Skip to content

Skip to table of contents

ਬ੍ਰਹਿਮੰਡ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਬ੍ਰਹਿਮੰਡ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਬ੍ਰਹਿਮੰਡ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਖਗੋਲ-ਵਿਗਿਆਨੀ ਬ੍ਰਹਿਮੰਡ ਦੀ ਖੋਜ ਕਰਦਿਆਂ ਅੱਜ ਵੀ ਹੈਰਾਨ ਰਹਿ ਜਾਂਦੇ ਹਨ। ਖੋਜ ਕਰਨ ਲਈ ਉਨ੍ਹਾਂ ਕੋਲ ਪਹਿਲਾਂ ਨਾਲੋਂ ਕਿਤੇ ਵਧੀਆ ਉਪਕਰਣ ਜਾਂ ਮਸ਼ੀਨਾਂ ਹਨ। ਉਨ੍ਹਾਂ ਨੂੰ ਬ੍ਰਹਿਮੰਡ ਬਾਰੇ ਕੀ ਪਤਾ ਲੱਗਾ ਹੈ?

ਬ੍ਰਹਿਮੰਡ ਵਿਚ ਸਾਰਾ ਕੁਝ ਆਪੋ-ਆਪਣੀ ਜਗ੍ਹਾ ’ਤੇ ਹੈ। ਐਸਟ੍ਰੋਨੋਮੀ ਨਾਂ ਦੇ ਰਸਾਲੇ ਦੇ ਇਕ ਲੇਖ ਅਨੁਸਾਰ ਆਕਾਸ਼ ਵਿਚ ਗਲੈਕਸੀਆਂ ਐਵੇਂ ਹੀ ਖਿਲਰੀਆਂ ਨਹੀਂ ਪਈਆਂ, ਸਗੋਂ ਸਹੀ ਤਰੀਕੇ ਨਾਲ ਆਪੋ-ਆਪਣੀ ਜਗ੍ਹਾ ’ਤੇ ਟਿਕੀਆਂ ਹੋਈਆਂ ਹਨ। ਇਹ ਕਿੱਦਾਂ ਮੁਮਕਿਨ ਹੋ ਸਕਦਾ ਹੈ? ਵਿਗਿਆਨੀ ਮੰਨਦੇ ਹਨ ਕਿ ਇਹ ਡਾਰਕ ਮੈਟਰ ਨਾਂ ਦੇ ਇਕ ਅਦਿੱਖ ਪਦਾਰਥ ਕਰਕੇ ਮੁਮਕਿਨ ਹੈ। ਇਹ ਕਿਹਾ ਜਾਂਦਾ ਹੈ ਕਿ ਡਾਰਕ ਮੈਟਰ ‘ਇਕ ਅਦਿੱਖ ਢਾਂਚੇ ਵਾਂਗ ਹੈ ਜੋ ਗਲੈਕਸੀਆਂ ਨੂੰ, ਗਲੈਕਸੀਆਂ ਦੇ ਗੁੱਛਿਆਂ ਨੂੰ ਅਤੇ ਇਨ੍ਹਾਂ ਗੁੱਛਿਆਂ ਦੇ ਵੱਡੇ-ਵੱਡੇ ਗੁੱਛਿਆਂ ਨੂੰ ਆਪੋ-ਆਪਣੀ ਜਗ੍ਹਾ ’ਤੇ ਰੱਖਦਾ ਹੈ।’

ਬ੍ਰਹਿਮੰਡ ਵਿਚ ਸਾਰਾ ਕੁਝ ਆਪੋ-ਆਪਣੀ ਜਗ੍ਹਾ ’ਤੇ ਕਿਵੇਂ ਹੈ? ਕੀ ਇਹ ਆਪਣੇ ਆਪ ਹੀ ਹੋ ਗਿਆ? ਗੌਰ ਕਰੋ ਕਿ ਐਲਨ ਸੈਂਡੇਜ ਨੇ ਕੀ ਕਿਹਾ ਜੋ “20ਵੀਂ ਸਦੀ ਦਾ ਇਕ ਮਹਾਨ ਅਤੇ ਪ੍ਰਭਾਵਸ਼ਾਲੀ ਖਗੋਲ-ਵਿਗਿਆਨੀ” ਸੀ ਅਤੇ ਉਹ ਰੱਬ ’ਤੇ ਵੀ ਵਿਸ਼ਵਾਸ ਕਰਦਾ ਸੀ।

ਉਸ ਨੇ ਕਿਹਾ, “ਮੈਨੂੰ ਇਹ ਨਾਮੁਮਕਿਨ ਲੱਗਦਾ ਕਿ ਇੰਨਾ ਵਧੀਆ ਤਾਲਮੇਲ ਕਿਸੇ ਗੜਬੜੀ ਤੋਂ ਸ਼ੁਰੂ ਹੋਇਆ ਸੀ। ਇਸ ਤਾਲਮੇਲ ਪਿੱਛੇ ਜ਼ਰੂਰ ਕੋਈ-ਨਾ-ਕੋਈ ਨਿਯਮ ਜਾਂ ਸਿਧਾਂਤ ਹੋਣਾ।”

ਬ੍ਰਹਿਮੰਡ ਦੇ ਨਿਯਮਾਂ ਕਰਕੇ ਜ਼ਿੰਦਗੀ ਮੁਮਕਿਨ ਹੈ। ਜ਼ਰਾ ਸੂਰਜ ’ਤੇ ਗੌਰ ਕਰੋ। ਸੂਰਜ ਕਮਜ਼ੋਰ ਪਰਮਾਣੂ ਸ਼ਕਤੀ (weak nuclear force) ਕਰਕੇ ਲਗਾਤਾਰ ਬਲ਼ਦਾ ਰਹਿੰਦਾ ਹੈ। ਜੇ ਇਹ ਸ਼ਕਤੀ ਘੱਟ ਹੁੰਦੀ, ਤਾਂ ਸੂਰਜ ਨੇ ਕਦੇ ਵੀ ਬਣਨਾ ਨਹੀਂ ਸੀ ਤੇ ਜੇ ਇਹ ਸ਼ਕਤੀ ਜ਼ਿਆਦਾ ਹੁੰਦੀ, ਤਾਂ ਇਸ ਨੇ ਕਦੋਂ ਦਾ ਬਲ਼ ਕੇ ਖ਼ਤਮ ਹੋ ਜਾਣਾ ਸੀ।

ਇਸ ਬ੍ਰਹਿਮੰਡ ਵਿਚ ਕਮਜ਼ੋਰ ਪਰਮਾਣੂ ਸ਼ਕਤੀ ਦੇ ਨਾਲ-ਨਾਲ ਹੋਰ ਸ਼ਕਤੀਆਂ ਤੇ ਨਿਯਮ ਹਨ ਜੋ ਸਹੀ-ਸਹੀ ਕੰਮ ਕਰਦੇ ਹਨ। ਇਨ੍ਹਾਂ ਕਰਕੇ ਹੀ ਧਰਤੀ ’ਤੇ ਜ਼ਿੰਦਗੀ ਮੁਮਕਿਨ ਹੋਈ ਹੈ। ਅਨਿਲ ਅਨੰਥਾਸਵਾਮੀ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਜੇ ਇਨ੍ਹਾਂ ਵਿੱਚੋਂ ਇਕ ਵੀ ਸ਼ਕਤੀ ਜਾਂ ਨਿਯਮ ਥੋੜ੍ਹਾ ਜਿਹਾ ਵੱਖਰਾ ਹੁੰਦਾ, ਤਾਂ “ਤਾਰਿਆਂ, ਗ੍ਰਹਿਆਂ ਅਤੇ ਗਲੈਕਸੀਆਂ ਨੇ ਕਦੇ ਬਣਨਾ ਹੀ ਨਹੀਂ ਸੀ ਜਿਸ ਕਰਕੇ ਜ਼ਿੰਦਗੀ ਨਾਮੁਮਕਿਨ ਹੋਣੀ ਸੀ।”

ਬ੍ਰਹਿਮੰਡ ਵਿਚ ਇਨਸਾਨਾਂ ਦੇ ਰਹਿਣ ਲਈ ਇਕ ਵਧੀਆ ਜਗ੍ਹਾ ਹੈ। ਧਰਤੀ ਉੱਤੇ ਸਹੀ ਵਾਤਾਵਰਣ ਤੇ ਪਾਣੀ ਦੀ ਸਹੀ ਮਾਤਰਾ ਹੈ। ਨਾਲੇ ਚੰਦ ਦਾ ਸਹੀ ਸਾਈਜ਼ ਹੋਣ ਕਰਕੇ ਧਰਤੀ ਆਪਣੀ ਜਗ੍ਹਾ ’ਤੇ ਟਿਕੀ ਰਹਿੰਦੀ ਹੈ। ਨੈਸ਼ਨਲ ਜੀਓਗਰਾਫਿਕ ਰਸਾਲੇ ਦੇ ਇਕ ਲੇਖ ਵਿਚ ਕਿਹਾ ਗਿਆ ਸੀ ਕਿ ਧਰਤੀ ਦੇ ਕੁਦਰਤੀ ਵਾਤਾਵਰਣ ਕਰਕੇ ਅਤੇ ਇਸ ’ਤੇ ਜੀਵ-ਜੰਤੂ ਤੇ ਪੇੜ-ਪੌਦੇ ਹੋਣ ਕਰਕੇ ਸਿਰਫ਼ ਇਹੀ ਇੱਦਾਂ ਦਾ ਗ੍ਰਹਿ ਹੈ ਜਿੱਥੇ ਇਨਸਾਨ ਰਹਿ ਸਕਦੇ ਹਨ। *

ਇਕ ਲਿਖਾਰੀ ਦੇ ਅਨੁਸਾਰ “ਸਾਡਾ ਸੂਰਜ-ਮੰਡਲ [ਸਾਡੀ ਗਲੈਕਸੀ ਦੇ] ਬਾਕੀ ਤਾਰਿਆਂ ਤੋਂ ਕਿਤੇ ਜ਼ਿਆਦਾ ਦੂਰੀ ’ਤੇ ਹੈ।” ਇਸੇ ਦੂਰੀ ਕਰਕੇ ਧਰਤੀ ’ਤੇ ਜ਼ਿੰਦਗੀ ਮੁਮਕਿਨ ਹੈ। ਜੇ ਸਾਡਾ ਸੂਰਜ-ਮੰਡਲ ਹੋਰ ਤਾਰਿਆਂ ਦੇ ਨੇੜੇ ਹੁੰਦਾ ਯਾਨੀ ਗਲੈਕਸੀ ਦੇ ਵਿਚਕਾਰ ਜਾਂ ਇਸ ਦੇ ਕੰਢੇ ’ਤੇ ਹੁੰਦਾ, ਤਾਂ ਉੱਥੇ ਬਹੁਤ ਜ਼ਿਆਦਾ ਤਰੰਗਾਂ (ਰੇਡੀਏਸ਼ਨ) ਹੋਣੀਆਂ ਸਨ ਜਿਸ ਕਰਕੇ ਧਰਤੀ ’ਤੇ ਜ਼ਿੰਦਗੀ ਨਾਮੁਮਕਿਨ ਹੋਣੀ ਸੀ। ਪਰ ਸਾਡਾ ਸੂਰਜ-ਮੰਡਲ ਬਿਲਕੁਲ ਸਹੀ ਜਗ੍ਹਾ ’ਤੇ ਹੈ ਜਿਸ ਕਰਕੇ ਇਨਸਾਨ, ਪੇੜ-ਪੌਦੇ ਤੇ ਜਾਨਵਰ ਜੀਉਂਦੇ ਰਹਿ ਪਾਉਂਦੇ ਹਨ।

ਭੌਤਿਕ-ਵਿਗਿਆਨੀ ਪੌਲ ਡੇਵਿਸ ਨੇ ਬ੍ਰਹਿਮੰਡ ਅਤੇ ਇਸ ਦੇ ਨਿਯਮਾਂ ਬਾਰੇ ਕਾਫ਼ੀ ਖੋਜਬੀਨ ਕੀਤੀ। ਇਸ ਖੋਜਬੀਨ ਦੇ ਆਧਾਰ ’ਤੇ ਉਸ ਨੇ ਕਿਹਾ ਕਿ ਉਹ ਮੰਨ ਹੀ ਨਹੀਂ ਸਕਦਾ ਕਿ ਇਨਸਾਨ ਇਤਫ਼ਾਕ ਨਾਲ ਜਾਂ ਕਿਸੇ ਵੱਡੇ ਧਮਾਕੇ ਨਾਲ ਹੋਂਦ ਵਿਚ ਆ ਗਿਆ। ਉਸ ਮੁਤਾਬਕ ਇਨਸਾਨ ਦੀ ਜ਼ਿੰਦਗੀ ਦਾ ਜ਼ਰੂਰ ਕੋਈ-ਨਾ-ਕੋਈ ਮਕਸਦ ਹੈ। ਡੇਵਿਸ ਇਹ ਨਹੀਂ ਕਹਿ ਰਿਹਾ ਸੀ ਕਿ ਰੱਬ ਨੇ ਬ੍ਰਹਿਮੰਡ ਅਤੇ ਇਨਸਾਨਾਂ ਨੂੰ ਬਣਾਇਆ ਹੈ। ਪਰ ਜ਼ਰਾ ਸੋਚੋ ਕਿ ਸਿਰਫ਼ ਧਰਤੀ ’ਤੇ ਹੀ ਜ਼ਿੰਦਗੀ ਮੁਮਕਿਨ ਹੈ। ਕੀ ਇਸ ਦਾ ਇਹ ਕਾਰਨ ਤਾਂ ਨਹੀਂ ਕਿ ਬ੍ਰਹਿਮੰਡ ਤੇ ਧਰਤੀ ਨੂੰ ਇਸੇ ਕਰਕੇ ਹੀ ਸੋਚ-ਸਮਝ ਕੇ ਬਣਾਇਆ ਗਿਆ ਹੈ? ਤੁਹਾਨੂੰ ਕੀ ਲੱਗਦਾ ਹੈ?

^ ਪੈਰਾ 8 ਨੈਸ਼ਨਲ ਜੀਓਗਰਾਫਿਕ ਦੇ ਇਸ ਲੇਖ ਵਿਚ ਇਹ ਨਹੀਂ ਕਿਹਾ ਗਿਆ ਕਿ ਰੱਬ ਨੇ ਧਰਤੀ ਅਤੇ ਇਨਸਾਨਾਂ ਨੂੰ ਬਣਾਇਆ ਸੀ। ਇਸ ਦੀ ਬਜਾਇ, ਇਸ ਵਿਚ ਦੱਸਿਆ ਗਿਆ ਸੀ ਕਿ ਧਰਤੀ ਇਨਸਾਨਾਂ ਦੇ ਰਹਿਣਯੋਗ ਹੈ।