ਤੁਸੀਂ ਜਾਂਚ ਕਿਵੇਂ ਕਰ ਸਕਦੇ ਹੋ?
“ਬ੍ਰਹਿਮੰਡ ਆਪਣੇ ਆਪ ਬਣ ਸਕਦਾ ਹੈ ਅਤੇ ਇੱਦਾਂ ਹੋਇਆ ਵੀ ਹੈ।”—ਵਿਗਿਆਨੀ ਸਟੀਫਨ ਹਾਕਿੰਗ ਅਤੇ ਲੈਨਡ ਮਲੋਡੀਨੋਵ।
“ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।”—ਬਾਈਬਲ, ਉਤਪਤ 1:1.
ਕੀ ਬ੍ਰਹਿਮੰਡ ਅਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਆਪਣੇ ਆਪ ਬਣ ਗਈਆਂ ਜਾਂ ਰੱਬ ਨੇ ਇਨ੍ਹਾਂ ਨੂੰ ਬਣਾਇਆ ਹੈ? ਇਸ ਲੇਖ ਵਿਚ ਦਿੱਤੇ ਵਿਗਿਆਨੀਆਂ ਦੇ ਸ਼ਬਦ ਅਤੇ ਬਾਈਬਲ ਦੇ ਸ਼ੁਰੂਆਤੀ ਸ਼ਬਦ ਇਸ ਸਵਾਲ ਦਾ ਬਿਲਕੁਲ ਹੀ ਅਲੱਗ ਜਵਾਬ ਦਿੰਦੇ ਹਨ। ਕਈ ਲੋਕ ਬਾਈਬਲ ਦੀ ਗੱਲ ਨਾਲ ਸਹਿਮਤ ਹਨ ਤੇ ਕਈ ਵਿਗਿਆਨੀਆਂ ਦੀ ਗੱਲ ਨਾਲ। ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਵਿਗਿਆਨੀਆਂ ਦੀਆਂ ਗੱਲਾਂ ’ਤੇ ਯਕੀਨ ਕਰਨ ਜਾਂ ਬਾਈਬਲ ਦੀਆਂ ਗੱਲਾਂ ’ਤੇ। ਮਸ਼ਹੂਰ ਕਿਤਾਬਾਂ ਅਤੇ ਟੀ. ਵੀ. ਦੇ ਪ੍ਰੋਗ੍ਰਾਮਾਂ ਵਿਚ ਇਸ ਵਿਸ਼ੇ ’ਤੇ ਬਹਿਸ ਕੀਤੀ ਜਾਂਦੀ ਹੈ।
ਸ਼ਾਇਦ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਪੜ੍ਹਾਇਆ ਹੋਵੇ ਕਿ ਬ੍ਰਹਿਮੰਡ ਅਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਆਪਣੇ ਆਪ ਬਣ ਗਈਆਂ। ਪਰ ਕੀ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਇਸ ਗੱਲ ਦੇ ਸਬੂਤ ਦਿੱਤੇ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ? ਦੂਜੇ ਪਾਸੇ, ਸ਼ਾਇਦ ਤੁਸੀਂ ਧਾਰਮਿਕ ਗੁਰੂਆਂ ਦੇ ਮੂੰਹੋਂ ਸੁਣਿਆ ਹੋਵੇ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਕੋਈ ਹੈ। ਪਰ ਕੀ ਉਨ੍ਹਾਂ ਨੇ ਸਬੂਤ ਦਿੱਤੇ ਕਿ ਉਨ੍ਹਾਂ ਦੀ ਗੱਲ ਸਹੀ ਹੈ? ਜਾਂ ਕੀ ਉਹ ਚਾਹੁੰਦੇ ਹਨ ਕਿ ਤੁਸੀਂ ਅੱਖਾਂ ਬੰਦ ਕਰ ਕੇ ਉਨ੍ਹਾਂ ਦੀ ਗੱਲ ’ਤੇ ਯਕੀਨ ਕਰ ਲਓ?
ਬਿਨਾਂ ਸ਼ੱਕ, ਤੁਸੀਂ ਇਸ ਬਾਰੇ ਜ਼ਰੂਰ ਸੋਚਿਆ ਹੋਣਾ। ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਕੋਈ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕੋਈ ਸਿਰਜਣਹਾਰ ਹੈ ਜਾਂ ਨਹੀਂ। ਨਾਲੇ ਸ਼ਾਇਦ ਤੁਸੀਂ ਇਹ ਵੀ ਸੋਚਿਆ ਹੋਵੇ: ਕੀ ਇਸ ਸਵਾਲ ਦਾ ਜਵਾਬ ਜਾਣਨਾ ਜ਼ਰੂਰੀ ਹੈ ਵੀ ਜਾਂ ਨਹੀਂ?
ਜਾਗਰੂਕ ਬਣੋ! ਦੇ ਇਸ ਅੰਕ ਵਿਚ ਕੁਝ ਸਬੂਤ ਦਿੱਤੇ ਗਏ ਹਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਯਕੀਨ ਹੋਇਆ ਹੈ ਕਿ ਕੋਈ ਸਿਰਜਣਹਾਰ ਹੈ। ਫਿਰ ਇਸ ਗੱਲ ’ਤੇ ਚਰਚਾ ਕੀਤੀ ਗਈ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਜਾਣਨਾ ਜ਼ਰੂਰੀ ਕਿਉਂ ਹੈ।