Skip to content

Skip to table of contents

ਮੁੱਖ ਪੰਨੇ ਤੋਂ | ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

1 ਸਹੀ ਨਜ਼ਰੀਆ ਰੱਖੋ

1 ਸਹੀ ਨਜ਼ਰੀਆ ਰੱਖੋ

ਸ਼ਾਇਦ ਤੁਸੀਂ ਸੋਚੋ ਕਿ ਤੁਸੀਂ ਸਾਰਾ ਕੁਝ ਰਾਤੋ-ਰਾਤ ਬਦਲ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ, ‘ਇਸ ਹਫ਼ਤੇ ਮੈਂ ਸਿਗਰਟ ਪੀਣੀ, ਗਾਲ਼ਾਂ ਕੱਢਣੀਆਂ ਤੇ ਦੇਰ ਰਾਤ ਤਕ ਜਾਗਣਾ ਛੱਡ ਦੇਵਾਂਗਾ ਅਤੇ ਕਸਰਤ ਕਰਨੀ, ਵਧੀਆ ਖਾਣਾ-ਪੀਣਾ ਅਤੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਫ਼ੋਨ ਕਰਨਾ ਸ਼ੁਰੂ ਕਰਾਂਗਾ।’ ਇੱਕੋ ਸਮੇਂ ਤੇ ਸਾਰੇ ਟੀਚਿਆਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਨਾਲ ਤੁਹਾਡਾ ਕੋਈ ਵੀ ਟੀਚਾ ਪੂਰਾ ਨਹੀਂ ਹੋਵੇਗਾ!

ਬਾਈਬਲ ਦਾ ਅਸੂਲ: ‘ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।’ਕਹਾਉਤਾਂ 11:2, CL.

ਨਿਮਰ ਇਨਸਾਨ ਸਹੀ ਨਜ਼ਰੀਆ ਰੱਖਦਾ ਹੈ। ਉਸ ਨੂੰ ਪਤਾ ਹੁੰਦਾ ਕਿ ਉਸ ਕੋਲ ਕਿੰਨਾ ਸਮਾਂ, ਤਾਕਤ ਅਤੇ ਚੀਜ਼ਾਂ ਹਨ। ਰਾਤੋ-ਰਾਤ ਸਭ ਕੁਝ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਇ ਉਹ ਹੌਲੀ-ਹੌਲੀ ਸੁਧਾਰ ਕਰਦਾ ਹੈ।

ਇੱਕੋ ਸਮੇਂ ਤੇ ਸਾਰੇ ਟੀਚਿਆਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਨਾਲ ਤੁਹਾਡਾ ਕੋਈ ਵੀ ਟੀਚਾ ਪੂਰਾ ਨਹੀਂ ਹੋਵੇਗਾ!

ਤੁਸੀਂ ਕੀ ਕਰ ਸਕਦੇ ਹੋ

ਇਕ ਸਮੇਂ ਤੇ ਸਿਰਫ਼ ਇਕ-ਦੋ ਆਦਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਥੱਲੇ ਦੱਸੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ:

  1. ਦੋ ‘ਲਿਸਟਾਂ’ ਬਣਾਓ। ਇਕ ਵਿਚ ਲਿਖੋ ਕਿ ਤੁਸੀਂ ਕਿਹੜੀਆਂ ਚੰਗੀਆਂ ਆਦਤਾਂ ਪਾਉਣੀਆਂ ਚਾਹੁੰਦੇ ਹੋ, ਤੇ ਦੂਜੀ ਵਿਚ ਬੁਰੀਆਂ ਆਦਤਾਂ ਲਿਖੋ ਜਿਨ੍ਹਾਂ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਇਕ-ਦੋ ਆਦਤਾਂ ਲਿਖ ਕੇ ਹੀ ਨਾ ਬੈਠ ਜਾਓ, ਸਗੋਂ ਜਿੰਨੀਆਂ ਤੁਸੀਂ ਲਿਖ ਸਕਦੇ ਹੋ ਲਿਖੋ।

  2. ਲਿਸਟ ਵਿਚ ਤਰਤੀਬਵਾਰ ਲਿਖੋ ਕਿ ਤੁਸੀਂ ਕਿਹੜੀਆਂ ਆਦਤਾਂ ਪਾਉਣੀਆਂ ਚਾਹੁੰਦੇ ਹੋ ਤੇ ਕਿਹੜੀਆਂ ਛੱਡਣੀਆਂ ਚਾਹੁੰਦੇ ਹੋ।

  3. ਹਰ ਲਿਸਟ ਵਿੱਚੋਂ ਸ਼ਾਇਦ ਇਕ ਜਾਂ ਦੋ ਆਦਤਾਂ ਚੁਣੋ ਤੇ ਉਨ੍ਹਾਂ ਨੂੰ ਅਪਣਾਉਣ ਜਾਂ ਛੱਡਣ ਦੀ ਕੋਸ਼ਿਸ਼ ਕਰੋ। ਫਿਰ ਲਿਸਟਾਂ ਵਿਚਲੀਆਂ ਅਗਲੀਆਂ ਇਕ-ਦੋ ਆਦਤਾਂ ਵਿਚ ਸੁਧਾਰ ਕਰੋ।

ਬੁਰੀ ਆਦਤ ਦੀ ਜਗ੍ਹਾ ਚੰਗੀ ਆਦਤ ਅਪਣਾ ਕੇ ਫਟਾਫਟ ਬਦਲਾਅ ਕਰੋ। ਮਿਸਾਲ ਲਈ, ਜੇ ਤੁਹਾਡੀ ਬੁਰੀਆਂ ਆਦਤਾਂ ਵਾਲੀ ਲਿਸਟ ਵਿਚ ਇਕ ਆਦਤ ਹੈ ਕਿ ਤੁਸੀਂ ਬਹੁਤ ਜ਼ਿਆਦਾ ਟੀ. ਵੀ. ਦੇਖਦੇ ਹੋ ਅਤੇ ਚੰਗੀਆਂ ਆਦਤਾਂ ਵਾਲੀ ਲਿਸਟ ਵਿਚ ਇਕ ਆਦਤ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਬਾਤ ਕਰੋਗੇ, ਤਾਂ ਤੁਸੀਂ ਇਹ ਟੀਚਾ ਰੱਖ ਸਕਦੇ ਹੋ: ‘ਹਰ ਰੋਜ਼ ਕੰਮ ਤੋਂ ਘਰ ਆ ਕੇ ਮੈਂ ਇਕਦਮ ਟੀ. ਵੀ. ਲਾਉਣ ਦੀ ਬਜਾਇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨਾਲ ਗੱਲ ਕਰਾਂਗਾ।’