ਅਧਿਐਨ ਲੇਖ 51
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
ਯਹੋਵਾਹ ਤੁਹਾਡੇ ਹੰਝੂਆਂ ਨੂੰ ਅਨਮੋਲ ਸਮਝਦਾ ਹੈ
“ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ। ਕੀ ਇਹ ਤੇਰੀ ਕਿਤਾਬ ਵਿਚ ਦਰਜ ਨਹੀਂ ਹਨ?”—ਜ਼ਬੂ. 56:8.
ਕੀ ਸਿੱਖਾਂਗੇ?
ਜਦੋਂ ਅਸੀਂ ਬਹੁਤ ਦੁਖੀ ਅਤੇ ਨਿਰਾਸ਼ ਹੁੰਦੇ ਹਾਂ, ਤਾਂ ਯਹੋਵਾਹ ਸਾਡਾ ਦੁੱਖ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਸਾਨੂੰ ਦਿਲਾਸਾ ਦਿੰਦਾ ਹੈ।
1-2. ਸ਼ਾਇਦ ਅਸੀਂ ਕਿਹੜੀਆਂ ਗੱਲਾਂ ਕਰਕੇ ਹੰਝੂ ਵਹਾਈਏ?
ਅਸੀਂ ਸਾਰਿਆਂ ਨੇ ਕਦੇ-ਨਾ-ਕਦੇ ਹੰਝੂ ਵਹਾਏ ਹਨ। ਜਦੋਂ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ ਜਾਂ ਸਾਡੇ ਨਾਲ ਕੁਝ ਚੰਗਾ ਹੁੰਦਾ ਹੈ, ਤਾਂ ਸਾਡੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਜਾਂਦੇ ਹਨ। ਜਿਵੇਂ, ਜਦੋਂ ਤੁਸੀਂ ਪਹਿਲੀ ਵਾਰ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਚੁੱਕਿਆ, ਤਾਂ ਸ਼ਾਇਦ ਤੁਹਾਡੀਆਂ ਅੱਖਾਂ ਭਰ ਆਈਆਂ ਹੋਣ। ਜਾਂ ਕਿਸੇ ਚੰਗੇ ਪਲ ਨੂੰ ਯਾਦ ਕਰ ਕੇ ਜਾਂ ਫਿਰ ਆਪਣੇ ਕਿਸੇ ਜਿਗਰੀ ਦੋਸਤ ਨੂੰ ਸਾਲਾਂ ਬਾਅਦ ਮਿਲ ਕੇ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਗਏ ਹੋਣ।
2 ਪਰ ਅਸੀਂ ਜ਼ਿਆਦਾਤਰ ਹੰਝੂ ਇਸ ਲਈ ਵਹਾਉਂਦੇ ਹਾਂ ਕਿਉਂਕਿ ਅਸੀਂ ਬਹੁਤ ਦੁਖੀ ਜਾਂ ਤਕਲੀਫ਼ ਵਿਚ ਹੁੰਦੇ ਹਾਂ। ਮਿਸਾਲ ਲਈ, ਜਦੋਂ ਸਾਡਾ ਕੋਈ ਆਪਣਾ ਸਾਨੂੰ ਧੋਖਾ ਦਿੰਦਾ ਹੈ ਜਾਂ ਸਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਸ਼ਾਇਦ ਅਸੀਂ ਹੰਝੂ ਵਹਾਈਏ। ਜਾਂ ਜਦੋਂ ਕਿਸੇ ਬੀਮਾਰੀ ਕਰਕੇ ਅਸੀਂ ਲੰਬੇ ਸਮੇਂ ਤੋਂ ਦਰਦ ਸਹਿ ਰਹੇ ਹੁੰਦੇ ਹਾਂ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਉਦੋਂ ਸ਼ਾਇਦ ਸਾਡੇ ਹੰਝੂ ਰੁਕਣ ਦਾ ਨਾਂ ਹੀ ਨਾ ਲੈਣ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਯਿਰਮਿਯਾਹ ਨਬੀ ਵਾਂਗ ਮਹਿਸੂਸ ਕਰੀਏ। ਜਦੋਂ ਬਾਬਲੀਆਂ ਨੇ ਯਰੂਸ਼ਲਮ ਦਾ ਨਾਸ਼ ਕਰ ਦਿੱਤਾ, ਤਾਂ ਉਸ ਨੇ ਕਿਹਾ: ‘ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਹਨ। ਮੇਰੀਆਂ ਅੱਖਾਂ ਵਿੱਚੋਂ ਹੰਝੂ ਬਿਨਾਂ ਰੁਕੇ ਵਗਦੇ ਹੀ ਰਹਿੰਦੇ ਹਨ।’—ਵਿਰ. 3:48, 49.
3. ਜਦੋਂ ਯਹੋਵਾਹ ਆਪਣੇ ਕਿਸੇ ਸੇਵਕ ਨੂੰ ਮੁਸ਼ਕਲ ਵਿਚ ਦੇਖਦਾ ਹੈ, ਤਾਂ ਉਸ ਨੂੰ ਕਿੱਦਾਂ ਲੱਗਦਾ ਹੈ? (ਯਸਾਯਾਹ 63:9)
3 ਯਹੋਵਾਹ ਜਾਣਦਾ ਹੈ ਕਿ ਮੁਸ਼ਕਲ ਘੜੀਆਂ ਵਿੱਚੋਂ ਲੰਘਦਿਆਂ ਅਸੀਂ ਹੁਣ ਤਕ ਕਿੰਨੀ ਵਾਰ ਹੰਝੂ ਵਹਾਏ ਹਨ। ਬਾਈਬਲ ਵਿਚ ਦੱਸਿਆ ਹੈ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੇ ਸੇਵਕਾਂ ʼਤੇ ਕੀ ਬੀਤ ਰਹੀ ਹੈ ਅਤੇ ਜਦੋਂ ਉਹ ਮਦਦ ਲਈ ਦੁਹਾਈ ਦਿੰਦੇ ਹਨ, ਤਾਂ ਉਹ ਉਨ੍ਹਾਂ ਦੀ ਸੁਣਦਾ ਹੈ। (ਜ਼ਬੂ. 34:15) ਪਰ ਉਹ ਸਾਡੇ ਹੰਝੂ ਸਿਰਫ਼ ਦੇਖਦਾ ਹੀ ਨਹੀਂ ਹੈ ਤੇ ਸਾਡੀ ਦੁਹਾਈ ਸਿਰਫ਼ ਸੁਣਦਾ ਹੀ ਨਹੀਂ ਹੈ। ਇਸ ਦੀ ਬਜਾਇ, ਜਦੋਂ ਉਹ ਸਾਨੂੰ ਰੋਂਦਿਆਂ ਦੇਖਦਾ ਹੈ, ਤਾਂ ਉਸ ਦਾ ਦਿਲ ਤੜਫ ਉੱਠਦਾ ਹੈ ਤੇ ਉਹ ਫ਼ੌਰਨ ਸਾਡੀ ਮਦਦ ਕਰਦਾ ਹੈ। ਉਹ ਇਸ ਲਈ ਕਿਉਂਕਿ ਸਾਡਾ ਪਿਤਾ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ।—ਯਸਾਯਾਹ 63:9 ਪੜ੍ਹੋ।
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਦੀਆਂ ਮਿਸਾਲਾਂ ʼਤੇ ਧਿਆਨ ਦੇਵਾਂਗੇ ਅਤੇ ਯਹੋਵਾਹ ਬਾਰੇ ਕੀ ਜਾਣਾਂਗੇ?
4 ਯਹੋਵਾਹ ਨੇ ਆਪਣੇ ਬਚਨ ਵਿਚ ਲਿਖਵਾਇਆ ਹੈ ਕਿ ਜਦੋਂ ਉਸ ਦੇ ਸੇਵਕ ਰੋਏ, ਤਾਂ ਉਸ ਨੂੰ ਕਿੱਦਾਂ ਲੱਗਾ ਅਤੇ ਉਸ ਨੇ ਉਨ੍ਹਾਂ ਦੀ ਮਦਦ ਕਿੱਦਾਂ ਕੀਤੀ। ਇਸ ਲੇਖ ਵਿਚ ਅਸੀਂ ਹੰਨਾਹ, ਦਾਊਦ ਅਤੇ ਰਾਜਾ ਹਿਜ਼ਕੀਯਾਹ ਦੀ ਮਿਸਾਲ ʼਤੇ ਧਿਆਨ ਦੇਵਾਂਗੇ। ਅਸੀਂ ਦੇਖਾਂਗੇ ਕਿ ਉਨ੍ਹਾਂ ਨੇ ਹੰਝੂ ਕਿਉਂ ਵਹਾਏ। ਯਹੋਵਾਹ ਨੇ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ? ਨਾਲੇ ਯਹੋਵਾਹ ਸਾਨੂੰ ਉਦੋਂ ਕਿੱਦਾਂ ਦਿਲਾਸਾ ਦਿੰਦਾ ਹੈ ਜਦੋਂ ਅਸੀਂ ਦੁਖੀ ਹੋਣ ਕਰਕੇ, ਧੋਖਾ ਮਿਲਣ ਕਰਕੇ ਜਾਂ ਉਮੀਦ ਦੀ ਕੋਈ ਕਿਰਨ ਨਜ਼ਰ ਨਾ ਆਉਣ ਕਰਕੇ ਹੰਝੂ ਵਹਾਉਂਦੇ ਹਾਂ?
ਜਦੋਂ ਤੁਹਾਡਾ ਮਨ ਦੁਖੀ ਹੋਵੇ
5. ਹੰਨਾਹ ʼਤੇ ਜੋ ਬੀਤ ਰਹੀ ਸੀ, ਉਸ ਕਰਕੇ ਉਸ ਨੂੰ ਕਿੱਦਾਂ ਲੱਗਾ?
5 ਹੰਨਾਹ ਦੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਸਨ ਜਿਨ੍ਹਾਂ ਕਰਕੇ ਉਸ ਨੇ ਬਹੁਤ ਹੰਝੂ ਵਹਾਏ। ਇਕ ਮੁਸ਼ਕਲ ਇਹ ਸੀ ਕਿ ਉਸ ਦੇ ਪਤੀ ਦੀ ਇਕ ਹੋਰ ਪਤਨੀ ਸੀ। ਉਸ ਦਾ ਨਾਂ ਪਨਿੰਨਾਹ ਸੀ ਤੇ ਉਹ ਹੰਨਾਹ ਨਾਲ ਨਫ਼ਰਤ ਕਰਦੀ ਸੀ। ਇੰਨਾ ਹੀ ਨਹੀਂ, ਹੰਨਾਹ ਦੇ ਕੋਈ ਬੱਚਾ ਵੀ ਨਹੀਂ ਸੀ ਜਦ ਕਿ ਪਨਿੰਨਾਹ ਦੇ ਬਹੁਤ ਸਾਰੇ ਬੱਚੇ ਸਨ। (1 ਸਮੂ. 1:1, 2) ਪਨਿੰਨਾਹ ਹਮੇਸ਼ਾ ਹੰਨਾਹ ਨੂੰ ਤਾਅਨੇ-ਮਿਹਣੇ ਮਾਰਦੀ ਰਹਿੰਦੀ ਸੀ ਕਿਉਂਕਿ ਉਹ ਬਾਂਝ ਸੀ। ਜ਼ਰਾ ਸੋਚੋ, ਜੇ ਤੁਸੀਂ ਹੰਨਾਹ ਦੀ ਜਗ੍ਹਾ ਹੁੰਦੇ, ਤਾਂ ਤੁਹਾਡੇ ʼਤੇ ਕੀ ਬੀਤਦੀ। ਬਾਈਬਲ ਵਿਚ ਦੱਸਿਆ ਹੈ ਕਿ ਹੰਨਾਹ ਇੰਨੀ ਦੁਖੀ ਹੋ ਜਾਂਦੀ ਸੀ ਕਿ “ਉਹ ਰੋਣ ਲੱਗ ਪੈਂਦੀ ਸੀ ਅਤੇ ਕੁਝ ਨਹੀਂ ਖਾਂਦੀ ਸੀ।” ਇਸ ਕਰਕੇ ਉਸ ਦਾ “ਮਨ ਕੁੜੱਤਣ ਨਾਲ” ਭਰ ਗਿਆ ਸੀ।—1 ਸਮੂ. 1:6, 7, 10.
6. ਹੰਨਾਹ ਨੇ ਦਿਲਾਸਾ ਪਾਉਣ ਲਈ ਕੀ ਕੀਤਾ?
6 ਹੰਨਾਹ ਨੇ ਦਿਲਾਸਾ ਪਾਉਣ ਲਈ ਕੀ ਕੀਤਾ? ਉਹ ਯਹੋਵਾਹ ਦੀ ਭਗਤੀ ਕਰਨ ਲਈ ਡੇਰੇ ਵਿਚ ਗਈ। ਉਹ ਸ਼ਾਇਦ ਵਿਹੜੇ ਦੇ ਦਰਵਾਜ਼ੇ ਕੋਲ ਗਈ। ਉੱਥੇ ਉਹ “ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗੀ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ।” ਉਸ ਨੇ ਯਹੋਵਾਹ ਅੱਗੇ ਤਰਲੇ ਕਰਦਿਆਂ ਕਿਹਾ: ‘ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇ ਅਤੇ ਮੈਨੂੰ ਯਾਦ ਰੱਖ।’ (1 ਸਮੂ. 1:10ਅ, 11) ਹੰਨਾਹ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ। ਆਪਣੀ ਪਿਆਰੀ ਧੀ ਦੇ ਹੰਝੂ ਦੇਖ ਕੇ ਅਤੇ ਉਸ ਦਾ ਦਰਦ ਦੇਖ ਕੇ ਯਹੋਵਾਹ ਦਾ ਵੀ ਦਿਲ ਜ਼ਰੂਰ ਭਰ ਆਇਆ ਹੋਣਾ।
7. ਯਹੋਵਾਹ ਅੱਗੇ ਦਿਲ ਖੋਲ੍ਹਣ ਕਰਕੇ ਹੰਨਾਹ ਨੇ ਕਿੱਦਾਂ ਮਹਿਸੂਸ ਕੀਤਾ?
7 ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਅਤੇ ਫਿਰ ਮਹਾਂ ਪੁਜਾਰੀ ਏਲੀ ਨੇ ਉਸ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਉਸ ਦੀ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ। ਉਸ ਵੇਲੇ ਹੰਨਾਹ ਨੇ ਕਿੱਦਾਂ ਮਹਿਸੂਸ ਕੀਤਾ? ਬਾਈਬਲ ਵਿਚ ਲਿਖਿਆ ਹੈ: “ਉਹ ਔਰਤ ਆਪਣੇ ਰਾਹ ਚਲੀ ਗਈ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਦਾ ਚਿਹਰਾ ਫਿਰ ਉਦਾਸ ਨਾ ਰਿਹਾ।” (1 ਸਮੂ. 1:17, 18) ਭਾਵੇਂ ਕਿ ਹੰਨਾਹ ਦੇ ਹਾਲਾਤ ਉਸੇ ਵੇਲੇ ਨਹੀਂ ਬਦਲੇ ਸਨ, ਫਿਰ ਵੀ ਉਸ ਨੂੰ ਸਕੂਨ ਮਿਲਿਆ। ਕਿਉਂ? ਕਿਉਂਕਿ ਉਸ ਨੇ ਆਪਣੇ ਦਿਲ ਦਾ ਸਾਰਾ ਬੋਝ ਯਹੋਵਾਹ ʼਤੇ ਪਾ ਦਿੱਤਾ ਸੀ। ਯਹੋਵਾਹ ਨੇ ਉਸ ਦੀ ਮਦਦ ਦੀ ਪੁਕਾਰ ਸੁਣੀ, ਉਸ ਦਾ ਦਰਦ ਸਮਝਿਆ ਅਤੇ ਅੱਗੇ ਚੱਲ ਕੇ ਉਸ ਨੂੰ ਬੱਚੇ ਪੈਦਾ ਕਰਨ ਦੀ ਦਾਤ ਦਿੱਤੀ।—1 ਸਮੂ. 1:19, 20; 2:21.
8-9. ਸਾਨੂੰ ਮੀਟਿੰਗਾਂ ਵਿਚ ਜਾਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? (ਇਬਰਾਨੀਆਂ 10:24, 25) (ਤਸਵੀਰ ਵੀ ਦੇਖੋ।)
8 ਅਸੀਂ ਕੀ ਸਿੱਖਦੇ ਹਾਂ? ਕੀ ਤੁਸੀਂ ਕਿਸੇ ਮੁਸ਼ਕਲ ਹਾਲਾਤ ਵਿੱਚੋਂ ਲੰਘ ਰਹੇ ਹੋ ਜਿਸ ਕਰਕੇ ਤੁਹਾਡੇ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ? ਹੋ ਸਕਦਾ ਹੈ ਕਿ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਤੁਹਾਡੇ ਕਿਸੇ ਦੋਸਤ ਦੀ ਮੌਤ ਹੋ ਗਈ ਹੋਵੇ। ਉਦੋਂ ਸ਼ਾਇਦ ਤੁਸੀਂ ਇਕੱਲੇ ਰਹਿਣਾ ਚਾਹੋ ਅਤੇ ਤੁਹਾਡਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰੇ। ਜ਼ਰਾ ਹੰਨਾਹ ਬਾਰੇ ਸੋਚੋ। ਜਦੋਂ ਉਹ ਡੇਰੇ ਵਿਚ ਗਈ, ਤਾਂ ਉਸ ਨੂੰ ਹੌਸਲਾ ਅਤੇ ਦਿਲਾਸਾ ਮਿਲਿਆ। ਇਸੇ ਤਰ੍ਹਾਂ ਮੀਟਿੰਗਾਂ ਵਿਚ ਜਾਣ ਨਾਲ ਤੁਹਾਨੂੰ ਵੀ ਹੌਸਲਾ ਮਿਲ ਸਕਦਾ ਹੈ। ਹੋ ਸਕਦਾ ਹੈ ਕਿ ਮੀਟਿੰਗਾਂ ਵਿਚ ਜਾਣ ਦਾ ਤੁਹਾਡਾ ਦਿਲ ਹੀ ਨਾ ਕਰੇ। ਪਰ ਫਿਰ ਵੀ ਜੇ ਤੁਸੀਂ ਜਾਓਗੇ, ਤਾਂ ਤੁਹਾਨੂੰ ਦਿਲਾਸਾ ਮਿਲੇਗਾ। (ਇਬਰਾਨੀਆਂ 10:24, 25 ਪੜ੍ਹੋ।) ਜਦੋਂ ਅਸੀਂ ਮੀਟਿੰਗਾਂ ਵਿਚ ਬਾਈਬਲ ਦੀਆਂ ਆਇਤਾਂ ਸੁਣਦੇ ਹਾਂ, ਤਾਂ ਸਾਡਾ ਬਹੁਤ ਹੌਸਲਾ ਵਧਦਾ ਹੈ। ਅਸੀਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਦੀ ਬਜਾਇ ਚੰਗੀਆਂ ਗੱਲਾਂ ਬਾਰੇ ਸੋਚਣ ਲੱਗਦੇ ਹਾਂ। ਚਾਹੇ ਇੱਦਾਂ ਕਰ ਕੇ ਸਾਡੇ ਹਾਲਾਤ ਇਕਦਮ ਨਾ ਬਦਲਣ, ਫਿਰ ਵੀ ਅਸੀਂ ਚੰਗਾ ਮਹਿਸੂਸ ਕਰਦੇ ਹਾਂ ਅਤੇ ਖ਼ੁਦ ਨੂੰ ਸੰਭਾਲ ਪਾਉਂਦੇ ਹਾਂ।
9 ਇਸ ਤੋਂ ਇਲਾਵਾ, ਮੀਟਿੰਗਾਂ ਵਿਚ ਭੈਣਾਂ-ਭਰਾਵਾਂ ਨੂੰ ਮਿਲ ਕੇ ਵੀ ਸਾਨੂੰ ਦਿਲਾਸਾ ਮਿਲਦਾ ਹੈ। ਭੈਣ-ਭਰਾ ਸਾਡਾ ਹੌਸਲਾ ਵਧਾਉਂਦੇ ਹਨ ਅਤੇ ਸਾਨੂੰ ਅਹਿਸਾਸ ਕਰਾਉਂਦੇ ਹਨ ਕਿ ਉਹ ਸਾਨੂੰ ਕਿੰਨਾ ਪਿਆਰ ਕਰਦੇ ਹਨ। (1 ਥੱਸ. 5:11, 14) ਜ਼ਰਾ ਇਕ ਸਪੈਸ਼ਲ ਪਾਇਨੀਅਰ ਦੇ ਤਜਰਬੇ ਵੱਲ ਧਿਆਨ ਦਿਓ ਜਿਸ ਦੀ ਪਤਨੀ ਦੀ ਮੌਤ ਹੋ ਗਈ ਸੀ। ਭਰਾ ਕਹਿੰਦਾ ਹੈ: “ਅੱਜ ਵੀ ਜਦੋਂ ਮੈਨੂੰ ਆਪਣੀ ਪਤਨੀ ਦੀ ਯਾਦ ਆਉਂਦੀ ਹੈ, ਤਾਂ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਕਈ ਵਾਰ ਤਾਂ ਮੈਂ ਇਕ ਕੋਨੇ ਵਿਚ ਬੈਠ ਕੇ ਬੱਸ ਰੋਂਦਾ ਹੀ ਰਹਿੰਦਾ ਹਾਂ। ਪਰ ਮੀਟਿੰਗਾਂ ਵਿਚ ਜਾ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਭੈਣ-ਭਰਾ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਹਨ। ਨਾਲੇ ਉਹ ਮੀਟਿੰਗਾਂ ਵਿਚ ਜੋ ਜਵਾਬ ਦਿੰਦੇ ਹਨ, ਉਸ ਤੋਂ ਵੀ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਚਾਹੇ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਮੈਂ ਜਿੰਨਾ ਮਰਜ਼ੀ ਪਰੇਸ਼ਾਨ ਹੋਵਾਂ, ਪਰ ਉੱਥੇ ਜਾ ਕੇ ਮੈਨੂੰ ਹਮੇਸ਼ਾ ਮਨ ਦੀ ਸ਼ਾਂਤੀ ਮਿਲਦੀ ਹੈ।” ਜਦੋਂ ਅਸੀਂ ਮੀਟਿੰਗਾਂ ਵਿਚ ਜਾਂਦੇ ਹਾਂ, ਤਾਂ ਯਹੋਵਾਹ ਭੈਣਾਂ-ਭਰਾਵਾਂ ਦੇ ਜ਼ਰੀਏ ਸਾਡੀ ਮਦਦ ਕਰ ਸਕਦਾ ਹੈ ਅਤੇ ਸਾਨੂੰ ਦਿਲਾਸਾ ਦੇ ਸਕਦਾ ਹੈ।
10. ਜਦੋਂ ਅਸੀਂ ਬਹੁਤ ਦੁਖੀ ਹੁੰਦੇ ਹਾਂ, ਤਾਂ ਅਸੀਂ ਹੰਨਾਹ ਵਾਂਗ ਕੀ ਕਰ ਸਕਦੇ ਹਾਂ?
10 ਜਦੋਂ ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ, ਤਾਂ ਇਸ ਤੋਂ ਵੀ ਉਸ ਨੂੰ ਦਿਲਾਸਾ ਮਿਲਿਆ। ਤੁਸੀਂ ਵੀ ਆਪਣੀਆਂ “ਸਾਰੀਆਂ ਚਿੰਤਾਵਾਂ ਦਾ ਬੋਝ [ਯਹੋਵਾਹ] ਉੱਤੇ ਪਾ” ਸਕਦੇ ਹੋ ਅਤੇ ਯਕੀਨ ਰੱਖ ਸਕਦੇ ਹੋ ਕਿ ਉਹ ਤੁਹਾਡੀ ਜ਼ਰੂਰ ਸੁਣੇਗਾ। (1 ਪਤ. 5:7) ਇਕ ਭੈਣ ਦੇ ਪਤੀ ਨੂੰ ਕੁਝ ਲੁਟੇਰਿਆਂ ਨੇ ਮਾਰ ਦਿੱਤਾ ਸੀ। ਉਹ ਦੱਸਦੀ ਹੈ: “ਜਦੋਂ ਮੇਰੇ ਪਤੀ ਦੀ ਮੌਤ ਹੋਈ, ਤਾਂ ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੇ ਦਿਲ ਦੇ ਹਜ਼ਾਰ ਟੁਕੜੇ ਕਰ ਦਿੱਤੇ ਹੋਣ ਅਤੇ ਹੁਣ ਉਹ ਕਦੇ ਨਹੀਂ ਜੁੜ ਸਕਦੇ। ਪਰ ਜਦੋਂ ਮੈਂ ਆਪਣੇ ਪਿਆਰੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ, ਤਾਂ ਮੈਨੂੰ ਰਾਹਤ ਮਿਲਦੀ ਸੀ। ਕਈ ਵਾਰ ਮੈਂ ਆਪਣੀ ਗੱਲ ਸ਼ਬਦਾਂ ਵਿਚ ਬਿਆਨ ਨਹੀਂ ਕਰ ਪਾਉਂਦੀ ਸੀ। ਪਰ ਮੈਂ ਜਾਣਦੀ ਸੀ ਕਿ ਯਹੋਵਾਹ ਮੇਰੇ ਦਿਲ ਦਾ ਹਾਲ ਸਮਝਦਾ ਹੈ। ਜਦੋਂ ਦੁੱਖ ਅਤੇ ਚਿੰਤਾ ਕਰਕੇ ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ, ਤਾਂ ਮੈਂ ਯਹੋਵਾਹ ਤੋਂ ਮਨ ਦੀ ਸ਼ਾਂਤੀ ਮੰਗਦੀ ਸੀ। ਉਦੋਂ ਮੈਨੂੰ ਸਕੂਨ ਮਿਲਦਾ ਸੀ ਅਤੇ ਇਕ ਹੋਰ ਦਿਨ ਕੱਟਣ ਦੀ ਹਿੰਮਤ ਮਿਲ ਜਾਂਦੀ ਸੀ।” ਜਦੋਂ ਤੁਸੀਂ ਰੋ-ਰੋ ਕੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦੇ ਹੋ, ਤਾਂ ਉਸ ਨੂੰ ਵੀ ਦੁੱਖ ਹੁੰਦਾ ਹੈ ਅਤੇ ਉਹ ਤੁਹਾਡਾ ਦੁੱਖ ਚੰਗੀ ਤਰ੍ਹਾਂ ਸਮਝਦਾ ਹੈ। ਹੋ ਸਕਦਾ ਹੈ ਕਿ ਤੁਹਾਡੀ ਚਿੰਤਾ ਉਸੇ ਵੇਲੇ ਦੂਰ ਨਾ ਹੋਵੇ, ਪਰ ਪ੍ਰਾਰਥਨਾ ਕਰਨ ਕਰਕੇ ਯਹੋਵਾਹ ਤੁਹਾਨੂੰ ਦਿਲਾਸਾ ਅਤੇ ਮਨ ਦੀ ਸ਼ਾਂਤੀ ਦੇਵੇਗਾ। (ਜ਼ਬੂ. 94:19; ਫ਼ਿਲਿ. 4:6, 7) ਨਾਲੇ ਤੁਸੀਂ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਲਈ ਜੋ ਵੀ ਕਰ ਰਹੇ ਹੋ, ਉਸ ਲਈ ਉਹ ਤੁਹਾਨੂੰ ਜ਼ਰੂਰ ਇਨਾਮ ਦੇਵੇਗਾ।—ਇਬ. 11:6.
ਜਦੋਂ ਤੁਹਾਡਾ ਕੋਈ ਆਪਣਾ ਤੁਹਾਨੂੰ ਧੋਖਾ ਦੇਵੇ
11. ਦਾਊਦ ਦੀ ਜ਼ਿੰਦਗੀ ਵਿਚ ਜੋ ਮੁਸ਼ਕਲਾਂ ਆਈਆਂ, ਉਨ੍ਹਾਂ ਕਰਕੇ ਉਸ ਨੂੰ ਕਿੱਦਾਂ ਲੱਗਾ?
11 ਦਾਊਦ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਜਿਸ ਕਰਕੇ ਉਸ ਨੇ ਕਈ ਵਾਰ ਹੰਝੂ ਵਹਾਏ। ਕਈ ਲੋਕ ਉਸ ਨਾਲ ਨਫ਼ਰਤ ਕਰਦੇ ਸਨ। ਇੱਥੋਂ ਤਕ ਕਿ ਉਸ ਦੇ ਕੁਝ ਦੋਸਤਾਂ ਅਤੇ ਘਰਦਿਆਂ ਨੇ ਵੀ ਉਸ ਨੂੰ ਧੋਖਾ ਦਿੱਤਾ। (1 ਸਮੂ. 19:10, 11; 2 ਸਮੂ. 15:10-14, 30) ਇਕ ਵਾਰ ਤਾਂ ਉਹ ਇੰਨਾ ਦੁਖੀ ਸੀ ਕਿ ਉਸ ਨੇ ਲਿਖਿਆ: “ਮੈਂ ਹਉਕੇ ਭਰ-ਭਰ ਕੇ ਥੱਕ ਗਿਆ ਹਾਂ; ਸਾਰੀ-ਸਾਰੀ ਰਾਤ ਰੋਣ ਕਰਕੇ ਮੇਰਾ ਬਿਸਤਰਾ ਭਿੱਜ ਜਾਂਦਾ ਹੈ; ਮੇਰਾ ਪਲੰਘ ਹੰਝੂਆਂ ਦੇ ਹੜ੍ਹ ਵਿਚ ਡੁੱਬ ਜਾਂਦਾ ਹੈ।” ਦਾਊਦ ਨੇ ਇੱਦਾਂ ਕਿਉਂ ਮਹਿਸੂਸ ਕੀਤਾ? ਉਸ ਨੇ ਕਿਹਾ: “ਦੁਸ਼ਮਣਾਂ ਦੇ ਅਤਿਆਚਾਰਾਂ ਕਰਕੇ।” (ਜ਼ਬੂ. 6:6, 7) ਲੋਕਾਂ ਨੇ ਦਾਊਦ ਨਾਲ ਇੰਨਾ ਬੁਰਾ ਕੀਤਾ ਕਿ ਉਸ ਦੇ ਹੰਝੂ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੇ।
12. ਦਾਊਦ ਨੂੰ ਕਿਸ ਗੱਲ ਦਾ ਯਕੀਨ ਸੀ? (ਜ਼ਬੂਰ 56:8)
12 ਚਾਹੇ ਕਿ ਦਾਊਦ ਦੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਆਈਆਂ, ਪਰ ਉਸ ਨੂੰ ਯਕੀਨ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਦੇ ਨਾਲ ਹੈ। ਉਸ ਨੇ ਲਿਖਿਆ: “ਯਹੋਵਾਹ ਮੇਰਾ ਰੋਣਾ ਸੁਣੇਗਾ।” (ਜ਼ਬੂ. 6:8) ਇਕ ਹੋਰ ਮੌਕੇ ਤੇ ਦਾਊਦ ਨੇ ਇਕ ਦਿਲ ਛੂਹ ਲੈਣ ਵਾਲੀ ਗੱਲ ਲਿਖੀ ਜੋ ਕਿ ਜ਼ਬੂਰ 56:8 ਵਿਚ ਦਰਜ ਹੈ। (ਪੜ੍ਹੋ।) ਦਾਊਦ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਕਿੰਨੀ ਪਰਵਾਹ ਹੈ। ਉਸ ਨੇ ਕਿਹਾ ਕਿ ਯਹੋਵਾਹ ਇਕ ਤਰੀਕੇ ਨਾਲ ਉਸ ਦੇ ਹੰਝੂਆਂ ਨੂੰ ਮਸ਼ਕ ਵਿਚ ਸਾਂਭ ਕੇ ਰੱਖ ਰਿਹਾ ਹੈ ਅਤੇ ਉਸ ਕੋਲ ਇਕ ਕਿਤਾਬ ਹੈ ਜਿਸ ਵਿਚ ਉਹ ਉਸ ਦੇ ਇਕ-ਇਕ ਹੰਝੂ ਦਾ ਹਿਸਾਬ ਲਿਖ ਰਿਹਾ ਹੈ। ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ʼਤੇ ਧਿਆਨ ਦੇ ਰਿਹਾ ਹੈ ਅਤੇ ਜਾਣਦਾ ਹੈ ਕਿ ਉਹ ਕਿਨ੍ਹਾਂ ਮੁਸ਼ਕਲ ਵਿੱਚੋਂ ਨਿਕਲ ਰਿਹਾ ਹੈ। ਇੰਨਾ ਹੀ ਨਹੀਂ, ਯਹੋਵਾਹ ਨੂੰ ਇਹ ਵੀ ਪਤਾ ਹੈ ਕਿ ਮੁਸ਼ਕਲਾਂ ਕਰਕੇ ਉਸ ʼਤੇ ਕੀ ਬੀਤ ਰਹੀ ਹੈ।
13. ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ ਜਾਂ ਧੋਖਾ ਦਿੰਦਾ ਹੈ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
13 ਅਸੀਂ ਕੀ ਸਿੱਖਦੇ ਹਾਂ? ਕੀ ਤੁਹਾਡੇ ਕਿਸੇ ਆਪਣੇ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ ਜਾਂ ਤੁਹਾਨੂੰ ਧੋਖਾ ਦਿੱਤਾ ਹੈ ਜਿਸ ਕਰਕੇ ਤੁਹਾਡਾ ਦਿਲ ਟੁੱਟ ਗਿਆ? ਹੋ ਸਕਦਾ ਹੈ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਸੀ, ਉਸ ਨੇ ਤੁਹਾਡੇ ਨਾਲ ਰਿਸ਼ਤਾ ਤੋੜ ਦਿੱਤਾ ਹੋਵੇ। ਜਾਂ ਫਿਰ ਅਚਾਨਕ ਤੁਹਾਡਾ ਜੀਵਨ ਸਾਥੀ ਤੁਹਾਨੂੰ ਛੱਡ ਕੇ ਚਲਾ ਗਿਆ ਹੋਵੇ। ਜਾਂ ਫਿਰ ਤੁਹਾਡੇ ਕਿਸੇ ਆਪਣੇ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੋਵੇ। ਧਿਆਨ ਦਿਓ ਕਿ ਜਦੋਂ ਇਕ ਭਰਾ ਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਅਤੇ ਉਸ ਨੂੰ ਛੱਡ ਕੇ ਚਲੀ ਗਈ, ਤਾਂ ਉਸ ʼਤੇ ਕੀ ਬੀਤੀ। ਭਰਾ ਦੱਸਦਾ ਹੈ: “ਮੈਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਮੇਰੇ ਨਾਲ ਇੱਦਾਂ ਹੋ ਗਿਆ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ, ਗੁੱਸਾ ਆ ਰਿਹਾ ਸੀ ਅਤੇ ਇੱਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਕਿਸੇ ਕੰਮ ਦਾ ਨਹੀਂ ਹਾਂ।” ਜੇ ਕਿਸੇ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੈ ਜਾਂ ਤੁਹਾਨੂੰ ਧੋਖਾ ਦਿੱਤਾ ਹੈ, ਤਾਂ ਯਕੀਨ ਰੱਖੋ ਕਿ ਯਹੋਵਾਹ ਕਦੇ ਵੀ ਤੁਹਾਡਾ ਸਾਥ ਨਹੀਂ ਛੱਡੇਗਾ। ਕੀ ਇਹ ਜਾਣ ਕੇ ਤੁਹਾਨੂੰ ਦਿਲਾਸਾ ਨਹੀਂ ਮਿਲਦਾ? ਭਰਾ ਅੱਗੇ ਇਹ ਵੀ ਦੱਸਦਾ ਹੈ: “ਮੈਂ ਇਕ ਗੱਲ ਸਮਝ ਗਿਆ ਹਾਂ ਕਿ ਲੋਕ ਭਾਵੇਂ ਹਮੇਸ਼ਾ ਤੁਹਾਡੇ ਵਫ਼ਾਦਾਰ ਨਾ ਰਹਿਣ, ਪਰ ਯਹੋਵਾਹ ਹਮੇਸ਼ਾ ਤੁਹਾਡਾ ਵਫ਼ਾਦਾਰ ਰਹੇਗਾ। ਚਾਹੇ ਜੋ ਮਰਜ਼ੀ ਹੋ ਜਾਵੇ, ਉਹ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਦਾ ਸਾਥ ਦੇਵੇਗਾ।” (ਜ਼ਬੂ. 37:28) ਇਹ ਵੀ ਯਾਦ ਰੱਖੋ ਕਿ ਕੋਈ ਵੀ ਇਨਸਾਨ ਤੁਹਾਨੂੰ ਉੱਨਾ ਪਿਆਰ ਨਹੀਂ ਕਰ ਸਕਦਾ, ਜਿੰਨਾ ਯਹੋਵਾਹ ਕਰਦਾ ਹੈ। ਇਹ ਸੱਚ ਹੈ ਕਿ ਜਦੋਂ ਕੋਈ ਧੋਖਾ ਦਿੰਦਾ ਹੈ, ਤਾਂ ਬਹੁਤ ਦੁੱਖ ਲੱਗਦਾ ਹੈ। ਪਰ ਇਸ ਕਰਕੇ ਯਹੋਵਾਹ ਦਾ ਤੁਹਾਡੇ ਲਈ ਪਿਆਰ ਘੱਟ ਨਹੀਂ ਹੁੰਦਾ। (ਰੋਮੀ. 8:38, 39) ਤੁਸੀਂ ਉਸ ਲਈ ਬਹੁਤ ਅਨਮੋਲ ਹੋ। ਸੱਚ ਤਾਂ ਇਹ ਹੈ ਕਿ ਲੋਕ ਤੁਹਾਡੇ ਨਾਲ ਚਾਹੇ ਜਿੱਦਾਂ ਮਰਜ਼ੀ ਪੇਸ਼ ਆਉਣ, ਪਰ ਤੁਹਾਡਾ ਪਿਤਾ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ।
14. ਜ਼ਬੂਰ 34:18 ਤੋਂ ਸਾਨੂੰ ਕਿਸ ਗੱਲ ਦਾ ਭਰੋਸਾ ਮਿਲਦਾ ਹੈ?
14 ਜੇ ਕਿਸੇ ਨੇ ਤੁਹਾਨੂੰ ਧੋਖਾ ਦਿੱਤਾ ਹੈ, ਤਾਂ ਤੁਹਾਨੂੰ ਦਾਊਦ ਦੇ ਉਨ੍ਹਾਂ ਸ਼ਬਦਾਂ ਤੋਂ ਵੀ ਦਿਲਾਸਾ ਮਿਲ ਸਕਦਾ ਹੈ ਜੋ ਜ਼ਬੂਰ 34:18 ਵਿਚ ਦਰਜ ਹਨ। (ਪੜ੍ਹੋ।) ਇਕ ਕਿਤਾਬ ਵਿਚ ਇਸ ਆਇਤ ਬਾਰੇ ਸਮਝਾਇਆ ਗਿਆ ਹੈ ਕਿ ‘ਕੁਚਲੇ ਮਨ ਵਾਲੇ’ ਉਹ ਲੋਕ ਹੋ ਸਕਦੇ ਹਨ ਜਿਨ੍ਹਾਂ ਕੋਲ ਕੋਈ ਉਮੀਦ ਨਹੀਂ ਹੈ। ਯਹੋਵਾਹ ਅਜਿਹੇ ਲੋਕਾਂ ਦੀ ਕਿੱਦਾਂ ਮਦਦ ਕਰਦਾ ਹੈ? ਜ਼ਰਾ ਸੋਚੋ, ਜਦੋਂ ਇਕ ਬੱਚਾ ਰੋਂਦਾ ਹੈ, ਤਾਂ ਉਸ ਦੀ ਮਾਂ ਜਾਂ ਪਿਤਾ ਉਸ ਨੂੰ ਗੋਦੀ ਚੁੱਕ ਲੈਂਦੇ ਹਨ ਅਤੇ ਉਸ ਨੂੰ ਚੁੱਪ ਕਰਾਉਂਦੇ ਹਨ। ਉਸੇ ਤਰ੍ਹਾਂ, ਜਦੋਂ ਸਾਨੂੰ ਕੋਈ ਧੋਖਾ ਦਿੰਦਾ ਹੈ ਜਾਂ ਸਾਨੂੰ ਛੱਡ ਕੇ ਚਲਾ ਜਾਂਦਾ ਹੈ, ਤਾਂ ਯਹੋਵਾਹ ਸਾਡੇ “ਨੇੜੇ” ਰਹਿੰਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਸ ਮੁਸ਼ਕਲ ਵਿੱਚੋਂ ਲੰਘ ਰਹੇ ਹਾਂ। ਉਹ ਤੁਰੰਤ ਸਾਡੀ ਮਦਦ ਕਰਦਾ ਹੈ। ਉਹ ਸਾਡੇ ਟੁੱਟੇ ਦਿਲ ਨੂੰ ਦਿਲਾਸਾ ਦਿੰਦਾ ਹੈ। ਇੰਨਾ ਹੀ ਨਹੀਂ, ਉਸ ਨੇ ਭਵਿੱਖ ਬਾਰੇ ਕਈ ਵਾਅਦੇ ਕੀਤੇ ਹਨ ਜਿਨ੍ਹਾਂ ਬਾਰੇ ਸੋਚਣ ਨਾਲ ਸਾਨੂੰ ਆਪਣੀਆਂ ਮੁਸ਼ਕਲਾਂ ਸਹਿਣ ਦੀ ਹਿੰਮਤ ਮਿਲਦੀ ਹੈ।—ਯਸਾ. 65:17.
ਜਦੋਂ ਉਮੀਦ ਦੀ ਕੋਈ ਕਿਰਨ ਨਜ਼ਰ ਨਾ ਆਵੇ
15. ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਕਿਉਂ ਰੋਇਆ?
15 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ 39 ਸਾਲਾਂ ਦੀ ਉਮਰ ਵਿਚ ਇਕ ਗੰਭੀਰ ਬੀਮਾਰੀ ਹੋ ਗਈ। ਯਸਾਯਾਹ ਨਬੀ ਨੇ ਉਸ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ ਕਿ ਇਸ ਬੀਮਾਰੀ ਕਰਕੇ ਉਸ ਦੀ ਮੌਤ ਹੋ ਜਾਵੇਗੀ। (2 ਰਾਜ. 20:1) ਹਿਜ਼ਕੀਯਾਹ ਨੂੰ ਆਪਣੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ। ਉਹ ਇੰਨਾ ਦੁਖੀ ਹੋ ਗਿਆ ਕਿ ਉਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਫਿਰ ਉਸ ਨੇ ਯਹੋਵਾਹ ਨੂੰ ਗਿੜਗਿੜਾ ਕੇ ਬੇਨਤੀ ਕੀਤੀ।—2 ਰਾਜ. 20:2, 3.
16. ਹਿਜ਼ਕੀਯਾਹ ਦੀ ਪ੍ਰਾਰਥਨਾ ਸੁਣ ਕੇ ਤੇ ਉਸ ਦੇ ਹੰਝੂ ਦੇਖ ਕੇ ਯਹੋਵਾਹ ਨੇ ਕੀ ਕੀਤਾ?
16 ਹਿਜ਼ਕੀਯਾਹ ਦੀ ਪ੍ਰਾਰਥਨਾ ਸੁਣ ਕੇ ਤੇ ਉਸ ਦੇ ਹੰਝੂ ਦੇਖ ਕੇ ਯਹੋਵਾਹ ਦੁਖੀ ਹੋਇਆ ਅਤੇ ਉਸ ਨੇ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਦੇਖੇ ਹਨ। ਦੇਖ, ਮੈਂ ਤੈਨੂੰ ਠੀਕ ਕਰਾਂਗਾ।” ਯਹੋਵਾਹ ਨੂੰ ਹਿਜ਼ਕੀਯਾਹ ʼਤੇ ਤਰਸ ਆਇਆ ਅਤੇ ਉਸ ਨੇ ਯਸਾਯਾਹ ਰਾਹੀਂ ਉਸ ਨਾਲ ਵਾਅਦਾ ਕੀਤਾ ਕਿ ਉਹ ਹਿਜ਼ਕੀਯਾਹ ਦੀ ਉਮਰ ਵਧਾ ਦੇਵੇਗਾ ਅਤੇ ਯਰੂਸ਼ਲਮ ਨੂੰ ਅੱਸ਼ੂਰੀਆਂ ਦੇ ਹੱਥੋਂ ਬਚਾਵੇਗਾ।—2 ਰਾਜ. 20:4-6.
17. ਜਦੋਂ ਸਾਨੂੰ ਕੋਈ ਗੰਭੀਰ ਬੀਮਾਰੀ ਹੋ ਜਾਂਦੀ ਹੈ, ਤਾਂ ਯਹੋਵਾਹ ਸਾਨੂੰ ਕਿਵੇਂ ਸੰਭਾਲਦਾ ਹੈ? (ਜ਼ਬੂਰ 41:3) (ਤਸਵੀਰ ਵੀ ਦੇਖੋ।)
17 ਅਸੀਂ ਕੀ ਸਿੱਖਦੇ ਹਾਂ? ਕੀ ਤੁਹਾਨੂੰ ਕੋਈ ਅਜਿਹੀ ਬੀਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ? ਜੇ ਹਾਂ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ। ਜੇ ਤੁਹਾਨੂੰ ਰੋਣਾ ਆ ਰਿਹਾ ਹੈ, ਤਾਂ ਰੋਵੋ ਅਤੇ ਉਸ ਨੂੰ ਦੱਸੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ। ਬਾਈਬਲ ਵਿਚ ਸਾਨੂੰ ਯਕੀਨ ਦਿਵਾਇਆ ਗਿਆ ਹੈ ਕਿ ‘ਦਇਆ ਕਰਨ ਵਾਲਾ ਪਿਤਾ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦੇਵੇਗਾ।’ (2 ਕੁਰਿੰ. 1:3, 4) ਅੱਜ ਅਸੀਂ ਇਹ ਉਮੀਦ ਤਾਂ ਨਹੀਂ ਕਰ ਸਕਦੇ ਕਿ ਯਹੋਵਾਹ ਸਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦੇਵੇਗਾ, ਪਰ ਅਸੀਂ ਇਹ ਭਰੋਸਾ ਜ਼ਰੂਰ ਰੱਖ ਸਕਦੇ ਹਾਂ ਕਿ ਉਹ ਸਾਨੂੰ ਸੰਭਾਲੇਗਾ। (ਜ਼ਬੂਰ 41:3 ਪੜ੍ਹੋ।) ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਤਾਕਤ, ਬੁੱਧ ਅਤੇ ਮਨ ਦੀ ਸ਼ਾਂਤੀ ਦਿੰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਵਿੱਚੋਂ ਲੰਘ ਸਕੀਏ। (ਕਹਾ. 18:14; ਫ਼ਿਲਿ. 4:13) ਇੰਨਾ ਹੀ ਨਹੀਂ, ਯਹੋਵਾਹ ਨੇ ਸਾਨੂੰ ਜੋ ਉਮੀਦ ਦਿੱਤੀ ਹੈ ਕਿ ਬਹੁਤ ਜਲਦ ਉਹ ਹਰ ਤਰ੍ਹਾਂ ਦੀ ਬੀਮਾਰੀ ਨੂੰ ਠੀਕ ਕਰ ਦੇਵੇਗਾ, ਉਸ ਤੋਂ ਵੀ ਸਾਨੂੰ ਹਿੰਮਤ ਮਿਲਦੀ ਹੈ।—ਯਸਾ. 33:24.
18. ਜਦੋਂ ਤੁਸੀਂ ਕਿਸੇ ਵੱਡੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਸੀ, ਤਾਂ ਤੁਹਾਨੂੰ ਕਿਹੜੀ ਆਇਤ ਤੋਂ ਦਿਲਾਸਾ ਮਿਲਿਆ? (“ ਆਇਤਾਂ ਜਿਨ੍ਹਾਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ” ਨਾਂ ਦੀ ਡੱਬੀ ਦੇਖੋ।)
18 ਯਹੋਵਾਹ ਦੀਆਂ ਗੱਲਾਂ ਸੁਣ ਕੇ ਹਿਜ਼ਕੀਯਾਹ ਨੂੰ ਦਿਲਾਸਾ ਮਿਲਿਆ। ਸਾਨੂੰ ਵੀ ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ ਮਿਲ ਸਕਦਾ ਹੈ। ਯਹੋਵਾਹ ਨੇ ਬਾਈਬਲ ਵਿਚ ਆਪਣੀਆਂ ਗੱਲਾਂ ਇਸ ਲਈ ਲਿਖਵਾਈਆਂ ਤਾਂਕਿ ਜੇ ਅਸੀਂ ਦੁਖੀ ਜਾਂ ਨਿਰਾਸ਼ ਹੋਈਏ, ਤਾਂ ਸਾਨੂੰ ਉਨ੍ਹਾਂ ਨੂੰ ਪੜ੍ਹ ਕੇ ਹਿੰਮਤ ਮਿਲੇ। (ਰੋਮੀ. 15:4) ਜਦੋਂ ਪੱਛਮੀ ਅਫ਼ਰੀਕਾ ਵਿਚ ਰਹਿਣ ਵਾਲੀ ਸਾਡੀ ਇਕ ਭੈਣ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ, ਤਾਂ ਉਹ ਬਹੁਤ ਰੋਈ। ਉਹ ਦੱਸਦੀ ਹੈ: “ਮੈਨੂੰ ਖ਼ਾਸ ਕਰਕੇ ਯਸਾਯਾਹ 26:3 ਤੋਂ ਬਹੁਤ ਦਿਲਾਸਾ ਮਿਲਦਾ ਹੈ। ਭਾਵੇਂ ਕਿ ਕਈ ਵਾਰ ਹਾਲਾਤ ਸੁਧਾਰਨੇ ਸਾਡੇ ਹੱਥ-ਵੱਸ ਨਹੀਂ ਹੁੰਦੇ, ਪਰ ਇਸ ਆਇਤ ਵਿਚ ਵਾਅਦਾ ਕੀਤਾ ਗਿਆ ਹੈ ਕਿ ਯਹੋਵਾਹ ਸਾਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ ਅਤੇ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ।” ਕੀ ਕੋਈ ਅਜਿਹੀ ਆਇਤ ਹੈ ਜਿਸ ਤੋਂ ਤੁਹਾਨੂੰ ਦਿਲਾਸਾ ਮਿਲਿਆ ਹੋਵੇ, ਖ਼ਾਸ ਕਰਕੇ ਉਸ ਵੇਲੇ ਜਦੋਂ ਤੁਸੀਂ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਸੀ ਅਤੇ ਤੁਹਾਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਸੀ?
19. ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
19 ਅਸੀਂ ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਸਮੇਂ ਵਿਚ ਜੀ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡੀਆਂ ਮੁਸ਼ਕਲਾਂ ਵਧਦੀਆਂ ਹੀ ਜਾਣਗੀਆਂ ਅਤੇ ਅਸੀਂ ਹੰਝੂ ਵਹਾਵਾਂਗੇ। ਪਰ ਜਿੱਦਾਂ ਅਸੀਂ ਹੰਨਾਹ, ਦਾਊਦ ਅਤੇ ਰਾਜਾ ਹਿਜ਼ਕੀਯਾਹ ਦੀ ਮਿਸਾਲ ਤੋਂ ਸਿੱਖਿਆ, ਯਹੋਵਾਹ ਸਾਡੇ ਹੰਝੂਆਂ ਵੱਲ ਧਿਆਨ ਦਿੰਦਾ ਹੈ। ਜਦੋਂ ਅਸੀਂ ਰੋਂਦੇ ਹਾਂ, ਤਾਂ ਉਹ ਵੀ ਦੁਖੀ ਹੁੰਦਾ ਹੈ। ਯਹੋਵਾਹ ਤੁਹਾਡੇ ਹੰਝੂਆਂ ਨੂੰ ਅਨਮੋਲ ਸਮਝਦਾ ਹੈ। ਆਓ ਅਸੀਂ ਕਿਸੇ ਵੀ ਮੁਸ਼ਕਲ ਵਿੱਚੋਂ ਲੰਘਦਿਆਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੀਏ। ਭੈਣਾਂ-ਭਰਾਵਾਂ ਨਾਲ ਮਿਲਦੇ-ਗਿਲ਼ਦੇ ਰਹੀਏ ਅਤੇ ਬਾਈਬਲ ਵਿਚ ਲਿਖੀਆਂ ਗੱਲਾਂ ਤੋਂ ਦਿਲਾਸਾ ਪਾਉਂਦੇ ਰਹੀਏ। ਜੇ ਅਸੀਂ ਮੁਸ਼ਕਲਾਂ ਵਿਚ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ, ਤਾਂ ਉਹ ਸਾਨੂੰ ਜ਼ਰੂਰ ਇਨਾਮ ਦੇਵੇਗਾ। ਨਾਲੇ ਉਹ ਬਹੁਤ ਜਲਦ ਆਪਣਾ ਵਾਅਦਾ ਪੂਰਾ ਕਰੇਗਾ ਅਤੇ ਸਾਡੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ। (ਪ੍ਰਕਾ. 21:4) ਅੱਜ ਜਦੋਂ ਅਸੀਂ ਦੁਖੀ ਹੁੰਦੇ ਹਾਂ, ਜਦੋਂ ਸਾਨੂੰ ਕੋਈ ਧੋਖਾ ਦਿੰਦਾ ਹੈ ਜਾਂ ਜਦੋਂ ਸਾਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ, ਤਾਂ ਸਾਡੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਪਰ ਨਵੀਂ ਦੁਨੀਆਂ ਵਿਚ ਸਾਡੀਆਂ ਅੱਖਾਂ ਵਿਚ ਸਿਰਫ਼ ਖ਼ੁਸ਼ੀ ਦੇ ਹੰਝੂ ਹੋਣਗੇ।
ਗੀਤ 4 “ਯਹੋਵਾਹ ਮੇਰਾ ਚਰਵਾਹਾ”