ਬਾਈਬਲ ਕੀ ਕਹਿੰਦੀ ਹੈ
ਨਿਹਚਾ
ਕਈ ਲੋਕ ਧਰਮੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉਹ “ਨਿਹਚਾ” ਦਾ ਮਤਲਬ ਸਮਝਣ ਲਈ ਜੱਦੋ-ਜਹਿਦ ਕਰਦੇ ਹਨ। ਨਿਹਚਾ ਕੀ ਹੈ ਅਤੇ ਨਿਹਚਾ ਕਰਨੀ ਜ਼ਰੂਰੀ ਕਿਉਂ ਹੈ?
ਨਿਹਚਾ ਕੀ ਹੈ?
ਕੁਝ ਲੋਕ ਕੀ ਕਹਿੰਦੇ ਹਨ
ਕਈ ਲੋਕ ਸੋਚਦੇ ਹਨ ਕਿ ਨਿਹਚਾ ਕਰਨ ਵਾਲਾ ਇਨਸਾਨ ਬਿਨਾਂ ਕਿਸੇ ਸਬੂਤ ਦੇ ਵਿਸ਼ਵਾਸ ਕਰ ਲੈਂਦਾ ਹੈ। ਮਿਸਾਲ ਲਈ, ਮੰਨ ਲਓ ਕਿ ਇਕ ਧਰਮੀ ਇਨਸਾਨ ਕਹਿੰਦਾ ਹੈ: “ਮੈਂ ਰੱਬ ’ਤੇ ਵਿਸ਼ਵਾਸ ਕਰਦਾ ਹਾਂ।” ਜੇ ਉਸ ਇਨਸਾਨ ਨੂੰ ਪੁੱਛਿਆ ਜਾਵੇ ਕਿ “ਤੁਸੀਂ ਰੱਬ ’ਤੇ ਕਿਉਂ ਵਿਸ਼ਵਾਸ ਕਰਦੇ ਹੋ?,” ਤਾਂ ਉਹ ਸ਼ਾਇਦ ਕਹੇ: “ਮੇਰੀ ਤਾਂ ਪਰਵਰਿਸ਼ ਹੀ ਇਸ ਤਰ੍ਹਾਂ ਹੋਈ ਹੈ” ਜਾਂ “ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਹੈ।” ਇਨ੍ਹਾਂ ਗੱਲਾਂ ਕਰਕੇ ਸ਼ਾਇਦ ਸਾਨੂੰ ਲੱਗੇ ਕਿ ਨਿਹਚਾ ਕਰਨ ਅਤੇ ਭੋਲੇਪਣ ਵਿਚ ਜ਼ਿਆਦਾ ਫ਼ਰਕ ਨਹੀਂ ਹੈ।
ਬਾਈਬਲ ਕੀ ਕਹਿੰਦੀ ਹੈ
“ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ’ਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।” (ਇਬਰਾਨੀਆਂ 11:1) ਇਕ ਇਨਸਾਨ ਕੋਲ ਕਿਸੇ ਗੱਲ ’ਤੇ ਪੱਕਾ ਭਰੋਸਾ ਕਰਨ ਦੇ ਠੋਸ ਕਾਰਨ ਹੋਣੇ ਚਾਹੀਦੇ ਹਨ। ਦਰਅਸਲ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪੱਕਾ ਭਰੋਸਾ” ਕੀਤਾ ਗਿਆ ਹੈ, ਉਸ ਦਾ ਮਤਲਬ ਸਿਰਫ਼ ਇਕ ਭਾਵਨਾ ਜਾਂ ਕਲਪਨਾ ਨਹੀਂ ਹੈ। ਇਸ ਲਈ ਨਿਹਚਾ ਦਾ ਮਤਲਬ ਹੈ ਕਿਸੇ ਗੱਲ ’ਤੇ ਪੱਕਾ ਯਕੀਨ ਹੋਣਾ ਜੋ ਸਬੂਤ ਦੇ ਆਧਾਰ ’ਤੇ ਹੁੰਦਾ ਹੈ।
“ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ।”
—ਰੋਮੀਆਂ 1:20.
ਨਿਹਚਾ ਪੈਦਾ ਕਰਨੀ ਜ਼ਰੂਰੀ ਕਿਉਂ ਹੈ?
ਬਾਈਬਲ ਕੀ ਕਹਿੰਦੀ ਹੈ
“ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਰੱਬ ’ਤੇ ਸਿਰਫ਼ ਇਸ ਲਈ ਯਕੀਨ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਕਰਨਾ ਸਿਖਾਇਆ ਗਿਆ ਸੀ। ਉਹ ਸ਼ਾਇਦ ਕਹਿੰਦੇ ਹਨ: ‘ਮੇਰੀ ਤਾਂ ਪਰਵਰਿਸ਼ ਹੀ ਇਸ ਤਰ੍ਹਾਂ ਹੋਈ ਹੈ।’ ਪਰ ਰੱਬ ਚਾਹੁੰਦਾ ਹੈ ਕਿ ਜਿਹੜੇ ਲੋਕ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ ਇਹ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਰੱਬ ਹੋਂਦ ਵਿਚ ਹੈ ਅਤੇ ਉਹ ਪਿਆਰ ਕਰਦਾ ਹੈ। ਇਕ ਕਾਰਨ ਇਹ ਹੈ ਕਿ ਬਾਈਬਲ ਕਿਉਂ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਰੱਬ ਨੂੰ ਜਾਣਨ ਦੀ ਲੋੜ ਹੈ ਤਾਂਕਿ ਅਸੀਂ ਉਸ ਦੀ ਭਗਤੀ ਜੀ-ਜਾਨ ਲਾ ਕੇ ਕਰ ਸਕੀਏ।
“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”
—ਯਾਕੂਬ 4:8.
ਤੁਸੀਂ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ?
ਬਾਈਬਲ ਕੀ ਕਹਿੰਦੀ ਹੈ
“ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ।” (ਰੋਮੀਆਂ 10:17) ਇਸ ਲਈ ਰੱਬ ’ਤੇ ਨਿਹਚਾ ਕਰਨ ਦਾ ਪਹਿਲਾ ਕਦਮ ਹੈ ਕਿ ਬਾਈਬਲ ਰੱਬ ਬਾਰੇ ਜੋ ਸਿਖਾਉਂਦੀ ਹੈ ਉਸ ਨੂੰ ‘ਸੁਣਨਾ।’ (2 ਤਿਮੋਥਿਉਸ 3:16) ਬਾਈਬਲ ਦੀ ਸਟੱਡੀ ਕਰਨ ਨਾਲ ਤੁਹਾਨੂੰ ਜ਼ਰੂਰੀ ਸਵਾਲਾਂ ਦੇ ਸਹੀ ਜਵਾਬ ਜਾਣਨ ਵਿਚ ਮਦਦ ਮਿਲੇਗੀ ਜਿਵੇਂ ਕਿ ਰੱਬ ਕੌਣ ਹੈ? ਰੱਬ ਦੀ ਹੋਂਦ ਦਾ ਕੀ ਸਬੂਤ ਹੈ? ਕੀ ਰੱਬ ਸੱਚੀਂ ਮੇਰੀ ਪਰਵਾਹ ਕਰਦਾ ਹੈ? ਭਵਿੱਖ ਲਈ ਰੱਬ ਦਾ ਕੀ ਮਕਸਦ ਹੈ?
ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਦੀ ਸਟੱਡੀ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ। ਜਿਵੇਂ ਕਿ ਸਾਡੀ ਵੈੱਬਸਾਈਟ jw.org ’ਤੇ ਦੱਸਿਆ ਗਿਆ ਹੈ: “ਯਹੋਵਾਹ ਦੇ ਗਵਾਹ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਸਮਝਦੇ ਹਨ, ਪਰ ਅਸੀਂ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿਚ ਨਹੀਂ ਲਿਆਉਂਦੇ। ਸਾਡਾ ਮਕਸਦ ਬਸ ਇਹ ਹੈ ਕਿ ਅਸੀਂ ਲੋਕਾਂ ਨੂੰ ਬਾਈਬਲ ਦੀ ਸਹੀ ਸਿੱਖਿਆ ਦੇਈਏ, ਪਰ ਲੋਕਾਂ ਨੇ ਖ਼ੁਦ ਇਹ ਫ਼ੈਸਲਾ ਕਰਨਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਮੰਨਣਗੇ ਜਾਂ ਨਹੀਂ।”
ਮੁਕਦੀ ਗੱਲ ਇਹ ਹੈ ਕਿ ਤੁਹਾਡੀ ਨਿਹਚਾ ਸਬੂਤ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਜੋ ਸਬੂਤ ਤੁਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਦੀ ਜਾਂਚ ਕਰ ਕੇ ਦੇਖੋਗੇ। ਇਸ ਤਰੀਕੇ ਨਾਲ ਤੁਸੀਂ ਪਹਿਲੀ ਸਦੀ ਦੇ ਮਸੀਹੀਆਂ ਦੀ ਮਿਸਾਲ ’ਤੇ ਚੱਲ ਰਹੇ ਹੋਵੋਗੇ ਜਿਨ੍ਹਾਂ ਨੇ “ਪਰਮੇਸ਼ੁਰ ਦੇ ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ ਲਿਆ ਸੀ ਅਤੇ ਉਹ ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ ਦੇਖਦੇ ਸਨ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਸਨ, ਉਹ ਗੱਲਾਂ ਸੱਚ ਵੀ ਸਨ ਜਾਂ ਨਹੀਂ।”—ਰਸੂਲਾਂ ਦੇ ਕੰਮ 17:11. ▪ (g16-E No. 3)
“ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”
—ਯੂਹੰਨਾ 17:3.