Skip to content

Skip to table of contents

ਅਧਿਐਨ ਲੇਖ 50

ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”

ਮਾਪਿਓ​​—ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰੋ

ਮਾਪਿਓ​​—ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰੋ

‘ਤੁਸੀਂ ਆਪ ਜਾਂਚ ਕਰ ਕੇ ਦੇਖੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।’​—ਰੋਮੀ. 12:2.

ਕੀ ਸਿੱਖਾਂਗੇ?

ਅਸੀਂ ਕੁਝ ਸੁਝਾਵਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਮਾਪੇ ਬੱਚਿਆਂ ਨਾਲ ਪਰਮੇਸ਼ੁਰ ਬਾਰੇ ਤੇ ਬਾਈਬਲ ਬਾਰੇ ਚੰਗੀ ਤਰ੍ਹਾਂ ਗੱਲ ਕਰ ਸਕਣਗੇ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਣਗੇ।

1-2. ਜਦੋਂ ਬੱਚੇ ਬਾਈਬਲ-ਆਧਾਰਿਤ ਸਾਡੇ ਵਿਸ਼ਵਾਸਾਂ ਬਾਰੇ ਸਵਾਲ ਬਾਰੇ ਪੁੱਛਦੇ ਹਨ, ਤਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ?

 ਬੱਚਿਆਂ ਦੀ ਪਰਵਰਿਸ਼ ਕਰਨੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮਾਪਿਓ, ਅਸੀਂ ਤੁਹਾਡੀ ਦਿਲੋਂ ਤਾਰੀਫ਼ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰਨ ਲਈ ਬਹੁਤ ਮਿਹਨਤ ਕਰਦੇ ਹੋ। (ਬਿਵ. 6:6, 7) ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਹੋ ਸਕਦਾ ਹੈ ਕਿ ਉਹ ਬਾਈਬਲ-ਆਧਾਰਿਤ ਸਾਡੇ ਵਿਸ਼ਵਾਸਾਂ ਅਤੇ ਮਿਆਰਾਂ ਬਾਰੇ ਸਵਾਲ ਪੁੱਛਣ ਲੱਗਣ। ਜਿਵੇਂ ਸ਼ਾਇਦ ਉਹ ਪੁੱਛਣ ਕਿ ਯਹੋਵਾਹ ਨੇ ਕੁਝ ਕੰਮ ਕਰਨ ਤੋਂ ਕਿਉਂ ਮਨ੍ਹਾ ਕੀਤਾ ਹੈ।

2 ਆਪਣੇ ਬੱਚਿਆਂ ਦੇ ਸਵਾਲ ਸੁਣ ਕੇ ਸ਼ਾਇਦ ਤੁਹਾਨੂੰ ਚਿੰਤਾ ਹੋ ਸਕਦੀ ਹੈ ਕਿ ਕਿਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਤਾਂ ਨਹੀਂ ਹੋ ਰਹੀ। ਪਰ ਸੱਚ ਤਾਂ ਇਹ ਹੈ ਕਿ ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ, ਤਾਂ ਹੀ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ। (1 ਕੁਰਿੰ. 13:11) ਇਸ ਲਈ ਜਦੋਂ ਤੁਹਾਡੇ ਬੱਚੇ ਸਵਾਲ ਪੁੱਛਦੇ ਹਨ, ਤਾਂ ਡਰੋ ਨਾ, ਸਗੋਂ ਇਸ ਨੂੰ ਇਕ ਵਧੀਆ ਮੌਕਾ ਸਮਝੋ। ਉਨ੍ਹਾਂ ਦੀ ਮਦਦ ਕਰੋ ਕਿ ਉਹ ਗੱਲਾਂ ਬਾਰੇ ਗਹਿਰਾਈ ਨਾਲ ਸੋਚਣ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰੋ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਮਾਪੇ ਕਿਵੇਂ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਤਾਂਕਿ (1) ਪਰਮੇਸ਼ੁਰ ਅਤੇ ਬਾਈਬਲ ʼਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇ, (2) ਉਨ੍ਹਾਂ ਦੇ ਦਿਲ ਵਿਚ ਬਾਈਬਲ ਦੇ ਮਿਆਰਾਂ ਲਈ ਕਦਰ ਵਧੇ ਅਤੇ (3) ਉਹ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕਣ। ਅਸੀਂ ਇਹ ਵੀ ਦੇਖਾਂਗੇ ਕਿ ਬੱਚਿਆਂ ਲਈ ਸਵਾਲ ਪੁੱਛਣੇ ਕਿਉਂ ਵਧੀਆ ਹਨ ਅਤੇ ਤੁਸੀਂ ਆਪਣੇ ਬੱਚਿਆਂ ਨਾਲ ਮਿਲ ਕੇ ਕਿਹੜੇ ਕੁਝ ਕੰਮ ਕਰ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਸਕੋ।

ਪਰਮੇਸ਼ੁਰ ਅਤੇ ਬਾਈਬਲ ʼਤੇ ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰੋ

4. ਬੱਚੇ ਸ਼ਾਇਦ ਕਿਹੜੇ ਸਵਾਲ ਪੁੱਛਣ ਅਤੇ ਕਿਉਂ?

4 ਮਾਪਿਓ, ਜੇ ਤੁਸੀਂ ਪਰਮੇਸ਼ੁਰ ʼਤੇ ਨਿਹਚਾ ਕਰਦੇ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਬੱਚਾ ਵੀ ਖ਼ੁਦ-ਬਖ਼ੁਦ ਪਰਮੇਸ਼ੁਰ ʼਤੇ ਨਿਹਚਾ ਕਰਨ ਲੱਗੇਗਾ। ਤੁਸੀਂ ਜਨਮ ਤੋਂ ਹੀ ਨਿਹਚਾ ਨਹੀਂ ਕਰਨ ਲੱਗ ਪਏ ਸੀ, ਸਗੋਂ ਤੁਸੀਂ ਇਹ ਗੁਣ ਆਪਣੇ ਅੰਦਰ ਪੈਦਾ ਕੀਤਾ ਸੀ। ਤੁਹਾਡੇ ਬੱਚੇ ਨੂੰ ਵੀ ਇੱਦਾਂ ਹੀ ਕਰਨਾ ਪਵੇਗਾ। ਇਸ ਲਈ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਕੁਝ ਸਵਾਲ ਪੁੱਛੇ, ਜਿਵੇਂ ‘ਮੈਂ ਕਿੱਦਾਂ ਮੰਨ ਲਵਾਂ ਕਿ ਕੋਈ ਪਰਮੇਸ਼ੁਰ ਹੈ? ਕੀ ਬਾਈਬਲ ਵਿਚ ਲਿਖੀਆਂ ਗੱਲਾਂ ਸੱਚ ਹਨ?’ ਇਹੋ ਜਿਹੇ ਸਵਾਲ ਪੁੱਛਣੇ ਗ਼ਲਤ ਨਹੀਂ ਹਨ। ਬਾਈਬਲ ਵਿਚ ਵੀ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤੀਏ ਅਤੇ ‘ਸਾਰੀਆਂ ਗੱਲਾਂ ਨੂੰ ਪਰਖੀਏ।’ (ਰੋਮੀ. 12:1; 1 ਥੱਸ. 5:21) ਸੋ ਮਾਪਿਓ, ਜਦੋਂ ਤੁਹਾਡੇ ਬੱਚੇ ਸਵਾਲ ਕਰਨ, ਤਾਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

5. ਬਾਈਬਲ ʼਤੇ ਆਪਣੇ ਬੱਚੇ ਦੀ ਨਿਹਚਾ ਵਧਾਉਣ ਲਈ ਮਾਪੇ ਕੀ ਕਰ ਸਕਦੇ ਹਨ? (ਰੋਮੀਆਂ 12:2)

5 ਆਪਣੇ ਬੱਚੇ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਸ ਗੱਲ ਦੇ ਸਬੂਤ ਲੱਭੇ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ। (ਰੋਮੀਆਂ 12:2 ਪੜ੍ਹੋ।) ਜਦੋਂ ਤੁਹਾਡਾ ਬੱਚਾ ਕੋਈ ਸਵਾਲ ਪੁੱਛਦਾ ਹੈ, ਤਾਂ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਲੱਭਣੇ ਸਿਖਾਓ। ਤੁਸੀਂ ਉਸ ਨੂੰ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਅਤੇ ਯਹੋਵਾਹ ਦੇ ਗਵਾਹਾਂ ਦੇ ਰਿਸਰਚ ਬਰੋਸ਼ਰ ਵਿੱਚੋਂ ਖੋਜਬੀਨ ਕਰਨੀ ਸਿਖਾ ਸਕਦੇ ਹੋ। ਮਿਸਾਲ ਲਈ, ਤੁਸੀਂ ਆਪਣੇ ਬੱਚੇ ਨੂੰ ਦੱਸ ਸਕਦੇ ਹੋ ਕਿ ਉਹ ਰਿਸਰਚ ਬਰੋਸ਼ਰ ਵਿਚ ਵਿਸ਼ੇ ਹੇਠਾਂ “ਬਾਈਬਲ” ਅਤੇ ਉਸ ਦੇ ਹੇਠਾਂ “ਪਰਮੇਸ਼ੁਰ ਦੀ ਪ੍ਰੇਰਣਾ ਅਧੀਨ” ਨਾਂ ਦਾ ਭਾਗ ਦੇਖੇ। ਉੱਥੇ ਉਸ ਨੂੰ ਇੱਦਾਂ ਦੇ ਲੇਖ ਮਿਲਣਗੇ ਜਿਨ੍ਹਾਂ ਵਿਚ ਸਬੂਤ ਦਿੱਤੇ ਗਏ ਹਨ ਕਿ ਚਾਹੇ ਕਿ ਬਾਈਬਲ ਇਨਸਾਨਾਂ ਨੇ ਲਿਖੀ ਹੈ, ਪਰ ਅਸਲ ਵਿਚ ਇਹ “ਪਰਮੇਸ਼ੁਰ ਦਾ ਬਚਨ” ਹੈ। (1 ਥੱਸ. 2:13) ਮਿਸਾਲ ਲਈ, ਤੁਹਾਡਾ ਬੱਚਾ ਪ੍ਰਾਚੀਨ ਅੱਸ਼ੂਰ ਦੇ ਨੀਨਵਾਹ ਸ਼ਹਿਰ ਬਾਰੇ ਖੋਜਬੀਨ ਕਰ ਸਕਦਾ ਹੈ। ਬਾਈਬਲ ʼਤੇ ਸਵਾਲ ਖੜ੍ਹੇ ਕਰਨ ਵਾਲੇ ਕੁਝ ਲੋਕ ਕਹਿੰਦੇ ਸਨ ਕਿ ਨੀਨਵਾਹ ਨਾਂ ਦਾ ਸ਼ਹਿਰ ਕਦੇ ਹੋਂਦ ਵਿਚ ਹੀ ਨਹੀਂ ਸੀ। ਪਰ 1850 ਦੇ ਨੇੜੇ-ਤੇੜੇ ਖੁਦਾਈ ਕਰਨ ʼਤੇ ਇਸ ਸ਼ਹਿਰ ਦੇ ਖੰਡਰ ਮਿਲੇ ਜਿਸ ਤੋਂ ਇਹ ਸਾਬਤ ਹੋ ਗਿਆ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ। (ਸਫ਼. 2:13-15) ਇਸ ਤੋਂ ਇਲਾਵਾ, ਤੁਹਾਡਾ ਬੱਚਾ ਪਹਿਰਾਬੁਰਜ ਨਵੰਬਰ 2021 ਵਿਚ ਦਿੱਤਾ ਲੇਖ “ਕੀ ਤੁਸੀਂ ਜਾਣਦੇ ਹੋ?” ਪੜ੍ਹ ਸਕਦਾ ਹੈ। ਇਸ ਤੋਂ ਉਹ ਸਮਝ ਸਕਦਾ ਹੈ ਕਿ ਨੀਨਵਾਹ ਦਾ ਜਿਸ ਤਰੀਕੇ ਨਾਲ ਨਾਸ਼ ਹੋਇਆ, ਉਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। ਜਦੋਂ ਤੁਹਾਡਾ ਬੱਚਾ ਸਾਡੇ ਪ੍ਰਕਾਸ਼ਨ ਪੜ੍ਹੇਗਾ ਅਤੇ ਦੇਖੇਗਾ ਕਿ ਐਨਸਾਈਕਲੋਪੀਡੀਆ ਅਤੇ ਹੋਰ ਮੰਨੀਆਂ-ਪ੍ਰਮੰਨੀਆਂ ਕਿਤਾਬਾਂ ਵਿਚ ਵੀ ਉਹੀ ਗੱਲਾਂ ਲਿਖੀਆਂ ਹਨ, ਤਾਂ ਬਾਈਬਲ ʼਤੇ ਉਸ ਦੀ ਨਿਹਚਾ ਵਧੇਗੀ।

6. ਮਾਪੇ ਆਪਣੇ ਬੱਚਿਆਂ ਨੂੰ ਕਿਹੜੇ ਸਬੂਤਾਂ ਰਾਹੀਂ ਦਿਖਾ ਸਕਦੇ ਹਨ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ? ਇਕ ਮਿਸਾਲ ਦਿਓ। (ਤਸਵੀਰ ਵੀ ਦੇਖੋ।)

6 ਆਪਣੇ ਬੱਚੇ ਨੂੰ ਸਬੂਤ ਦਿਖਾ ਕੇ ਸੋਚਣ ਲਈ ਉਕਸਾਓ। ਮਾਪਿਆਂ ਕੋਲ ਅਜਿਹੇ ਕਈ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਨ ਕਿ ਉਹ ਬਾਈਬਲ ਅਤੇ ਪਰਮੇਸ਼ੁਰ ʼਤੇ ਨਿਹਚਾ ਕਿਉਂ ਕਰ ਸਕਦੇ ਹਨ। ਇੱਦਾਂ ਦੇ ਮੌਕੇ ਤੁਹਾਨੂੰ ਉਦੋਂ ਮਿਲ ਸਕਦੇ ਹਨ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਕਿਸੇ ਮਿਊਜ਼ੀਅਮ ਜਾਂ ਪਾਰਕ ਵਿਚ ਜਾਂਦੇ ਹੋ ਜਾਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੋਈ ਪ੍ਰਦਰਸ਼ਨੀ ਦੇਖਣ ਜਾਂਦੇ ਹੋ। ਮਿਸਾਲ ਲਈ, ਜਦੋਂ ਤੁਸੀਂ ਕਿਸੇ ਮਿਊਜ਼ੀਅਮ ਦਾ ਆਨ-ਲਾਈਨ ਜਾਂ ਖ਼ੁਦ ਜਾ ਕੇ ਟੂਰ ਕਰਦੇ ਹੋ, ਤਾਂ ਆਪਣੇ ਬੱਚੇ ਦਾ ਧਿਆਨ ਕਿਸੇ ਅਜਿਹੀ ਚੀਜ਼ ਜਾਂ ਘਟਨਾ ʼਤੇ ਦਿਵਾਓ ਜਿਸ ਬਾਰੇ ਬਾਈਬਲ ਵਿਚ ਵੀ ਦੱਸਿਆ ਗਿਆ ਹੈ। ਇੱਦਾਂ ਕਰ ਕੇ ਉਸ ਦੀ ਨਿਹਚਾ ਵਧੇਗੀ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ। ਮਿਸਾਲ ਲਈ, ਕੀ ਤੁਹਾਡਾ ਬੱਚਾ ਜਾਣਦਾ ਹੈ ਕਿ ਮੋਆਬਾਈਟ ਸਟੋਨ ਨਾਂ ਦਾ ਇਕ ਪੱਥਰ ਹੈ ਜੋ 3,000 ਸਾਲ ਪੁਰਾਣਾ ਹੈ ਅਤੇ ਉਸ ʼਤੇ ਪਰਮੇਸ਼ੁਰ ਦਾ ਨਾਂ ਲਿਖਿਆ ਹੋਇਆ ਹੈ? ਇਹ ਪੱਥਰ ਫਰਾਂਸ ਦੇ ਪੈਰਿਸ ਸ਼ਹਿਰ ਦੇ ਲੂਵਰ ਮਿਊਜ਼ੀਅਮ ਵਿਚ ਰੱਖਿਆ ਹੋਇਆ ਹੈ। ਨਾਲੇ ਇਸ ਪੱਥਰ ਦੀ ਇਕ ਨਕਲ ਵਾਰਵਿਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਦੇ ਇਕ ਮਿਊਜ਼ੀਅਮ ਵਿਚ ਵੀ ਰੱਖੀ ਗਈ ਹੈ। ਇਸ ਮਿਊਜ਼ੀਅਮ ਦਾ ਨਾਂ ਹੈ, “ਬਾਈਬਲ ਅਤੇ ਪਰਮੇਸ਼ੁਰ ਦਾ ਨਾਂ।” ਮੋਆਬਾਈਟ ਸਟੋਨ ਨਾਂ ਦੇ ਇਸ ਪੱਥਰ ʼਤੇ ਲਿਖਿਆ ਹੈ ਕਿ ਮੋਆਬ ਦੇ ਰਾਜਾ ਮੇਸ਼ਾ ਨੇ ਇਜ਼ਰਾਈਲ ਖ਼ਿਲਾਫ਼ ਬਗਾਵਤ ਕੀਤੀ ਸੀ ਅਤੇ ਇਹ ਗੱਲ ਬਾਈਬਲ ਨਾਲ ਵੀ ਮੇਲ ਖਾਂਦੀ ਹੈ। (2 ਰਾਜ. 3:4, 5) ਜਦੋਂ ਤੁਹਾਡਾ ਬੱਚਾ ਇਨ੍ਹਾਂ ਸਬੂਤਾਂ ਨੂੰ ਆਪਣੀ ਅੱਖੀਂ ਦੇਖੇਗਾ, ਤਾਂ ਉਸ ਦੀ ਨਿਹਚਾ ਹੋਰ ਵੀ ਵਧੇਗੀ।​—2 ਇਤਿਹਾਸ 9:6 ਵਿਚ ਨੁਕਤਾ ਦੇਖੋ।

ਕੀ ਤੁਸੀਂ ਆਪਣੇ ਬੱਚੇ ਨੂੰ ਮਿਊਜ਼ੀਅਮ ਵਿਚ ਰੱਖੀਆਂ ਚੀਜ਼ਾਂ ਦਿਖਾ ਕੇ ਸੋਚਣ ਦੀ ਉਕਸਾ ਸਕਦੇ ਹੋ? (ਪੈਰਾ 6 ਦੇਖੋ)


7-8. (ੳ) ਕੁਦਰਤ ਵਿਚ ਪਾਏ ਜਾਣ ਵਾਲੇ ਸੋਹਣੇ ਡੀਜ਼ਾਈਨ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਕ ਮਿਸਾਲ ਦਿਓ। (ਤਸਵੀਰ ਵੀ ਦੇਖੋ।) (ਅ) ਤੁਸੀਂ ਆਪਣੇ ਬੱਚੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ ਜਿਸ ਨਾਲ ਉਸ ਦੀ ਪਰਮੇਸ਼ੁਰ ʼਤੇ ਨਿਹਚਾ ਵਧੇ?

7 ਆਪਣੇ ਬੱਚੇ ਨੂੰ ਕੁਦਰਤ ਦੀਆਂ ਚੀਜ਼ਾਂ ਬਾਰੇ ਸੋਚਣ ਦੀ ਹੱਲਾਸ਼ੇਰੀ ਦਿਓ। ਜਦੋਂ ਤੁਸੀਂ ਬਾਗ਼ਬਾਨੀ ਕਰਦੇ ਹੋ ਜਾਂ ਕਿਸੇ ਪਾਰਕ ਵਿਚ ਜਾਂਦੇ ਹੋ, ਤਾਂ ਆਪਣੇ ਬੱਚੇ ਦਾ ਧਿਆਨ ਕੁਦਰਤ ਦੀਆਂ ਚੀਜ਼ਾਂ ਦੇ ਅਨੋਖੇ ਡੀਜ਼ਾਈਨ ʼਤੇ ਦਿਵਾਓ। ਇਸ ਨਾਲ ਤੁਹਾਡਾ ਬੱਚਾ ਸਮਝ ਸਕੇਗਾ ਕਿ ਕਿਸੇ ਨੇ ਬਹੁਤ ਸੋਚ-ਸਮਝ ਕੇ ਇਹ ਡੀਜ਼ਾਈਨ ਬਣਾਏ ਹਨ। ਮਿਸਾਲ ਲਈ, ਕੁਦਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਵਿਚ ਸਪਾਇਰਲ ਡੀਜ਼ਾਈਨ (ਇਕ ਬਿੰਦੂ ਤੋਂ ਸ਼ੁਰੂ ਹੋ ਕੇ ਗੋਲ-ਗੋਲ ਘੁੰਮਣ ਵਾਲਾ ਡੀਜ਼ਾਈਨ) ਦੇਖਿਆ ਜਾ ਸਕਦਾ ਹੈ। ਵਿਗਿਆਨੀ ਕਈ ਸਾਲਾਂ ਤੋਂ ਇਸ ਡੀਜ਼ਾਈਨ ਦਾ ਅਧਿਐਨ ਕਰ ਰਹੇ ਹਨ। ਇਸ ਬਾਰੇ ਨਿਕੋਲਾ ਫਾਮੇਲੀ ਨਾਂ ਦੇ ਇਕ ਜੀਵ ਵਿਗਿਆਨੀ ਨੇ ਦੱਸਿਆ ਕਿ ਜੇ ਤੁਸੀਂ ਸਪਾਇਰਲ ਰੇਖਾਵਾਂ ਨੂੰ ਗਿਣੋ, ਤਾਂ ਜਿਹੜੀ ਸੰਖਿਆ ਆਵੇਗੀ ਉਹ ਹਮੇਸ਼ਾ ਇਕ ਖ਼ਾਸ ਕ੍ਰਮ ਵਿਚ ਹੋਵੇਗੀ। ਇਹੋ ਜਿਹੀ ਸੰਖਿਆ ਦੇ ਕ੍ਰਮ ਨੂੰ ਫਿਬੋਨਾਚੀ ਕ੍ਰਮ a ਕਿਹਾ ਜਾਂਦਾ ਹੈ। ਸਪਾਇਰਲ ਡੀਜ਼ਾਈਨ ਬਹੁਤ ਸਾਰੀਆਂ ਚੀਜ਼ਾਂ ਵਿਚ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਬ੍ਰਹਿਮੰਡ ਵਿਚ ਪਾਈ ਜਾਣ ਵਾਲੀਆਂ ਕੁਝ ਗਲੈਕਸੀਆਂ ਵਿਚ, ਨੋਟਿਲਸ ਨਾਂ ਦੇ ਸਮੁੰਦਰੀ ਜੀਵ ਦੇ ਸੰਖ ਵਿਚ, ਕੁਝ ਪੇੜ-ਪੌਦਿਆਂ ਦੇ ਪੱਤਿਆਂ ਵਿਚ ਅਤੇ ਸੂਰਜਮੁਖੀ ਫੁੱਲ ਵਿਚ। b

8 ਸਕੂਲ ਵਿਚ ਤੁਹਾਡਾ ਬੱਚਾ ਸਾਇੰਸ ਦੀ ਕਲਾਸ ਵਿਚ ਕੁਦਰਤੀ ਨਿਯਮਾਂ ਬਾਰੇ ਸਿੱਖਦਾ ਹੈ। ਮਿਸਾਲ ਲਈ, ਗੁਰੂਤਾ ਸ਼ਕਤੀ। ਗੁਰੂਤਾ ਸ਼ਕਤੀ ਦਾ ਨਿਯਮ ਵਾਤਾਵਰਣ ਦੀਆਂ ਗੈਸਾਂ ਨੂੰ ਧਰਤੀ ਉੱਤੇ ਖਿੱਚ ਕੇ ਰੱਖਦਾ ਹੈ ਤਾਂਕਿ ਉਹ ਪੁਲਾੜ ਵਿਚ ਨਾ ਉੱਡ ਜਾਣ। ਨਾਲੇ ਇਹ ਸਮੁੰਦਰ ਅਤੇ ਇਸ ਦੀਆਂ ਲਹਿਰਾਂ ʼਤੇ ਵੀ ਕਾਬੂ ਰੱਖਦਾ ਹੈ। ਗੁਰੂਤਾ ਸ਼ਕਤੀ ਤੋਂ ਬਿਨਾਂ ਧਰਤੀ ʼਤੇ ਜ਼ਿੰਦਗੀ ਸੰਭਵ ਨਹੀਂ ਹੈ। ਪਰ ਜ਼ਰਾ ਸੋਚੋ, ਇਹ ਨਿਯਮ ਕਿਸ ਨੇ ਬਣਾਏ ਹਨ? ਸਾਰਾ ਕੁਝ ਵਿਵਸਥਿਤ ਤਰੀਕੇ ਨਾਲ ਚੱਲੇ, ਇਸ ਪਿੱਛੇ ਕਿਸ ਦਾ ਹੱਥ ਹੈ? ਤੁਹਾਡਾ ਬੱਚਾ ਜਿੰਨਾ ਜ਼ਿਆਦਾ ਇੱਦਾਂ ਦੇ ਸਵਾਲਾਂ ʼਤੇ ਸੋਚ-ਵਿਚਾਰ ਕਰੇਗਾ ਸੋਚੇਗਾ, ਉਸ ਦੀ ਪਰਮੇਸ਼ੁਰ ʼਤੇ ਨਿਹਚਾ ਉੱਨੀ ਜ਼ਿਆਦਾ ਵਧੇਗੀ ਜਿਸ ਨੇ ਸਭ ਕੁਝ ਬਣਾਇਆ ਹੈ। (ਇਬ. 3:4) ਜਿੱਦਾਂ-ਜਿੱਦਾਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਦਾ ਕਹਿਣਾ ਮੰਨਣਾ ਕਿਉਂ ਜ਼ਰੂਰੀ ਹੈ। ਉਸ ਨੂੰ ਪੁੱਛੋ, “ਜੇ ਪਰਮੇਸ਼ੁਰ ਨੇ ਸਾਨੂੰ ਬਣਾਇਆ ਹੈ, ਤਾਂ ਤੈਨੂੰ ਨਹੀਂ ਲੱਗਦਾ ਕਿ ਉਸ ਨੇ ਇਹ ਵੀ ਦੱਸਿਆ ਹੋਵੇਗਾ ਕਿ ਖ਼ੁਸ਼ ਰਹਿਣ ਲਈ ਕਿੱਦਾਂ ਦੀ ਜ਼ਿੰਦਗੀ ਜੀਉਣੀ ਜ਼ਰੂਰੀ ਹੈ?” ਫਿਰ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਪਰਮੇਸ਼ੁਰ ਨੇ ਸਾਨੂੰ ਬਾਈਬਲ ਵਿਚ ਵਧੀਆ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਮੰਨਣ ਨਾਲ ਅਸੀਂ ਖ਼ੁਸ਼ ਰਹਿ ਸਕਦੇ ਹਾਂ।

NASA, ESA, and the Hubble Heritage (STScl/AURA)-ESA/Hubble Collaboration

ਸ੍ਰਿਸ਼ਟੀ ਦੀਆਂ ਚੀਜ਼ਾਂ ਦੇ ਸੋਹਣੇ-ਸੋਹਣੇ ਡੀਜ਼ਾਈਨ ਪਿੱਛੇ ਕਿਸ ਦਾ ਹੱਥ ਹੈ? (ਪੈਰੇ 7-8 ਦੇਖੋ)


ਆਪਣੇ ਬੱਚੇ ਦੇ ਦਿਲਾਂ ਵਿਚ ਬਾਈਬਲ ਦੇ ਮਿਆਰਾਂ ਲਈ ਕਦਰ ਵਧਾਓ

9. ਸ਼ਾਇਦ ਕਿਹੜੇ ਕਾਰਨਾਂ ਕਰਕੇ ਤੁਹਾਡਾ ਬੱਚਾ ਬਾਈਬਲ ਦੇ ਮਿਆਰਾਂ ਬਾਰੇ ਸਵਾਲ ਪੁੱਛੇ?

9 ਜੇ ਤੁਹਾਡਾ ਬੱਚਾ ਬਾਈਬਲ ਵਿਚ ਦੱਸੇ ਸਹੀ-ਗ਼ਲਤ ਦੇ ਮਿਆਰਾਂ ਬਾਰੇ ਸਵਾਲ ਪੁੱਛਦਾ ਹੈ, ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਸਵਾਲ ਕਿਉਂ ਪੁੱਛ ਰਿਹਾ ਹੈ। ਕੀ ਉਸ ਨੂੰ ਸੱਚੀ ਇੱਦਾਂ ਲੱਗਦਾ ਹੈ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਸਹੀ ਨਹੀਂ ਹਨ? ਜਾਂ ਫਿਰ ਕੀ ਉਸ ਨੂੰ ਦੂਜਿਆਂ ਨੂੰ ਇਹ ਸਮਝਾਉਣਾ ਔਖਾ ਲੱਗਦਾ ਹੈ ਕਿ ਉਹ ਬਾਈਬਲ ਦੇ ਮਿਆਰਾਂ ʼਤੇ ਕਿਉਂ ਚੱਲਦਾ ਹੈ? ਗੱਲ ਚਾਹੇ ਜੋ ਵੀ ਹੋਵੇ, ਤੁਸੀਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਬਾਈਬਲ ਦੇ ਮਿਆਰਾਂ ʼਤੇ ਚੱਲਣ ਵਿਚ ਸਾਡੀ ਹੀ ਭਲਾਈ ਹੈ। ਇੱਦਾਂ ਕਰਨ ਲਈ ਤੁਸੀਂ ਆਪਣੇ ਬੱਚੇ ਨਾਲ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਕਰ ਸਕਦੇ ਹੋ। c

10. ਤੁਸੀਂ ਆਪਣੇ ਬੱਚੇ ਦੀ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਯਹੋਵਾਹ ਨੂੰ ਆਪਣਾ ਸਭ ਤੋਂ ਕਰੀਬੀ ਦੋਸਤ ਬਣਾਵੇ?

10 ਆਪਣੇ ਬੱਚੇ ਨੂੰ ਹੱਲਾਸ਼ੇਰੀ ਦਿਓ ਕਿ ਉਹ ਯਹੋਵਾਹ ਨੂੰ ਆਪਣਾ ਕਰੀਬੀ ਦੋਸਤ ਬਣਾਵੇ। ਜਦੋਂ ਤੁਸੀਂ ਆਪਣੇ ਬੱਚੇ ਨੂੰ ਸਟੱਡੀ ਕਰਵਾਉਂਦੇ ਹੋ, ਤਾਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਚ ਦਿੱਤੀਆਂ ਤਸਵੀਰਾਂ ਅਤੇ ਸਵਾਲਾਂ ਦੀ ਮਦਦ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਕੀ ਸੋਚ ਰਿਹਾ ਹੈ। (ਕਹਾ. 20:5) ਮਿਸਾਲ ਲਈ, ਪਾਠ 8 ਵਿਚ ਯਹੋਵਾਹ ਨੂੰ ਇਕ ਚੰਗਾ ਦੋਸਤ ਕਿਹਾ ਗਿਆ ਹੈ ਜਿਸ ਦੀ ਸੁਣਨ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਖ਼ਤਰਿਆਂ ਤੋਂ ਬਚੇ ਰਹਿੰਦੇ ਹਾਂ। ਪਹਿਲਾ ਯੂਹੰਨਾ 5:3 ʼਤੇ ਚਰਚਾ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਪੁੱਛ ਸਕਦੇ ਹੋ, “ਯਹੋਵਾਹ ਸਾਡਾ ਇੰਨਾ ਚੰਗਾ ਦੋਸਤ ਹੈ, ਤਾਂ ਫਿਰ ਜਦੋਂ ਉਹ ਸਾਨੂੰ ਕੁਝ ਕਰਨ ਲਈ ਕਹਿੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?” ਸ਼ਾਇਦ ਇਹ ਬਹੁਤ ਸੌਖਾ ਜਿਹਾ ਸਵਾਲ ਲੱਗੇ, ਪਰ ਇਸ ਸਵਾਲ ਕਰਕੇ ਤੁਹਾਡਾ ਬੱਚਾ ਸਮਝ ਸਕੇਗਾ ਕਿ ਯਹੋਵਾਹ ਜੋ ਵੀ ਕਰਨ ਲਈ ਕਹਿੰਦਾ ਹੈ, ਉਹ ਪਿਆਰ ਹੋਣ ਕਰਕੇ ਕਹਿੰਦਾ ਹੈ।​—ਯਸਾ. 48:17, 18.

11. ਤੁਸੀਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹੋ ਕਿ ਬਾਈਬਲ ਅਸੂਲਾਂ ਨੂੰ ਮੰਨਣ ਨਾਲ ਫ਼ਾਇਦਾ ਹੁੰਦਾ ਹੈ? (ਕਹਾਉਤਾਂ 2:10, 11)

11 ਆਪਣੇ ਬੱਚੇ ਨਾਲ ਚਰਚਾ ਕਰੋ ਕਿ ਬਾਈਬਲ ਅਸੂਲਾਂ ਨੂੰ ਮੰਨਣ ਨਾਲ ਕਿੱਦਾਂ ਫ਼ਾਇਦਾ ਹੁੰਦਾ ਹੈ। ਜਦੋਂ ਤੁਸੀਂ ਮਿਲ ਕੇ ਬਾਈਬਲ ਪੜ੍ਹਦੇ ਹੋ ਜਾਂ ਰੋਜ਼ ਦਾ ਬਾਈਬਲ ਦਾ ਹਵਾਲਾ ਪੜ੍ਹਦੇ ਹੋ, ਤਾਂ ਇਸ ਬਾਰੇ ਚਰਚਾ ਕਰੋ ਕਿ ਬਾਈਬਲ ਅਸੂਲਾਂ ਨੂੰ ਮੰਨਣ ਨਾਲ ਤੁਹਾਡੇ ਪਰਿਵਾਰ ਨੂੰ ਕਿੱਦਾਂ ਫ਼ਾਇਦਾ ਹੋਇਆ ਹੈ। ਮਿਸਾਲ ਲਈ, ਕੀ ਤੁਹਾਡਾ ਬੱਚਾ ਇਹ ਸਮਝਦਾ ਹੈ ਕਿ ਮਿਹਨਤੀ ਅਤੇ ਈਮਾਨਦਾਰ ਹੋਣ ਦੇ ਕੀ-ਕੀ ਫ਼ਾਇਦੇ ਹੁੰਦੇ ਹਨ? (ਇਬ. 13:18) ਤੁਸੀਂ ਆਪਣੇ ਬੱਚੇ ਨੂੰ ਇਹ ਵੀ ਦੱਸ ਸਕਦੇ ਹੋ ਕਿ ਬਾਈਬਲ ਅਸੂਲ ਮੰਨਣ ਨਾਲ ਅਸੀਂ ਤੰਦਰੁਸਤ ਅਤੇ ਖ਼ੁਸ਼ ਰਹਿੰਦੇ ਹਾਂ। (ਕਹਾ. 14:29, 30) ਇਸ ਤਰ੍ਹਾਂ ਬੱਚਾ ਸਮਝ ਸਕੇਗਾ ਕਿ ਬਾਈਬਲ ਅਸੂਲਾਂ ਨੂੰ ਮੰਨਣ ਨਾਲ ਕਿੰਨਾ ਫ਼ਾਇਦਾ ਹੁੰਦਾ ਹੈ ਅਤੇ ਫਿਰ ਉਸ ਦਾ ਵੀ ਇਨ੍ਹਾਂ ਅਸੂਲਾਂ ਨੂੰ ਮੰਨਣ ਦਾ ਦਿਲ ਕਰੇਗਾ।​—ਕਹਾਉਤਾਂ 2:10, 11 ਪੜ੍ਹੋ।

12. ਭਰਾ ਸਟੀਵ ਨੇ ਆਪਣੇ ਮੁੰਡੇ ਨੂੰ ਕਿਵੇਂ ਸਮਝਾਇਆ ਕਿ ਬਾਈਬਲ ਦੇ ਅਸੂਲ ਮੰਨਣ ਵਿਚ ਸਾਡਾ ਹੀ ਭਲਾ ਹੈ?

12 ਫਰਾਂਸ ਵਿਚ ਰਹਿਣ ਵਾਲੇ ਭਰਾ ਸਟੀਵ ਦੀ ਮਿਸਾਲ ʼਤੇ ਗੌਰ ਕਰੋ ਜਿਸ ਦਾ 16 ਸਾਲਾਂ ਦਾ ਇਕ ਮੁੰਡਾ ਹੈ। ਉਹ ਦੱਸਦਾ ਹੈ ਕਿ ਉਹ ਅਤੇ ਉਸ ਦੀ ਪਤਨੀ ਕਿਵੇਂ ਆਪਣੇ ਮੁੰਡੇ ਈਥਨ ਦੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਯਹੋਵਾਹ ਨੇ ਸਾਨੂੰ ਜੋ ਅਸੂਲ ਦਿੱਤੇ ਹਨ, ਉਹ ਪਿਆਰ ਹੋਣ ਕਰਕੇ ਦਿੱਤੇ ਹਨ। ਭਰਾ ਸਟੀਵ ਕਹਿੰਦਾ ਹੈ: “ਅਸੀਂ ਉਸ ਨੂੰ ਕੁਝ ਇੱਦਾਂ ਦੇ ਸਵਾਲ ਪੁੱਛਦੇ ਹਾਂ, ‘ਤੈਨੂੰ ਕੀ ਲੱਗਦਾ ਹੈ, ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਇਹ ਅਸੂਲ ਮੰਨੀਏ? ਇਸ ਅਸੂਲ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ? ਜੇ ਤੂੰ ਇਹ ਅਸੂਲ ਨਹੀਂ ਮੰਨੇਗਾ, ਤਾਂ ਕੀ ਹੋਵੇਗਾ?’” ਅਜਿਹੀ ਗੱਲਬਾਤ ਨਾਲ ਈਥਨ ਦੀ ਨਿਹਚਾ ਮਜ਼ਬੂਤ ਹੋਈ ਅਤੇ ਉਹ ਸਮਝ ਸਕਿਆ ਕਿ ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਣ ਵਿਚ ਸਾਡਾ ਹੀ ਭਲਾ ਹੈ। ਭਰਾ ਸਟੀਵ ਅੱਗੇ ਕਹਿੰਦਾ ਹੈ: “ਅਸੀਂ ਇਹੀ ਚਾਹੁੰਦੇ ਹਾਂ ਕਿ ਈਥਨ ਦੇਖ ਸਕੇ ਕਿ ਬਾਈਬਲ ਵਿਚ ਕਿੰਨੀਆਂ ਬੁੱਧ ਭਰੀਆਂ ਗੱਲਾਂ ਲਿਖੀਆਂ ਹਨ ਜੋ ਇਨਸਾਨਾਂ ਦੀ ਸੋਚ ਤੋਂ ਕਿਤੇ ਵੱਧ ਕੇ ਹੈ।”

13. ਮਾਪੇ ਕਿਵੇਂ ਆਪਣੇ ਬੱਚੇ ਨੂੰ ਬਾਈਬਲ ਅਸੂਲ ਮੰਨਣੇ ਸਿਖਾ ਸਕਦੇ ਹਨ? ਮਿਸਾਲ ਦਿਓ।

13 ਆਪਣੇ ਬੱਚੇ ਨੂੰ ਬਾਈਬਲ ਅਸੂਲ ਮੰਨਣੇ ਸਿਖਾਓ। ਹੋ ਸਕਦਾ ਹੈ ਕਿ ਦੂਜੇ ਬੱਚੇ ਤੁਹਾਡੇ ਬੱਚੇ ਨੂੰ ਕੋਈ ਫ਼ਿਲਮ ਦੇਖਣ ਜਾਂ ਵੀਡੀਓ ਗੇਮ ਖੇਡਣ ਲਈ ਬੁਲਾਉਣ। ਸ਼ਾਇਦ ਉਸ ਵਿਚ ਦਿਖਾਇਆ ਗਿਆ ਹੈ ਕਿ ਕਿਰਦਾਰ ਬਦਚਲਣ ਜ਼ਿੰਦਗੀ ਜੀ ਰਹੇ ਹਨ ਜਾਂ ਖ਼ੂਨ-ਖ਼ਰਾਬਾ ਕਰ ਰਹੇ ਹਨ। ਪਰ ਉਨ੍ਹਾਂ ਨੂੰ ਇੱਦਾਂ ਦਿਖਾਇਆ ਗਿਆ ਹੈ ਕਿ ਉਹ ਜੋ ਕਰ ਰਹੇ ਹਨ, ਉਹ ਬਿਲਕੁਲ ਸਹੀ ਹੈ। ਉਸ ਸਮੇਂ ਤੁਸੀਂ ਆਪਣੇ ਬੱਚੇ ਨੂੰ ਸੋਚਣ ਲਈ ਕਹਿ ਸਕਦੇ ਹੋ, “ਇਹ ਕਿਰਦਾਰ ਜਿੱਦਾਂ ਦੀ ਜ਼ਿੰਦਗੀ ਜੀ ਰਹੇ ਹਨ, ਕੀ ਉਹ ਬਾਈਬਲ ਅਸੂਲਾਂ ਦੇ ਹਿਸਾਬ ਨਾਲ ਸਹੀ ਹੈ? ਕੀ ਯਹੋਵਾਹ ਇੱਦਾਂ ਦੇ ਕੰਮਾਂ ਤੋਂ ਖ਼ੁਸ਼ ਹੁੰਦਾ ਹੈ?” (ਕਹਾ. 22:24, 25; 1 ਕੁਰਿੰ. 15:33; ਫ਼ਿਲਿ. 4:8) ਇੱਦਾਂ ਤੁਹਾਡਾ ਬੱਚਾ ਸਮਝ ਸਕੇਗਾ ਕਿ ਯਹੋਵਾਹ ਦਾ ਕਹਿਣਾ ਮੰਨਣਾ ਸਮਝਦਾਰੀ ਦੀ ਗੱਲ ਕਿਉਂ ਹੈ। ਇੰਨਾ ਹੀ ਨਹੀਂ, ਉਹ ਦੂਜੇ ਬੱਚਿਆਂ ਨੂੰ ਵੀ ਸਮਝਾ ਸਕੇਗਾ ਕਿ ਉਹ ਕਿਉਂ ਮੰਨਦਾ ਹੈ ਕਿ ਇਹ ਚੀਜ਼ਾਂ ਗ਼ਲਤ ਹਨ।

ਆਪਣੇ ਬੱਚੇ ਨੂੰ ਸਿਖਾਓ ਤਾਂਕਿ ਉਹ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੇ

14. ਬੱਚੇ ਨੂੰ ਸ਼ਾਇਦ ਕਿਸ ਵਿਸ਼ੇ ਬਾਰੇ ਗੱਲ ਕਰਨ ਤੋਂ ਡਰ ਲੱਗੇ ਅਤੇ ਕਿਉਂ?

14 ਕਈ ਵਾਰ ਬੱਚਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਤੋਂ ਡਰ ਲੱਗਦਾ ਹੈ। ਜਿੱਦਾਂ ਸ਼ਾਇਦ ਉਨ੍ਹਾਂ ਨੂੰ ਉਦੋਂ ਡਰ ਲੱਗੇ ਜਦੋਂ ਉਨ੍ਹਾਂ ਨੂੰ ਸਕੂਲ ਵਿਚ ਵਿਕਾਸਵਾਦ ਬਾਰੇ ਪੜ੍ਹਾਇਆ ਜਾਵੇ। ਕਿਉਂ? ਕਿਉਂਕਿ ਸ਼ਾਇਦ ਉਨ੍ਹਾਂ ਦਾ ਟੀਚਰ ਪੂਰੇ ਯਕੀਨ ਨਾਲ ਕਹੇ ਕਿ ਸਬੂਤਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਸਾਨੂੰ ਬਣਾਇਆ ਨਹੀਂ ਗਿਆ ਹੈ, ਸਗੋਂ ਸਾਡਾ ਵਿਕਾਸ ਹੋਇਆ ਹੈ। ਸੋ ਮਾਪਿਓ, ਤੁਸੀਂ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਦੂਜਿਆਂ ਨੂੰ ਪੂਰੇ ਯਕੀਨ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੇ?

15. ਇਕ ਬੱਚਾ ਆਪਣਾ ਭਰੋਸਾ ਕਿਵੇਂ ਵਧਾ ਸਕਦਾ ਹੈ ਕਿ ਉਹ ਜਿਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦਾ ਹੈ, ਉਹ ਸਹੀ ਹਨ?

15 ਆਪਣੇ ਬੱਚੇ ਦਾ ਭਰੋਸਾ ਵਧਾਓ ਕਿ ਉਹ ਜਿਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦਾ ਹੈ, ਉਹ ਸਹੀ ਹਨ। ਤੁਹਾਡੇ ਬੱਚੇ ਨੂੰ ਇਸ ਗੱਲ ʼਤੇ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ ਕਿ ਉਹ ਇਕ ਸ੍ਰਿਸ਼ਟੀਕਰਤਾ ਨੂੰ ਮੰਨਦਾ ਹੈ। (2 ਤਿਮੋ. 1:8) ਕਿਉਂ? ਕਿਉਂਕਿ ਬਹੁਤ ਸਾਰੇ ਵਿਗਿਆਨੀ ਵੀ ਮੰਨਦੇ ਹਨ ਕਿ ਜੀਵਨ ਇਤਫ਼ਾਕ ਨਾਲ ਜਾਂ ਆਪਣੇ ਆਪ ਨਹੀਂ ਆਇਆ। ਜੀਵ-ਜੰਤੂਆਂ ਦੀ ਬਣਾਵਟ ਇੰਨੀ ਗੁੰਝਲਦਾਰ ਹੈ ਕਿ ਬਹੁਤ ਸਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਬਣਾਉਣ ਪਿੱਛੇ ਜ਼ਰੂਰ ਕਿਸੇ ਬੁੱਧੀਮਾਨ ਸ਼ਖ਼ਸ ਦਾ ਹੱਥ ਹੈ। ਇਸ ਲਈ ਉਹ ਵਿਕਾਸਵਾਦ ਦੀ ਸਿੱਖਿਆ ʼਤੇ ਵਿਸ਼ਵਾਸ ਨਹੀਂ ਕਰਦੇ ਜੋ ਅੱਜ ਪੂਰੀ ਦੁਨੀਆਂ ਵਿਚ ਸਿਖਾਈ ਜਾ ਰਹੀ ਹੈ। ਪਰਮੇਸ਼ੁਰ ʼਤੇ ਆਪਣਾ ਯਕੀਨ ਵਧਾਉਣ ਲਈ ਤੁਹਾਡਾ ਬੱਚਾ ਕੀ ਕਰ ਸਕਦਾ ਹੈ? ਉਹ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬਿਆਂ ʼਤੇ ਗੌਰ ਸਕਦਾ ਹੈ ਜੋ ਇਕ ਸਮੇਂ ʼਤੇ ਸ੍ਰਿਸ਼ਟੀਕਰਤਾ ʼਤੇ ਵਿਸ਼ਵਾਸ ਨਹੀਂ ਕਰਦੇ ਸਨ। ਇੱਦਾਂ ਕਰਦਿਆਂ ਉਹ ਧਿਆਨ ਦੇ ਸਕਦਾ ਹੈ ਕਿ ਕਿਹੜੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਯਕੀਨ ਹੋਇਆ ਕਿ ਸ੍ਰਿਸ਼ਟੀਕਰਤਾ ਹੈ। d

16. ਮਾਪੇ ਕਿਵੇਂ ਆਪਣੇ ਬੱਚੇ ਦੀ ਮਦਦ ਕਰ ਸਕਦੇ ਹਨ ਤਾਂਕਿ ਉਹ ਦੂਜਿਆਂ ਨੂੰ ਦੱਸ ਸਕੇ ਕਿ ਉਹ ਸ੍ਰਿਸ਼ਟੀਕਰਤਾ ਨੂੰ ਮੰਨਦਾ ਹੈ? (1 ਪਤਰਸ 3:15) (ਤਸਵੀਰ ਵੀ ਦੇਖੋ।)

16 ਆਪਣੇ ਬੱਚੇ ਨੂੰ ਸਿਖਾਓ ਕਿ ਉਹ ਕਿਵੇਂ ਦੂਜਿਆਂ ਨੂੰ ਸਮਝਾ ਸਕਦਾ ਹੈ ਕਿ ਉਹ ਕਿਉਂ ਮੰਨਦਾ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ। (1 ਪਤਰਸ 3:15 ਪੜ੍ਹੋ।) ਜੇ ਤੁਸੀਂ ਚਾਹੋ, ਤਾਂ ਆਪਣੇ ਬੱਚੇ ਨਾਲ ਮਿਲ ਕੇ jw.org/pa ʼਤੇ “ਨੌਜਵਾਨ ਪੁੱਛਦੇ ਹਨ​—ਸ੍ਰਿਸ਼ਟੀ ਜਾਂ ਵਿਕਾਸਵਾਦ” ਨਾਂ ਦੇ ਲੜੀਵਾਰ ਲੇਖਾਂ ʼਤੇ ਚਰਚਾ ਕਰ ਸਕਦੇ ਹੋ। ਫਿਰ ਬੱਚੇ ਨੂੰ ਪੁੱਛੋ ਕਿ ਇੱਥੇ ਕਿਹੜੀ ਦਲੀਲ ਦਿੱਤੀ ਗਈ ਹੈ ਜਿਸ ਨਾਲ ਉਹ ਦੂਜਿਆਂ ਨੂੰ ਸਮਝਾ ਸਕਦਾ ਹੈ ਕਿ ਸ੍ਰਿਸ਼ਟੀਕਰਤਾ ਹੈ। ਫਿਰ ਆਪਣੇ ਬੱਚੇ ਨਾਲ ਪ੍ਰੈਕਟਿਸ ਕਰੋ ਕਿ ਉਹ ਇਸ ਬਾਰੇ ਦੂਜਿਆਂ ਨੂੰ ਕਿਵੇਂ ਸਮਝਾਏਗਾ। ਬੱਚੇ ਨੂੰ ਦੱਸੋ ਕਿ ਉਸ ਨੂੰ ਦੂਜਿਆਂ ਨਾਲ ਬਹਿਸ ਕਰਨ ਦੀ ਲੋੜ ਨਹੀਂ ਹੈ। ਨਾਲੇ ਜੇ ਕੋਈ ਉਸ ਨਾਲ ਗੱਲ ਕਰਨ ਲਈ ਤਿਆਰ ਹੈ, ਤਾਂ ਉਹ ਉਸ ਨੂੰ ਕੋਈ ਸੌਖੀ ਜਿਹੀ ਦਲੀਲ ਦੇ ਕੇ ਆਪਣੀ ਗੱਲ ਸਮਝਾ ਸਕਦਾ ਹੈ। ਮਿਸਾਲ ਲਈ, ਸ਼ਾਇਦ ਕੋਈ ਬੱਚਾ ਉਸ ਨੂੰ ਕਹੇ: “ਮੈਂ ਤਾਂ ਸਿਰਫ਼ ਉਨ੍ਹਾਂ ਚੀਜ਼ਾਂ ʼਤੇ ਯਕੀਨ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹਾਂ ਤੇ ਰੱਬ ਨੂੰ ਤਾਂ ਮੈਂ ਕਦੀ ਦੇਖਿਆ ਹੀ ਨਹੀਂ।” ਉਸ ਵੇਲੇ ਤੁਹਾਡਾ ਬੱਚਾ ਉਸ ਨੂੰ ਕਹਿ ਸਕਦਾ ਹੈ: “ਸੋਚ ਕਿ ਤੂੰ ਇਕ ਜੰਗਲ ਵਿਚ ਜਾ ਰਿਹਾ ਹੈਂ ਜਿੱਥੇ ਕੋਈ ਇਨਸਾਨ ਨਹੀਂ ਰਹਿੰਦਾ। ਤੁਰਦੇ-ਤੁਰਦੇ ਤੈਨੂੰ ਇਕ ਝੌਂਪੜੀ ਨਜ਼ਰ ਆਉਂਦੀ ਹੈ। ਝੌਂਪੜੀ ਦੇਖ ਕੇ ਕੀ ਤੂੰ ਇਹ ਸੋਚੇਂਗਾ ਕਿ ਇਹ ਆਪਣੇ ਆਪ ਬਣ ਗਈ ਜਾਂ ਤੂੰ ਇਹ ਸੋਚੇਂਗਾ ਕਿ ਜ਼ਰੂਰ ਇਸ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੋਣਾ? ਸੋ ਜੇ ਝੌਂਪੜੀ ਨੂੰ ਕਿਸੇ ਨੇ ਬਣਾਇਆ ਹੈ, ਤਾਂ ਕੀ ਇਸ ਬ੍ਰਹਿਮੰਡ ਨੂੰ ਕਿਸੇ ਨੇ ਨਹੀਂ ਬਣਾਇਆ ਹੋਣਾ?”

ਸਕੂਲ ਵਿਚ ਬੱਚਿਆਂ ਨਾਲ ਗੱਲ ਕਰਦੇ ਵੇਲੇ ਸੌਖੀ ਜਿਹੀ ਦਲੀਲ ਦੇ ਕੇ ਆਪਣੀ ਗੱਲ ਸਮਝਾਓ (ਪੈਰੇ 16-17 ਦੇਖੋ) e


17. ਮਾਪੇ ਕਿਵੇਂ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ ਕਿ ਉਹ ਦੂਜਿਆਂ ਨੂੰ ਸੱਚਾਈ ਦੱਸਣ ਦੇ ਮੌਕੇ ਲੱਭਣ? ਸਮਝਾਓ।

17 ਆਪਣੇ ਬੱਚੇ ਨੂੰ ਕਹੋ ਕਿ ਉਹ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਣ ਦੇ ਮੌਕੇ ਲੱਭਦਾ ਰਹੇ। (ਰੋਮੀ. 10:10) ਤੁਸੀਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣਾ ਇਕ ਸਾਜ਼ ਵਜਾਉਣ ਵਾਂਗ ਹੈ। ਜਦੋਂ ਕੋਈ ਸਾਜ਼ ਵਜਾਉਣਾ ਸਿੱਖਦਾ ਹੈ, ਤਾਂ ਉਹ ਸ਼ੁਰੂ-ਸ਼ੁਰੂ ਵਿਚ ਕੋਈ ਸੌਖੀ ਜਿਹੀ ਧੁਨ ਵਜਾਉਂਦਾ ਹੈ। ਹੌਲੀ-ਹੌਲੀ ਜਦੋਂ ਉਸ ਦਾ ਹੁਨਰ ਵਧਦਾ ਹੈ, ਤਾਂ ਉਹ ਹੋਰ ਵੀ ਧੁਨਾਂ ਵਜਾਉਣ ਲੱਗਦਾ ਹੈ। ਉੱਦਾਂ ਹੀ ਜਦੋਂ ਕੋਈ ਨੌਜਵਾਨ ਕਿਸੇ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ, ਤਾਂ ਸ਼ਾਇਦ ਉਹ ਸ਼ੁਰੂ ਵਿਚ ਸਿਰਫ਼ ਕੁਝ ਸੌਖੀਆਂ ਜਿਹੀਆਂ ਗੱਲਾਂ ਦੱਸੇ। ਜਿੱਦਾਂ ਉਹ ਕਿਸੇ ਬੱਚੇ ਨੂੰ ਪੁੱਛ ਸਕਦਾ ਹੈ: “ਤੈਨੂੰ ਪਤਾ ਇੰਜੀਨੀਅਰ ਅਕਸਰ ਕੁਦਰਤ ਦੀਆਂ ਚੀਜ਼ਾਂ ਨੂੰ ਦੇਖ ਕੇ ਡੀਜ਼ਾਈਨ ਬਣਾਉਂਦੇ ਹਨ? ਮੈਂ ਤੈਨੂੰ ਇਕ ਵੀਡੀਓ ਦਿਖਾਉਂਦਾ ਹਾਂ।” ਫਿਰ ਉਹ ਇਹ ਕਿਸ ਦਾ ਕਮਾਲ ਹੈ? ਲੜੀਵਾਰ ਵੀਡੀਓ ਵਿੱਚੋਂ ਕੋਈ ਵੀਡੀਓ ਦਿਖਾ ਕੇ ਉਸ ਨੂੰ ਪੁੱਛ ਸਕਦਾ ਹੈ: “ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਰਚਨਾ ਜਾਂ ਬਣਾਵਟ ਦੇਖ ਕੇ ਜਦੋਂ ਕੋਈ ਵਿਗਿਆਨੀ ਇਕ ਨਵੀਂ ਚੀਜ਼ ਬਣਾਉਂਦਾ ਹੈ, ਤਾਂ ਸਾਰੇ ਉਸ ਦੀ ਤਾਰੀਫ਼ ਕਰਦੇ ਹਨ। ਫਿਰ ਕੁਦਰਤ ਦੀਆਂ ਚੀਜ਼ਾਂ ਲਈ ਕਿਸ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ?” ਸ਼ਾਇਦ ਇਸ ਛੋਟੀ ਜਿਹੀ ਗੱਲਬਾਤ ਕਰਕੇ ਉਹ ਬੱਚਾ ਸੱਚਾਈ ਬਾਰੇ ਹੋਰ ਜਾਣਨਾ ਚਾਹੇ।

ਨਿਹਚਾ ਮਜ਼ਬੂਤ ਕਰਨ ਵਿਚ ਆਪਣੇ ਬੱਚੇ ਦੀ ਮਦਦ ਕਰਦੇ ਰਹੋ

18. ਯਹੋਵਾਹ ʼਤੇ ਆਪਣੇ ਬੱਚੇ ਦੀ ਨਿਹਚਾ ਮਜ਼ਬੂਤ ਕਰਨ ਲਈ ਮਾਪੇ ਕੀ ਕਰ ਸਕਦੇ ਹਨ?

18 ਇਹ ਦੁਨੀਆਂ ਇੱਦਾਂ ਦੇ ਲੋਕਾਂ ਨਾਲ ਭਰੀ ਹੋਈ ਹੈ ਜੋ ਯਹੋਵਾਹ ʼਤੇ ਨਿਹਚਾ ਨਹੀਂ ਕਰਦੇ। (2 ਪਤ. 3:3) ਇਸ ਲਈ ਮਾਪਿਓ, ਜਦੋਂ ਤੁਸੀਂ ਆਪਣੇ ਬੱਚੇ ਨਾਲ ਬਾਈਬਲ ਸਟੱਡੀ ਕਰਦੇ ਹੋ, ਤਾਂ ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਇੱਦਾਂ ਦੇ ਵਿਸ਼ਿਆਂ ʼਤੇ ਖੋਜਬੀਨ ਕਰੇ ਜਿਸ ਨਾਲ ਉਸ ਦਾ ਯਕੀਨ ਵਧ ਜਾਵੇ ਕਿ ਬਾਈਬਲ ਵਿਚ ਜੋ ਵੀ ਲਿਖਿਆ ਹੈ ਉਹ ਇਕਦਮ ਸਹੀ ਹੈ ਅਤੇ ਉਸ ਨੂੰ ਮੰਨਣ ਨਾਲ ਸਾਡਾ ਹੀ ਭਲਾ ਹੋਵੇਗਾ। ਆਪਣੇ ਬੱਚੇ ਨਾਲ ਯਹੋਵਾਹ ਦੀਆਂ ਬਣਾਈਆਂ ਸ਼ਾਨਦਾਰ ਚੀਜ਼ਾਂ ਬਾਰੇ ਗੱਲ ਕਰੋ ਅਤੇ ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਨ੍ਹਾਂ ਬਾਰੇ ਗਹਿਰਾਈ ਨਾਲ ਸੋਚੇ। ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਹੈਰਾਨੀਜਨਕ ਤਰੀਕੇ ਨਾਲ ਪੂਰੀਆਂ ਹੋਈਆਂ ਹਨ। ਸਭ ਤੋਂ ਜ਼ਰੂਰੀ ਗੱਲ, ਆਪਣੇ ਬੱਚੇ ਲਈ ਪ੍ਰਾਰਥਨਾ ਕਰੋ ਅਤੇ ਉਸ ਨਾਲ ਮਿਲ ਕੇ ਪ੍ਰਾਰਥਨਾ ਕਰੋ। ਯਕੀਨ ਰੱਖੋ ਕਿ ਜਦੋਂ ਤੁਸੀਂ ਆਪਣੇ ਬੱਚੇ ਦੀ ਨਿਹਚਾ ਮਜ਼ਬੂਤ ਕਰਨ ਲਈ ਮਿਹਨਤ ਕਰੋਗੇ, ਤਾਂ ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇਗਾ।​—2 ਇਤਿ. 15:7.

ਗੀਤ 133 ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ

a ਫਿਬੋਨਾਚੀ ਸੰਖਿਆਵਾਂ ਦਾ ਕ੍ਰਮ 0 ਅਤੇ 1 ਨਾਲ ਸ਼ੁਰੂ ਹੁੰਦਾ ਹੈ। ਇਹ ਪਿਛਲੀਆਂ ਦੋ ਸੰਖਿਆਵਾਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਮਿਸਾਲ ਲਈ 0, 1, 1, 2, 3, 5, 8, 13, 21, 34, 55 ਅਤੇ ਹੋਰ।

b ਇਸ ਬਾਰੇ ਹੋਰ ਜਾਣਨ ਲਈ jw.org/en ʼਤੇ ਦਿੱਤੀ ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ —ਡੀਜ਼ਾਈਨ ਵੀਡੀਓ ਦੇਖੋ।

c ਜੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਤੁਹਾਡੇ ਬੱਚੇ ਦੀ ਸਟੱਡੀ ਹੋ ਚੁੱਕੀ ਹੈ, ਤਾਂ ਤੁਸੀਂ ਭਾਗ 3 ਅਤੇ 4 ਵਿਚ ਦਿੱਤੇ ਉਨ੍ਹਾਂ ਪਾਠਾਂ ʼਤੇ ਦੁਬਾਰਾ ਉਸ ਨਾਲ ਚਰਚਾ ਕਰ ਸਕਦੇ ਹੋ ਜਿਨ੍ਹਾਂ ਵਿਚ ਬਾਈਬਲ ਦੇ ਮਿਆਰਾਂ ਬਾਰੇ ਦੱਸਿਆ ਗਿਆ ਹੈ।

d ਅਕਤੂਬਰ 2006 ਦੇ ਜਾਗਰੂਕ ਬਣੋ! ਵਿਚ ਦਿੱਤਾ ਲੇਖ ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ ਅਤੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਬਰੋਸ਼ਰ ਦੇਖੋ। ਨਾਲੇ ਭੈਣਾਂ-ਭਰਾਵਾਂ ਦੇ ਤਜਰਬੇ ਸੁਣਨ ਲਈ jw.org/pa ʼਤੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ ਲੜੀਵਾਰ ਵੀਡੀਓ ਦੇਖੋ।

e ਤਸਵੀਰ ਬਾਰੇ ਜਾਣਕਾਰੀ: ਇਕ ਨੌਜਵਾਨ ਭਰਾ ਆਪਣੇ ਨਾਲ ਪੜ੍ਹਨ ਵਾਲੇ ਮੁੰਡੇ ਨੂੰ ਇਹ ਕਿਸ ਦਾ ਕਮਾਲ ਹੈ? ਲੜੀਵਾਰ ਵਿੱਚੋਂ ਵੀਡੀਓ ਦਿਖਾ ਰਿਹਾ ਹੈ। ਉਸ ਮੁੰਡੇ ਨੂੰ ਡਰੋਨ ਵਧੀਆ ਲੱਗਦੇ ਹਨ।