ਸਬਕ 4
ਜ਼ਿੰਮੇਵਾਰ ਕਿਵੇਂ ਬਣੀਏ?
ਜ਼ਿੰਮੇਵਾਰ ਬਣਨ ਵਿਚ ਕੀ ਕੁਝ ਸ਼ਾਮਲ ਹੈ?
ਜ਼ਿੰਮੇਵਾਰ ਵਿਅਕਤੀ ਭਰੋਸੇਮੰਦ ਹੁੰਦਾ ਹੈ। ਉਸ ਨੂੰ ਜੋ ਵੀ ਕੰਮ ਮਿਲਦਾ ਹੈ, ਉਹ ਸਮੇਂ ਸਿਰ ਉਸ ਨੂੰ ਪੂਰਾ ਕਰਦਾ ਹੈ।
ਇਕ ਬੱਚਾ ਛੋਟੇ ਹੁੰਦਿਆਂ ਹੀ ਜ਼ਿੰਮੇਵਾਰ ਬਣਨਾ ਸਿੱਖ ਸਕਦਾ ਹੈ। ਇਕ ਕਿਤਾਬ ਕਹਿੰਦੀ ਹੈ ਕਿ “ਜਦੋਂ ਬੱਚਾ 15 ਮਹੀਨਿਆਂ ਦਾ ਹੁੰਦਾ ਹੈ, ਤਾਂ ਉਹ ਆਪਣੇ ਮਾਤਾ-ਪਿਤਾ ਦੇ ਕਹੇ ਮੁਤਾਬਕ ਕੰਮ ਕਰਦਾ ਹੈ। ਪਰ ਜਦੋਂ ਬੱਚਾ 18 ਮਹੀਨਿਆਂ ਦਾ ਹੁੰਦਾ ਹੈ, ਤਾਂ ਉਹ ਆਪਣੇ ਮਾਤਾ-ਪਿਤਾ ਦੀ ਰੀਸ ਕਰਦਿਆਂ ਉਨ੍ਹਾਂ ਵਰਗੇ ਕੰਮ ਕਰਨ ਲੱਗ ਪੈਂਦਾ ਹੈ। ਬਹੁਤ ਸਾਰੇ ਸਭਿਆਚਾਰਾਂ ਵਿਚ ਮਾਪੇ ਪੰਜ ਤੋਂ ਸੱਤ ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਘਰ ਦੇ ਕੰਮਾਂ-ਕਾਰਾਂ ਵਿਚ ਕਿਵੇਂ ਹੱਥ ਵਟਾ ਸਕਦੇ ਹਨ। ਸੋ ਭਾਵੇਂ ਕਿ ਬੱਚੇ ਬਹੁਤ ਛੋਟੇ ਹੁੰਦੇ ਹਨ, ਫਿਰ ਵੀ ਉਹ ਕਾਫ਼ੀ ਸਾਰੇ ਕੰਮ ਕਰ ਸਕਦੇ ਹਨ।”—Parenting Without Borders.
ਜ਼ਿੰਮੇਵਾਰ ਬਣਨਾ ਜ਼ਰੂਰੀ ਕਿਉਂ ਹੈ?
ਕਈ ਥਾਵਾਂ ’ਤੇ ਬਹੁਤ ਸਾਰੇ ਨੌਜਵਾਨ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਬਲਬੂਤੇ ’ਤੇ ਰਹਿਣ ਚਲੇ ਜਾਂਦੇ ਹਨ, ਪਰ ਜਦੋਂ ਉਹ ਕਾਮਯਾਬ ਨਹੀਂ ਹੁੰਦੇ, ਤਾਂ ਉਹ ਦੁਬਾਰਾ ਮਾਪਿਆਂ ਦੇ ਘਰ ਵਾਪਸ ਆ ਜਾਂਦੇ ਹਨ। ਕਈ ਵਾਰ ਇੱਦਾਂ ਇਸ ਲਈ ਹੁੰਦਾ ਹੈ ਕਿਉਂਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੈਸੇ ਦੀ ਸਹੀ ਵਰਤੋਂ ਕਰਨੀ, ਘਰ ਦਾ ਗੁਜ਼ਾਰਾ ਤੋਰਨਾ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਨਹੀਂ ਸਿਖਾਈਆਂ ਹੁੰਦੀਆਂ।
ਇਸ ਕਰਕੇ ਵਧੀਆ ਹੋਵੇਗਾ ਜੇ ਤੁਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਜ਼ਿੰਮੇਵਾਰ ਬਣਨਾ ਸਿਖਾਓ ਤਾਂਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਵੱਡੇ ਹੋ ਕੇ ਜ਼ਿੰਮੇਵਾਰੀ ਕਿਵੇਂ ਚੁੱਕਣੀ ਹੈ। ਇਕ ਕਿਤਾਬ ਕਹਿੰਦੀ ਹੈ: “ਆਪਣੇ ਬੱਚਿਆਂ ਨੂੰ 18 ਸਾਲਾਂ ਤਕ ਆਪਣੇ ’ਤੇ ਨਿਰਭਰ ਰੱਖਣ ਤੋਂ ਬਾਅਦ ਇਕ ਦਮ ਜ਼ਿੰਦਗੀ ਦੀਆਂ ਭਾਰੀ ਜ਼ਿੰਮੇਵਾਰੀਆਂ ਚੁੱਕਣ ਲਈ ਘਰੋਂ ਬਾਹਰ ਭੇਜਣਾ ਸਹੀ ਨਹੀਂ ਹੋਵੇਗਾ।”—How to Raise an Adult.
ਬੱਚਿਆਂ ਨੂੰ ਜ਼ਿੰਮੇਵਾਰ ਬਣਨਾ ਕਿਵੇਂ ਸਿਖਾਈਏ?
ਉਨ੍ਹਾਂ ਤੋਂ ਘਰ ਦੇ ਕੰਮ ਕਰਾਓ।
ਬਾਈਬਲ ਦਾ ਅਸੂਲ: “ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।”—ਕਹਾਉਤਾਂ 14:23, CL.
ਛੋਟੇ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕੰਮ ਵਿਚ ਹੱਥ ਵਟਾਉਣਾ ਬਹੁਤ ਵਧੀਆ ਲੱਗਦਾ। ਤੁਸੀਂ ਇਸ ਗੱਲ ਦਾ ਫ਼ਾਇਦਾ ਉਠਾ ਕੇ ਆਪਣੇ ਬੱਚਿਆਂ ਨੂੰ ਘਰ ਦੇ ਕੰਮ-ਕਾਜ ਵਿਚ ਹੱਥ ਵਟਾਉਣ ਲਈ ਕਹਿ ਸਕਦੇ ਹੋ।
ਪਰ ਕਈ ਮਾਪੇ ਇੱਦਾਂ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਤਾਂ ਪਹਿਲਾਂ ਹੀ ਸਕੂਲ ਤੋਂ ਪਹਾੜ ਜਿੰਨਾ ਕੰਮ ਮਿਲਦਾ ਫਿਰ ਉਨ੍ਹਾਂ ’ਤੇ ਵਾਧੂ ਬੋਝ ਕਿਉਂ ਪਾਈਏ।
ਪਰ ਜਿਹੜੇ ਬੱਚੇ ਘਰ ਦਾ ਕੰਮ-ਕਾਜ ਕਰਦੇ ਹਨ, ਉਹ ਸਕੂਲ ਦਾ ਕੰਮ ਵੀ ਵਧੀਆ ਤਰੀਕੇ ਨਾਲ ਕਰਦੇ ਹਨ ਕਿਉਂਕਿ ਘਰੇ ਕੰਮ ਕਰਨ ਨਾਲ ਉਹ ਸਿੱਖ ਜਾਂਦੇ ਹਨ ਕਿ ਕਿਸੇ ਕੰਮ ਨੂੰ ਸ਼ੁਰੂ ਕਰ ਕੇ ਖ਼ਤਮ ਕਿੱਦਾਂ ਕਰਨਾ ਹੈ। ਇਕ ਕਿਤਾਬ ਕਹਿੰਦੀ ਹੈ: “ਜਦੋਂ ਬੱਚਿਆਂ ਵਿਚ ਛੋਟੇ ਹੁੰਦਿਆਂ ਕੰਮ ਕਰਨ ਦੀ ਤਾਂਘ ਹੁੰਦੀ ਹੈ, ਪਰ ਮਾਪੇ ਉਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ, ਤਾਂ ਬੱਚੇ ਸੋਚਣ ਲੱਗ ਪੈਂਦੇ ਹਨ ਕਿ ਦੂਸਰਿਆਂ ਦੀ ਮਦਦ ਕਰਨੀ ਇੰਨੀ ਜ਼ਰੂਰੀ ਨਹੀਂ ਹੈ . . . ਉਹ ਇਹ ਵੀ ਉਮੀਦ ਰੱਖਣ ਲੱਗ ਪੈਂਦੇ ਹਨ ਕਿ ਦੂਸਰੇ ਉਨ੍ਹਾਂ ਦਾ ਕੰਮ ਕਰਨ।”—Parenting Without Borders.
ਇਸ ਕਿਤਾਬ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕੰਮ ਕਰਨ ਦੀ ਆਦਤ ਪਾਉਣ ਨਾਲ ਬੱਚੇ ਹਰ ਵੇਲੇ ਦੂਜਿਆਂ ਦਾ ਫ਼ਾਇਦਾ ਚੁੱਕਣ ਦੀ ਬਜਾਇ ਆਪ ਉਨ੍ਹਾਂ ਦੀ ਮਦਦ ਕਰਨੀ ਸਿੱਖਣਗੇ। ਘਰ ਦਾ ਕੰਮ ਕਰਨ ਨਾਲ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਪਰਿਵਾਰ ਵਿਚ ਅਹਿਮੀਅਤ ਹੈ ਅਤੇ ਪਰਿਵਾਰ ਪ੍ਰਤੀ ਕੁਝ ਜ਼ਿੰਮੇਵਾਰੀਆਂ ਵੀ ਹਨ।
ਬੱਚਿਆਂ ਨੂੰ ਗ਼ਲਤੀਆਂ ਦੇ ਨਤੀਜੇ ਭੁਗਤਣ ਦਿਓ।
ਬਾਈਬਲ ਦਾ ਅਸੂਲ: “ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ . . . ਬੁੱਧਵਾਨ ਬਣੇਂ।”—ਕਹਾਉਤਾਂ 19:20.
ਜਦੋਂ ਤੁਹਾਡੇ ਬੱਚੇ ਗ਼ਲਤੀਆਂ ਕਰਦੇ ਹਨ, ਜਿਵੇਂ ਅਣਜਾਣੇ ਵਿਚ ਕਿਸੇ ਦੀ ਚੀਜ਼ ਦਾ ਨੁਕਸਾਨ ਕਰ ਦੇਣਾ, ਤਾਂ ਉਨ੍ਹਾਂ ਦੀਆਂ ਗ਼ਲਤੀਆਂ ’ਤੇ ਪਰਦਾ ਨਾ ਪਾਓ। ਬੱਚੇ ਖ਼ੁਦ ਗ਼ਲਤੀਆਂ ਦੇ ਨਤੀਜੇ ਭੁਗਤ ਸਕਦੇ ਹਨ। ਸ਼ਾਇਦ ਇੱਦਾਂ ਦੇ ਮੌਕਿਆਂ ’ਤੇ ਉਹ ਮਾਫ਼ੀ ਮੰਗ ਸਕਦੇ ਹਨ ਜਾਂ ਨੁਕਸਾਨ ਦਾ ਹਰਜਾਨਾ ਭਰ ਸਕਦੇ ਹਨ।
ਗ਼ਲਤੀ ਮੰਨਣ ਅਤੇ ਗ਼ਲਤੀਆਂ ਤੋਂ ਸਿੱਖਣ ਨਾਲ ਬੱਚੇ
-
ਈਮਾਨਦਾਰ ਬਣਦੇ ਹਨ
-
ਦੂਜਿਆਂ ਦੇ ਮੱਥੇ ਦੋਸ਼ ਨਹੀਂ ਮੜ੍ਹਦੇ
-
ਬਹਾਨੇ ਨਹੀਂ ਬਣਾਉਂਦੇ
-
ਦਿਲੋਂ ਮਾਫ਼ੀ ਮੰਗਦੇ ਹਨ