ਸਬਕ 3
ਹਿੰਮਤੀ ਕਿਵੇਂ ਬਣੀਏ?
ਹਿੰਮਤੀ ਬਣਨ ਦਾ ਕੀ ਮਤਲਬ ਹੈ?
ਹਿੰਮਤੀ ਇਨਸਾਨ ਕੁਝ ਬੁਰਾ ਹੋਣ ’ਤੇ ਢੇਰੀ ਨਹੀਂ ਢਾਹ ਲੈਂਦਾ। ਇਹ ਹੁਨਰ ਪੈਦਾਇਸ਼ੀ ਨਹੀਂ, ਸਗੋਂ ਤਜਰਬੇ ਨਾਲ ਪੈਦਾ ਹੁੰਦਾ ਹੈ। ਜਿਵੇਂ ਇਕ ਛੋਟਾ ਬੱਚਾ ਬਿਨਾਂ ਡਿਗੇ ਤੁਰਨਾ ਨਹੀਂ ਸਿੱਖਦਾ, ਉਸੇ ਤਰ੍ਹਾਂ ਤੁਹਾਡਾ ਬੱਚਾ ਨਾਕਾਮ ਹੋਏ ਬਿਨਾਂ ਕਾਮਯਾਬ ਹੋਣਾ ਨਹੀਂ ਸਿੱਖ ਪਾਵੇਗਾ।
ਹਿੰਮਤੀ ਬਣਨਾ ਜ਼ਰੂਰੀ ਕਿਉਂ ਹੈ?
ਕਈ ਬੱਚੇ ਕਿਸੇ ਕੰਮ ਵਿਚ ਅਸਫ਼ਲ ਹੋਣ, ਔਖੇ ਹਾਲਾਤ ਆਉਣ ਜਾਂ ਕਿਸੇ ਵੱਲੋਂ ਗ਼ਲਤੀ ਕੱਢਣ ’ਤੇ ਨਿਰਾਸ਼ ਹੋ ਜਾਂਦੇ ਹਨ। ਕਈ ਤਾਂ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ। ਪਰ ਬੱਚਿਆਂ ਨੂੰ ਇਨ੍ਹਾਂ ਸੱਚਾਈਆਂ ਤੋਂ ਜਾਣੂ ਹੋਣ ਦੀ ਲੋੜ ਹੈ:
-
ਅਸੀਂ ਹਮੇਸ਼ਾ ਹਰ ਕੰਮ ਵਿਚ ਕਾਮਯਾਬ ਨਹੀਂ ਹੋ ਸਕਦੇ।—ਯਾਕੂਬ 3:2.
-
ਹਰ ਕਿਸੇ ’ਤੇ ਬੁਰਾ ਸਮਾਂ ਆਉਂਦਾ ਹੈ।—ਉਪਦੇਸ਼ਕ ਦੀ ਪੋਥੀ 9:11.
-
ਸਿੱਖਣ ਲਈ ਸੁਧਾਰ ਜ਼ਰੂਰੀ ਹੈ।—ਕਹਾਉਤਾਂ 9:9.
ਹਿੰਮਤ ਰੱਖਣ ਨਾਲ ਤੁਹਾਡਾ ਬੱਚਾ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵੇਗਾ।
ਬੱਚਿਆਂ ਨੂੰ ਹਿੰਮਤੀ ਬਣਨਾ ਕਿਵੇਂ ਸਿਖਾਈਏ?
ਜਦੋਂ ਬੱਚਾ ਕਿਸੇ ਕੰਮ ਵਿਚ ਨਾਕਾਮ ਹੋ ਜਾਂਦਾ ਹੈ।
ਬਾਈਬਲ ਦਾ ਅਸੂਲ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।”—ਕਹਾਉਤਾਂ 24:16.
ਬੱਚੇ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਕੋਈ ਸਮੱਸਿਆ ਗੰਭੀਰ ਹੈ ਜਾਂ ਨਹੀਂ। ਮਿਸਾਲ ਲਈ, ਤੁਹਾਡਾ ਬੱਚਾ ਉਦੋਂ ਕੀ ਕਰੇਗਾ ਜਦੋਂ ਉਹ ਸਕੂਲ ਦੇ ਕਿਸੇ ਟੈੱਸਟ ਵਿਚ ਫੇਲ੍ਹ ਹੋ ਜਾਂਦਾ ਹੈ? ਉਹ ਸ਼ਾਇਦ ਨਿਰਾਸ਼ ਹੋ ਕੇ ਕਹੇ: “ਮੇਰੇ ਤੋਂ ਕਦੇ ਕੁਝ ਨਹੀਂ ਹੋਣਾ!”
ਆਪਣੇ ਬੱਚੇ ਨੂੰ ਦੱਸੋ ਕਿ ਉਹ ਅਗਲੀ ਵਾਰ ਹੋਰ ਵਧੀਆ ਕਿਵੇਂ ਕਰ ਸਕਦਾ ਹੈ। ਇਸ ਤਰ੍ਹਾਂ ਉਹ ਹਿੰਮਤ ਹਾਰਨ ਦੀ ਬਜਾਇ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ।
ਨਾਲੇ ਮੁਸ਼ਕਲ ਦਾ ਹੱਲ ਆਪ ਕੱਢਣ ਦੀ ਬਜਾਇ ਬੱਚੇ ਦੀ ਮਦਦ ਕਰੋ ਕਿ ਉਹ ਖ਼ੁਦ ਸੋਚੇ ਕਿ ਮੁਸ਼ਕਲ ਕਿੱਦਾਂ ਹੱਲ ਕਰਨੀ ਹੈ। ਤੁਸੀਂ ਉਸ ਨੂੰ ਪੁੱਛ ਸਕਦੇ ਹੋ: “ਤੂੰ ਇਸ ਵਿਸ਼ੇ ਵਿੱਚੋਂ ਚੰਗੇ ਨੰਬਰ ਲੈਣ ਲਈ ਕੀ ਕਰ ਸਕਦਾ ਹੈ?”
ਜਦੋਂ ਕੋਈ ਮੁਸੀਬਤ ਆਣ ਪਵੇ।
ਬਾਈਬਲ ਦਾ ਅਸੂਲ: “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।”—ਯਾਕੂਬ 4:14.
ਜ਼ਿੰਦਗੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ। ਇਕ ਅਮੀਰ ਵਿਅਕਤੀ ਕੱਲ੍ਹ ਨੂੰ ਗ਼ਰੀਬ ਹੋ ਸਕਦਾ ਤੇ ਇਕ ਤੰਦਰੁਸਤ ਵਿਅਕਤੀ ਕੱਲ੍ਹ ਨੂੰ ਬੀਮਾਰ ਹੋ ਸਕਦਾ। ਬਾਈਬਲ ਕਹਿੰਦੀ ਹੈ: ‘ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜੇ ’ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ। ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।’—ਉਪਦੇਸ਼ਕ 9:11, CL.
ਮਾਪਿਆਂ ਵਜੋਂ ਤੁਸੀਂ ਆਪਣੇ ਬੱਚੇ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਹਰ ਜ਼ਰੂਰੀ ਕਦਮ ਚੁੱਕਦੇ ਹੋ। ਪਰ ਸੱਚ ਤਾਂ ਇਹ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਹਰ ਮੁਸ਼ਕਲ ਤੋਂ ਨਹੀਂ ਬਚਾ ਸਕਦੇ।
ਮਿਸਾਲ ਲਈ, ਦੋਸਤੀ ਟੁੱਟਣ ’ਤੇ ਜਾਂ ਪਰਿਵਾਰ ਵਿਚ ਕਿਸੇ ਮੈਂਬਰ ਦੀ ਮੌਤ ਹੋਣ ’ਤੇ ਸ਼ਾਇਦ ਤੁਹਾਡਾ ਬੱਚਾ ਦੁਖੀ ਹੋਵੇ। ਇਨ੍ਹਾਂ ਹਾਲਾਤਾਂ ਵਿੱਚੋਂ ਲੰਘਣ ਲਈ ਉਸ ਦੀ ਮਦਦ ਕਰੋ। ਇਸ ਤਰ੍ਹਾਂ ਕਰਨ ਨਾਲ ਵੱਡਾ ਹੋਣ ’ਤੇ ਉਹ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੇਗਾ, ਜਿਵੇਂ ਨੌਕਰੀ ਛੁੱਟਣ ’ਤੇ ਜਾਂ ਪੈਸਾ ਦੀ ਤੰਗੀ ਆਉਣ ’ਤੇ। *
ਜਦੋਂ ਬੱਚੇ ਨੂੰ ਸੁਧਾਰਿਆ ਜਾਂਦਾ ਹੈ।
ਬਾਈਬਲ ਦਾ ਅਸੂਲ: “ਸਲਾਹ ਨੂੰ ਸੁਣ . . . ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।”—ਕਹਾਉਤਾਂ 19:20.
ਜਦੋਂ ਕੋਈ ਤੁਹਾਡੇ ਬੱਚੇ ਨੂੰ ਕਿਸੇ ਗੱਲ ਵਿਚ ਸੁਧਾਰਦਾ ਹੈ, ਤਾਂ ਉਸ ਦਾ ਮਕਸਦ ਬੱਚੇ ਨੂੰ ਡਰਾਉਣਾ ਜਾਂ ਦੁਖੀ ਕਰਨ ਦਾ ਨਹੀਂ ਹੁੰਦਾ, ਬਲਕਿ ਉਹ ਤੁਹਾਡੇ ਬੱਚੇ ਦੀ ਮਦਦ ਕਰਨੀ ਚਾਹੁੰਦਾ ਹੈ।
ਜਦੋਂ ਤੁਸੀਂ ਤਾੜਨਾ ਕਬੂਲ ਕਰਨ ਵਿਚ ਆਪਣੇ ਬੱਚੇ ਦੀ ਮਦਦ ਕਰਦੇ ਹੋ, ਤਾਂ ਇਸ ਦਾ ਤੁਹਾਨੂੰ ਦੋਵਾਂ ਨੂੰ ਫ਼ਾਇਦਾ ਹੋਵੇਗਾ। ਜੌਨ ਨਾਂ ਦਾ ਪਿਤਾ ਕਹਿੰਦਾ ਹੈ, “ਜੇ ਤੁਸੀਂ ਆਪਣੇ ਬੱਚੇ ਨੂੰ ਗ਼ਲਤੀਆਂ ਦੇ ਅੰਜਾਮਾਂ ਤੋਂ ਬਚਾਉਂਦੇ ਰਹੋਗੇ, ਤਾਂ ਉਹ ਕਦੀ ਵੀ ਨਹੀਂ ਸਿੱਖੇਗਾ। ਉਹ ਇਕ ਤੋਂ ਬਾਅਦ ਇਕ ਗ਼ਲਤੀ ਕਰੇਗਾ ਤੇ ਤੁਹਾਨੂੰ ਪੂਰੀ ਜ਼ਿੰਦਗੀ ਉਸ ਦੀਆਂ ਗ਼ਲਤੀਆਂ ਨੂੰ ਸੁਧਾਰਨਾ ਪਵੇਗਾ। ਇਸ ਤਰ੍ਹਾਂ ਤੁਹਾਡੀ ਤੇ ਤੁਹਾਡੇ ਬੱਚੇ ਦੀ ਜ਼ਿੰਦਗੀ ਦੁਖਦਾਈ ਹੋ ਜਾਵੇਗੀ।”
ਤੁਸੀਂ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਤਾੜਨਾ ਤੋਂ ਫ਼ਾਇਦਾ ਲੈ ਸਕੇ? ਜਦੋਂ ਤੁਹਾਡੇ ਬੱਚੇ ਨੂੰ ਸਕੂਲ ਵਿਚ ਜਾਂ ਕਿਸੇ ਹੋਰ ਵੱਲੋਂ ਤਾੜਨਾ ਮਿਲਦੀ ਹੈ, ਤਾਂ ਉਸ ਨੂੰ ਇਹ ਨਾ ਕਹੋ ਕਿ ਤੈਨੂੰ ਤਾੜਨਾ ਨਹੀਂ ਮਿਲਣੀ ਚਾਹੀਦੀ ਸੀ। ਇਸ ਦੀ ਬਜਾਇ, ਉਸ ਨੂੰ ਪੁੱਛੋ:
-
“ਤੈਨੂੰ ਕੀ ਲੱਗਦਾ ਕਿ ਤੈਨੂੰ ਕਿਉਂ ਤਾੜਨਾ ਦਿੱਤੀ ਗਈ?”
-
“ਤੂੰ ਆਪਣੇ ਵਿਚ ਸੁਧਾਰ ਕਿਵੇਂ ਕਰ ਸਕਦਾ ਹੈਂ?”
-
“ਅਗਲੀ ਵਾਰ ਅਜਿਹਾ ਹੋਣ ’ਤੇ ਤੂੰ ਕੀ ਕਰੇਂਗਾ?”
ਹਮੇਸ਼ਾ ਯਾਦ ਰੱਖੋ ਕਿ ਤਾੜਨਾ ਕਬੂਲ ਕਰਨ ਨਾਲ ਤੁਹਾਡੇ ਬੱਚੇ ਦਾ ਨਾ ਸਿਰਫ਼ ਹੁਣ, ਸਗੋਂ ਭਵਿੱਖ ਵਿਚ ਵੀ ਭਲਾ ਹੋਵੇਗਾ।
^ ਪੈਰਾ 21 1 ਜੁਲਾਈ 2008 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਮੌਤ ਦੇ ਗਮ ਵਿੱਚੋਂ ਉੱਭਰਨ ਲਈ ਆਪਣੇ ਬੱਚੇ ਦੀ ਮਦਦ ਕਰੋ” ਨਾਂ ਦਾ ਲੇਖ ਦੇਖੋ।