Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਹੋਵਾਹ ਦੇ ਗਵਾਹਾਂ ਨੂੰ ਜੀਵਨ ਸਾਥੀ ਲੱਭਣ ਲਈ ਡੇਟਿੰਗ ਐਪਸ ਜਾਂ ਵੈੱਬਸਾਈਟਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ?

ਯਹੋਵਾਹ ਚਾਹੁੰਦਾ ਹੈ ਕਿ ਵਿਆਹ ਕਰਾਉਣ ਵਾਲਾ ਮੁੰਡਾ ਜਾਂ ਕੁੜੀ ਖ਼ੁਸ਼ ਰਹਿਣ ਤੇ ਹਮੇਸ਼ਾ ਲਈ ਇਕ-ਦੂਜੇ ਦੇ ਸਾਥ ਦਾ ਆਨੰਦ ਮਾਣਨ। (ਮੱਤੀ 19:4-6) ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਕ ਚੰਗਾ ਜੀਵਨ ਸਾਥੀ ਕਿਵੇਂ ਲੱਭ ਸਕਦੇ ਹੋ? ਸਾਡਾ ਸਿਰਜਣਹਾਰ ਹੋਣ ਕਰਕੇ ਯਹੋਵਾਹ ਨੂੰ ਪਤਾ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਸਾਡਾ ਵਿਆਹੁਤਾ ਜੀਵਨ ਖ਼ੁਸ਼ੀਆਂ ਭਰਿਆ ਹੋਵੇ। ਇਸ ਲਈ ਜੇ ਤੁਸੀਂ ਉਸ ਦੇ ਅਸੂਲਾਂ ਨੂੰ ਲਾਗੂ ਕਰੋਗੇ, ਤਾਂ ਤੁਸੀਂ ਸੱਚ-ਮੁੱਚ ਖ਼ੁਸ਼ ਰਹੋਗੇ। ਆਓ ਆਪਾਂ ਕੁਝ ਅਸੂਲਾਂ ’ਤੇ ਗੌਰ ਕਰੀਏ।

ਪਹਿਲਾ ਅਸੂਲ, ਸਾਨੂੰ ਆਪਣੇ ਬਾਰੇ ਇਹ ਗੱਲ ਸਮਝਣ ਦੀ ਲੋੜ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਅਤੇ ਬੇਸਬਰਾ ਹੈ।” (ਯਿਰ. 17:9) ਜਦੋਂ ਵਿਆਹ ਕਰਾਉਣ ਦਾ ਇਰਾਦਾ ਰੱਖਣ ਵਾਲੇ ਦੋ ਵਿਅਕਤੀ ਇਕ-ਦੂਜੇ ਨੂੰ ਮਿਲਣ ਲੱਗ ਪੈਂਦੇ ਹਨ, ਤਾਂ ਉਹ ਝੱਟ ਇਕ-ਦੂਜੇ ਦੇ ਇੰਨੇ ਦੀਵਾਨੇ ਹੋ ਜਾਂਦੇ ਹਨ ਕਿ ਉਹ ਸੋਚ-ਸਮਝ ਕੇ ਫ਼ੈਸਲਾ ਨਹੀਂ ਕਰ ਪਾਉਂਦੇ। ਜਿਹੜੇ ਲੋਕ ਅਜਿਹੀਆਂ ਭਾਵਨਾਵਾਂ ਵਿਚ ਵਹਿ ਕੇ ਵਿਆਹ ਕਰਾਉਂਦੇ ਹਨ, ਉਨ੍ਹਾਂ ਨੂੰ ਬਾਅਦ ਵਿਚ ਅਕਸਰ ਪਛਤਾਉਣਾ ਪੈਂਦਾ ਹੈ। (ਕਹਾ. 28:26) ਇਸ ਕਰਕੇ ਦੋਹਾਂ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਉਹ ਇਕ-ਦੂਸਰੇ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਪਹਿਲਾਂ ਨਾ ਤਾਂ ਇਕ-ਦੂਸਰੇ ਲਈ ਆਪਣੀਆਂ ਰੋਮਾਂਟਿਕ ਭਾਵਨਾਵਾਂ ਜ਼ਾਹਰ ਕਰਨ ਅਤੇ ਨਾ ਹੀ ਇਕ-ਦੂਸਰੇ ਨਾਲ ਕਿਸੇ ਤਰ੍ਹਾਂ ਦੇ ਵਾਅਦੇ ਕਰਨ।

ਦੂਸਰਾ ਅਸੂਲ, ਕਹਾਉਤਾਂ 22:3 ਵਿਚ ਲਿਖਿਆ ਹੈ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।” ਜੀਵਨ ਸਾਥੀ ਲੱਭਣ ਲਈ ਡੇਟਿੰਗ ਐਪਸ ਜਾਂ ਵੈੱਬਸਾਈਟਾਂ ਖ਼ਤਰਨਾਕ ਕਿਉਂ ਸਾਬਤ ਹੋ ਸਕਦੀਆਂ ਹਨ? ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਆਨ-ਲਾਈਨ ਜਾ ਕੇ ਕਿਸੇ ਵਿਅਕਤੀ ਨੂੰ ਜਾਣਨ ਲਈ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਵਿਅਕਤੀ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਸੀ। ਨਾਲੇ ਕੁਝ ਬੇਈਮਾਨ ਲੋਕਾਂ ਨੇ ਫ਼ਰਜ਼ੀ ਅਕਾਊਂਟ ਬਣਾਏ ਹਨ ਤਾਂਕਿ ਉਹ ਭੋਲੇ-ਭਾਲੋ ਲੋਕਾਂ ਨੂੰ ਆਪਣੇ ਜਾਲ਼ ਵਿਚ ਫਸਾ ਕੇ ਉਨ੍ਹਾਂ ਤੋਂ ਪੈਸੇ ਠੱਗ ਸਕਣ। ਕਦੇ-ਕਦੇ ਇੱਦਾਂ ਦੇ ਬੇਈਮਾਨ ਲੋਕ ਗਵਾਹ ਹੋਣ ਦਾ ਦਾਅਵਾ ਵੀ ਕਰਦੇ ਹਨ।

ਜ਼ਰਾ ਇਕ ਹੋਰ ਖ਼ਤਰੇ ’ਤੇ ਗੌਰ ਕਰੋ। ਕੁਝ ਐਪਸ ਜਾਂ ਸਾਈਟਾਂ ਅਜਿਹੇ ਕੰਪਿਊਟਰ ਪ੍ਰੋਗ੍ਰਾਮ ਵਰਤਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਜੋੜੀ ਕਿਸ ਨਾਲ ਵਧੀਆ ਰਹੇਗੀ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੇ ਪ੍ਰੋਗ੍ਰਾਮ ਕਾਰਗਰ ਹਨ। ਸਹੀ ਜੀਵਨ ਸਾਥੀ ਦੀ ਚੋਣ ਕਰਨ ਲਈ ਕੀ ਇਨਸਾਨਾਂ ਦੁਆਰਾ ਬਣਾਏ ਕੰਪਿਊਟਰ ਪ੍ਰੋਗ੍ਰਾਮਾਂ ’ਤੇ ਭਰੋਸਾ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ? ਕੀ ਕੋਈ ਵੀ ਕੰਪਿਊਟਰ ਪ੍ਰੋਗ੍ਰਾਮ ਬਾਈਬਲ ਵਿਚ ਦੱਸੇ ਅਸੂਲਾਂ ਦਾ ਮੁਕਾਬਲਾ ਕਰ ਸਕਦਾ ਹੈ?​—ਕਹਾ. 1:7; 3:5-7.

ਤੀਸਰਾ ਅਸੂਲ, ਕਹਾਉਤਾਂ 14:15 ਵਿਚ ਲਿਖਿਆ ਹੈ: “ਭੋਲਾ ਹਰ ਗੱਲ ’ਤੇ ਯਕੀਨ ਕਰ ਲੈਂਦਾ ਹੈ, ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।” ਇਹ ਫ਼ੈਸਲਾ ਕਰਨ ਤੋਂ ਪਹਿਲਾਂ ਕਿ ਇਹ ਮੁੰਡਾ ਜਾਂ ਕੁੜੀ ਮੇਰਾ ਚੰਗਾ ਜੀਵਨ ਸਾਥੀ ਬਣ ਸਕਦਾ ਹੈ, ਚੰਗਾ ਹੋਵੇਗਾ ਕਿ ਪਹਿਲਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣੋ। ਪਰ ਡੇਟਿੰਗ ਐਪਸ ਜਾਂ ਵੈੱਬਸਾਈਟਾਂ ’ਤੇ ਇੱਦਾਂ ਕਰਨਾ ਮੁਸ਼ਕਲ ਹੈ। ਭਾਵੇਂ ਤੁਸੀਂ ਇਕ-ਦੂਜੇ ਨਾਲ ਆਪਣੇ ਬਾਰੇ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ ਅਤੇ ਘੰਟਿਆਂ-ਬੱਧੀ ਇਕ-ਦੂਜੇ ਨਾਲ ਗੱਲਾਂ ਕਰਦੇ ਹੋ, ਪਰ ਕੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਜਿਨ੍ਹਾਂ ਕੁਝ ਲੋਕਾਂ ਨੂੰ ਪਹਿਲਾਂ-ਪਹਿਲ ਲੱਗਾ ਸੀ ਕਿ ਉਨ੍ਹਾਂ ਨੂੰ ਸੱਚਾ ਪਿਆਰ ਮਿਲ ਗਿਆ ਹੈ, ਉਨ੍ਹਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਉਹ ਆਮ੍ਹੋ-ਸਾਮ੍ਹਣੇ ਇਕ-ਦੂਸਰੇ ਨੂੰ ਮਿਲੇ।

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ ਧੋਖੇਬਾਜ਼ਾਂ ਨਾਲ ਸੰਗਤ ਨਹੀਂ ਕਰਦਾ, ਮੈਂ ਪਖੰਡੀਆਂ ਤੋਂ ਦੂਰ ਰਹਿੰਦਾ ਹਾਂ।” (ਜ਼ਬੂ. 26:4) ਬਹੁਤ ਸਾਰੇ ਲੋਕ ਸੋਚਦੇ ਹਨ ਕਿ ਡੇਟਿੰਗ ਐਪਸ ਜਾਂ ਵੈੱਬਸਾਈਟਾਂ ’ਤੇ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਝੂਠੀ ਜਾਣਕਾਰੀ ਦੇਣ ਵਿਚ ਕੋਈ ਹਰਜ਼ ਨਹੀਂ। ਉਹ ਸ਼ਾਇਦ ਆਪਣੀ ਅਸਲੀਅਤ ਲੁਕਾਉਣ ਜਾਂ ਆਪਣੀਆਂ ਬੁਰਾਈਆਂ ਜ਼ਾਹਰ ਨਾ ਹੋਣ ਦੇਣ। ਭਾਵੇਂ ਕਿ ਕੁਝ ਲੋਕ ਕਹਿੰਦੇ ਹਨ ਕਿ ਉਹ ਯਹੋਵਾਹ ਦੇ ਗਵਾਹ ਹਨ, ਪਰ ਕੀ ਉਨ੍ਹਾਂ ਨੇ ਬਪਤਿਸਮਾ ਲਿਆ ਹੈ? ਕੀ ਉਨ੍ਹਾਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੈ? ਕੀ ਉਨ੍ਹਾਂ ਦਾ ਆਪਣੀ ਮੰਡਲੀ ਵਿਚ ਚੰਗਾ ਨਾਂ ਹੈ? ਕੀ ਉਹ ਮੰਡਲੀ ਵਿਚ ਬੁਰੀ ਮਿਸਾਲ ਹਨ, ਇੱਥੋਂ ਤਕ ਕਿ “ਬੁਰੀਆਂ ਸੰਗਤਾਂ” ਹਨ? (1 ਕੁਰਿੰ. 15:33; 2 ਤਿਮੋ. 2:20, 21) ਕੀ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਦੁਬਾਰਾ ਵਿਆਹ ਕਰਾ ਸਕਦੇ ਹਨ? ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ, ਪਰ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ ਜਦ ਤਕ ਤੁਸੀਂ ਦੂਸਰੇ ਗਵਾਹਾਂ ਨਾਲ ਉਸ ਵਿਅਕਤੀ ਬਾਰੇ ਪੁੱਛ-ਗਿੱਛ ਨਹੀਂ ਕਰਦੇ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। (ਕਹਾ. 15:22) ਇਹ ਗੱਲ ਸੱਚ ਹੈ ਕਿ ਯਹੋਵਾਹ ਦਾ ਕੋਈ ਵਫ਼ਾਦਾਰ ਸੇਵਕ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਨ ਬਾਰੇ ਸੋਚੇਗਾ ਵੀ ਨਹੀਂ।​—2 ਕੁਰਿੰ. 6:14; 1 ਕੁਰਿੰ. 7:39.

ਇਨ੍ਹਾਂ ਡੇਟਿੰਗ ਐਪਸ ਜਾਂ ਵੈੱਬਸਾਈਟਾਂ ਦੇ ਖ਼ਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਬਿਹਤਰ ਤਰੀਕਿਆਂ ਨਾਲ ਜੀਵਨ ਸਾਥੀ ਲੱਭ ਸਕਦੇ ਹਾਂ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣ ਕੇ ਵਿਆਹੁਤਾ ਬੰਧਨ ਵਿਚ ਬੱਝ ਸਕਦੇ ਹਾਂ। ਤੁਸੀਂ ਕਿਨ੍ਹਾਂ ਮੌਕਿਆਂ ਤੇ ਇਕ ਚੰਗੇ ਜੀਵਨ ਸਾਥੀ ਨੂੰ ਮਿਲ ਸਕਦੇ ਹੋ? ਜੇ ਲੋਕਾਂ ਨੂੰ ਇਕੱਠੇ ਹੋਣ ਦੀ ਮਨਾਹੀ ਨਹੀਂ ਹੈ, ਤਾਂ ਯਹੋਵਾਹ ਦੇ ਗਵਾਹ ਆਪਣੀ ਮੰਡਲੀ ਦੀਆਂ ਮੀਟਿੰਗਾਂ, ਸੰਮੇਲਨਾਂ ਜਾਂ ਹੋਰ ਮੌਕਿਆਂ ਤੇ ਇਕ-ਦੂਸਰੇ ਨੂੰ ਨਿੱਜੀ ਤੌਰ ਤੇ ਜਾਣ ਸਕਦੇ ਹਨ।

ਇਕੱਠੇ ਸਮਾਂ ਬਿਤਾਉਣ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਦੋਹਾਂ ਦੇ ਟੀਚੇ ਮਿਲਦੇ ਹਨ ਜਾਂ ਨਹੀਂ

ਜੇ ਕੋਵਿਡ-19 ਕਰਕੇ ਲੋਕਾਂ ਨੂੰ ਇਕੱਠੇ ਹੋਣ ਦੀ ਮਨਾਹੀ ਹੈ, ਤਾਂ ਵੀ ਅਸੀਂ ਇੰਟਰਨੈੱਟ ਰਾਹੀਂ ਮੰਡਲੀ ਦੀਆਂ ਮੀਟਿੰਗਾਂ ਵਿਚ ਹਾਜ਼ਰ ਹੋ ਸਕਦੇ ਹਾਂ ਜਿੱਥੇ ਸਾਨੂੰ ਕੁਆਰੇ ਭੈਣਾਂ-ਭਰਾਵਾਂ ਨੂੰ ਜਾਣਨ ਦੇ ਮੌਕੇ ਮਿਲਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਉਹ ਮੀਟਿੰਗਾਂ ਵਿਚ ਕਿਵੇਂ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਸੁਣ ਕੇ ਤੁਸੀਂ ਉਨ੍ਹਾਂ ਦੀ ਨਿਹਚਾ ਬਾਰੇ ਵੀ ਜਾਣ ਸਕਦੇ ਹੋ। (1 ਤਿਮੋ. 6:11, 12) ਤੁਸੀਂ ਸ਼ਾਇਦ ਇਕ-ਦੂਸਰੇ ਨੂੰ ਮੀਟਿੰਗ ਤੋਂ ਬਾਅਦ ਬ੍ਰੇਕ-ਆਉਟ ਰੂਮ ਵਿਚ ਵੀ ਮਿਲ ਸਕਦੇ ਹੋ। ਇਨ੍ਹਾਂ ਤਰੀਕਿਆਂ ਨਾਲ ਭੈਣਾਂ-ਭਰਾਵਾਂ ਨੂੰ ਮਿਲਦੇ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਭੈਣ ਜਾਂ ਭਰਾ ਵਿਚ ਤੁਹਾਨੂੰ ਦਿਲਚਸਪੀ ਹੈ, ਉਹ ਹੋਰਾਂ ਨਾਲ ਕਿਵੇਂ ਗੱਲਬਾਤ ਕਰਦਾ ਹੈ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਉਹ ਅਸਲ ਵਿਚ ਕਿਹੋ ਜਿਹਾ ਇਨਸਾਨ ਹੈ। (1 ਪਤ. 3:4) ਸਮੇਂ ਦੇ ਬੀਤਣ ਨਾਲ ਜਿੱਦਾਂ-ਜਿੱਦਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਦੋਹਾਂ ਦੇ ਟੀਚੇ ਮਿਲਦੇ ਹਨ ਜਾਂ ਨਹੀਂ ਅਤੇ ਤੁਹਾਡੀ ਇਕ-ਦੂਜੇ ਨਾਲ ਨਿਭੇਗੀ ਜਾਂ ਨਹੀਂ।

ਜਦੋਂ ਕੁਆਰੇ ਭੈਣ-ਭਰਾ ਬਾਈਬਲ ਦੇ ਅਸੂਲਾਂ ਮੁਤਾਬਕ ਜੀਵਨ ਸਾਥੀ ਲੱਭਦੇ ਹਨ, ਤਾਂ ਇਹ ਕਹਾਵਤ ਉਨ੍ਹਾਂ ਬਾਰੇ ਸੱਚ ਸਾਬਤ ਹੁੰਦੀ ਹੈ: “ਜਿਸ ਨੂੰ ਚੰਗੀ ਪਤਨੀ ਮਿਲੀ [ਜਾਂ ਚੰਗਾ ਪਤੀ ਮਿਲਿਆ], ਉਸ ਨੂੰ ਬਰਕਤ ਮਿਲੀ ਹੈ ਅਤੇ ਉਹ ਯਹੋਵਾਹ ਦੀ ਮਿਹਰ ਪਾਉਂਦਾ ਹੈ।”​—ਕਹਾ. 18:22.