ ਆਪਣੇ ਕੰਮਾਂ ਨਾਲ ਠੇਸ ਪਹੁੰਚਾਈ ਹੈ, ਤਾਂ ਇਹ ਨਾ ਸੋਚੋ ਕਿ ਉਸ ਨੇ ਇੱਦਾਂ ਜਾਣ-ਬੁੱਝ ਕੇ ਕੀਤਾ ਹੈ। ਸਾਰੀਆਂ ਗੱਲਾਂ ʼਤੇ ਮਿੱਟੀ ਪਾਓ ਅਤੇ ਉਸ ਨੂੰ ਮਾਫ਼ ਕਰ ਦਿਓ।

“ਆਦਮੀ ਦੀ ਡੂੰਘੀ ਸਮਝ ਉਸ ਦੇ ਗੁੱਸੇ ਨੂੰ ਠੰਢਾ ਕਰਦੀ ਹੈ, ਠੇਸ ਲੱਗਣ ਤੇ ਇਸ ਨੂੰ ਨਜ਼ਰਅੰਦਾਜ਼ ਕਰਨਾ ਉਸ ਦੀ ਸ਼ਾਨ ਹੈ।”​—ਕਹਾਉਤਾਂ 19:11.

ਯਹੋਵਾਹ ਦੇ ਗਵਾਹ ਕੀ ਕਰਦੇ ਹਨ?

ਅਸੀਂ ਜਿੱਥੇ ਵੀ ਰਹਿੰਦੇ ਤੇ ਕੰਮ ਕਰਦੇ ਹਾਂ, ਅਸੀਂ ਉੱਥੇ ਸਾਰਿਆਂ ਦਾ ਆਦਰ ਕਰਦੇ ਹਾਂ ਅਤੇ ਇੱਦਾਂ ਅਸੀਂ ਉਨ੍ਹਾਂ ਨੂੰ ਵੀ ਦੂਜਿਆਂ ਦਾ ਆਦਰ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ।

ਅਸੀਂ ਸਾਰਿਆਂ ਨੂੰ ਮੁਫ਼ਤ ਵਿਚ ਬਾਈਬਲ ਤੋਂ ਸਿਖਾਉਂਦੇ ਹਾਂ। ਪਰ ਅਸੀਂ ਲੋਕਾਂ ਨੂੰ ਸਾਡੇ ਵਿਚਾਰਾਂ ਤੇ ਵਿਸ਼ਵਾਸਾਂ ਨੂੰ ਮੰਨਣ ਲਈ ਮਜਬੂਰ ਨਹੀਂ ਕਰਦੇ। ਇਸ ਦੀ ਬਜਾਇ, ਅਸੀਂ ਬਾਈਬਲ ਦਾ ਇਹ ਹੁਕਮ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਦੂਜਿਆਂ ਨੂੰ ਆਪਣਾ ਸੰਦੇਸ਼ “ਨਰਮਾਈ ਅਤੇ ਪੂਰੇ ਆਦਰ ਨਾਲ” ਸੁਣਾਈਏ।​—1 ਪਤਰਸ 3:15; 2 ਤਿਮੋਥਿਉਸ 2:24.

ਅਸੀਂ ਪੱਖਪਾਤ ਨਹੀਂ ਕਰਦੇ। ਅਸੀਂ ਮੰਡਲੀ ਵਿਚ ਹਰ ਪਿਛੋਕੜ ਦੇ ਲੋਕਾਂ ਦਾ ਸੁਆਗਤ ਕਰਦੇ ਹਾਂ ਜੋ ਬਾਈਬਲ ਵਿੱਚੋਂ ਸਿੱਖਣਾ ਚਾਹੁੰਦੇ ਹਨ। ਭਾਵੇਂ ਅਸੀਂ ਲੋਕਾਂ ਦੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਵੀ ਹੁੰਦੇ, ਤਾਂ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ “ਹਰ ਤਰ੍ਹਾਂ ਦੇ ਲੋਕਾਂ ਦਾ ਆਦਰ” ਕਰੀਏ।​—1 ਪਤਰਸ 2:17.

ਅਸੀਂ ਸਰਕਾਰ ਦਾ ਆਦਰ ਕਰਦੇ ਹਾਂ। (ਰੋਮੀਆਂ 13:1) ਅਸੀਂ ਦੇਸ਼ ਦਾ ਕਾਨੂੰਨ ਮੰਨਦੇ ਹਾਂ ਅਤੇ ਟੈਕਸ ਭਰਦੇ ਹਾਂ। ਭਾਵੇਂ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ, ਪਰ ਅਸੀਂ ਰਾਜਨੀਤਿਕ ਮਾਮਲਿਆਂ ਬਾਰੇ ਦੂਜਿਆਂ ਦੇ ਹੱਕਾਂ ਦਾ ਆਦਰ ਕਰਦੇ ਹਾਂ।