Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

1 ਤਿਮੋਥਿਉਸ 5:21 ਵਿਚ ਜ਼ਿਕਰ ਕੀਤੇ ‘ਚੁਣੇ ਹੋਏ ਦੂਤ’ ਕੌਣ ਹਨ?

ਪੌਲੁਸ ਰਸੂਲ ਨੇ ਬਜ਼ੁਰਗ ਵਜੋਂ ਸੇਵਾ ਕਰ ਰਹੇ ਤਿਮੋਥਿਉਸ ਨੂੰ ਲਿਖਿਆ: “ਮੈਂ ਤੈਨੂੰ ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਸਾਮ੍ਹਣੇ ਪੂਰੀ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ ਕਿ ਤੂੰ ਤਰਫ਼ਦਾਰੀ ਜਾਂ ਪੱਖਪਾਤ ਕੀਤੇ ਬਿਨਾਂ ਇਨ੍ਹਾਂ ਹਿਦਾਇਤਾਂ ਉੱਤੇ ਚੱਲੀਂ।”​—1 ਤਿਮੋ. 5:21.

ਸਭ ਤੋਂ ਪਹਿਲਾਂ, ਅਸੀਂ ਦੇਖਦੇ ਹਾਂ ਕਿ ਇਹ ‘ਚੁਣੇ ਹੋਏ ਦੂਤ’ ਕੌਣ ਨਹੀਂ ਹੋ ਸਕਦੇ। ਜ਼ਾਹਰ ਜਿਹੀ ਗੱਲ ਹੈ ਕਿ 1,44,000 ਚੁਣੇ ਹੋਏ ਮਸੀਹੀ ਇਸ ਆਇਤ ਵਿਚ ਜ਼ਿਕਰ ਕੀਤੇ ‘ਚੁਣੇ ਹੋਏ ਦੂਤ’ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਇਹ ਚਿੱਠੀ ਲਿਖੀ ਸੀ, ਉਦੋਂ ਤਕ ਕਿਸੇ ਵੀ ਚੁਣੇ ਹੋਏ ਮਸੀਹੀ ਨੂੰ ਸਵਰਗ ਨਹੀਂ ਲਿਜਾਇਆ ਗਿਆ ਸੀ। ਰਸੂਲ ਅਤੇ ਹੋਰ ਚੁਣੇ ਹੋਏ ਮਸੀਹੀ ਅਜੇ ਦੂਤ ਨਹੀਂ ਬਣੇ ਸਨ, ਇਸ ਲਈ ਉਹ ‘ਚੁਣੇ ਹੋਏ ਦੂਤ’ ਨਹੀਂ ਹੋ ਸਕਦੇ।​—1 ਕੁਰਿੰ. 15:50-54; 1 ਥੱਸ. 4:13-17; 1 ਯੂਹੰ. 3:2.

ਇਹ ‘ਚੁਣੇ ਹੋਏ ਦੂਤ’ ਉਹ ਦੂਤ ਵੀ ਨਹੀਂ ਹੋ ਸਕਦੇ ਜੋ ਜਲ-ਪਰਲੋ ਦੇ ਸਮੇਂ ਯਹੋਵਾਹ ਦੇ ਅਣਆਗਿਆਕਾਰ ਹੋ ਗਏ ਸਨ। ਉਹ ਦੁਸ਼ਟ ਦੂਤ ਸ਼ੈਤਾਨ ਵੱਲ ਹੋ ਗਏ ਸਨ ਅਤੇ ਯਿਸੂ ਦੇ ਦੁਸ਼ਮਣ ਬਣ ਗਏ ਸਨ। (ਉਤ. 6:2; ਲੂਕਾ 8:30, 31; 2 ਪਤ. 2:4) ਭਵਿੱਖ ਵਿਚ ਸ਼ੈਤਾਨ ਦੇ ਨਾਲ-ਨਾਲ ਉਨ੍ਹਾਂ ਨੂੰ ਵੀ 1,000 ਸਾਲ ਲਈ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।​—ਯਹੂ. 6; ਪ੍ਰਕਾ. 20:1-3, 10.

ਧਿਆਨ ਦਿਓ ਕਿ ਇਨ੍ਹਾਂ “ਚੁਣੇ ਹੋਏ ਦੂਤਾਂ” ਦਾ ਜ਼ਿਕਰ ਪਰਮੇਸ਼ੁਰ ਅਤੇ ਮਸੀਹ ਯਿਸੂ ਨਾਲ ਕੀਤਾ ਗਿਆ ਹੈ। ਸੋ ਪੌਲੁਸ ਜ਼ਰੂਰ ਉਨ੍ਹਾਂ ਦੂਤਾਂ ਦੀ ਗੱਲ ਕਰ ਰਿਹਾ ਹੋਣਾ ਜੋ ‘ਪਰਮੇਸ਼ੁਰ ਅਤੇ ਮਸੀਹ ਯਿਸੂ’ ਦਾ ਸਾਥ ਦਿੰਦੇ ਹਨ।

ਸਵਰਗ ਵਿਚ ਲੱਖਾਂ-ਕਰੋੜਾਂ ਦੂਤ ਹਨ। (ਇਬ. 12:22, 23) ਇੱਦਾਂ ਲੱਗਦਾ ਹੈ ਕਿ ਯਹੋਵਾਹ ਹਰ ਦੂਤ ਨੂੰ ਅਲੱਗ-ਅਲੱਗ ਕੰਮ ਦਿੰਦਾ ਹੈ। (ਪ੍ਰਕਾ. 14:17, 18) ਮਿਸਾਲ ਲਈ, ਯਾਦ ਕਰੋ ਕਿ ਇਕ ਵਾਰ ਇਕ ਦੂਤ ਨੂੰ 1,85,000 ਅੱਸ਼ੂਰੀ ਫ਼ੌਜੀਆਂ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ। (2 ਰਾਜ. 19:35) ਨਾਲੇ ਸ਼ਾਇਦ ਕਈ ਦੂਤਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੋਵੇ ਕਿ ਉਹ ਅੱਗੇ ਚੱਲ ਕੇ ‘ਯਿਸੂ ਦੇ ਰਾਜ ਵਿੱਚੋਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਠੋਕਰ ਦਾ ਕਾਰਨ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਜਿਹੜੇ ਬੁਰੇ ਕੰਮ ਕਰਦੇ ਹਨ।’ (ਮੱਤੀ 13:39-41) ਨਾਲੇ ਸ਼ਾਇਦ ਕੁਝ ਦੂਤਾਂ ਨੂੰ ਯਿਸੂ ਦੇ ‘ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰ ਕੇ’ ਸਵਰਗ ਲਿਜਾਣ ਦਾ ਕੰਮ ਸੌਂਪਿਆ ਜਾਵੇ। (ਮੱਤੀ 24:31) ਇਸ ਤੋਂ ਇਲਾਵਾ, ਕੁਝ ਦੂਤਾਂ ਨੂੰ ‘ਕਦਮ-ਕਦਮ ʼਤੇ ਸਾਡੀ ਰੱਖਿਆ ਕਰਨ’ ਦਾ ਹੁਕਮ ਦਿੱਤਾ ਗਿਆ ਹੈ।​—ਜ਼ਬੂ. 91:11; ਮੱਤੀ 18:10; ਮੱਤੀ 4:11 ਵਿਚ ਨੁਕਤਾ ਦੇਖੋ; ਲੂਕਾ 22:43.

1 ਤਿਮੋਥਿਉਸ 5:21 ਵਿਚ ਜਿਨ੍ਹਾਂ ਦੂਤਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸ਼ਾਇਦ ਉਹ ਦੂਤ ਸਨ ਜਿਨ੍ਹਾਂ ਨੂੰ ਮੰਡਲੀਆਂ ਦੀ ਮਦਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਆਲੇ-ਦੁਆਲੇ ਦੀਆਂ ਆਇਤਾਂ ਪੜ੍ਹਨ ʼਤੇ ਪਤਾ ਲੱਗਦਾ ਹੈ ਕਿ ਪੌਲੁਸ ਬਜ਼ੁਰਗਾਂ ਨੂੰ ਇਹ ਦੱਸ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਮੰਡਲੀ ਵਿਚ ਸਾਰਿਆਂ ਨੂੰ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ। ਉਸ ਨੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ “ਤਰਫ਼ਦਾਰੀ ਜਾਂ ਪੱਖਪਾਤ ਕੀਤੇ ਬਿਨਾਂ” ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ। ਪੌਲੁਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਉਂ ਇਸ ਸਲਾਹ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕਿਉਂਕਿ ਬਜ਼ੁਰਗ “ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਸਾਮ੍ਹਣੇ” ਸੇਵਾ ਕਰਦੇ ਹਨ ਯਾਨੀ ਉਹ ਸਾਰੇ ਦੇਖਦੇ ਹਨ ਕਿ ਬਜ਼ੁਰਗ ਮੰਡਲੀ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕੁਝ ਦੂਤਾਂ ਨੂੰ ਮੰਡਲੀ ਦੀ ਮਦਦ ਕਰਨ ਦਾ ਕੰਮ ਸੌਂਪਿਆ ਗਿਆ ਹੈ। ਮਿਸਾਲ ਲਈ, ਉਹ ਪਰਮੇਸ਼ੁਰ ਦੇ ਸੇਵਕਾਂ ਦੀ ਹਿਫਾਜ਼ਤ ਕਰਦੇ ਹਨ, ਪ੍ਰਚਾਰ ਵਿਚ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਉਹ ਜੋ ਵੀ ਦੇਖਦੇ ਹਨ, ਯਹੋਵਾਹ ਨੂੰ ਉਸ ਦੀ ਖ਼ਬਰ ਦਿੰਦੇ ਹਨ।​—ਮੱਤੀ 18:10; ਪ੍ਰਕਾ. 14:6.