ਚੰਗੀਆਂ-ਮਾੜੀਆਂ ਭਾਵਨਾਵਾਂ
ਬਾਈਬਲ ਉਨ੍ਹਾਂ ਭਾਵਨਾਵਾਂ ਬਾਰੇ ਚੇਤਾਵਨੀ ਦਿੰਦੀ ਹੈ ਜਿਨ੍ਹਾਂ ਨਾਲ ਸਾਡਾ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਭਾਵਨਾਵਾਂ ਨੂੰ ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ ਜੋ ਸਾਡੇ ਫ਼ਾਇਦੇ ਲਈ ਹਨ।
ਗੁੱਸਾ
ਬਾਈਬਲ ਦਾ ਅਸੂਲ: “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ . . . ਚੰਗਾ ਹੈ।”—ਕਹਾਉਤਾਂ 16:32.
ਇਸ ਦਾ ਕੀ ਮਤਲਬ ਹੈ? ਜਦੋਂ ਅਸੀਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾਉਣਾ ਸਿੱਖਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ। ਕਦੀ-ਕਦਾਈਂ ਕੁਝ ਹੱਦ ਤਕ ਗੁੱਸਾ ਕਰਨਾ ਠੀਕ ਹੋ ਸਕਦਾ ਹੈ, ਪਰ ਗੁੱਸੇ ’ਤੇ ਕਾਬੂ ਨਾ ਪਾਉਣ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਕੁਝ ਖੋਜਕਾਰ ਦੱਸਦੇ ਹਨ ਕਿ ਗੁੱਸਾ ਚੜ੍ਹਨ ’ਤੇ ਅਕਸਰ ਲੋਕ ਇਸ ਤਰ੍ਹਾਂ ਦਾ ਕੁਝ ਕਹਿ ਜਾਂ ਕਰ ਦਿੰਦੇ ਹਨ ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ।
ਤੁਸੀਂ ਕੀ ਕਰ ਸਕਦੇ ਹੋ? ਗੁੱਸੇ ’ਤੇ ਕਾਬੂ ਪਾਉਣਾ ਸਿੱਖੋ, ਇਸ ਤੋਂ ਪਹਿਲਾਂ ਕਿ ਗੁੱਸਾ ਤੁਹਾਨੂੰ ਕਾਬੂ ਕਰ ਲਵੇ। ਚਾਹੇ ਕੁਝ ਲੋਕ ਸੋਚਦੇ ਹਨ ਕਿ ਬੇਕਾਬੂ ਗੁੱਸਾ ਤਾਕਤ ਦੀ ਨਿਸ਼ਾਨੀ ਹੈ, ਪਰ ਸਾਡੇ ਲਈ ਇਹ ਪਛਾਣਨਾ ਸਮਝਦਾਰੀ ਦੀ ਗੱਲ ਹੈ ਕਿ ਬੇਕਾਬੂ ਗੁੱਸਾ ਅਸਲ ਵਿਚ ਕਮਜ਼ੋਰੀ ਦੀ ਨਿਸ਼ਾਨੀ ਹੈ। ਬਾਈਬਲ ਕਹਿੰਦੀ ਹੈ, “ਜੋ ਮਨੁੱਖ ਆਪਣੇ ਗੁਸੇ ਉਤੇ ਕਾਬੂ ਨਹੀਂ ਕਰ ਸਕਦਾ, ਉਹ ਉਸ ਨਗਰ ਵਰਗਾ ਹੈ, ਜਿਸ ਦੀ ਚਾਰ ਦੀਵਾਰੀ ਟੁੱਟੀ ਹੋਵੇ।” (ਕਹਾਉਤਾਂ 25:28, CL) ਆਪਣੇ ਗੁੱਸੇ ’ਤੇ ਕਾਬੂ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਕੁਝ ਕਹਿਣ ਜਾਂ ਕਰਨ ਤੋਂ ਪਹਿਲਾਂ ਪੂਰੀ ਗੱਲ ਜਾਣੀਏ। “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ।” (ਕਹਾਉਤਾਂ 19:11) ਸਾਨੂੰ ਕਿਸੇ ਵੀ ਮਾਮਲੇ ਬਾਰੇ ਦੋਨੋਂ ਪਾਸੇ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਜਿਸ ਕਰਕੇ ਸਾਨੂੰ ਸਮਝ ਆਵੇਗੀ। ਸਮਝ ਹੋਣ ਕਰਕੇ ਅਸੀਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾ ਸਕਾਂਗੇ।
ਸ਼ੁਕਰਗੁਜ਼ਾਰੀ
ਬਾਈਬਲ ਦਾ ਅਸੂਲ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”—ਕੁਲੁੱਸੀਆਂ 3:15.
ਇਸ ਦਾ ਕੀ ਮਤਲਬ ਹੈ? ਇਹ ਕਿਹਾ ਜਾਂਦਾ ਹੈ ਕਿ ਸਿਰਫ਼ ਸ਼ੁਕਰਗੁਜ਼ਾਰ ਵਿਅਕਤੀ ਹੀ ਖ਼ੁਸ਼ ਰਹਿ ਸਕਦਾ ਹੈ। ਇਸ ਗੱਲ ਨੂੰ ਉਹ ਲੋਕ ਵੀ ਸੱਚ ਮੰਨਦੇ ਹਨ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਮਾੜੀਆਂ
ਭਾਵਨਾਵਾਂ ’ਤੇ ਇਸ ਕਰਕੇ ਕਾਬੂ ਪਾ ਸਕੇ ਕਿਉਂਕਿ ਉਨ੍ਹਾਂ ਨੇ ਆਪਣਾ ਧਿਆਨ ਗੁਆਈਆਂ ਹੋਈਆਂ ਚੀਜ਼ਾਂ ’ਤੇ ਨਹੀਂ, ਸਗੋਂ ਉਨ੍ਹਾਂ ਚੀਜ਼ਾਂ ’ਤੇ ਲਾਇਆ ਜੋ ਉਨ੍ਹਾਂ ਕੋਲ ਹਨ ਤੇ ਜਿਨ੍ਹਾਂ ਲਈ ਉਹ ਸ਼ੁਕਰਗੁਜ਼ਾਰ ਹਨ।ਤੁਸੀਂ ਕੀ ਕਰ ਸਕਦੇ ਹੋ? ਹਰ ਰੋਜ਼ ਉਨ੍ਹਾਂ ਚੀਜ਼ਾਂ ਦੀ ਲਿਸਟ ਬਣਾਓ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ। ਜ਼ਰੂਰੀ ਨਹੀਂ ਕਿ ਇਹ ਚੀਜ਼ਾਂ ਵੱਡੀਆਂ ਹੋਣ। ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਵੀ ਸੋਚੋ, ਜਿਵੇਂ ਚੜ੍ਹਦੇ ਸੂਰਜ ਦਾ ਖੂਬਸੂਰਤ ਨਜ਼ਾਰਾ, ਆਪਣੇ ਕਿਸੇ ਪਿਆਰੇ ਨਾਲ ਹੋਈ ਵਧੀਆ ਗੱਲਬਾਤ ਜਾਂ ਜ਼ਿੰਦਗੀ ਦਾ ਇਕ ਹੋਰ ਦਿਨ। ਜੇ ਤੁਸੀਂ ਚੰਗੀਆਂ ਗੱਲਾਂ ਬਾਰੇ ਸੋਚਣ ਲਈ ਸਮਾਂ ਕੱਢੋ ਅਤੇ ਇਨ੍ਹਾਂ ਲਈ ਸ਼ੁਕਰਗੁਜ਼ਾਰੀ ਦਿਖਾਓ, ਤਾਂ ਤੁਹਾਨੂੰ ਚੰਗਾ ਲੱਗੇਗਾ।
ਜੇ ਤੁਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹੋ ਕਿ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਕਿਉਂ ਸ਼ੁਕਰਗੁਜ਼ਾਰ ਹੋ, ਤਾਂ ਤੁਹਾਡੀ ਬਹੁਤ ਮਦਦ ਹੋ ਸਕਦੀ ਹੈ। ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸੇ ਦੀ ਕਦਰ ਕਿਉਂ ਕਰਦੇ ਹੋ, ਤਾਂ ਉਸ ਨੂੰ ਇਸ ਬਾਰੇ ਦੱਸੋ। ਤੁਸੀਂ ਚਿੱਠੀ, ਏ-ਮੇਲ ਜਾਂ ਮੈਸਿਜ ਕਰ ਕੇ ਵੀ ਦੱਸ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਰਿਸ਼ਤੇ ਹੋਰ ਗੂੜ੍ਹੇ ਹੋਣਗੇ ਅਤੇ ਤੁਹਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਦੇਣ ਨਾਲ ਮਿਲਦੀ ਹੈ।—ਰਸੂਲਾਂ ਦੇ ਕੰਮ 20:35.
ਬਾਈਬਲ ਦੇ ਹੋਰ ਅਸੂਲ
ਬਹਿਸਬਾਜ਼ੀ ਤੋਂ ਦੂਰ ਰਹੋ।
“ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।”—ਕਹਾਉਤਾਂ 17:14.
ਬੇਕਾਰ ਵਿਚ ਕੱਲ੍ਹ ਦੀ ਚਿੰਤਾ ਨਾ ਕਰੋ।
“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।”—ਮੱਤੀ 6:34.
ਭਾਵਨਾਵਾਂ ਵਿਚ ਵਹਿ ਕੇ ਕੁਝ ਕਹਿਣ ਜਾਂ ਕਰਨ ਦੀ ਬਜਾਇ ਧਿਆਨ ਨਾਲ ਸੋਚੋ।
“ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।”—ਕਹਾਉਤਾਂ 2:11.