ਕਮਾਲ ਦਾ ਸਮੁੰਦਰੀ ਪੰਛੀ
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸਮੁੰਦਰੀ ਪੰਛੀ ਆਰਕਟਿਕ ਤੋਂ ਐਂਟਾਰਕਟਿਕਾ ਮਹਾਂਦੀਪ ਤਕ ਜਾਣ ਅਤੇ ਫਿਰ ਵਾਪਸ ਆਉਣ ਲਈ 35,200 ਕਿਲੋਮੀਟਰ (22,000 ਮੀਲ) ਸਫ਼ਰ ਤੈਅ ਕਰਦੇ ਹਨ। ਪਰ ਹਾਲ ਹੀ ਦੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਹ ਪੰਛੀ ਇਸ ਤੋਂ ਵੀ ਕਿਤੇ ਜ਼ਿਆਦਾ ਲੰਬੀ ਦੂਰੀ ਤੈਅ ਕਰਦੇ ਹਨ।
ਕਈ ਪੰਛੀਆਂ ਦੇ ਜਿਓਲੋਕੇਟਰ ਨਾਂ ਦੀ ਇਕ ਛੋਟੀ ਜਿਹੀ ਮਸ਼ੀਨ ਲਾਈ ਗਈ। ਇਸ ਦਾ ਭਾਰ ਲਗਭਗ ਪੈੱਨ ਦੇ ਖੋਲ ਜਿੰਨਾ ਹੁੰਦਾ ਹੈ। ਇਨ੍ਹਾਂ ਮਸ਼ੀਨਾਂ ਰਾਹੀਂ ਪਤਾ ਲੱਗਾ ਹੈ ਕਿ ਕੁਝ ਸਮੁੰਦਰੀ ਪੰਛੀ ਆਉਣ-ਜਾਣ ਲਈ ਲਗਭਗ 90,000 ਕਿਲੋਮੀਟਰ (56,000 ਮੀਲ) ਦੀ ਦੂਰੀ ਤੈਅ ਕਰਦੇ ਹਨ। ਇਹ ਪੰਛੀ ਸਭ ਤੋਂ ਜ਼ਿਆਦਾ ਸਫ਼ਰ ਕਰਦੇ ਹਨ। ਇਕ ਪੰਛੀ ਲਗਭਗ 96,000 ਕਿਲੋਮੀਟਰ (60,000 ਮੀਲ) ਉੱਡਦਾ ਹੈ! ਦੂਰੀ ਦਾ ਅੰਦਾਜ਼ਾ ਦੁਬਾਰਾ ਕਿਉਂ ਲਾਇਆ ਗਿਆ?
ਚਾਹੇ ਸਮੁੰਦਰੀ ਪੰਛੀ ਜਿੱਥੋਂ ਮਰਜ਼ੀ ਆਪਣਾ ਸਫ਼ਰ ਸ਼ੁਰੂ ਕਰਨ, ਪਰ ਇਹ ਸਿੱਧੇ ਰਾਹ ਥਾਣੀਂ ਨਹੀਂ ਆਉਂਦੇ। ਜਿੱਦਾਂ ਤਸਵੀਰ ਵਿਚ ਦਿਖਾਇਆ ਗਿਆ ਹੈ, ਅੰਧ ਮਹਾਂਸਾਗਰ ਦਾ ਸਫ਼ਰ ਤੈਅ ਕਰਦਿਆਂ ਐੱਸ (S) ਆਕਾਰ ਬਣਦਾ ਹੈ। ਕਿਉਂ? ਪੰਛੀ ਵਗਦੀ ਹਵਾ ਦਾ ਫ਼ਾਇਦਾ ਉਠਾਉਂਦੇ ਹਨ।
ਇਹ ਸਮੁੰਦਰੀ ਪੰਛੀ ਲਗਭਗ 30 ਸਾਲਾਂ ਦੀ ਉਮਰ ਦੌਰਾਨ 24 ਲੱਖ ਕਿਲੋਮੀਟਰ (15 ਲੱਖ ਮੀਲ) ਤੋਂ ਜ਼ਿਆਦਾ ਸਫ਼ਰ ਤੈਅ ਕਰਦੇ ਹਨ। ਇਹ ਤਿੰਨ-ਚਾਰ ਵਾਰ ਚੰਦ ’ਤੇ ਆਉਣ-ਜਾਣ ਦੇ ਬਰਾਬਰ ਹੈ। ਇਕ ਖੋਜਕਾਰ ਨੇ ਕਿਹਾ: “ਇਸ ਪੰਛੀ ਦਾ ਭਾਰ 100 ਗ੍ਰਾਮ [3.5 ਔਂਸ] ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ, ਪਰ ਇਹ ਜੋ ਸਫ਼ਰ ਕਰਦਾ ਹੈ, ਉਹ ਚਕਰਾ ਦੇਣ ਵਾਲਾ ਹੈ।” ਇਸ ਤੋਂ ਇਲਾਵਾ, ਇਕ ਕਿਤਾਬ ਦੱਸਦੀ ਹੈ ਕਿ ਇਹ ਪੰਛੀ ਦੋ ਧਰੁਵਾਂ ’ਤੇ ਗਰਮੀਆਂ ਦਾ ਆਨੰਦ ਲੈਂਦੇ ਹਨ। ਇਸ ਕਰਕੇ ਇਹ ਪੰਛੀ “ਹਰ ਸਾਲ ਹੋਰ ਕਿਸੇ ਵੀ ਜੀਵ ਨਾਲੋਂ ਜ਼ਿਆਦਾ ਰੌਸ਼ਨੀ ਦੇਖਦੇ ਹਨ।”