Skip to content

Skip to table of contents

ਅਧਿਐਨ ਲੇਖ 28

ਮੁਕਾਬਲਾ ਕਰਨ ਲਈ ਨਾ ਉਕਸਾਓ, ਸ਼ਾਂਤੀ ਬਣਾ ਕੇ ਰੱਖੋ

ਮੁਕਾਬਲਾ ਕਰਨ ਲਈ ਨਾ ਉਕਸਾਓ, ਸ਼ਾਂਤੀ ਬਣਾ ਕੇ ਰੱਖੋ

“ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।”​—ਗਲਾ. 5:26.

ਗੀਤ 101 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ *

1. ਜਦੋਂ ਲੋਕ ਦੂਸਰਿਆਂ ਤੋਂ ਅੱਗੇ ਨਿਕਲਣ ਲਈ ਮੁਕਾਬਲਾ ਕਰਦੇ ਹਨ, ਤਾਂ ਕੀ ਹੁੰਦਾ ਹੈ?

ਅੱਜ ਦੁਨੀਆਂ ਵਿਚ ਬਹੁਤ ਸਾਰੇ ਲੋਕ ਇਕ-ਦੂਸਰੇ ਤੋਂ ਅੱਗੇ ਨਿਕਲਣ ਲਈ ਮੁਕਾਬਲਾ ਕਰਦੇ ਹਨ। ਉਦਾਹਰਣ ਲਈ, ਬਿਜ਼ਨਿਸਮੈਨ ਆਪਣੇ ਫ਼ਾਇਦੇ ਲਈ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਵੀ ਹੱਦ ਤਕ ਜਾਂਦੇ ਹਨ। ਕੁਝ ਖਿਡਾਰੀ ਦੂਜੀ ਟੀਮ ਦੇ ਖਿਡਾਰੀਆਂ ਨੂੰ ਜਾਣ-ਬੁੱਝ ਕੇ ਚੋਟ ਪਹੁੰਚਾਉਂਦੇ ਹਨ ਤਾਂਕਿ ਉਹ ਜਿੱਤ ਸਕਣ। ਸਕੂਲ ਦੇ ਵਿਦਿਆਰਥੀ ਵੱਡੇ ਕਾਲਜਾਂ ਵਿਚ ਦਾਖ਼ਲਾ ਲੈਣ ਲਈ ਪੇਪਰਾਂ ਵਿਚ ਨਕਲ ਮਾਰਦੇ ਹਨ। ਮਸੀਹੀ ਜਾਣਦੇ ਹਨ ਕਿ ਇਹ ਸਭ ਕੁਝ ਕਰਨਾ ਗ਼ਲਤ ਹੈ ਕਿਉਂਕਿ ਇਹ “ਸਰੀਰ ਦੇ ਕੰਮ” ਹਨ। (ਗਲਾ. 5:19-21) ਪਰ ਕੀ ਇੱਦਾਂ ਹੋ ਸਕਦਾ ਹੈ ਕਿ ਮੰਡਲੀ ਵਿਚ ਕੁਝ ਭੈਣ-ਭਰਾ ਖ਼ੁਦ ਨੂੰ ਦੂਸਰਿਆਂ ਨਾਲੋਂ ਚੰਗੇ ਸਮਝਣ ਅਤੇ ਅਣਜਾਣੇ ਵਿਚ ਦੂਸਰਿਆਂ ਨੂੰ ਮੁਕਾਬਲਾ ਕਰਨ ਲਈ ਉਕਸਾਉਣ? ਜੇ ਹਾਂ, ਤਾਂ ਇੱਦਾਂ ਮੰਡਲੀ ਦੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ।

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਨ੍ਹਾਂ ਕਾਰਨਾਂ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮੁਕਾਬਲਾ ਕਰ ਸਕਦੇ ਹਾਂ। ਅਸੀਂ ਬਾਈਬਲ ਵਿੱਚੋਂ ਕੁਝ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੀਆਂ ਮਿਸਾਲਾਂ ’ਤੇ ਵੀ ਗੌਰ ਕਰਾਂਗੇ ਜਿਨ੍ਹਾਂ ਨੇ ਆਪਣੇ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ। ਪਰ ਆਓ ਆਪਾਂ ਸਭ ਤੋਂ ਪਹਿਲਾਂ ਦੇਖੀਏ ਕਿ ਸਾਡੇ ਅੰਦਰ ਇਹ ਭਾਵਨਾ ਕਿਉਂ ਪੈਦਾ ਹੁੰਦੀ ਹੈ।

ਆਪਣੇ ਇਰਾਦਿਆਂ ਦੀ ਜਾਂਚ ਕਰੋ

3. ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

3 ਸਾਨੂੰ ਸਮੇਂ-ਸਮੇਂ ਤੇ ਆਪਣੇ ਇਰਾਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਆਪਣੇ ਬਾਰੇ ਉਦੋਂ ਹੀ ਚੰਗਾ ਮਹਿਸੂਸ ਕਰਦਾ ਹਾਂ ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਵਿਚ ਦੂਜਿਆਂ ਨਾਲੋਂ ਜ਼ਿਆਦਾ ਕਾਬਲੀਅਤਾਂ ਹਨ? ਕੀ ਮੈਂ ਮੰਡਲੀ ਵਿਚ ਇਸ ਲਈ ਮਿਹਨਤ ਕਰਦਾ ਹਾਂ ਤਾਂਕਿ ਮੈਂ ਦਿਖਾ ਸਕਾਂ ਕਿ ਮੈਂ ਕਿਸੇ ਭਰਾ ਜਾਂ ਭੈਣ ਨਾਲੋਂ ਕਿੰਨਾ ਚੰਗਾ ਹਾਂ? ਜਾਂ ਕੀ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਮਿਹਨਤ ਕਰਦਾ ਹਾਂ?’ ਸਾਨੂੰ ਇਹ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ? ਆਓ ਆਪਾਂ ਬਾਈਬਲ ਤੋਂ ਦੇਖੀਏ।

4. ਗਲਾਤੀਆਂ 6:3, 4 ਮੁਤਾਬਕ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਿਉਂ ਨਹੀਂ ਕਰਨੀ ਚਾਹੀਦੀ?

4 ਬਾਈਬਲ ਦੱਸਦੀ ਹੈ ਕਿ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ। (ਗਲਾਤੀਆਂ 6:3, 4 ਪੜ੍ਹੋ।) ਕਿਉਂ? ਪਹਿਲਾ ਕਾਰਨ, ਜੇ ਅਸੀਂ ਸੋਚਦੇ ਹਾਂ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਚੰਗੇ ਹਾਂ, ਤਾਂ ਅਸੀਂ ਹੰਕਾਰੀ ਬਣ ਸਕਦੇ ਹਾਂ। ਦੂਜਾ ਕਾਰਨ, ਜੇ ਅਸੀਂ ਇਹ ਸੋਚਦੇ ਹਾਂ ਕਿ ਭੈਣ-ਭਰਾ ਸਾਡੇ ਨਾਲੋਂ ਜ਼ਿਆਦਾ ਚੰਗੇ ਹਨ, ਤਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। ਦੋਵੇਂ ਤਰ੍ਹਾਂ ਦੀ ਸੋਚ ਗ਼ਲਤ ਹੈ। (ਰੋਮੀ. 12:3) ਗ੍ਰੀਸ ਵਿਚ ਰਹਿਣ ਵਾਲੀ ਕੈਟਰੀਨਾ * ਕਹਿੰਦੀ ਹੈ: “ਜਦੋਂ ਮੈਂ ਦੇਖਦੀ ਸੀ ਕਿ ਦੂਜੀਆਂ ਭੈਣਾਂ ਮੇਰੇ ਨਾਲੋਂ ਜ਼ਿਆਦਾ ਸੋਹਣੀਆਂ ਹਨ, ਪ੍ਰਚਾਰ ਵਿਚ ਚੰਗੀ ਤਰ੍ਹਾਂ ਗੱਲ ਕਰਦੀਆਂ ਹਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ, ਤਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਬੇਕਾਰ ਹਾਂ।” ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਕਿਉਂ ਖਿੱਚਿਆ ਹੈ। ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਉਸ ਦੇ ਪੁੱਤਰ ਦੀ ਸੁਣਦੇ ਹਾਂ, ਨਾ ਕਿ ਇਸ ਲਈ ਕਿ ਅਸੀਂ ਕਿੰਨੇ ਸੋਹਣੇ ਹਾਂ ਜਾਂ ਚੰਗੀ ਤਰ੍ਹਾਂ ਗੱਲ ਕਰਦੇ ਹਾਂ ਜਾਂ ਸਾਡੇ ਬਹੁਤ ਸਾਰੇ ਦੋਸਤ ਹਨ।​—ਯੂਹੰ. 6:44; 1 ਕੁਰਿੰ. 1:26-31.

5. ਅਸੀਂ ਭਰਾ ਹਿਊਨ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

5 ਅਸੀਂ ਆਪਣੇ ਆਪ ਤੋਂ ਇਕ ਹੋਰ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਦਾ ਹਾਂ ਜਾਂ ਗੱਲ-ਗੱਲ ’ਤੇ ਉਨ੍ਹਾਂ ਨਾਲ ਬਹਿਸ ਕਰਦਾ ਹਾਂ?’ ਦੱਖਣੀ ਕੋਰੀਆ ਵਿਚ ਰਹਿਣ ਵਾਲੇ ਭਰਾ ਹਿਊਨ ਦੀ ਮਿਸਾਲ ’ਤੇ ਗੌਰ ਕਰੋ। ਇਕ ਸਮੇਂ ਤੇ ਉਹ ਉਨ੍ਹਾਂ ਭਰਾਵਾਂ ਨਾਲ ਈਰਖਾ ਕਰਨ ਲੱਗਾ ਜਿਨ੍ਹਾਂ ਕੋਲ ਮੰਡਲੀ ਵਿਚ ਜ਼ਿੰਮੇਵਾਰੀਆਂ ਸਨ। ਇਸ ਕਰਕੇ ਉਹ ਕਹਿੰਦਾ ਹੈ: “ਮੈਂ ਉਨ੍ਹਾਂ ਵਿਚ ਨੁਕਸ ਕੱਢਣ ਲੱਗ ਪਿਆ ਅਤੇ ਗੱਲ-ਗੱਲ ’ਤੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਪਿਆ। ਮੇਰੇ ਕਰਕੇ ਮੰਡਲੀ ਵਿਚ ਫੁੱਟ ਪੈ ਗਈ ਸੀ।” ਹਿਊਨ ਦੇ ਕੁਝ ਦੋਸਤਾਂ ਨੇ ਉਸ ਨੂੰ ਸਮਝਾਇਆ ਕਿ ਉਸ ਦੀ ਕੀ ਗ਼ਲਤੀ ਹੈ। ਉਸ ਨੇ ਆਪਣੀ ਸੋਚ ਬਦਲੀ ਅਤੇ ਅੱਜ ਉਹ ਇਕ ਬਜ਼ੁਰਗ ਵਜੋਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਜੇ ਸਾਨੂੰ ਲੱਗਦਾ ਹੈ ਕਿ ਸਾਡੇ ਕਰਕੇ ਮੰਡਲੀ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਰਹੀ ਹੈ, ਤਾਂ ਸਾਨੂੰ ਫ਼ੌਰਨ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਅਤੇ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਹੰਕਾਰ ਅਤੇ ਈਰਖਾ ਨਾ ਕਰੋ

6. ਗਲਾਤੀਆਂ 5:26 ਮੁਤਾਬਕ ਮੁਕਾਬਲੇ ਦੀ ਭਾਵਨਾ ਕਿਵੇਂ ਪੈਦਾ ਹੁੰਦੀ ਹੈ?

6 ਗਲਾਤੀਆਂ 5:26 ਪੜ੍ਹੋ। ਕਿਨ੍ਹਾਂ ਔਗੁਣਾਂ ਕਰਕੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ? ਪਹਿਲਾ ਔਗੁਣ ਹੈ, ਹੰਕਾਰ। ਜਿਹੜਾ ਵਿਅਕਤੀ ਹੰਕਾਰੀ ਹੁੰਦਾ ਹੈ, ਉਹ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ। ਦੂਜਾ ਔਗੁਣ ਹੈ, ਈਰਖਾ। ਜਿਹੜਾ ਵਿਅਕਤੀ ਈਰਖਾ ਕਰਦਾ ਹੈ, ਉਹ ਚਾਹੁੰਦਾ ਹੈ ਕਿ ਉਸ ਕੋਲ ਉਹ ਸਾਰੀਆਂ ਚੀਜ਼ਾਂ ਹੋਣ ਜੋ ਦੂਜੇ ਵਿਅਕਤੀ ਕੋਲ ਹਨ। ਉਹ ਉਸ ਵਿਅਕਤੀ ਕੋਲੋਂ ਉਹ ਚੀਜ਼ਾਂ ਖੋਹਣ ਦੀ ਕੋਸ਼ਿਸ਼ ਵੀ ਕਰਦਾ ਹੈ। ਸੱਚ ਤਾਂ ਇਹ ਹੈ ਕਿ ਜਿਹੜਾ ਵਿਅਕਤੀ ਈਰਖਾ ਕਰਦਾ ਹੈ, ਉਹ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ। ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਨਾ ਹੰਕਾਰ ਕਰੀਏ ਤੇ ਨਾ ਹੀ ਈਰਖਾ।

7. ਕਿਹੜੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਹੰਕਾਰ ਅਤੇ ਈਰਖਾ ਕਰਨੀ ਕਿੰਨੀ ਖ਼ਤਰਨਾਕ ਹੈ?

7 ਹੰਕਾਰ ਤੇ ਈਰਖਾ ਕਰਨੀ ਕਿੰਨੀ ਖ਼ਤਰਨਾਕ ਹੈ, ਇਸ ਨੂੰ ਸਮਝਣ ਲਈ ਇਕ ਉਦਾਹਰਣ ’ਤੇ ਗੌਰ ਕਰੋ। ਹਵਾਈ ਜਹਾਜ਼ ਦੇ ਤੇਲ ਵਿਚ ਕਿਸੇ ਵੀ ਤਰ੍ਹਾਂ ਦਾ ਕਚਰਾ ਨਹੀਂ ਹੋਣਾ ਚਾਹੀਦਾ। ਤੇਲ ਵਿਚ ਕਚਰਾ ਹੋਣ ਦੇ ਬਾਵਜੂਦ ਜਹਾਜ਼ ਉਡਾਣ ਤਾਂ ਭਰ ਸਕਦਾ ਹੈ, ਪਰ ਇਹ ਕਚਰਾ ਜਹਾਜ਼ ਦੇ ਇੰਜਣ ਨੂੰ ਖ਼ਰਾਬ ਕਰ ਸਕਦਾ ਹੈ ਅਤੇ ਜ਼ਮੀਨ ਉੱਤੇ ਉਤਰਨ ਤੋਂ ਪਹਿਲਾਂ ਹੀ ਜਹਾਜ਼ ਤਬਾਹ ਹੋ ਸਕਦਾ ਹੈ। (ਕਹਾ. 16:18) ਹੰਕਾਰ ਅਤੇ ਈਰਖਾ ਵੀ ਇਸ ਕਚਰੇ ਵਾਂਗ ਹਨ। ਸ਼ਾਇਦ ਕੋਈ ਵਿਅਕਤੀ ਥੋੜ੍ਹੇ ਸਮੇਂ ਲਈ ਯਹੋਵਾਹ ਦੀ ਸੇਵਾ ਕਰੇ, ਪਰ ਅੱਗੇ ਜਾ ਕੇ ਜੇ ਉਹ ਹੰਕਾਰ ਤੇ ਈਰਖਾ ਕਰਨ ਲੱਗ ਪੈਂਦਾ, ਤਾਂ ਉਸ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਉਹ ਸ਼ਾਇਦ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵੇ ਤੇ ਆਪਣੇ ਨਾਲ-ਨਾਲ ਸ਼ਾਇਦ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾਏ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਹੰਕਾਰ ਤੇ ਈਰਖਾ ਨਾ ਕਰੀਏ?

8. ਕਿਹੜੀ ਸਲਾਹ ਲਾਗੂ ਕਰ ਕੇ ਅਸੀਂ ਹੰਕਾਰ ਕਰਨ ਤੋਂ ਬਚਾਂਗੇ?

8 ਫ਼ਿਲਿੱਪੈ ਦੀ ਮੰਡਲੀ ਨੂੰ ਦਿੱਤੀ ਪੌਲੁਸ ਰਸੂਲ ਦੀ ਇਹ ਸਲਾਹ ਨੂੰ ਲਾਗੂ ਕਰ ਕੇ ਅਸੀਂ ਹੰਕਾਰ ਕਰਨ ਤੋਂ ਬਚਾਂਗੇ: “ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।” (ਫ਼ਿਲਿ. 2:3) ਜੇ ਅਸੀਂ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝਾਂਗੇ, ਤਾਂ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮੁਕਾਬਲਾ ਨਹੀਂ ਕਰਾਂਗੇ ਜਿਨ੍ਹਾਂ ਵਿਚ ਸਾਡੇ ਨਾਲੋਂ ਜ਼ਿਆਦਾ ਕਾਬਲੀਅਤਾਂ ਅਤੇ ਹੁਨਰ ਹਨ। ਇਸ ਦੀ ਬਜਾਇ, ਅਸੀਂ ਖ਼ੁਸ਼ ਹੋਵਾਂਗੇ ਕਿ ਉਹ ਆਪਣੀਆਂ ਕਾਬਲੀਅਤਾਂ ਜਾਂ ਹੁਨਰ ਯਹੋਵਾਹ ਦੀ ਸੇਵਾ ਵਿਚ ਲਾ ਰਹੇ ਹਨ। ਦੂਜੇ ਪਾਸੇ, ਜਿਨ੍ਹਾਂ ਭੈਣਾਂ-ਭਰਾਵਾਂ ਵਿਚ ਬਹੁਤ ਸਾਰੀਆਂ ਕਾਬਲੀਅਤਾਂ ਹਨ, ਜੇ ਉਹ ਪੌਲੁਸ ਦੀ ਸਲਾਹ ਨੂੰ ਲਾਗੂ ਕਰਨਗੇ, ਤਾਂ ਉਹ ਵੀ ਸਾਡੇ ਵਿਚ ਚੰਗੇ ਗੁਣ ਦੇਖ ਪਾਉਣਗੇ। ਇਸ ਤਰ੍ਹਾਂ ਮੰਡਲੀ ਦੀ ਸ਼ਾਂਤੀ ਤੇ ਏਕਤਾ ਬਣੀ ਰਹੇਗੀ।

9. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਈਰਖਾ ਨਾ ਕਰੀਏ?

9 ਜੇ ਅਸੀਂ ਆਪਣੀਆਂ ਹੱਦਾਂ ਵਿਚ ਰਹਾਂਗੇ, ਤਾਂ ਅਸੀਂ ਦੂਸਰਿਆਂ ਨਾਲ ਈਰਖਾ ਨਹੀਂ ਕਰਾਂਗੇ। ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਕਿ ਸਾਡੇ ਵਿਚ ਦੂਜਿਆਂ ਨਾਲੋਂ ਜ਼ਿਆਦਾ ਕਾਬਲੀਅਤਾਂ ਜਾਂ ਹੁਨਰ ਹਨ। ਇਸ ਦੀ ਬਜਾਇ, ਅਸੀਂ ਦੂਸਰਿਆਂ ਤੋਂ ਸਿੱਖਾਂਗੇ ਜਿਨ੍ਹਾਂ ਵਿਚ ਸਾਡੇ ਨਾਲੋਂ ਜ਼ਿਆਦਾ ਕਾਬਲੀਅਤਾਂ ਹਨ। ਉਦਾਹਰਣ ਲਈ, ਜੇ ਕੋਈ ਭਰਾ ਚੰਗੇ ਭਾਸ਼ਣ ਦਿੰਦਾ ਹੈ, ਤਾਂ ਅਸੀਂ ਉਸ ਨੂੰ ਪੁੱਛਾਂਗੇ ਕਿ ਉਹ ਭਾਸ਼ਣ ਦੀ ਤਿਆਰੀ ਕਿਵੇਂ ਕਰਦਾ ਹੈ। ਜਾਂ ਜੇ ਕੋਈ ਭੈਣ ਵਧੀਆ ਖਾਣਾ ਬਣਾਉਂਦੀ ਹੈ, ਤਾਂ ਅਸੀਂ ਉਸ ਤੋਂ ਖਾਣਾ ਬਣਾਉਣਾ ਸਿੱਖਾਂਗੇ। ਇਸੇ ਤਰ੍ਹਾਂ ਜੇ ਇਕ ਜਵਾਨ ਭੈਣ ਜਾਂ ਭਰਾ ਨੂੰ ਦੋਸਤ ਬਣਾਉਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਉਹ ਕਿਸੇ ਅਜਿਹੇ ਭੈਣ ਜਾਂ ਭਰਾ ਤੋਂ ਸਲਾਹ ਲੈ ਸਕਦਾ ਹੈ ਜਿਸ ਦੇ ਬਹੁਤ ਸਾਰੇ ਦੋਸਤ ਹਨ। ਇਸ ਤਰ੍ਹਾਂ ਅਸੀਂ ਆਪਣੇ ਹੁਨਰ ਨਿਖਾਰਾਂਗੇ ਅਤੇ ਦੂਜਿਆਂ ਨਾਲ ਈਰਖਾ ਵੀ ਨਹੀਂ ਕਰਾਂਗੇ।

ਬਾਈਬਲ ਵਿਚ ਦੱਸੀਆਂ ਮਿਸਾਲਾਂ ਤੋਂ ਸਿੱਖੋ

ਨਿਮਰ ਹੋਣ ਕਰਕੇ ਗਿਦਾਊਨ ਨੇ ਇਫ਼ਰਾਈਮ ਦੇ ਆਦਮੀਆਂ ਨਾਲ ਸ਼ਾਂਤੀ ਬਣਾਈ ਰੱਖੀ (ਪੈਰੇ 10-12 ਦੇਖੋ)

10. ਗਿਦਾਊਨ ਨੂੰ ਕਿਹੜੀ ਮੁਸ਼ਕਲ ਆਈ?

10 ਧਿਆਨ ਦਿਓ ਕਿ ਮਨੱਸ਼ਹ ਗੋਤ ਦੇ ਗਿਦਾਊਨ ਅਤੇ ਇਫ਼ਰਾਈਮ ਗੋਤ ਦੇ ਆਦਮੀਆਂ ਵਿਚ ਕੀ ਹੋਇਆ ਸੀ। ਯਹੋਵਾਹ ਨੇ ਗਿਦਾਊਨ ਤੇ ਉਸ ਦੇ 300 ਆਦਮੀਆਂ ਨੂੰ ਜਿੱਤ ਦਿਵਾਈ ਸੀ। ਪਰ ਇਫ਼ਰਾਈਮ ਦੇ ਆਦਮੀ ਗਿਦਾਊਨ ਦੀ ਤਾਰੀਫ਼ ਕਰਨ ਦੀ ਬਜਾਇ ਉਸ ਨਾਲ ਝਗੜਨ ਲੱਗ ਪਏ। ਉਨ੍ਹਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗਿਦਾਊਨ ਨੇ ਉਨ੍ਹਾਂ ਨੂੰ ਆਪਣੇ ਨਾਲ ਲੜਾਈ ਵਿਚ ਜਾਣ ਲਈ ਨਹੀਂ ਪੁੱਛਿਆ। ਇਸ ਕਰਕੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਲੋਕ ਹੁਣ ਉਨ੍ਹਾਂ ਦੇ ਗੋਤ ਦੀ ਇੱਜ਼ਤ ਨਹੀਂ ਕਰਨਗੇ। ਪਰ ਉਹ ਇਹ ਗੱਲ ਨਹੀਂ ਸਮਝ ਪਾਏ ਕਿ ਗਿਦਾਊਨ ਨੇ ਜੋ ਕੀਤਾ, ਉਸ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਹੋਈ ਅਤੇ ਉਸ ਦੇ ਲੋਕਾਂ ਦੀ ਰੱਖਿਆ।​—ਨਿਆ. 8:1.

11. ਗਿਦਾਊਨ ਨੇ ਕੀ ਕੀਤਾ ਤਾਂਕਿ ਗੱਲ ਅੱਗੇ ਨਾ ਵਧੇ?

11 ਗਿਦਾਊਨ ਨੇ ਨਿਮਰਤਾ ਨਾਲ ਇਫ਼ਰਾਈਮ ਦੇ ਆਦਮੀਆਂ ਨੂੰ ਕਿਹਾ: “ਭਲਾ, ਮੈਂ ਇੱਦਾਂ ਦਾ ਕੀ ਕੀਤਾ ਕਿ ਤੁਹਾਡੀ ਬਰਾਬਰੀ ਕਰ ਸਕਾਂ?” ਉਸ ਨੇ ਉਨ੍ਹਾਂ ਨੂੰ ਉਹ ਘਟਨਾ ਯਾਦ ਦਿਵਾਈ ਜਦੋਂ ਯਹੋਵਾਹ ਨੇ ਉਨ੍ਹਾਂ ਤੋਂ ਵੱਡੇ-ਵੱਡੇ ਕੰਮ ਕਰਾਏ ਸਨ। ਇਹ ਸੁਣ ਕੇ ਉਹ ਆਦਮੀ “ਸ਼ਾਂਤ ਹੋ ਗਏ।” (ਨਿਆ. 8:2, 3) ਗਿਦਾਊਨ ਨਹੀਂ ਚਾਹੁੰਦਾ ਸੀ ਕਿ ਗੱਲ ਅੱਗੇ ਵਧੇ। ਇਸ ਲਈ ਉਸ ਨੇ ਨਿਮਰ ਹੋ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂਕਿ ਸ਼ਾਂਤੀ ਬਣੀ ਰਹੇ।

12. ਅਸੀਂ ਇਫ਼ਰਾਈਮੀ ਆਦਮੀਆਂ ਅਤੇ ਗਿਦਾਊਨ ਤੋਂ ਕੀ ਸਿੱਖਦੇ ਹਾਂ?

12 ਇਸ ਘਟਨਾ ਤੋਂ ਅਸੀਂ ਕੀ ਸਿੱਖਦੇ ਹਾਂ? ਇਫ਼ਰਾਈਮੀ ਆਦਮੀਆਂ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣੇ ਮਾਣ-ਸਨਮਾਨ ਬਾਰੇ ਸੋਚਣ ਦੀ ਬਜਾਇ ਯਹੋਵਾਹ ਦੇ ਮਾਣ-ਸਨਮਾਨ ਬਾਰੇ ਸੋਚਣਾ ਚਾਹੀਦਾ। ਜੇ ਅਸੀਂ ਬਜ਼ੁਰਗ ਜਾਂ ਪਰਿਵਾਰ ਦੇ ਮੁਖੀ ਹਾਂ, ਤਾਂ ਅਸੀਂ ਗਿਦਾਊਨ ਤੋਂ ਇਕ ਗੱਲ ਸਿੱਖ ਸਕਦੇ ਹਾਂ। ਜੇ ਕੋਈ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਹੈ, ਤਾਂ ਸਾਨੂੰ ਉਸ ਗੱਲ ਨੂੰ ਉਸ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ। ਉਸ ਵਿਅਕਤੀ ਨੇ ਜੋ ਚੰਗੇ ਕੰਮ ਕੀਤੇ ਹਨ, ਉਨ੍ਹਾਂ ਕੰਮਾਂ ਲਈ ਸਾਨੂੰ ਉਸ ਦੀ ਤਾਰੀਫ਼ ਕਰਨੀ ਚਾਹੀਦੀ। ਇਹ ਸਾਰਾ ਕੁਝ ਕਰਨ ਲਈ ਸਾਡੇ ਵਿਚ ਨਿਮਰਤਾ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ, ਖ਼ਾਸਕਰ ਉਦੋਂ ਜਦੋਂ ਦੂਸਰਾ ਵਿਅਕਤੀ ਗ਼ਲਤ ਹੈ। ਇਹ ਸਾਬਤ ਕਰਨਾ ਜ਼ਰੂਰੀ ਨਹੀਂ ਹੈ ਕਿ ਅਸੀਂ ਸਹੀ ਹਾਂ, ਬਲਕਿ ਇਹ ਜ਼ਰੂਰੀ ਹੈ ਕਿ ਭੈਣਾਂ-ਭਰਾਵਾਂ ਨਾਲ ਸਾਡਾ ਚੰਗਾ ਰਿਸ਼ਤਾ ਹੋਵੇ।

ਹੰਨਾਹ ਨੂੰ ਭਰੋਸਾ ਸੀ ਕਿ ਯਹੋਵਾਹ ਸਭ ਕੁਝ ਠੀਕ ਕਰ ਦੇਵੇਗਾ। ਇਸ ਲਈ ਉਸ ਨੂੰ ਮਨ ਦੀ ਸ਼ਾਂਤੀ ਮਿਲੀ (ਪੈਰੇ 13-14 ਦੇਖੋ)

13. ਹੰਨਾਹ ਨੂੰ ਕਿਹੜੀ ਮੁਸ਼ਕਲ ਆਈ ਅਤੇ ਉਸ ਨੇ ਕੀ ਕੀਤਾ?

13 ਜ਼ਰਾ ਹੰਨਾਹ ਬਾਰੇ ਸੋਚੋ। ਉਸ ਦਾ ਵਿਆਹ ਲੇਵੀ ਗੋਤ ਦੇ ਇਕ ਆਦਮੀ ਨਾਲ ਹੋਇਆ ਸੀ ਜਿਸ ਦਾ ਨਾਂ ਸੀ ਅਲਕਾਨਾਹ। ਉਸ ਦੀ ਇਕ ਹੋਰ ਪਤਨੀ ਸੀ ਪਨਿੰਨਾਹ। ਪਰ ਉਹ ਪਨਿੰਨਾਹ ਨਾਲੋਂ ਜ਼ਿਆਦਾ ਹੰਨਾਹ ਨਾਲ ਪਿਆਰ ਕਰਦਾ ਸੀ। “ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਬੱਚਾ ਨਹੀਂ ਸੀ।” ਇਸ ਕਰਕੇ ਪਨਿੰਨਾਹ ਉਸ ਨੂੰ “ਦੁਖੀ ਕਰਨ ਲਈ ਹਮੇਸ਼ਾ ਤਾਅਨੇ-ਮਿਹਣੇ ਮਾਰਦੀ ਰਹਿੰਦੀ ਸੀ।” ਹੰਨਾਹ ਨੂੰ ਬਹੁਤ ਬੁਰਾ ਲੱਗਦਾ ਸੀ ਜਿਸ ਕਰਕੇ “ਉਹ ਰੋਣ ਲੱਗ ਪੈਂਦੀ ਸੀ ਅਤੇ ਕੁਝ ਨਹੀਂ ਖਾਂਦੀ ਸੀ।” (1 ਸਮੂ. 1:2, 6, 7) ਪਰ ਬਾਈਬਲ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਹੰਨਾਹ ਨੇ ਪਨਿੰਨਾਹ ਤੋਂ ਬਦਲਾ ਲਿਆ। ਇਸ ਦੀ ਬਜਾਇ, ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਭਰੋਸਾ ਰੱਖਿਆ ਕਿ ਉਹ ਸਾਰਾ ਕੁਝ ਠੀਕ ਕਰ ਦੇਵੇਗਾ। ਅਸੀਂ ਨਹੀਂ ਜਾਣਦੇ ਕਿ ਬਾਅਦ ਵਿਚ ਪਨਿੰਨਾਹ ਨੇ ਹੰਨਾਹ ਨੂੰ ਤਾਅਨੇ ਮਾਰਨੇ ਬੰਦ ਕੀਤੇ ਜਾਂ ਨਹੀਂ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹੰਨਾਹ ਉਸ ਤੋਂ ਬਾਅਦ ਖ਼ੁਸ਼ ਰਹਿਣ ਲੱਗੀ ਤੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ ਅਤੇ “ਉਸ ਦਾ ਚਿਹਰਾ ਫਿਰ ਉਦਾਸ ਨਾ ਰਿਹਾ।”​—1 ਸਮੂ. 1:10, 18.

14. ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

14 ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਜੇ ਕੋਈ ਕਿਸੇ ਮਾਮਲੇ ਵਿਚ ਸਾਡੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਾਨੂੰ ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰਾ ਕੁਝ ਸਾਡੇ ਹੱਥ-ਵੱਸ ਹੈ। ਸਾਨੂੰ ਬੁਰਾਈ ਦੇ ਬਦਲੇ ਬੁਰਾਈ ਕਰਨ ਦੀ ਬਜਾਇ ਉਸ ਵਿਅਕਤੀ ਨਾਲ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। (ਰੋਮੀ. 12:17-21) ਜੇ ਉਹ ਵਿਅਕਤੀ ਫਿਰ ਵੀ ਮੁਕਾਬਲਾ ਕਰਨੋਂ ਨਹੀਂ ਹਟਦਾ, ਤਾਂ ਸਾਡਾ ਮਨ ਬੇਚੈਨ ਨਹੀਂ ਹੋਵੇਗਾ ਅਤੇ ਅਸੀਂ ਖ਼ੁਸ਼ ਰਹਾਂਗੇ।

ਅਪੁੱਲੋਸ ਅਤੇ ਪੌਲੁਸ ਜਾਣਦੇ ਸਨ ਕਿ ਉਹ ਯਹੋਵਾਹ ਕਰਕੇ ਹੀ ਸੇਵਾ ਕਰ ਪਾ ਰਹੇ ਸਨ, ਇਸ ਲਈ ਉਹ ਇਕ-ਦੂਜੇ ਨਾਲ ਈਰਖਾ ਨਹੀਂ ਕਰਦੇ ਸਨ (ਪੈਰੇ 15-18 ਦੇਖੋ)

15. ਅਪੁੱਲੋਸ ਅਤੇ ਪੌਲੁਸ ਦੀਆਂ ਕਿਹੜੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਸਨ?

15 ਹੁਣ ਆਓ ਦੇਈਏ ਕਿ ਅਸੀਂ ਅਪੁੱਲੋਸ ਅਤੇ ਪੌਲੁਸ ਰਸੂਲ ਤੋਂ ਕੀ ਸਿੱਖ ਸਕਦੇ ਹਾਂ। ਉਨ੍ਹਾਂ ਦੋਹਾਂ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ ਅਤੇ ਉਹ ਲੋਕਾਂ ਨੂੰ ਵਧੀਆ ਢੰਗ ਨਾਲ ਸਿਖਾਉਂਦੇ ਸਨ। ਉਨ੍ਹਾਂ ਨੇ ਕਈ ਲੋਕਾਂ ਨੂੰ ਚੇਲੇ ਬਣਾਇਆ, ਪਰ ਉਹ ਇਕ-ਦੂਜੇ ਨਾਲ ਈਰਖਾ ਨਹੀਂ ਕਰਦੇ ਸਨ।

16. ਅਪੁੱਲੋਸ ਕਿਸ ਤਰ੍ਹਾਂ ਦਾ ਵਿਅਕਤੀ ਸੀ?

16 ਅਪੁੱਲੋਸ ਦਾ “ਜਨਮ ਸਿਕੰਦਰੀਆ ਵਿਚ ਹੋਇਆ ਸੀ” ਜੋ ਪਹਿਲੀ ਸਦੀ ਵਿਚ ਸਿੱਖਿਆ ਦਾ ਕੇਂਦਰ ਸੀ। ਅਪੁੱਲੋਸ ਗੱਲ ਕਰਨ ਵਿਚ ਬਹੁਤ ਮਾਹਰ ਸੀ ਅਤੇ ਉਸ ਨੂੰ “ਧਰਮ-ਗ੍ਰੰਥ ਦਾ ਕਾਫ਼ੀ ਗਿਆਨ” ਸੀ। (ਰਸੂ. 18:24) ਕੁਝ ਸਮੇਂ ਲਈ ਜਦੋਂ ਉਹ ਕੁਰਿੰਥੁਸ ਵਿਚ ਸੀ, ਤਾਂ ਉੱਥੇ ਦੇ ਕੁਝ ਭਰਾਵਾਂ ਨੇ ਇਹ ਸਾਫ਼ ਜ਼ਾਹਰ ਕੀਤਾ ਕਿ ਉਹ ਪੌਲੁਸ ਅਤੇ ਹੋਰ ਭਰਾਵਾਂ ਨਾਲੋਂ ਜ਼ਿਆਦਾ ਅਪੁੱਲੋਸ ਨੂੰ ਪਸੰਦ ਕਰਦੇ ਸਨ। (1 ਕੁਰਿੰ. 1:12, 13) ਪਰ ਅਪੁੱਲੋਸ ਨੇ ਅਜਿਹੀ ਸੋਚ ਨੂੰ ਹੱਲਾਸ਼ੇਰੀ ਨਹੀਂ ਦਿੱਤੀ। ਇਸ ਲਈ ਪੌਲੁਸ ਨੇ ਉਸ ਨੂੰ ਦੁਬਾਰਾ ਕੁਰਿੰਥੁਸ ਜਾਣ ਲਈ ਕਿਹਾ। (1 ਕੁਰਿੰ. 16:12) ਜੇ ਉਸ ਨੇ ਮੰਡਲੀ ਵਿਚ ਫੁੱਟ ਪਾਈ ਹੁੰਦੀ, ਤਾਂ ਪੌਲੁਸ ਨੇ ਉਸ ਨੂੰ ਦੁਬਾਰਾ ਕੁਰਿੰਥੁਸ ਨਹੀਂ ਭੇਜਣਾ ਸੀ। ਅਪੁੱਲੋਸ ਨੇ ਆਪਣੇ ਹੁਨਰ ਪ੍ਰਚਾਰ ਕਰਨ ਅਤੇ ਭੈਣਾਂ-ਭਰਾਵਾਂ ਦੀ ਹਿੰਮਤ ਵਧਾਉਣ ਵਿਚ ਲਾਏ। ਅਪੁੱਲੋਸ ਬਹੁਤ ਨਿਮਰ ਸੀ। ਇਹ ਅਸੀਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਇਕ ਵਾਰ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਨੂੰ “ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ,” ਤਾਂ ਉਸ ਨੇ ਬੁਰਾ ਨਹੀਂ ਮਨਾਇਆ।​—ਰਸੂ. 18:24-28.

17. ਪੌਲੁਸ ਨੇ ਸ਼ਾਂਤੀ ਬਣਾਈ ਰੱਖਣ ਲਈ ਕੀ ਕੀਤਾ?

17 ਪੌਲੁਸ ਰਸੂਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਅਪੁੱਲੋਸ ਨੇ ਕਿੰਨੇ ਚੰਗੇ ਕੰਮ ਕੀਤੇ ਸਨ। ਪਰ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਅਪੁੱਲੋਸ ਉਸ ਤੋਂ ਅੱਗੇ ਵਧ ਜਾਵੇਗਾ। ਉਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਜੋ ਲਿਖਿਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ ਅਤੇ ਉਹ ਆਪਣੀਆਂ ਹੱਦਾਂ ਪਛਾਣਦਾ ਸੀ। ਜਦੋਂ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੇ ਕਿਹਾ ਕਿ “ਮੈਂ ਪੌਲੁਸ ਦਾ ਚੇਲਾ ਹਾਂ,” ਤਾਂ ਉਹ ਘਮੰਡ ਨਾਲ ਫੁੱਲ ਨਹੀਂ ਗਿਆ, ਸਗੋਂ ਉਨ੍ਹਾਂ ਦਾ ਧਿਆਨ ਯਹੋਵਾਹ ਅਤੇ ਯਿਸੂ ਮਸੀਹ ਵੱਲ ਖਿੱਚਿਆ।​—1 ਕੁਰਿੰ. 3:3-6.

18. ਪਹਿਲਾ ਕੁਰਿੰਥੀਆਂ 4:6, 7 ਮੁਤਾਬਕ ਅਸੀਂ ਪੌਲੁਸ ਅਤੇ ਅਪੁੱਲੋਸ ਤੋਂ ਕੀ ਸਿੱਖਦੇ ਹਾਂ?

18 ਅਸੀਂ ਪੌਲੁਸ ਅਤੇ ਅਪੁੱਲੋਸ ਤੋਂ ਕੀ ਸਿੱਖ ਸਕਦੇ ਹਾਂ? ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਮਿਹਨਤ ਕੀਤੀ ਹੈ ਅਤੇ ਕਈ ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਭ ਯਹੋਵਾਹ ਦੀ ਬਰਕਤ ਸਦਕਾ ਹੀ ਹੋ ਪਾਇਆ ਹੈ। ਅਸੀਂ ਇਨ੍ਹਾਂ ਭਰਾਵਾਂ ਤੋਂ ਇਕ ਹੋਰ ਗੱਲ ਸਿੱਖ ਸਕਦੇ ਹਾਂ ਕਿ ਜਿਨ੍ਹਾਂ ਭਰਾਵਾਂ ਕੋਲ ਮੰਡਲੀ ਵਿਚ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਇਸ ਗੱਲ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੰਡਲੀ ਵਿਚ ਸ਼ਾਂਤੀ ਬਣੀ ਰਹੇ। ਇਸ ਲਈ ਅਸੀਂ ਬਹੁਤ ਖ਼ੁਸ਼ ਹਾਂ ਕਿ ਸਹਾਇਕ ਸੇਵਕ ਅਤੇ ਬਜ਼ੁਰਗ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਬਹੁਤ ਮਿਹਨਤ ਕਰਦੇ ਹਨ। ਉਹ ਜੋ ਵੀ ਸਲਾਹ ਦਿੰਦੇ ਹਨ, ਉਹ ਆਪਣੇ ਵੱਲੋਂ ਨਹੀਂ, ਸਗੋਂ ਬਾਈਬਲ ਵਿੱਚੋਂ ਦਿੰਦੇ ਹਨ ਅਤੇ ਭੈਣਾਂ-ਭਰਾਵਾਂ ਦਾ ਧਿਆਨ ਯਿਸੂ ਮਸੀਹ ਵੱਲ ਖਿੱਚਦੇ ਹਨ ਜੋ ਸਾਡੇ ਲਈ ਇਕ ਵਧੀਆ ਮਿਸਾਲ ਹੈ।​—1 ਕੁਰਿੰਥੀਆਂ 4:6, 7 ਪੜ੍ਹੋ।

19. ਅਸੀਂ ਸਾਰੇ ਕੀ ਕਰ ਸਕਦੇ ਹਾਂ? (“ ਮੁਕਾਬਲਾ ਕਰਨ ਲਈ ਨਾ ਉਕਸਾਓ” ਨਾਂ ਦੀ ਡੱਬੀ ਦੇਖੋ।)

19 ਸਾਡੇ ਸਾਰਿਆਂ ਵਿਚ ਕੋਈ-ਨਾ-ਕੋਈ ਹੁਨਰ ਜਾਂ ਕਾਬਲੀਅਤ ਹੈ ਜੋ ਅਸੀਂ “ਇਕ-ਦੂਜੇ ਦੀ ਸੇਵਾ ਕਰਨ ਲਈ” ਵਰਤ ਸਕਦੇ ਹਾਂ। (1 ਪਤ. 4:10) ਸਾਨੂੰ ਸ਼ਾਇਦ ਲੱਗੇ ਕਿ ਅਸੀਂ ਜ਼ਿਆਦਾ ਕੁਝ ਨਹੀਂ ਕਰ ਪਾ ਰਹੇ। ਪਰ ਜਿਸ ਤਰ੍ਹਾਂ ਇਕ ਕੱਪੜੇ ਨੂੰ ਛੋਟੀਆਂ-ਛੋਟੀਆਂ ਸੀਣਾਂ ਲਾ ਕੇ ਇਕ ਸੋਹਣੀ ਪੁਸ਼ਾਕ ਤਿਆਰ ਹੋ ਜਾਂਦੀ ਹੈ, ਉਸੇ ਤਰ੍ਹਾਂ ਸਾਡੇ ਛੋਟੇ-ਛੋਟੇ ਕੰਮਾਂ ਨਾਲ ਮੰਡਲੀ ਵਿਚ ਏਕਤਾ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਜੇ ਸਾਨੂੰ ਲੱਗਦਾ ਹੈ ਕਿ ਸਾਡੇ ਵਿਚ ਦੂਜਿਆਂ ਨਾਲੋਂ ਅੱਗੇ ਨਿਕਲਣ ਦੀ ਸੋਚ ਪੈਦਾ ਹੋ ਰਹੀ ਹੈ, ਤਾਂ ਸਾਨੂੰ ਇਸ ਨੂੰ ਫ਼ੌਰਨ ਕੱਢ ਦੇਣਾ ਚਾਹੀਦਾ ਹੈ। ਆਓ ਆਪਾਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦਾ ਪੱਕਾ ਇਰਾਦਾ ਕਰੀਏ।​—ਅਫ਼. 4:3.

ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ

^ ਪੈਰਾ 5 ਜੇ ਮਿੱਟੀ ਦੇ ਭਾਂਡੇ ਵਿਚ ਤਰੇੜਾਂ ਪੈ ਜਾਣ, ਤਾਂ ਉਹ ਛੇਤੀ ਟੁੱਟ ਸਕਦਾ ਹੈ। ਉਸੇ ਤਰ੍ਹਾਂ ਜੇ ਮੰਡਲੀ ਦੇ ਕੁਝ ਭੈਣ-ਭਰਾ ਖ਼ੁਦ ਨੂੰ ਦੂਜਿਆਂ ਨਾਲੋਂ ਚੰਗੇ ਸਮਝਣ ਅਤੇ ਦੂਜਿਆਂ ਨੂੰ ਮੁਕਾਬਲਾ ਕਰਨ ਲਈ ਉਕਸਾਉਣ, ਤਾਂ ਮੰਡਲੀ ਦੀ ਏਕਤਾ ਤੇ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਖ਼ੁਦ ਨੂੰ ਦੂਜਿਆਂ ਨਾਲੋਂ ਚੰਗਾ ਕਿਉਂ ਨਹੀਂ ਸਮਝਣਾ ਚਾਹੀਦਾ ਅਤੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਮੰਡਲੀ ਵਿਚ ਸ਼ਾਂਤੀ ਬਣੀ ਰਹੇ।

^ ਪੈਰਾ 4 ਕੁਝ ਨਾਂ ਬਦਲੇ ਗਏ ਹਨ।