ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:
ਔਰਤਾਂ ਨਾਲ ਪੇਸ਼ ਆਉਣ ਦੇ ਮਾਮਲੇ ਵਿਚ ਯਹੋਵਾਹ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਹੈ?
ਯਹੋਵਾਹ ਔਰਤਾਂ ਨਾਲ ਪੱਖਪਾਤ ਨਹੀਂ ਕਰਦਾ ਤੇ ਨਾ ਹੀ ਉਹ ਆਦਮੀਆਂ ਨੂੰ ਨਾਲੋਂ ਜ਼ਿਆਦਾ ਪਸੰਦ ਕਰਦਾ ਹੈ। ਯਹੋਵਾਹ ਉਨ੍ਹਾਂ ਦੀ ਸੁਣਦਾ ਹੈ। ਉਹ ਇਸ ਗੱਲ ʼਤੇ ਵੀ ਧਿਆਨ ਦਿੰਦਾ ਹੈ ਕਿ ਔਰਤਾਂ ਕਿਵੇਂ ਮਹਿਸੂਸ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਹਨ। ਉਹ ਉਨ੍ਹਾਂ ʼਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਅਲੱਗ-ਅਲੱਗ ਕੰਮ ਸੌਂਪਦਾ ਹੈ।—w24.01, ਸਫ਼ੇ 15-16.
ਅਸੀਂ ਅਫ਼ਸੀਆਂ 5:7 ਵਿਚ ਦਿੱਤੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ ਜਿੱਥੇ ਲਿਖਿਆ ਹੈ: “ਉਨ੍ਹਾਂ ਦੇ ਕੰਮਾਂ ਵਿਚ ਹਿੱਸੇਦਾਰ ਨਾ ਬਣੋ”?
ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ ਸਾਨੂੰ ਉਨ੍ਹਾਂ ਲੋਕਾਂ ਨਾਲ ਸੰਗਤ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਕਰਕੇ ਸਾਡੇ ਲਈ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਔਖਾ ਹੋ ਜਾਵੇ। ਇਹ ਉਹ ਲੋਕ ਹੋ ਸਕਦੇ ਹਨ ਜਿਨ੍ਹਾਂ ਨਾਲ ਅਸੀਂ ਉੱਠਦੇ-ਬੈਠਦੇ ਹਾਂ ਤੇ ਜਿਨ੍ਹਾਂ ਲੋਕਾਂ ਨਾਲ ਸੋਸ਼ਲ ਮੀਡੀਆ ʼਤੇ ਗੱਲਬਾਤ ਕਰਦੇ ਹਾਂ।—w24.03, ਸਫ਼ੇ 22-23.
ਸਾਨੂੰ ਕਿਹੋ ਜਿਹੀਆਂ ਝੂਠੀਆਂ ਕਹਾਣੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ?
ਹੋ ਸਕਦਾ ਹੈ ਕਿ ਸਾਡਾ ਕੋਈ ਦੋਸਤ ਸਾਨੂੰ ਕੋਈ ਖ਼ਬਰ ਦੇਵੇ ਜੋ ਸੱਚੀ ਨਾ ਹੋਵੇ, ਸਾਨੂੰ ਕਿਸੇ ਅਜਿਹੇ ਵਿਅਕਤੀ ਤੋਂ ਕੋਈ ਈ-ਮੇਲ ਆਵੇ ਜਿਸ ਨੂੰ ਅਸੀਂ ਨਹੀਂ ਜਾਣਦੇ ਅਤੇ ਕੋਈ ਧਰਮ-ਤਿਆਗੀ ਸੱਚਾਈ ਬਾਰੇ ਜਾਣਨ ਦਾ ਦਿਖਾਵਾ ਕਰੇ। ਸਾਨੂੰ ਅਜਿਹੀਆਂ ਝੂਠੀਆਂ ਕਹਾਣੀਆਂ ਜਾਂ ਖ਼ਬਰਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ।—w24.04, ਸਫ਼ਾ 12.
ਯਹੋਵਾਹ ਜਿਸ ਤਰੀਕੇ ਨਾਲ ਰਾਜਾ ਸੁਲੇਮਾਨ, ਸਦੂਮ ਤੇ ਗਮੋਰਾ ਅਤੇ ਜਲ-ਪਰਲੋ ਵਿਚ ਮਰਨ ਵਾਲੇ ਲੋਕਾਂ ਦਾ ਨਿਆਂ ਕਰੇਗਾ, ਉਸ ਬਾਰੇ ਅਸੀਂ ਕੀ ਨਹੀਂ ਜਾਣਦੇ ਅਤੇ ਕੀ ਜਾਣਦੇ ਹਾਂ?
ਅਸੀਂ ਪੱਕਾ ਨਹੀਂ ਜਾਣਦੇ ਕਿ ਯਹੋਵਾਹ ਨੇ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਹੈ ਜਾਂ ਨਹੀਂ। ਪਰ ਅਸੀਂ ਇਹ ਜਾਣਦੇ ਹਾਂ ਕਿ ਯਹੋਵਾਹ ਸਾਰਾ ਕੁਝ ਜਾਣਦਾ ਹੈ ਅਤੇ ਉਹ ਦਇਆ ਕਰਨ ਵਾਲਾ ਪਰਮੇਸ਼ੁਰ ਹੈ।—w24.05, ਸਫ਼ੇ 3-4.
ਪਰਮੇਸ਼ੁਰ “ਚਟਾਨ” ਹੈ, ਇਸ ਤੋਂ ਸਾਨੂੰ ਕਿਸ ਗੱਲ ਦਾ ਭਰੋਸਾ ਮਿਲਦਾ ਹੈ? (ਬਿਵ. 32:4)
ਅਸੀਂ ਯਹੋਵਾਹ ਵਿਚ ਪਨਾਹ ਲੈ ਸਕਦੇ ਹਾਂ। ਉਹ ਭਰੋਸੇਯੋਗ ਹੈ ਜੋ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਨਾਲੇ ਉਹ ਸਥਿਰ ਰਹਿੰਦਾ ਹੈ ਯਾਨੀ ਉਸ ਦਾ ਸੁਭਾਅ ਤੇ ਮਕਸਦ ਕਦੇ ਨਹੀਂ ਬਦਲਦਾ।—w24.06, ਸਫ਼ੇ 26-28.
ਨਵੀਂ ਮੰਡਲੀ ਨੂੰ ਆਪਣਾ ਪਰਿਵਾਰ ਬਣਾਉਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?
ਯਹੋਵਾਹ ʼਤੇ ਭਰੋਸਾ ਰੱਖੋ। ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਦੀ ਮਦਦ ਕੀਤੀ ਸੀ ਤੇ ਉਹ ਅੱਜ ਤੁਹਾਡੀ ਵੀ ਮਦਦ ਕਰੇਗਾ। ਆਪਣੀ ਨਵੀਂ ਮੰਡਲੀ ਦੀ ਤੁਲਨਾ ਪੁਰਾਣੀ ਮੰਡਲੀ ਨਾਲ ਨਾ ਕਰੋ। ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰੋ ਅਤੇ ਨਵੇਂ ਦੋਸਤ ਬਣਾਉਣ ਦੀ ਕੋਸ਼ਿਸ਼ ਕਰੋ।—w24.07, ਸਫ਼ੇ 26-28.
ਮੱਤੀ ਅਧਿਆਇ 25 ਵਿਚ ਦਿੱਤੀਆਂ ਤਿੰਨ ਮਿਸਾਲਾਂ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?
ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਵਫ਼ਾਦਾਰ ਰਹਿਣ ਦੀ ਲੋੜ ਹੈ। ਸਮਝਦਾਰ ਅਤੇ ਮੂਰਖ ਕੁਆਰੀਆਂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਤਿਆਰ ਅਤੇ ਚੁਕੰਨੇ ਰਹਿਣ ਦੀ ਲੋੜ ਹੈ। ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਮਿਹਨਤੀ ਬਣਨ ਦੀ ਅਹਿਮੀਅਤ ʼਤੇ ਜ਼ੋਰ ਦਿੱਤਾ ਗਿਆ ਹੈ।—w24.09, ਸਫ਼ੇ 20-24.
ਸੁਲੇਮਾਨ ਦੇ ਮੰਦਰ ਦੀ ਦਲਾਨ ਦੀ ਉਚਾਈ ਕਿੰਨੀ ਸੀ?
ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ 2 ਇਤਿਹਾਸ 3:4 ਵਿਚ ਮੰਦਰ ਦੀ ਦਲਾਨ ਦੀ ਉਚਾਈ “120 ਹੱਥ” ਯਾਨੀ 175 ਫੁੱਟ (53 ਮੀਟਰ) ਲਿਖੀ ਹੈ। ਪਰ ਕੁਝ ਹੋਰ ਭਰੋਸੇਮੰਦ ਹੱਥ-ਲਿਖਤਾਂ ਵਿਚ “20 ਹੱਥ” ਯਾਨੀ ਤਕਰੀਬਨ 30 ਫੁੱਟ (9 ਮੀਟਰ) ਲਿਖੀ ਹੈ। ਮੰਦਰ ਦੀਆਂ ਕੰਧਾਂ ਦੀ ਚੁੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਇਹੀ ਲੱਗਦਾ ਹੈ ਕਿ ਦਲਾਨ ਦੀ ਉਚਾਈ “20 ਹੱਥ” ਹੀ ਹੋਵੇਗੀ।—w24.10, ਸਫ਼ਾ 31.
ਇਸ ਦਾ ਕੀ ਮਤਲਬ ਹੈ ਕਿ ਇਕ ਸਹਾਇਕ ਸੇਵਕ “ਇੱਕੋ ਪਤਨੀ ਦਾ ਪਤੀ” ਹੋਵੇ? (1 ਤਿਮੋ. 3:12)
ਇਸ ਦਾ ਮਤਲਬ ਹੈ ਕਿ ਉਸ ਦੀ ਇੱਕੋ ਪਤਨੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਕਦੇ ਵੀ ਨਾਜਾਇਜ਼ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ। ਇਸ ਤੋਂ ਇਲਾਵਾ, ਉਸ ਨੂੰ ਕਿਸੇ ਹੋਰ ਔਰਤ ਵਿਚ ਦਿਲਚਸਪੀ ਨਹੀਂ ਲੈਣੀ ਚਾਹੀਦੀ।—w24.11, ਸਫ਼ਾ 19.
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯੂਹੰਨਾ 6:53 ਵਿਚ ਯਿਸੂ ਇਹ ਨਹੀਂ ਦੱਸ ਰਿਹਾ ਸੀ ਕਿ ਪ੍ਰਭੂ ਦਾ ਸ਼ਾਮ ਦਾ ਭੋਜਨ ਕਿੱਦਾਂ ਮਨਾਇਆ ਜਾਣਾ ਚਾਹੀਦਾ ਹੈ?
ਯੂਹੰਨਾ 6:53 ਵਿਚ ਯਿਸੂ ਦਾ ਮਾਸ ਖਾਣ ਅਤੇ ਲਹੂ ਪੀਣ ਦੀ ਗੱਲ ਕੀਤੀ ਗਈ ਹੈ। ਯਿਸੂ ਨੇ ਇਹ ਗੱਲ 32 ਈਸਵੀ ਵਿਚ ਗਲੀਲ ਵਿਚ ਉਨ੍ਹਾਂ ਯਹੂਦੀਆਂ ਨੂੰ ਕਹੀ ਸੀ ਜੋ ਉਸ ʼਤੇ ਪੂਰੀ ਤਰ੍ਹਾਂ ਨਿਹਚਾ ਨਹੀਂ ਕਰਦੇ ਸਨ। ਪਰ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਸ਼ੁਰੂਆਤ ਯਿਸੂ ਨੇ ਇਸ ਤੋਂ ਇਕ ਸਾਲ ਬਾਅਦ ਯਰੂਸ਼ਲਮ ਵਿਚ ਕੀਤੀ ਸੀ। ਉਸ ਵੇਲੇ ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨਾਲ ਸਵਰਗ ਵਿਚ ਰਾਜ ਕਰਨਾ ਸੀ।—w24.12, ਸਫ਼ੇ 10-11.