ਜੀਵਨੀ
ਮੈਂ ਸਿੱਖਣਾ ਕਦੇ ਨਹੀਂ ਛੱਡਿਆ
ਮੈਂ ਯਹੋਵਾਹ ਦਾ ਬਹੁਤ ਅਹਿਸਾਨਮੰਦ ਹਾਂ ਕਿ ਉਹ ਮੇਰਾ “ਮਹਾਨ ਸਿੱਖਿਅਕ” ਹੈ। (ਯਸਾ. 30:20) ਉਹ ਆਪਣੇ ਲੋਕਾਂ ਨੂੰ ਆਪਣੇ ਬਚਨ ਬਾਈਬਲ ਰਾਹੀਂ, ਸ਼ਾਨਦਾਰ ਸ੍ਰਿਸ਼ਟੀ ਰਾਹੀਂ ਅਤੇ ਆਪਣੇ ਸੰਗਠਨ ਰਾਹੀਂ ਸਿਖਾਉਂਦਾ ਹੈ। ਉਹ ਮੰਡਲੀ ਦੇ ਭੈਣਾਂ-ਭਰਾਵਾਂ ਰਾਹੀਂ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਮੈਂ 97 ਸਾਲਾਂ ਦਾ ਹਾਂ, ਪਰ ਮੈਂ ਹਾਲੇ ਵੀ ਇਨ੍ਹਾਂ ਤਰੀਕਿਆਂ ਰਾਹੀਂ ਸਿੱਖ ਰਿਹਾ ਹਾਂ। ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿਵੇਂ।
ਮੇਰਾ ਜਨਮ 1927 ਵਿਚ ਸ਼ਿਕਾਗੋ ਸ਼ਹਿਰ ਦੇ ਲਾਗੇ ਇਕ ਛੋਟੇ ਜਿਹੇ ਕਸਬੇ ਵਿਚ ਹੋਇਆ ਸੀ। ਇਹ ਸ਼ਹਿਰ ਅਮਰੀਕਾ ਦੇ ਇਲੀਨਾਇ ਪ੍ਰਾਂਤ ਵਿਚ ਹੈ। ਅਸੀਂ ਪੰਜ ਭੈਣ-ਭਰਾ ਸੀ। ਸਭ ਤੋਂ ਵੱਡੀ ਭੈਣ ਜੈਥਾ, ਫਿਰ ਮੇਰਾ ਵੱਡਾ ਭਰਾ ਡੌਨ, ਫਿਰ ਮੈਂ ਤੇ ਮੇਰਾ ਛੋਟਾ ਭਰਾ ਕਾਰਲ ਤੇ ਸਭ ਤੋਂ ਛੋਟੀ ਭੈਣ ਜੌਏ। ਅਸੀਂ ਸਾਰੇ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸੀ। ਮੇਰੀ ਸਭ ਤੋਂ ਵੱਡੀ ਭੈਣ ਜੈਥਾ 1943 ਵਿਚ ਗਿਲਿਅਡ ਸਕੂਲ ਦੀ ਦੂਸਰੀ ਕਲਾਸ ਵਿਚ ਗਈ। ਮੇਰੇ ਬਾਕੀ ਭੈਣ-ਭਰਾ ਨਿਊਯਾਰਕ ਦੇ ਬਰੁਕਲਿਨ ਬੈਥਲ ਵਿਚ ਚਲੇ ਗਏ। ਡੌਨ 1944 ਵਿਚ ਗਿਆ, ਕਾਰਲ 1947 ਵਿਚ ਅਤੇ ਜੌਏ 1951 ਵਿਚ। ਮੇਰੇ ਮੰਮੀ-ਡੈਡੀ ਅਤੇ ਮੇਰੇ ਭੈਣਾਂ-ਭਰਾਵਾਂ ਨੇ ਹਮੇਸ਼ਾ ਮੇਰੇ ਲਈ ਇਕ ਚੰਗੀ ਮਿਸਾਲ ਰੱਖੀ। ਇਸ ਕਰਕੇ ਮੈਨੂੰ ਵੀ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਦੀ ਹੱਲਾਸ਼ੇਰੀ ਮਿਲੀ।
ਸਾਡੇ ਪਰਿਵਾਰ ਨੇ ਸੱਚਾਈ ਸਿੱਖੀ
ਮੰਮੀ-ਡੈਡੀ ਸ਼ੁਰੂ ਤੋਂ ਬਾਈਬਲ ਪੜ੍ਹਦੇ ਹੁੰਦੇ ਸੀ ਤੇ ਰੱਬ ਨੂੰ ਮੰਨਦੇ ਸੀ। ਉਨ੍ਹਾਂ ਨੇ ਸਾਨੂੰ ਵੀ ਰੱਬ ਨੂੰ ਪਿਆਰ ਕਰਨਾ ਸਿਖਾਇਆ। ਇਕ ਵਾਰ ਡੈਡੀ ਪਹਿਲਾ ਵਿਸ਼ਵ ਯੁੱਧ ਲੜਨ ਲਈ ਯੂਰਪ ਗਏ। ਇਸ ਤੋਂ ਬਾਅਦ ਤੋਂ ਉਨ੍ਹਾਂ ਦੇ ਦਿਲ ਵਿਚ ਚਰਚ ਲਈ ਕੋਈ ਇੱਜ਼ਤ ਨਹੀਂ ਰਹੀ। ਉਨ੍ਹਾਂ ਦੇ ਵਾਪਸ ਸਹੀ-ਸਲਾਮਤ ਘਰ ਪਹੁੰਚਣ ਕਰਕੇ ਮੰਮੀ ਬਹੁਤ ਖ਼ੁਸ਼ ਸੀ। ਉਨ੍ਹਾਂ ਨੇ ਡੈਡੀ ਨੂੰ ਕਿਹਾ: “ਕਾਰਲ, ਚਲੋ ਆਪਾਂ ਚਰਚ ਚੱਲੀਏ, ਜਿੱਦਾਂ ਆਪਾਂ ਪਹਿਲਾਂ ਜਾਂਦੇ ਹੁੰਦੇ ਸੀ।” ਡੈਡੀ ਨੇ ਕਿਹਾ: “ਮੈਂ ਤੈਨੂੰ ਉੱਥੇ ਛੱਡ ਆਵਾਂਗਾ, ਪਰ ਮੈਂ ਅੰਦਰ ਨਹੀਂ ਜਾਣਾ।” ਫਿਰ ਮੰਮੀ ਨੇ ਪੁੱਛਿਆ: “ਕਿਉਂ?” ਡੈਡੀ ਨੇ ਕਿਹਾ: “ਯੁੱਧ ਵਿਚ ਦੋਨੋਂ ਪਾਸਿਆਂ ਦੇ ਪਾਦਰੀ ਆਪੋ-ਆਪਣੀਆਂ ਫ਼ੌਜਾਂ ਨੂੰ ਅਸੀਸ ਦੇ ਰਹੇ ਸਨ ਜਦ ਕਿ ਉਹ ਇੱਕੋ ਧਰਮ ਦੇ ਸਨ। ਤਾਂ ਫਿਰ ਰੱਬ ਕਿਹੜੀ ਫ਼ੌਜ ਦਾ ਸਾਥ ਦੇ ਰਿਹਾ ਸੀ?”
ਬਾਅਦ ਵਿਚ ਜਦੋਂ ਮੰਮੀ ਇਕ ਦਿਨ ਚਰਚ ਗਏ ਹੋਏ ਸੀ, ਤਾਂ ਦੋ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਉਨ੍ਹਾਂ ਨੇ ਡੈਡੀ ਨੂੰ ਚਾਨਣ ਨਾਂ ਦੀਆਂ ਦੋ ਕਿਤਾਬਾਂ ਦਿਖਾਈਆਂ ਜਿਨ੍ਹਾਂ ਵਿਚ ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ਬਾਰੇ ਸਮਝਾਇਆ ਗਿਆ ਸੀ। ਡੈਡੀ ਨੂੰ ਕਿਤਾਬਾਂ ਚੰਗੀਆਂ ਲੱਗੀਆਂ ਅਤੇ ਉਨ੍ਹਾਂ ਨੇ ਉਹ ਲੈ ਲਈਆਂ। ਜਦੋਂ ਮੰਮੀ ਨੇ ਉਹ ਕਿਤਾਬਾਂ ਦੇਖੀਆਂ, ਤਾਂ ਉਹ ਪੜ੍ਹਨ ਲੱਗ ਪਏ। ਇਕ ਵਾਰ ਮੰਮੀ ਨੇ ਅਖ਼ਬਾਰ ਵਿਚ ਇਕ ਇਸ਼ਤਿਹਾਰ ਦੇਖਿਆ ਜਿਸ ਵਿਚ ਦੱਸਿਆ ਸੀ ਕਿ ਚਾਨਣ ਕਿਤਾਬਾਂ ਤੋਂ ਬਾਈਬਲ ਅਧਿਐਨ ਕਰਨ ਲਈ ਕੋਈ ਵੀ ਆ ਸਕਦਾ ਹੈ। ਮੰਮੀ ਨੇ ਉੱਥੇ ਜਾਣ ਬਾਰੇ ਸੋਚਿਆ। ਜਦੋਂ ਉਹ ਉਸ ਪਤੇ ʼਤੇ ਗਏ, ਤਾਂ ਇਕ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੰਮੀ ਨੇ ਉਨ੍ਹਾਂ ਨੂੰ ਕਿਤਾਬ ਦਿਖਾ ਕੇ ਪੁੱਛਿਆ: “ਕੀ ਇਸ ਕਿਤਾਬ ਦਾ ਅਧਿਐਨ ਇੱਥੇ ਹੀ ਹੁੰਦਾ ਹੈ?” ਉਸ ਔਰਤ ਨੇ ਕਿਹਾ: “ਹਾਂ ਪੁੱਤ, ਅੰਦਰ ਆਜਾ।” ਅਗਲੇ ਹਫ਼ਤੇ ਮੰਮੀ ਸਾਨੂੰ ਵੀ ਉੱਥੇ ਲੈ ਕੇ ਗਏ ਅਤੇ ਫਿਰ ਅਸੀਂ ਹਰ ਹਫ਼ਤੇ ਉੱਥੇ ਜਾਣ ਲੱਗ ਪਏ।
ਇਕ ਵਾਰ ਮੀਟਿੰਗ ਵਿਚ ਭਰਾ ਨੇ ਮੈਨੂੰ ਜ਼ਬੂਰ 144:15 ਪੜ੍ਹਨ ਲਈ ਕਿਹਾ ਜਿੱਥੇ ਦੱਸਿਆ ਹੈ ਕਿ ਜਿਹੜੇ ਲੋਕ ਯਹੋਵਾਹ ਦੀ ਭਗਤੀ ਕਰਦੇ ਹਨ, ਉਹ ਖ਼ੁਸ਼ ਹਨ। ਇਸ ਆਇਤ ਦਾ ਮੇਰੇ ʼਤੇ ਡੂੰਘਾ ਅਸਰ ਹੋਇਆ। ਨਾਲੇ ਦੋ ਹੋਰ ਆਇਤਾਂ ਦਾ ਵੀ ਮੇਰੇ ʼਤੇ ਡੂੰਘਾ ਅਸਰ ਹੋਇਆ। ਇਕ ਆਇਤ ਸੀ, ਪਹਿਲਾ ਤਿਮੋਥਿਉਸ 1:11 ਜਿਸ ਵਿਚ ਲਿਖਿਆ ਹੈ ਕਿ ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ। ਦੂਜੀ ਆਇਤ ਸੀ, ਅਫ਼ਸੀਆਂ 5:1 ਜਿਸ ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ‘ਪਰਮੇਸ਼ੁਰ ਦੀ ਰੀਸ ਕਰੀਏ।’ ਮੈਂ ਸਮਝ ਗਿਆ ਕਿ ਮੈਨੂੰ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਸ ਦਾ ਅਹਿਸਾਨ ਮੰਨਣਾ ਚਾਹੀਦਾ ਹੈ ਕਿ ਉਸ ਨੇ ਮੈਨੂੰ ਆਪਣੀ ਸੇਵਾ ਕਰਨ ਦਾ ਸਨਮਾਨ ਬਖ਼ਸ਼ਿਆ ਹੈ। ਮੇਰੀ ਹਮੇਸ਼ਾ ਤੋਂ ਹੀ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਇਨ੍ਹਾਂ ਦੋ ਗੱਲਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀਵਾਂ।
ਸਾਡੇ ਘਰ ਤੋਂ ਸਭ ਤੋਂ ਲਾਗੇ ਵਾਲੀ ਮੰਡਲੀ ਵੀ 32 ਕਿਲੋਮੀਟਰ (20 ਮੀਲ) ਦੂਰ ਸ਼ਿਕਾਗੋ ਵਿਚ ਸੀ। ਪਰ ਫਿਰ ਵੀ ਅਸੀਂ ਹਰ ਮੀਟਿੰਗ ਵਿਚ ਜਾਂਦੇ ਸੀ ਅਤੇ ਇਸ ਤਰ੍ਹਾਂ ਮੈਂ ਬਾਈਬਲ ਬਾਰੇ ਹੋਰ ਵੀ ਸਿੱਖਦਾ ਗਿਆ। ਮੈਨੂੰ ਇਕ ਵਾਰ ਦੀ ਗੱਲ ਯਾਦ ਹੈ। ਜੈਥਾ ਮੀਟਿੰਗ ਵਿਚ ਜਵਾਬ ਦੇ ਰਹੀ ਸੀ। ਉਸ ਦਾ ਜਵਾਬ ਸੁਣ ਕੇ ਮੈਂ ਸੋਚਿਆ, ‘ਇਹ ਤਾਂ ਮੈਨੂੰ ਵੀ ਪਤਾ ਸੀ। ਮੈਨੂੰ ਵੀ ਆਪਣਾ ਹੱਥ ਖੜ੍ਹਾ ਕਰਨਾ ਚਾਹੀਦਾ ਸੀ।’ ਇਸ ਤੋਂ ਬਾਅਦ, ਮੈਂ ਮੀਟਿੰਗਾਂ ਦੀ ਤਿਆਰੀ ਕਰਨ ਲੱਗ ਪਿਆ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਬਾਕੀ ਭੈਣਾਂ-ਭਰਾਵਾਂ ਵਾਂਗ ਮੇਰਾ ਵੀ ਯਹੋਵਾਹ ਨਾਲ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ। ਮੈਂ 1941 ਵਿਚ ਬਪਤਿਸਮਾ ਲੈ ਲਿਆ।
ਸੰਮੇਲਨਾਂ ਤੋਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ
ਮੈਨੂੰ ਖ਼ਾਸ ਤੌਰ ਤੇ 1942 ਵਿਚ ਕਲੀਵਲੈਂਡ ਵਿਚ ਹੋਇਆ ਸੰਮੇਲਨ ਚੰਗੀ ਤਰ੍ਹਾਂ ਯਾਦ ਹੈ। ਅਮਰੀਕਾ ਦੇ 50 ਤੋਂ ਵੀ ਜ਼ਿਆਦਾ ਅਲੱਗ-ਅਲੱਗ ਥਾਵਾਂ ਦੇ ਭੈਣਾਂ-ਭਰਾਵਾਂ ਨੇ ਟੈਲੀਫ਼ੋਨ ਰਾਹੀਂ ਉਹ ਪ੍ਰੋਗ੍ਰਾਮ ਸੁਣਿਆ। ਸਾਡਾ ਪਰਿਵਾਰ ਹੋਰ ਪਰਿਵਾਰਾਂ ਦੇ ਨਾਲ ਸੰਮੇਲਨ ਵਾਲੀ ਜਗ੍ਹਾ ਦੇ ਲਾਗੇ ਹੀ ਤੰਬੂਆਂ ਵਿਚ ਰੁਕਿਆ ਸੀ ਜੋ ਭੈਣਾਂ-ਭਰਾਵਾਂ ਨੇ ਲਾਏ ਸਨ। ਉਸ ਸਮੇਂ ਦੂਜਾ ਵਿਸ਼ਵ-ਯੁੱਧ ਜ਼ੋਰਾਂ ʼਤੇ ਸੀ ਅਤੇ ਯਹੋਵਾਹ ਦੇ ਗਵਾਹਾਂ ਦਾ ਬਹੁਤ ਵਿਰੋਧ ਹੋ ਰਿਹਾ ਸੀ। ਮੈਨੂੰ ਯਾਦ ਹੈ, ਸ਼ਾਮ ਨੂੰ ਭਰਾਵਾਂ ਨੇ ਆਪਣੀਆਂ ਗੱਡੀਆਂ ਇਸ ਤਰ੍ਹਾਂ ਖੜ੍ਹੀਆਂ ਕੀਤੀਆਂ ਕਿ ਉਨ੍ਹਾਂ ਦੀਆਂ ਲਾਈਟਾਂ ਤੰਬੂਆਂ ʼਤੇ ਨਹੀਂ, ਸਗੋਂ ਦੂਜੇ ਪਾਸੇ ਪੈਣ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹਰ ਗੱਡੀ ਵਿਚ ਇਕ ਭਰਾ ਪਹਿਰਾ ਦੇਵੇਗਾ। ਜੇ ਕੋਈ ਖ਼ਤਰਾ ਨਜ਼ਰ ਆਉਂਦਾ, ਤਾਂ ਉਨ੍ਹਾਂ ਨੇ ਗੱਡੀ ਦੀਆਂ ਲਾਈਟਾਂ ਚਲਾਉਣੀਆਂ ਸਨ ਤਾਂਕਿ ਉਹ ਹਮਲਾਵਰਾਂ ਦੀਆਂ ਅੱਖਾਂ ʼਤੇ ਪੈਣ। ਨਾਲੇ ਉਨ੍ਹਾਂ ਨੇ ਜ਼ੋਰ ਦੀ ਹਾਰਨ ਵਜਾਉਣੇ ਸਨ ਤਾਂਕਿ ਬਾਕੀ ਭੈਣ-ਭਰਾ ਵੀ ਉਨ੍ਹਾਂ ਦੀ ਮਦਦ ਲਈ ਆ ਜਾਣ। ਮੈਂ ਸੋਚਿਆ, ‘ਵਾਹ! ਕਿੰਨਾ ਵਧੀਆ ਹੈ ਕਿ ਯਹੋਵਾਹ ਦੇ ਗਵਾਹ ਹਰ ਗੱਲ ਲਈ ਤਿਆਰ ਹਨ।’ ਉਸ ਰਾਤ ਮੈਨੂੰ ਕੋਈ ਡਰ ਨਹੀਂ ਲੱਗਾ ਤੇ ਮੈਂ ਚੈਨ ਨਾਲ ਸੌਂ ਗਿਆ ਅਤੇ ਕੋਈ ਮੁਸ਼ਕਲ ਵੀ ਨਹੀਂ ਖੜ੍ਹੀ ਹੋਈ।
ਸਾਲਾਂ ਬਾਅਦ ਹੁਣ ਜਦ ਮੈਂ ਉਸ ਸੰਮੇਲਨ ਨੂੰ ਯਾਦ ਕਰਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਦੋਂ ਮੰਮੀ ਨੂੰ ਕੋਈ ਡਰ ਜਾਂ ਚਿੰਤਾ ਨਹੀਂ ਸੀ। ਉਨ੍ਹਾਂ ਨੂੰ ਯਹੋਵਾਹ ਤੇ ਉਸ ਦੇ ਸੰਗਠਨ ʼਤੇ ਪੂਰਾ ਭਰੋਸਾ ਸੀ। ਉਨ੍ਹਾਂ ਦੀ ਵਧੀਆ ਮਿਸਾਲ ਮੈਂ ਕਦੇ ਨਹੀਂ ਭੁੱਲਾਂਗਾ।
ਉਸ ਸੰਮੇਲਨ ਤੋਂ ਕੁਝ ਸਮਾਂ ਪਹਿਲਾਂ ਹੀ ਮੰਮੀ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਸੀ। ਇਸ ਲਈ ਸੰਮੇਲਨ ਦੌਰਾਨ ਜਿਨ੍ਹਾਂ ਭਾਸ਼ਣਾਂ ਵਿਚ ਪੂਰੇ ਸਮੇਂ ਦੀ ਸੇਵਾ ਬਾਰੇ ਦੱਸਿਆ ਜਾ ਰਿਹਾ ਸੀ, ਮੰਮੀ ਨੇ ਉਹ ਭਾਸ਼ਣ ਬਹੁਤ ਧਿਆਨ ਨਾਲ ਸੁਣੇ। ਸੰਮੇਲਨ ਤੋਂ ਵਾਪਸ ਆਉਂਦਿਆਂ ਮੰਮੀ ਨੇ ਸਾਨੂੰ ਕਿਹਾ: “ਮੈਂ ਪਾਇਨੀਅਰਿੰਗ ਕਰਦੀ ਰਹਿਣਾ ਚਾਹੁੰਦੀ ਹਾਂ, ਪਰ ਪਾਇਨੀਅਰਿੰਗ ਦੇ ਨਾਲ-ਨਾਲ ਘਰ ਦੇ ਕੰਮ ਕਰਨੇ ਮੇਰੇ ਲਈ ਬਹੁਤ ਔਖੇ ਹੋ ਰਹੇ ਹਨ।” ਫਿਰ ਉਨ੍ਹਾਂ ਨੇ ਸਾਨੂੰ ਪੁੱਛਿਆ: ‘ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?’ ਅਸੀਂ ਕਿਹਾ: ‘ਹਾਂ, ਕਿਉਂ ਨਹੀਂ।’ ਫਿਰ ਮੰਮੀ ਨੇ ਸਾਡੇ ਸਾਰਿਆਂ ਵਿਚ ਕੰਮ ਵੰਡ ਦਿੱਤੇ। ਰੋਜ਼ ਨਾਸ਼ਤੇ ਤੋਂ ਪਹਿਲਾਂ ਸਾਡੇ ਸਾਰਿਆਂ ਕੋਲ ਇਕ-ਦੋ ਕਮਰੇ ਸਾਫ਼ ਕਰਨ ਲਈ ਹੁੰਦੇ ਸਨ। ਜਦੋਂ ਅਸੀਂ ਸਕੂਲ ਚਲੇ ਜਾਂਦੇ ਸੀ, ਤਾਂ ਉਹ ਦੇਖਦੇ ਸੀ ਕਿ ਘਰ ਸਾਫ਼ ਹੈ ਜਾਂ ਨਹੀਂ ਅਤੇ ਫਿਰ ਉਹ ਪ੍ਰਚਾਰ ਲਈ ਚਲੇ ਜਾਂਦੇ ਸੀ। ਮੰਮੀ ਬਹੁਤ ਬਿਜ਼ੀ ਰਹਿੰਦੇ ਸੀ, ਪਰ ਉਹ ਸਾਡੇ ʼਤੇ ਵੀ ਪੂਰਾ ਧਿਆਨ ਦਿੰਦੇ ਸੀ। ਜਦੋਂ ਅਸੀਂ ਲੰਚ ਲਈ ਅਤੇ ਸਕੂਲ ਤੋਂ ਬਾਅਦ ਘਰ ਵਾਪਸ ਆਉਂਦੇ ਸੀ, ਤਾਂ ਉਹ ਘਰ ਹੀ ਹੁੰਦੇ ਸੀ। ਕਦੇ-ਕਦੇ ਅਸੀਂ ਸਕੂਲ ਤੋਂ ਬਾਅਦ ਉਨ੍ਹਾਂ ਨਾਲ ਪ੍ਰਚਾਰ ʼਤੇ ਚਲੇ ਜਾਂਦੇ ਸੀ। ਇਸ ਤਰ੍ਹਾਂ ਅਸੀਂ ਸਮਝ ਸਕੇ ਕਿ ਪਾਇਨੀਅਰਿੰਗ ਹੁੰਦੀ ਕੀ ਹੈ।
ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ
ਮੈਂ 16 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਕਿ ਮੇਰੇ ਡੈਡੀ ਗਵਾਹ ਨਹੀਂ ਸੀ, ਪਰ ਫਿਰ ਵੀ ਉਹ
ਹਮੇਸ਼ਾ ਜਾਣਨਾ ਚਾਹੁੰਦੇ ਸੀ ਕਿ ਮੇਰੀ ਪਾਇਨੀਅਰਿੰਗ ਕਿੱਦਾਂ ਚੱਲ ਰਹੀ ਹੈ। ਇਕ ਦਿਨ ਸ਼ਾਮ ਨੂੰ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਇਕ ਵੀ ਬਾਈਬਲ ਸਟੱਡੀ ਨਹੀਂ ਲੱਭੀ। ਮੈਂ ਥੋੜ੍ਹਾ ਰੁਕ ਕੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਮੇਰੇ ਨਾਲ ਸਟੱਡੀ ਕਰਨੀ ਚਾਹੁੰਦੇ ਹੋ?” ਉਨ੍ਹਾਂ ਨੇ ਇਕ ਪਲ ਰੁਕ ਕੇ ਕਿਹਾ, “ਮੇਰੇ ਕੋਲ ਨਾਂਹ ਕਹਿਣ ਦਾ ਕੋਈ ਕਾਰਨ ਨਹੀਂ ਹੈ।” ਇਸ ਤਰ੍ਹਾਂ ਮੇਰੇ ਡੈਡੀ ਮੇਰੇ ਸਭ ਤੋਂ ਪਹਿਲੇ ਬਾਈਬਲ ਵਿਦਿਆਰਥੀ ਬਣੇ। ਇਹ ਮੇਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਸੀ।ਮੈਂ ਆਪਣੇ ਡੈਡੀ ਨੂੰ “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ” ਕਿਤਾਬ ਤੋਂ ਸਟੱਡੀ ਕਰਾਉਣੀ ਸ਼ੁਰੂ ਕੀਤੀ। ਜਿੱਦਾਂ-ਜਿੱਦਾਂ ਅਸੀਂ ਸਟੱਡੀ ਕਰਦੇ ਗਏ, ਮੈਂ ਦੇਖਿਆ ਕਿ ਡੈਡੀ ਮੇਰੀ ਮਦਦ ਕਰ ਰਹੇ ਸੀ ਕਿ ਮੈਂ ਇਕ ਚੰਗਾ ਵਿਦਿਆਰਥੀ ਅਤੇ ਇਕ ਚੰਗਾ ਸਿੱਖਿਅਕ ਬਣਾਂ। ਮਿਸਾਲ ਲਈ, ਇਕ ਦਿਨ ਸ਼ਾਮ ਨੂੰ ਅਸੀਂ ਸਟੱਡੀ ਕਰ ਰਹੇ ਸੀ। ਪੈਰਾ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਇੱਥੇ ਜੋ ਲਿਖਿਆ ਹੈ, ਉਹ ਮੈਂ ਸਮਝ ਗਿਆ। ਪਰ ਤੈਨੂੰ ਕਿੱਦਾਂ ਪਤਾ ਕਿ ਇਸ ਕਿਤਾਬ ਵਿਚ ਜੋ ਲਿਖਿਆ, ਉਹ ਸਹੀ ਹੈ?” ਮੈਨੂੰ ਇਸ ਦਾ ਜਵਾਬ ਨਹੀਂ ਸੀ ਪਤਾ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, “ਮੈਂ ਹਾਲੇ ਤਾਂ ਕੁਝ ਨਹੀਂ ਕਹਿ ਸਕਦਾ, ਪਰ ਅਗਲੀ ਵਾਰ ਜਦੋਂ ਅਸੀਂ ਸਟੱਡੀ ਕਰਾਂਗੇ, ਤਾਂ ਮੈਂ ਤੁਹਾਨੂੰ ਇਸ ਦਾ ਜਵਾਬ ਜ਼ਰੂਰ ਦੇਵਾਂਗਾ।” ਉਸ ਸਵਾਲ ਦਾ ਜਵਾਬ ਦੇਣ ਲਈ ਮੈਂ ਖੋਜਬੀਨ ਕੀਤੀ ਤੇ ਕੁਝ ਆਇਤਾਂ ਲੱਭੀਆਂ। ਇਸ ਤੋਂ ਬਾਅਦ, ਮੈਂ ਸਟੱਡੀ ਦੀ ਚੰਗੀ ਤਿਆਰੀ ਕਰਨ ਲੱਗ ਪਿਆ ਅਤੇ ਮੈਂ ਖੋਜਬੀਨ ਕਰਨੀ ਸਿੱਖੀ। ਇੱਦਾਂ ਮੈਂ ਤੇ ਡੈਡੀ ਬਾਈਬਲ ਦੇ ਵਧੀਆ ਵਿਦਿਆਰਥੀ ਬਣ ਗਏ। ਡੈਡੀ ਜੋ ਵੀ ਸਿੱਖਦੇ ਸਨ, ਉਹ ਉਸ ਨੂੰ ਲਾਗੂ ਵੀ ਕਰਦੇ ਸਨ ਤੇ 1952 ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ।
ਮੈਂ ਬੈਥਲ ਵਿਚ ਵੀ ਸਿੱਖਦਾ ਰਿਹਾ
ਮੈਂ 17 ਸਾਲਾਂ ਦੀ ਉਮਰ ਵਿਚ ਕਿਤੇ ਹੋਰ ਜਾ ਕੇ ਰਹਿਣ ਲੱਗ ਪਿਆ। ਉਸੇ ਸਮੇਂ ਦੌਰਾਨ ਮੇਰੀ ਵੱਡੀ ਭੈਣ ਜੈਥਾ a ਮਿਸ਼ਨਰੀ ਸੇਵਾ ਕਰਨ ਲੱਗ ਪਈ ਅਤੇ ਮੇਰਾ ਵੱਡਾ ਭਰਾ ਡੌਨ ਬੈਥਲ ਚਲਾ ਗਿਆ। ਉਹ ਦੋਵੇਂ ਬਹੁਤ ਖ਼ੁਸ਼ ਸਨ। ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਮੈਂ ਵੀ ਬੈਥਲ ਤੇ ਗਿਲਿਅਡ ਸਕੂਲ ਲਈ ਫ਼ਾਰਮ ਭਰ ਦਿੱਤਾ ਤੇ ਬਾਕੀ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਮੈਨੂੰ 1946 ਵਿਚ ਬੈਥਲ ਬੁਲਾ ਲਿਆ ਗਿਆ।
ਪਿਛਲੇ 75 ਸਾਲਾਂ ਦੌਰਾਨ ਮੈਂ ਬੈਥਲ ਵਿਚ ਕਈ ਅਲੱਗ-ਅਲੱਗ ਕੰਮ ਕੀਤੇ ਅਤੇ ਬਹੁਤ ਕੁਝ ਸਿੱਖਿਆ। ਮੈਂ ਕਿਤਾਬਾਂ ਛਾਪਣ ਦਾ ਕੰਮ ਸਿੱਖਿਆ, ਅਕਾਊਂਟਿੰਗ ਦਾ ਕੰਮ ਸਿੱਖਿਆ, ਬੈਥਲ ਲਈ ਖ਼ਰੀਦਾਰੀ ਕਰਨੀ ਅਤੇ ਜ਼ਰੂਰੀ ਸਾਮਾਨ ਬਾਹਰ ਭੇਜਣਾ ਸਿੱਖਿਆ। ਇਹ ਕੰਮ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਸੀ। ਪਰ ਬੈਥਲ ਵਿਚ ਸਵੇਰੇ ਬਾਈਬਲ ਹਵਾਲੇ ਦੀ ਜੋ ਚਰਚਾ ਹੁੰਦੀ ਹੈ ਅਤੇ ਜੋ ਭਾਸ਼ਣ ਦਿੱਤੇ ਜਾਂਦੇ ਹਨ, ਉਨ੍ਹਾਂ ਤੋਂ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਨ੍ਹਾਂ ਰਾਹੀਂ ਮੈਂ ਬਾਈਬਲ ਬਾਰੇ ਬਹੁਤ ਕੁਝ ਸਿੱਖ ਸਕਿਆ ਹਾਂ।
ਮੈਂ ਆਪਣੇ ਛੋਟੇ ਭਰਾ ਕਾਰਲ ਤੋਂ ਵੀ ਬਹੁਤ ਕੁਝ ਸਿੱਖਿਆ। ਉਹ 1947 ਵਿਚ ਬੈਥਲ ਆਇਆ ਸੀ। ਉਹ ਬਾਈਬਲ ਦਾ ਬਹੁਤ ਵਧੀਆ ਤਰੀਕੇ ਨਾਲ ਅਧਿਐਨ ਕਰਦਾ ਸੀ ਅਤੇ ਦੂਜਿਆਂ ਨੂੰ ਵੀ ਬਹੁਤ ਵਧੀਆ ਸਿਖਾਉਂਦਾ ਸੀ। ਇਕ ਵਾਰ ਮੈਨੂੰ ਇਕ ਭਾਸ਼ਣ ਦੇਣ ਲਈ ਕਿਹਾ ਗਿਆ ਤੇ ਮੈਂ ਕਾਰਲ ਤੋਂ ਮਦਦ ਮੰਗੀ। ਮੈਂ ਉਸ ਨੂੰ ਦੱਸਿਆ ਕਿ ਮੈਂ ਜਾਣਕਾਰੀ ਤਾਂ ਬਹੁਤ ਸਾਰੀ ਇਕੱਠੀ ਕਰ ਲਈ ਹੈ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਜਾਣਕਾਰੀ ਰੱਖਾਂ ਤੇ ਕਿਹੜੀ ਛੱਡ ਦੇਵਾਂ। ਉਸ ਨੇ ਮੈਨੂੰ ਸਿਰਫ਼ ਇਕ ਸਵਾਲ ਪੁੱਛਿਆ, “ਜੋਅਲ, ਤੇਰੇ ਭਾਸ਼ਣ ਦਾ ਵਿਸ਼ਾ ਕੀ ਹੈ?” ਮੈਂ
ਉਸ ਦੀ ਗੱਲ ਸਮਝ ਗਿਆ। ਜ਼ਰੂਰੀ ਇਹ ਸੀ ਕਿ ਮੈਂ ਸਿਰਫ਼ ਭਾਸ਼ਣ ਦੇ ਵਿਸ਼ੇ ਨਾਲ ਜੁੜੀ ਜਾਣਕਾਰੀ ʼਤੇ ਧਿਆਨ ਦੇਵਾਂ ਤੇ ਬਾਕੀ ਜਾਣਕਾਰੀ ਛੱਡ ਦੇਵਾਂ। ਮੈਂ ਇਹ ਗੱਲ ਹਮੇਸ਼ਾ ਯਾਦ ਰੱਖੀ।ਜੇ ਅਸੀਂ ਬੈਥਲ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਪੂਰੇ ਜੋਸ਼ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਨਾਲੇ ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਬਹੁਤ ਵਧੀਆ ਤਜਰਬੇ ਵੀ ਹੁੰਦੇ ਹਨ। ਮੈਨੂੰ ਯਾਦ ਹੈ ਕਿ ਇਕ ਸ਼ਾਮ ਮੈਂ ਅਤੇ ਇਕ ਹੋਰ ਭਰਾ ਨਿਊਯਾਰਕ ਸ਼ਹਿਰ ਵਿਚ ਪ੍ਰਚਾਰ ਕਰ ਰਹੇ ਸੀ। ਅਸੀਂ ਇਕ ਅਜਿਹੀ ਔਰਤ ਨੂੰ ਮਿਲੇ ਜਿਸ ਨੇ ਪਹਿਲਾਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਏ ਸਨ। ਅਸੀਂ ਉਸ ਨੂੰ ਕਿਹਾ, “ਅੱਜ ਅਸੀਂ ਲੋਕਾਂ ਨੂੰ ਮਿਲ ਰਹੇ ਹਾਂ ਤੇ ਉਨ੍ਹਾਂ ਨੂੰ ਬਾਈਬਲ ਤੋਂ ਸਿਖਾ ਰਹੇ ਹਾਂ।” ਉਸ ਨੇ ਕਿਹਾ, “ਜੇ ਤੁਸੀਂ ਬਾਈਬਲ ਤੋਂ ਸਿਖਾ ਰਹੇ ਹੋ, ਤਾਂ ਅੰਦਰ ਆ ਜਾਓ।” ਅਸੀਂ ਪਰਮੇਸ਼ੁਰ ਦੇ ਰਾਜ ਤੇ ਨਵੀਂ ਦੁਨੀਆਂ ਬਾਰੇ ਕਈ ਆਇਤਾਂ ਪੜ੍ਹੀਆਂ ਅਤੇ ਸਾਡੀ ਚੰਗੀ ਗੱਲਬਾਤ ਹੋਈ। ਅਗਲੇ ਹਫ਼ਤੇ ਉਸ ਨੇ ਆਪਣੇ ਕਈ ਦੋਸਤਾਂ ਨੂੰ ਕਿਹਾ ਕਿ ਉਹ ਵੀ ਸਾਡੇ ਨਾਲ ਆ ਕੇ ਬੈਠਣ। ਅੱਗੇ ਚੱਲ ਕੇ ਉਹ ਅਤੇ ਉਸ ਦਾ ਪਤੀ ਯਹੋਵਾਹ ਦੇ ਗਵਾਹ ਬਣ ਗਏ।
ਮੈਂ ਆਪਣੀ ਪਤਨੀ ਤੋਂ ਸਿੱਖਿਆ
ਮੈਂ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਅਤੇ 10 ਸਾਲ ਬਾਅਦ ਮੈਨੂੰ ਸਹੀ ਜੀਵਨ ਸਾਥੀ ਮਿਲਿਆ। ਇਕ ਚੰਗਾ ਜੀਵਨ ਸਾਥੀ ਚੁਣਨ ਵਿਚ ਕਿਸ ਗੱਲ ਨੇ ਮੇਰੀ ਮਦਦ ਕੀਤੀ? ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਸੋਚਿਆ ਕਿ ਵਿਆਹ ਤੋਂ ਬਾਅਦ ਮੇਰੇ ਕੀ ਟੀਚੇ ਹੋਣਗੇ।
1953 ਵਿਚ ਯੈਂਕੀ ਸਟੇਡੀਅਮ ਵਿਚ ਇਕ ਸੰਮੇਲਨ ਹੋਇਆ ਸੀ। ਉੱਥੇ ਮੇਰੀ ਮੁਲਾਕਾਤ ਮੈਰੀ ਅੰਯੋਲ ਨਾਂ ਦੀ ਇਕ ਭੈਣ ਨਾਲ ਹੋਈ। ਉਹ ਤੇ ਜੈਥਾ ਗਿਲਿਅਡ ਦੀ ਦੂਸਰੀ ਕਲਾਸ ਵਿਚ ਗਈਆਂ ਸਨ। ਉਹ ਦੋਵੇਂ ਮਿਲ ਕੇ ਮਿਸ਼ਨਰੀ ਸੇਵਾ ਕਰ ਰਹੀਆਂ ਸਨ। ਮੈਰੀ ਨੇ ਮੈਨੂੰ ਦੱਸਿਆ ਕਿ ਮਿਸ਼ਨਰੀ ਸੇਵਾ ਦੌਰਾਨ ਉਸ ਨੂੰ ਕਿਹੜੇ ਵਧੀਆ ਤਜਰਬੇ ਹੋਏ ਅਤੇ ਕੈਰੀਬੀਅਨ ਟਾਪੂ ʼਤੇ ਉਸ ਨੇ ਕਿੰਨੀਆਂ ਬਾਈਬਲ ਸਟੱਡੀਆਂ ਕਰਵਾਈਆਂ। ਜਿੱਦਾਂ-ਜਿੱਦਾਂ ਅਸੀਂ ਇਕ-ਦੂਜੇ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਲੱਗੇ, ਅਸੀਂ ਸਮਝ ਗਏ ਕਿ ਸਾਡੇ ਦੋਹਾਂ ਦੇ ਟੀਚੇ ਇੱਕੋ ਜਿਹੇ ਹਨ। ਸਾਡਾ ਇਕ-ਦੂਜੇ ਲਈ ਪਿਆਰ ਵਧਦਾ ਗਿਆ ਅਤੇ ਅਪ੍ਰੈਲ 1955 ਵਿਚ ਅਸੀਂ ਵਿਆਹ ਕਰਾ ਲਿਆ। ਮੈਰੀ ਯਹੋਵਾਹ ਤੋਂ ਮਿਲਿਆ ਇਕ ਤੋਹਫ਼ਾ ਸੀ ਅਤੇ ਉਸ ਨੇ ਹਮੇਸ਼ਾ ਮੇਰੇ ਲਈ ਇਕ ਵਧੀਆ ਮਿਸਾਲ ਰੱਖੀ। ਉਸ ਨੂੰ ਜੋ ਵੀ ਕੰਮ ਦਿੱਤਾ ਜਾਂਦਾ ਸੀ, ਉਹ ਖ਼ੁਸ਼ੀ-ਖ਼ੁਸ਼ੀ ਕਰਦੀ ਸੀ, ਉਹ ਬਹੁਤ ਮਿਹਨਤੀ ਸੀ, ਲੋਕਾਂ ਦੀ ਦਿਲੋਂ ਪਰਵਾਹ ਕਰਦੀ ਸੀ ਅਤੇ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲੀ ਥਾਂ ਦਿੰਦੀ ਸੀ। (ਮੱਤੀ 6:33) ਅਸੀਂ ਤਿੰਨ ਸਾਲਾਂ ਤਕ ਸਰਕਟ ਕੰਮ ਕੀਤਾ ਤੇ 1958 ਵਿਚ ਸਾਨੂੰ ਬੈਥਲ ਬੁਲਾ ਲਿਆ ਗਿਆ।
ਮੈਰੀ ਤੋਂ ਮੈਂ ਬਹੁਤ ਕੁਝ ਸਿੱਖਿਆ। ਜਦੋਂ ਸਾਡਾ ਵਿਆਹ ਹੋਇਆ, ਤਾਂ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਹਰ ਰੋਜ਼ ਮਿਲ ਕੇ ਬਾਈਬਲ ਪੜ੍ਹਾਂਗੇ। ਅਸੀਂ ਲਗਭਗ 15 ਆਇਤਾਂ ਪੜ੍ਹਦੇ ਸੀ ਤੇ ਗੱਲ ਕਰਦੇ ਸੀ ਕਿ ਅਸੀਂ ਉਨ੍ਹਾਂ ਆਇਤਾਂ ਤੋਂ ਕੀ ਸਿੱਖਿਆ ਤੇ ਅਸੀਂ ਇਨ੍ਹਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ। ਮੈਰੀ ਅਕਸਰ ਮੈਨੂੰ ਦੱਸਦੀ ਹੁੰਦੀ ਸੀ ਕਿ ਉਸ ਨੇ ਗਿਲਿਅਡ ਵਿਚ ਜਾਂ ਮਿਸ਼ਨਰੀ ਸੇਵਾ ਦੌਰਾਨ ਇਸ ਬਾਰੇ ਕੀ-ਕੀ ਸਿੱਖਿਆ। ਇਸ ਤਰ੍ਹਾਂ ਦੀ ਗੱਲਬਾਤ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ। ਮੈਂ ਹੋਰ ਚੰਗੀ ਤਰ੍ਹਾਂ ਭਾਸ਼ਣ ਦੇਣੇ ਸਿੱਖੇ। ਨਾਲੇ ਮੈਂ ਇਹ ਵੀ ਸਿੱਖਿਆ ਕਿ ਮੈਂ ਭੈਣਾਂ ਨੂੰ ਹੋਰ ਚੰਗੀ ਤਰ੍ਹਾਂ ਹੌਸਲਾ ਕਿਵੇਂ ਦੇ ਸਕਦਾ ਹਾਂ।—ਕਹਾ. 25:11.
2013 ਵਿਚ ਮੇਰੀ ਪਿਆਰੀ ਪਤਨੀ ਮੈਰੀ ਦੀ ਮੌਤ ਹੋ ਗਈ। ਮੈਂ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਨਵੀਂ ਦੁਨੀਆਂ ਵਿਚ ਮੈਂ ਉਸ ਨੂੰ ਦੁਬਾਰਾ ਮਿਲਾਂਗਾ। ਉਦੋਂ ਤਕ ਮੈਂ ਠਾਣ ਲਿਆ ਹੈ ਕਿ ਮੈਂ ਯਹੋਵਾਹ ਤੋਂ ਸਿੱਖਦਾ ਰਹਾਂਗਾ ਅਤੇ ਪੂਰੇ ਦਿਲ ਨਾਲ ਉਸ ʼਤੇ ਭਰੋਸਾ ਰੱਖਾਂਗਾ। (ਕਹਾ. 3:5, 6) ਜਦੋਂ ਮੈਂ ਸੋਚਦਾ ਹਾਂ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਦੇ ਲੋਕ ਕੀ-ਕੀ ਕਰਨਗੇ, ਤਾਂ ਮੈਨੂੰ ਬਹੁਤ ਦਿਲਾਸਾ ਤੇ ਖ਼ੁਸ਼ੀ ਮਿਲਦੀ ਹੈ। ਉਸ ਸਮੇਂ ਅਸੀਂ ਯਹੋਵਾਹ ਤੋਂ ਅਤੇ ਯਹੋਵਾਹ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਾਂਗੇ। ਯਹੋਵਾਹ ਨੇ ਹੁਣ ਤਕ ਮੈਨੂੰ ਜੋ ਵੀ ਸਿਖਾਇਆ ਹੈ ਅਤੇ ਮੇਰੇ ʼਤੇ ਜੋ ਅਪਾਰ ਕਿਰਪਾ ਕੀਤੀ ਹੈ, ਉਸ ਲਈ ਮੈਂ ਜਿੰਨਾ ਸ਼ੁਕਰੀਆ ਅਦਾ ਕਰਾਂ, ਉੱਨਾ ਹੀ ਘੱਟ ਹੈ।
a ਪਹਿਰਾਬੁਰਜ 1 ਮਾਰਚ 2003 ਦੇ ਸਫ਼ੇ 23-29 ʼਤੇ ਜੈਥਾ ਸੁਨਲ ਦੀ ਜੀਵਨੀ ਪੜ੍ਹੋ।