Skip to content

Skip to table of contents

ਖ਼ਮੀਰ ਦਾ ਸੈੱਲ ਬਹੁਤ ਹੀ ਗੁੰਝਲਦਾਰ ਹੈ। ਖ਼ਮੀਰ ਦੇ ਹਰ ਸੈੱਲ ਵਿਚ ਡੀ. ਐੱਨ. ਏ. ਹੁੰਦਾ ਹੈ ਜੋ ਸੈੱਲ ਨੂੰ ਦੱਸਦਾ ਹੈ ਕਿ ਉਸ ਨੇ ਕੀ ਕਰਨਾ ਹੈ। ਇਹ ਸੈੱਲ ਅਣੂਆਂ ਨੂੰ ਅਲੱਗ-ਅਲੱਗ ਸਮੂਹਾਂ ਵਿਚ ਵੰਡਦੇ ਹਨ, ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਭੋਜਨ ਵਿਚ ਬਦਲਦੇ ਹਨ। ਇਹ ਪ੍ਰਕ੍ਰਿਆਵਾਂ ਸੈੱਲ ਦੇ ਜੀਉਂਦੇ ਰਹਿਣ ਲਈ ਬਹੁਤ ਜ਼ਰੂਰੀ ਹਨ।

ਜੀਉਂਦੀਆਂ ਚੀਜ਼ਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਜੀਉਂਦੀਆਂ ਚੀਜ਼ਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਜੀਉਂਦੀਆਂ ਚੀਜ਼ਾਂ ਵਧਦੀਆਂ-ਫੁੱਲਦੀਆਂ ਹਨ ਤੇ ਆਪਣੇ ਵਰਗੀਆਂ ਹੋਰ ਚੀਜ਼ਾਂ ਪੈਦਾ ਕਰਦੀਆਂ ਹਨ। ਇਹ ਚੀਜ਼ਾਂ ਸਾਡੀ ਧਰਤੀ ਨੂੰ ਸੋਹਣਾ ਬਣਾਉਂਦੀਆਂ ਹਨ। ਅੱਜ ਇਨਸਾਨ ਜੀਉਂਦੀਆਂ ਚੀਜ਼ਾਂ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਣਦੇ ਹਨ। ਜੀਉਂਦੀਆਂ ਚੀਜ਼ਾਂ ਤੋਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਕੀ ਪਤਾ ਲੱਗਦਾ ਹੈ? ਜ਼ਰਾ ਹੇਠਾਂ ਲਿਖੀਆਂ ਗੱਲਾਂ ’ਤੇ ਧਿਆਨ ਦਿਓ।

ਜੀਉਂਦੀਆਂ ਚੀਜ਼ਾਂ ਦੀ ਗੁੰਝਲਦਾਰ ਬਣਾਵਟ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਸੋਚ-ਸਮਝ ਕੇ ਬਣਾਇਆ ਗਿਆ ਹੈ। ਹਰ ਜੀਉਂਦੀ ਚੀਜ਼ ਸੈੱਲਾਂ ਤੋਂ ਬਣੀ ਹੁੰਦੀ ਹੈ। ਹਰ ਸੈੱਲ ਨੂੰ ਹਜ਼ਾਰਾਂ ਹੀ ਗੁੰਝਲਦਾਰ ਕੰਮ ਕਰਨੇ ਪੈਂਦੇ ਹਨ ਤਾਂਕਿ ਜੀਉਂਦੀਆਂ ਚੀਜ਼ਾਂ ਬਚੀਆਂ ਰਹਿਣ ਤੇ ਆਪਣੇ ਵਰਗੀਆਂ ਹੋਰ ਚੀਜ਼ਾਂ ਨੂੰ ਪੈਦਾ ਕਰ ਸਕਣ। ਇੱਦਾਂ ਦੀ ਗੁੰਝਲਦਾਰ ਪ੍ਰਕ੍ਰਿਆ ਹਰ ਜੀਉਂਦੀ ਚੀਜ਼ ਕਰਦੀ ਹੈ। ਜ਼ਰਾ ਖ਼ਮੀਰ ਦੀ ਮਿਸਾਲ ’ਤੇ ਗੌਰ ਕਰੋ। ਖ਼ਮੀਰ ਇਕ ਸੈੱਲ ਵਾਲਾ ਜੀਵ ਹੈ। ਇਹ ਮਨੁੱਖੀ ਸੈੱਲ ਦੇ ਮੁਕਾਬਲੇ ਮਾਮੂਲੀ ਜਿਹਾ ਲੱਗਦਾ ਹੈ, ਪਰ ਇਹ ਬਹੁਤ ਹੀ ਗੁੰਝਲਦਾਰ ਹੈ। ਖ਼ਮੀਰ ਦੇ ਹਰ ਸੈੱਲ ਵਿਚ ਡੀ. ਐੱਨ. ਏ. ਹੁੰਦਾ ਹੈ ਜੋ ਸੈੱਲ ਨੂੰ ਦੱਸਦਾ ਹੈ ਕਿ ਉਸ ਨੇ ਕੀ ਕਰਨਾ ਹੈ। ਇਹ ਸੈੱਲ ਅਣੂਆਂ (molecules) ਨੂੰ ਅਲੱਗ-ਅਲੱਗ ਸਮੂਹਾਂ ਵਿਚ ਵੰਡਦੇ ਹਨ, ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਭੋਜਨ ਵਿਚ ਬਦਲਦੇ ਹਨ। ਜਦੋਂ ਖ਼ਮੀਰ ਦੇ ਸੈੱਲਾਂ ਨੂੰ ਭੋਜਨ ਨਹੀਂ ਮਿਲਦਾ, ਤਾਂ ਸੈੱਲ ਇਕ ਗੁੰਝਲਦਾਰ ਪ੍ਰਕ੍ਰਿਆ ਸ਼ੁਰੂ ਕਰਦੇ ਹਨ ਜਿਸ ਕਰਕੇ ਇਹ ਹੌਲੀ ਕੰਮ ਕਰਨ ਲੱਗ ਪੈਂਦੇ ਹਨ। ਸੈੱਲ ਜੀਉਂਦੇ ਰਹਿੰਦੇ ਹਨ, ਪਰ ਇਨ੍ਹਾਂ ਵਿਚ ਕੋਈ ਹਰਕਤ ਨਹੀਂ ਹੁੰਦੀ। ਇਸ ਕਰਕੇ ਖ਼ਮੀਰ ਨੂੰ ਲੰਬੇ ਸਮੇਂ ਤਕ ਰੱਖਿਆ ਜਾ ਸਕਦਾ ਹੈ। ਸੋ ਜਦੋਂ ਕਿਸੇ ਚੀਜ਼ ਨੂੰ ਬਣਾਉਣ ਲਈ ਖ਼ਮੀਰ ਨੂੰ ਵਰਤਿਆ ਜਾਂਦਾ ਹੈ, ਤਾਂ ਇਹ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਵਿਗਿਆਨੀ ਕਈ ਦਹਾਕਿਆਂ ਤੋਂ ਖ਼ਮੀਰ ਦੇ ਸੈੱਲਾਂ ਦੀ ਸਟੱਡੀ ਕਰ ਰਹੇ ਹਨ ਤਾਂਕਿ ਉਹ ਮਨੁੱਖੀ ਸੈੱਲਾਂ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਸਕਣ। ਪਰ ਹਾਲੇ ਵੀ ਉਨ੍ਹਾਂ ਨੂੰ ਕਈ ਗੱਲਾਂ ਜਾਣਨ ਦੀ ਲੋੜ ਹੈ। ਸਵੀਡਨ ਦੀ ਇਕ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਰੌਸ ਕਿੰਗ ਨਿਰਾਸ਼ਾ ਜ਼ਾਹਰ ਕਰਦਿਆਂ ਕਹਿੰਦਾ ਹੈ: “ਅਸੀਂ ਪ੍ਰਯੋਗ ਕਰ ਕੇ ਜਾਣਨਾ ਚਾਹੁੰਦੇ ਹਾਂ ਕਿ ਖ਼ਮੀਰ ਵਰਗਾ ਮਾਮੂਲੀ ਜਿਹਾ ਸੈੱਲ ਕਿੱਦਾਂ ਕੰਮ ਕਰਦਾ ਹੈ। ਪਰ ਸਾਡੇ ਕੋਲ ਪ੍ਰਯੋਗ ਕਰਨ ਲਈ ਜੀਵ-ਵਿਗਿਆਨੀ ਬਹੁਤ ਘੱਟ ਹਨ।”

ਜਦੋਂ ਤੁਸੀਂ ਸੋਚਦੇ ਹੋ ਕਿ ਖ਼ਮੀਰ ਦਾ ਮਾਮੂਲੀ ਜਿਹਾ ਸੈੱਲ ਵੀ ਕਿੰਨਾ ਗੁੰਝਲਦਾਰ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਕਿਸੇ ਨੇ ਸੋਚ-ਸਮਝ ਕੇ ਬਣਾਇਆ ਹੈ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਖ਼ਮੀਰ ਦਾ ਸੈੱਲ ਆਪਣੇ ਆਪ ਹੀ ਬਣ ਗਿਆ?

ਜੀਉਂਦੀ ਚੀਜ਼ ਹੀ ਕਿਸੇ ਹੋਰ ਜੀਉਂਦੀ ਚੀਜ਼ ਨੂੰ ਜਨਮ ਦੇ ਸਕਦੀ ਹੈ। ਡੀ. ਐਨ. ਏ. ਬਹੁਤ ਸਾਰੇ ਰਸਾਇਣਾਂ ਤੋਂ ਮਿਲ ਕੇ ਬਣਦਾ ਹੈ ਜਿਨ੍ਹਾਂ ਨੂੰ ਨਿਊਕਲੀਓਟਾਇਡ ਕਿਹਾ ਜਾਂਦਾ ਹੈ। ਹਰ ਮਨੁੱਖੀ ਸੈੱਲ ਵਿਚ ਤਿੰਨ ਅਰਬ ਦੋ ਕਰੋੜ ਨਿਊਕਲੀਓਟਾਇਡ ਹੁੰਦੇ ਹਨ ਜੋ ਇਕ-ਦੂਜੇ ਨਾਲ ਖ਼ਾਸ ਤਰੀਕੇ ਨਾਲ ਜੁੜੇ ਹੁੰਦੇ ਹਨ। ਇਸ ਕਰਕੇ ਸੈੱਲ ਐਨਜ਼ਾਈਮ ਅਤੇ ਪ੍ਰੋਟੀਨ ਬਣਾ ਪਾਉਂਦੇ ਹਨ।

ਵਿਗਿਆਨੀ ਕਹਿੰਦੇ ਹਨ ਕਿ ਜੇ ਨਿਊਕਲੀਓਟਾਇਡ ਆਪਣੇ ਆਪ ਅਰਬਾਂ-ਖਰਬਾਂ ਵਾਰ ਇਕ-ਦੂਜੇ ਨਾਲ ਜੁੜਨ, ਤਾਂ ਸ਼ਾਇਦ ਤੁੱਕੇ ਨਾਲ ਇਕ ਵਾਰ ਡੀ. ਐਨ. ਏ. ਬਣ ਜਾਵੇ। ਪਰ ਇਸ ਤਰ੍ਹਾਂ ਹੋਣ ਦੀ ਸੰਭਾਵਨਾ ਬਿਲਕੁਲ ਨਾਮੁਮਕਿਨ ਹੈ।

ਸੱਚ ਤਾਂ ਇਹ ਹੈ ਕਿ ਵਿਗਿਆਨੀ ਪ੍ਰਯੋਗ ਕਰ ਕੇ ਅੱਜ ਤਕ ਸਾਬਤ ਨਹੀਂ ਕਰ ਸਕੇ ਹਨ ਕਿ ਕਿਸੇ ਬੇਜਾਨ ਚੀਜ਼ ਤੋਂ ਜੀਉਂਦੀ ਚੀਜ਼ ਆਪਣੇ ਆਪ ਬਣ ਸਕਦੀ ਹੈ।

ਇਨਸਾਨ ਹੋਰ ਜੀਉਂਦੀਆਂ ਚੀਜ਼ਾਂ ਨਾਲੋਂ ਬਿਲਕੁਲ ਵੱਖਰੇ ਹਨ। ਇਨਸਾਨ ਹੋਣ ਕਰਕੇ ਸਾਡੇ ਵਿਚ ਅਜਿਹੀਆਂ ਕਾਬਲੀਅਤਾਂ ਹਨ ਜਿਨ੍ਹਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਸਕਦੇ ਹਾਂ। ਪਰ ਬਾਕੀ ਜੀਉਂਦੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ। ਅਸੀਂ ਕਲਾਕਾਰੀ ਕਰਦੇ ਹਾਂ, ਦੂਸਰਿਆਂ ਨਾਲ ਰਿਸ਼ਤਾ ਜੋੜਦੇ ਹਾਂ ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਸੀਂ ਵੱਖੋ-ਵੱਖਰੇ ਸੁਆਦ, ਖ਼ੁਸ਼ਬੂਆਂ, ਆਵਾਜ਼ਾਂ, ਰੰਗਾਂ ਅਤੇ ਨਜ਼ਾਰਿਆਂ ਦਾ ਮਜ਼ਾ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ ਅਤੇ ਭਵਿੱਖ ਲਈ ਯੋਜਨਾ ਬਣਾਉਂਦੇ ਹਾਂ।

ਤੁਹਾਨੂੰ ਕੀ ਲੱਗਦਾ ਹੈ? ਕੀ ਸਾਡੇ ਵਿਚ ਇਹ ਕਾਬਲੀਅਤਾਂ ਵਿਕਾਸਵਾਦ ਰਾਹੀਂ ਇਸ ਕਰਕੇ ਆਈਆਂ ਹਨ ਕਿਉਂਕਿ ਇਹ ਜੀਉਂਦੇ ਰਹਿਣ ਅਤੇ ਬੱਚੇ ਪੈਦਾ ਕਰਨ ਲਈ ਜ਼ਰੂਰੀ ਸਨ? ਜਾਂ ਕੀ ਇਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਪਿਆਰ ਕਰਨ ਵਾਲੇ ਸਿਰਜਣਹਾਰ ਵੱਲੋਂ ਇਕ ਤੋਹਫ਼ਾ ਹੈ?