ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੀ ਸੋਚ ’ਤੇ
ਸਾਨੂੰ ਸਾਰਿਆਂ ਨੂੰ ਹਰ ਵੇਲੇ ਨਵੀਆਂ-ਨਵੀਆਂ ਗੱਲਾਂ ਸਿੱਖਣੀਆਂ ਪੈਂਦੀਆਂ ਹਨ, ਜਿਵੇਂ ਸਕੂਲ, ਕੰਮ ਜਾਂ ਘਰ ਦੇ ਕਿਸੇ ਕੰਮ ਲਈ। ਅੱਜ ਸਾਨੂੰ ਜਾਣਕਾਰੀ ਲੈਣ ਲਈ ਕਿਤੇ ਦੂਰ ਨਹੀਂ ਜਾਣਾ ਪੈਂਦਾ, ਅਸੀਂ ਘਰ ਬੈਠੇ ਹੀ ਫ਼ੋਨ ਜਾਂ ਕੰਪਿਊਟਰ ’ਤੇ ਬਹੁਤ ਕੁਝ ਸਿੱਖ ਸਕਦੇ ਹਾਂ।
ਪਰ ਅਕਸਰ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਤਕਨਾਲੋਜੀ ਦੀ ਹੱਦੋਂ ਵੱਧ ਵਰਤੋਂ ਕਰਦੇ ਹਨ, ਉਹ . . .
-
ਧਿਆਨ ਲਾ ਕੇ ਨਹੀਂ ਪੜ੍ਹ ਪਾਉਂਦੇ।
-
ਇਕ ਕੰਮ ’ਤੇ ਧਿਆਨ ਨਹੀਂ ਲਾ ਪਾਉਂਦੇ, ਉਨ੍ਹਾਂ ਦਾ ਧਿਆਨ ਸੌਖਿਆਂ ਹੀ ਭਟਕ ਜਾਂਦਾ ਹੈ।
-
ਇਕੱਲੇ ਹੁੰਦਿਆਂ ਝੱਟ ਬੋਰ ਹੋ ਜਾਂਦੇ ਹਨ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਪੜ੍ਹਨਾ
ਜਿਹੜੇ ਲੋਕ ਫ਼ੋਨ ਜਾਂ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਕੋਈ ਲੇਖ ਜਾਂ ਕਿਤਾਬ ਪੂਰੀ ਨਹੀਂ ਪੜ੍ਹਦੇ। ਉਹ ਬੱਸ ਸਰਸਰੀ ਨਜ਼ਰ ਮਾਰਦੇ ਹਨ।
ਸਰਸਰੀ ਨਜ਼ਰ ਮਾਰਨ ਨਾਲ ਸਾਨੂੰ ਆਪਣੇ ਕਿਸੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ਪਰ ਕਿਸੇ ਵਿਸ਼ੇ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਧਿਆਨ ਨਾਲ ਪੜ੍ਹਨ ਦੀ ਲੋੜ ਹੈ।
ਜ਼ਰਾ ਸੋਚੋ: ਜੇ ਲੇਖ ਬਹੁਤ ਵੱਡਾ ਹੈ, ਤਾਂ ਕੀ ਤੁਸੀਂ ਆਰਾਮ ਨਾਲ ਪੜ੍ਹਦੇ ਹੋ ਜਾਂ ਕਾਹਲੀ-ਕਾਹਲੀ? ਜੇ ਤੁਸੀਂ ਧਿਆਨ ਨਾਲ ਪੜ੍ਹੋ, ਤਾਂ ਤੁਸੀਂ ਕਿਹੜੀਆਂ ਨਵੀਆਂ-ਨਵੀਆਂ ਗੱਲਾਂ ਸਿੱਖ ਸਕਦੇ ਹੋ?—ਕਹਾਉਤਾਂ 18:15.
ਧਿਆਨ ਲਾਉਣਾ
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਤਕਨਾਲੋਜੀ ਦੀ ਮਦਦ ਨਾਲ ਉਹ ਇਕ ਸਮੇਂ ’ਤੇ ਦੋ ਕੰਮ ਕਰ ਸਕਦੇ ਹਨ, ਜਿਵੇਂ ਪੜ੍ਹਦੇ ਵੇਲੇ ਉਹ ਆਪਣੇ ਦੋਸਤਾਂ ਨੂੰ ਮੈਸਿਜ ਵੀ ਕਰ ਸਕਦੇ ਹਨ। ਪਰ ਜਦੋਂ ਉਹ ਆਪਣਾ ਧਿਆਨ ਦੋ ਕੰਮਾਂ ’ਤੇ ਲਾਉਂਦੇ ਹਨ, ਤਾਂ ਉਹ ਸ਼ਾਇਦ ਕੋਈ ਵੀ ਕੰਮ ਸਹੀ ਨਾ ਕਰ ਸਕਣ। ਖ਼ਾਸ ਕਰਕੇ ਜੇ ਦੋਵਾਂ ਕੰਮਾਂ ’ਤੇ ਧਿਆਨ ਲਾਉਣ ਦੀ ਲੋੜ ਹੋਵੇ।
ਧਿਆਨ ਲਾਉਣਾ ਔਖਾ ਹੁੰਦਾ ਹੈ। ਪਰ ਇੱਦਾਂ ਕਰਨ ਦੇ ਫ਼ਾਇਦੇ ਹੁੰਦੇ ਹਨ। ਗ੍ਰੇਸ ਕਹਿੰਦੀ ਹੈ: “ਅਸੀਂ ਘੱਟ ਗ਼ਲਤੀਆਂ ਕਰਾਂਗੇ ਤੇ ਸਾਨੂੰ ਪਰੇਸ਼ਾਨੀ ਵੀ ਘੱਟ ਹੋਵੇਗੀ। ਮੈਂ ਸਿੱਖਿਆ ਹੈ ਕਿ ਇਕ ਸਮੇਂ ’ਤੇ ਜ਼ਿਆਦਾ ਕੰਮ ਕਰਨ ਨਾਲ ਸਾਡਾ ਧਿਆਨ ਭਟਕ ਸਕਦਾ ਹੈ। ਇਸ ਲਈ ਇਕ ਸਮੇਂ ’ਤੇ ਇਕ ਕੰਮ ਕਰਨਾ ਹੀ ਵਧੀਆ ਹੈ।”
ਜ਼ਰਾ ਸੋਚੋ: ਜਦੋਂ ਤੁਸੀਂ ਪੜ੍ਹਾਈ ਕਰਨ ਦੇ ਨਾਲ-ਨਾਲ ਹੋਰ ਕੰਮ ਵੀ ਕਰਦੇ ਹੋ, ਤਾਂ ਤੁਹਾਨੂੰ ਪੜ੍ਹੀਆਂ ਗੱਲਾਂ ਨੂੰ ਸਮਝਣ ਤੇ ਯਾਦ ਰੱਖਣ ਵਿਚ ਮੁਸ਼ਕਲ ਕਿਉਂ ਆਉਂਦੀ ਹੈ?—ਕਹਾਉਤਾਂ 17:24.
ਇਕੱਲਾਪਣ
ਕੁਝ ਲੋਕਾਂ ਨੂੰ ਇਕੱਲੇ ਰਹਿਣਾ ਪਸੰਦ ਨਹੀਂ ਹੈ। ਇਸ ਲਈ ਉਹ ਜਦੋਂ ਵੀ ਇਕੱਲੇ ਹੁੰਦੇ ਹਨ, ਉਹ ਆਪਣੇ ਫ਼ੋਨ, ਟੈਬਲੇਟ ਵਗੈਰਾ ’ਤੇ ਲੱਗ ਜਾਂਦੇ ਹਨ। ਓਲੀਵੀਆ ਕਹਿੰਦੀ ਹੈ: “ਮੇਰੇ ਤੋਂ ਤਾਂ 15 ਮਿੰਟ ਵੀ ਇਕੱਲੇ ਨਹੀਂ ਰਹਿ ਹੁੰਦਾ। ਮੈਂ ਤਾਂ ਆਪਣਾ ਫ਼ੋਨ, ਟੈਬਲੇਟ ਜਾਂ ਟੀ.ਵੀ ਦੇਖਣ ਲੱਗ ਜਾਂਦੀ ਹਾਂ।”
ਪਰ ਸੱਚ ਤਾਂ ਇਹ ਹੈ ਕਿ ਚਾਹੇ ਅਸੀਂ ਨੌਜਵਾਨ ਹੋਈਏ ਜਾਂ ਸਿਆਣੀ ਉਮਰ ਦੇ, ਪਰ ਜਦੋਂ ਅਸੀਂ ਇਕੱਲੇ ਹੁੰਦੇ ਹਾਂ, ਤਾਂ ਅਸੀਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ।
ਜ਼ਰਾ ਸੋਚੋ: ਕੀ ਇਕੱਲਿਆਂ ਹੁੰਦਿਆਂ ਤੁਸੀਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਹੋ?—1 ਤਿਮੋਥਿਉਸ 4:15.
ਤੁਸੀਂ ਕੀ ਕਰ ਸਕਦੇ ਹੋ?
ਸੋਚੋ ਕਿ ਤੁਸੀਂ ਤਕਨਾਲੋਜੀ ਨੂੰ ਕਿਵੇਂ ਵਰਤਦੇ ਹੋ
ਤੁਸੀਂ ਫ਼ੋਨ, ਕੰਪਿਊਟਰ ਵਗੈਰਾ ਰਾਹੀਂ ਨਵੀਆਂ ਗੱਲਾਂ ਕਿਵੇਂ ਸਿੱਖ ਸਕਦੇ ਹੋ? ਤਕਨਾਲੋਜੀ ਧਿਆਨ ਲਾਉਣ ਅਤੇ ਸਿੱਖਣ ਦੇ ਰਾਹ ਵਿਚ ਕਿਵੇਂ ਰੁਕਾਵਟ ਬਣ ਸਕਦੀ ਹੈ?
ਬਾਈਬਲ ਦਾ ਅਸੂਲ: “ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ।”—ਕਹਾਉਤਾਂ 3:21.