Skip to content

Skip to table of contents

ਅਧਿਐਨ ਲੇਖ 48

ਗੀਤ 97 ਰੱਬ ਦੀ ਬਾਣੀ ਹੈ ਜ਼ਿੰਦਗੀ

ਰੋਟੀਆਂ ਦੇ ਚਮਤਕਾਰ ਤੋਂ ਸਿੱਖੋ ਸਬਕ

ਰੋਟੀਆਂ ਦੇ ਚਮਤਕਾਰ ਤੋਂ ਸਿੱਖੋ ਸਬਕ

“ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। ਜਿਹੜਾ ਮੇਰੇ ਕੋਲ ਆਉਂਦਾ ਹੈ, ਉਸ ਨੂੰ ਕਦੇ ਵੀ ਭੁੱਖ ਨਹੀਂ ਲੱਗੇਗੀ।”​—ਯੂਹੰ. 6:35.

ਕੀ ਸਿੱਖਾਂਗੇ?

ਅਸੀਂ ਯੂਹੰਨਾ ਅਧਿਆਇ 6 ਵਿਚ ਦਰਜ ਇਕ ਬਿਰਤਾਂਤ ʼਤੇ ਗੌਰ ਕਰਾਂਗੇ ਜਿਸ ਵਿਚ ਦੱਸਿਆ ਹੈ ਕਿ ਯਿਸੂ ਨੇ ਸਿਰਫ਼ ਪੰਜ ਰੋਟੀਆਂ ਤੇ ਦੋ ਮੱਛੀਆਂ ਨਾਲ ਹਜ਼ਾਰਾਂ ਲੋਕਾਂ ਨੂੰ ਕਿਵੇਂ ਖਾਣਾ ਖੁਆਇਆ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ।

1. ਇਜ਼ਰਾਈਲੀਆਂ ਲਈ ਖਾਣੇ ਵਿਚ ਰੋਟੀ ਕਿੰਨੀ ਕੁ ਜ਼ਰੂਰੀ ਸੀ?

 ਰੋਟੀ ਤੋਂ ਬਿਨਾਂ ਇਜ਼ਰਾਈਲੀਆਂ ਦਾ ਖਾਣਾ ਅਧੂਰਾ ਹੁੰਦਾ ਸੀ। (ਉਤ. 14:18; ਲੂਕਾ 4:4) ਉਨ੍ਹਾਂ ਲਈ ਰੋਟੀ ਖਾਣੀ ਇੰਨੀ ਆਮ ਸੀ ਕਿ ਬਾਈਬਲ ਵਿਚ ਕਈ ਵਾਰ ਖਾਣੇ ਲਈ “ਰੋਟੀ” ਸ਼ਬਦ ਵਰਤਿਆ ਗਿਆ ਹੈ। (ਮੱਤੀ 6:11) ਰੋਟੀ ਨਾਲ ਜੁੜੇ ਯਿਸੂ ਨੇ ਦੋ ਚਮਤਕਾਰ ਕੀਤੇ ਜੋ ਬਹੁਤ ਹੀ ਮਸ਼ਹੂਰ ਹਨ। (ਮੱਤੀ 16:9, 10) ਉਨ੍ਹਾਂ ਵਿੱਚੋਂ ਇਕ ਬਾਰੇ ਅਸੀਂ ਯੂਹੰਨਾ ਅਧਿਆਇ 6 ਵਿਚ ਪੜ੍ਹਦੇ ਹਾਂ। ਆਓ ਆਪਾਂ ਉਸ ਚਮਤਕਾਰ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਅੱਜ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

2. ਹਜ਼ਾਰਾਂ ਹੀ ਲੋਕਾਂ ਨੂੰ ਖਾਣੇ ਦੀ ਲੋੜ ਕਦੋਂ ਪਈ?

2 ਜਦੋਂ ਯਿਸੂ ਦੇ ਰਸੂਲ ਪ੍ਰਚਾਰ ਕਰ ਕੇ ਵਾਪਸ ਆਏ, ਤਾਂ ਉਹ ਉਨ੍ਹਾਂ ਨੂੰ ਲੈ ਕੇ ਇਕ ਕਿਸ਼ਤੀ ਰਾਹੀਂ ਗਲੀਲ ਝੀਲ ਦੇ ਦੂਜੇ ਪਾਸੇ ਚਲੇ ਗਿਆ ਤਾਂਕਿ ਉਹ ਸਾਰੇ ਥੋੜ੍ਹਾ ਆਰਾਮ ਕਰ ਸਕਣ। (ਮਰ. 6:7, 30-32; ਲੂਕਾ 9:10) ਉਹ ਬੈਤਸੈਦਾ ਸ਼ਹਿਰ ਦੀ ਕਿਸੇ ਇਕਾਂਤ ਜਗ੍ਹਾ ਪਹੁੰਚੇ, ਪਰ ਜਲਦੀ ਹੀ ਹਜ਼ਾਰਾਂ ਲੋਕ ਉੱਥੇ ਆ ਗਏ ਅਤੇ ਯਿਸੂ ਕੋਲ ਇਕੱਠੇ ਹੋ ਗਏ। ਯਿਸੂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਸਗੋਂ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਲੱਗਾ ਅਤੇ ਬੀਮਾਰਾਂ ਨੂੰ ਠੀਕ ਕਰਨ ਲੱਗਾ। ਜਦੋਂ ਸ਼ਾਮ ਹੋਣ ਲੱਗੀ, ਤਾਂ ਰਸੂਲ ਸੋਚਣ ਲੱਗੇ ਕਿ ਇੰਨੇ ਸਾਰੇ ਲੋਕ ਖਾਣਾ ਕਿੱਥੋਂ ਖਾਣਗੇ। ਕੁਝ ਲੋਕਾਂ ਕੋਲ ਸ਼ਾਇਦ ਥੋੜ੍ਹਾ-ਬਹੁਤਾ ਖਾਣਾ ਸੀ, ਪਰ ਜ਼ਿਆਦਾਤਰ ਲੋਕਾਂ ਨੂੰ ਪਿੰਡਾਂ ਵਿਚ ਜਾ ਕੇ ਖਾਣਾ ਖ਼ਰੀਦਣਾ ਪੈਣਾ ਸੀ। (ਮੱਤੀ 14:15; ਯੂਹੰ. 6:4, 5) ਉਸ ਵੇਲੇ ਯਿਸੂ ਨੇ ਕੀ ਕੀਤਾ?

ਯਿਸੂ ਨੇ ਚਮਤਕਾਰ ਕਰ ਕੇ ਰੋਟੀ ਖੁਆਈ

3. ਯਿਸੂ ਨੇ ਆਪਣੇ ਰਸੂਲਾਂ ਨੂੰ ਭੀੜ ਲਈ ਕੀ ਕਰਨ ਲਈ ਕਿਹਾ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

3 ਯਿਸੂ ਨੇ ਰਸੂਲਾਂ ਨੂੰ ਕਿਹਾ: “ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” (ਮੱਤੀ 14:16) ਪਰ ਇਹ ਕਿਵੇਂ ਹੋ ਸਕਦਾ ਸੀ? ਉੱਥੇ ਤਾਂ ਲਗਭਗ 5,000 ਆਦਮੀ ਸਨ ਅਤੇ ਜੇ ਔਰਤਾਂ ਤੇ ਬੱਚਿਆਂ ਨੂੰ ਵੀ ਗਿਣੀਏ, ਤਾਂ ਉਨ੍ਹਾਂ ਨੇ ਸ਼ਾਇਦ 15,000 ਲੋਕਾਂ ਨੂੰ ਖਾਣਾ ਖੁਆਉਣਾ ਸੀ। (ਮੱਤੀ 14:21) ਉਸ ਵੇਲੇ ਅੰਦ੍ਰਿਆਸ ਨੇ ਕਿਹਾ: “ਇੱਥੇ ਇਕ ਮੁੰਡੇ ਕੋਲ ਜੌਆਂ ਦੀਆਂ ਪੰਜ ਰੋਟੀਆਂ ਤੇ ਦੋ ਛੋਟੀਆਂ-ਛੋਟੀਆਂ ਮੱਛੀਆਂ ਹਨ। ਪਰ ਇਨ੍ਹਾਂ ਨਾਲ ਇੰਨੇ ਸਾਰੇ ਲੋਕਾਂ ਦਾ ਕਿੱਦਾਂ ਸਰੂ?” (ਯੂਹੰ. 6:9) ਉਸ ਜ਼ਮਾਨੇ ਵਿਚ ਆਮ ਤੌਰ ਤੇ ਜੌਂਆਂ ਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਸਨ। ਨਾਲੇ ਉਸ ਮੁੰਡੇ ਕੋਲ ਜੋ ਛੋਟੀਆਂ ਮੱਛੀਆਂ ਸਨ, ਉਨ੍ਹਾਂ ਨੂੰ ਸ਼ਾਇਦ ਲੂਣ ਲਾ ਕੇ ਸੁਕਾਇਆ ਗਿਆ ਸੀ। ਪਰ ਇੰਨੇ ਕੁ ਖਾਣੇ ਨਾਲ ਹਜ਼ਾਰਾਂ ਲੋਕਾਂ ਦਾ ਢਿੱਡ ਕਿਵੇਂ ਭਰਨਾ ਸੀ?

ਯਿਸੂ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ, ਉਨ੍ਹਾਂ ਨੂੰ ਖਾਣਾ ਖੁਆਇਆ ਅਤੇ ਪਰਮੇਸ਼ੁਰ ਬਾਰੇ ਸਿਖਾਇਆ (ਪੈਰਾ 3 ਦੇਖੋ)


4. ਯੂਹੰਨਾ 6:11-13 ਵਿਚ ਦਰਜ ਬਿਰਤਾਂਤ ਤੋਂ ਅਸੀਂ ਕੀ-ਕੀ ਸਿੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

4 ਯਿਸੂ ਰਹਿਮਦਿਲ ਸੀ ਅਤੇ ਉਹ ਲੋਕਾਂ ਨੂੰ ਖਾਣਾ ਖੁਆਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਟੋਲੀਆਂ ਬਣਾ ਕੇ ਘਾਹ ʼਤੇ ਬੈਠ ਜਾਣ। (ਮਰ. 6:39, 40; ਯੂਹੰਨਾ 6:11-13 ਪੜ੍ਹੋ।) ਫਿਰ ਯਿਸੂ ਨੇ ਰੋਟੀਆਂ ਅਤੇ ਮੱਛੀਆਂ ਲਈ ਆਪਣੇ ਪਿਤਾ ਦਾ ਧੰਨਵਾਦ ਕੀਤਾ। ਇੱਦਾਂ ਕਰਨਾ ਸਹੀ ਸੀ ਕਿਉਂਕਿ ਯਹੋਵਾਹ ਨੇ ਹੀ ਇਸ ਖਾਣੇ ਦਾ ਇੰਤਜ਼ਾਮ ਕੀਤਾ ਸੀ। ਇਸ ਤੋਂ ਅਸੀਂ ਵੀ ਇਕ ਵਧੀਆ ਸਬਕ ਸਿੱਖਦੇ ਹਾਂ। ਸਾਨੂੰ ਖਾਣਾ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰ ਕੇ ਯਹੋਵਾਹ ਦਾ ਧੰਨਵਾਦ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ, ਫਿਰ ਚਾਹੇ ਅਸੀਂ ਇਕੱਲੇ ਹੋਈਏ ਜਾਂ ਦੂਜਿਆਂ ਨਾਲ। ਇਸ ਤੋਂ ਬਾਅਦ ਯਿਸੂ ਨੇ ਰਸੂਲਾਂ ਨੂੰ ਖਾਣਾ ਵੰਡਣ ਲਈ ਕਿਹਾ ਅਤੇ ਸਾਰਿਆਂ ਨੇ ਰੱਜ ਕੇ ਖਾਧਾ। ਇੱਥੋਂ ਤਕ ਕਿ ਕੁਝ ਖਾਣਾ ਬਚ ਵੀ ਗਿਆ। ਯਿਸੂ ਨਹੀਂ ਚਾਹੁੰਦਾ ਸੀ ਕਿ ਖਾਣਾ ਬਰਬਾਦ ਹੋਵੇ। ਇਸ ਲਈ ਉਸ ਨੇ ਬਚੇ ਹੋਏ ਖਾਣੇ ਨੂੰ ਇਕੱਠਾ ਕਰਨ ਲਈ ਕਿਹਾ ਤਾਂਕਿ ਇਹ ਬਾਅਦ ਵਿਚ ਕੰਮ ਆ ਸਕੇ। ਇਸ ਤੋਂ ਅਸੀਂ ਇਕ ਹੋਰ ਗੱਲ ਸਿੱਖਦੇ ਹਾਂ। ਸਾਡੇ ਕੋਲ ਜੋ ਵੀ ਚੀਜ਼ਾਂ ਹਨ, ਸਾਨੂੰ ਉਨ੍ਹਾਂ ਨੂੰ ਸੋਚ-ਸਮਝ ਕੇ ਵਰਤਣਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਹਨ, ਤਾਂ ਕਿਉਂ ਨਾ ਇਸ ਬਿਰਤਾਂਤ ਨੂੰ ਉਨ੍ਹਾਂ ਨਾਲ ਦੁਬਾਰਾ ਪੜ੍ਹੋ ਅਤੇ ਚਰਚਾ ਕਰੋ ਕਿ ਇਸ ਬਿਰਤਾਂਤ ਤੋਂ ਤੁਸੀਂ ਕੀ-ਕੀ ਸਿੱਖ ਸਕਦੇ ਹੋ।

ਖ਼ੁਦ ਤੋਂ ਪੁੱਛੋ, ‘ਕੀ ਮੈਂ ਵੀ ਯਿਸੂ ਵਾਂਗ ਖਾਣਾ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰਦਾ ਹਾਂ?’ (ਪੈਰਾ 4 ਦੇਖੋ)


5. ਯਿਸੂ ਦੇ ਸ਼ਾਨਦਾਰ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਕੀ ਕੀਤਾ, ਪਰ ਯਿਸੂ ਨੇ ਕੀ ਕੀਤਾ?

5 ਯਿਸੂ ਦੇ ਚਮਤਕਾਰਾਂ ਅਤੇ ਸਿਖਾਉਣ ਦੇ ਤਰੀਕੇ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਉਹ ਜਾਣਦੇ ਸਨ ਕਿ ਮੂਸਾ ਨੇ ਕਿਹਾ ਸੀ ਕਿ ਪਰਮੇਸ਼ੁਰ ਇਕ ਖ਼ਾਸ ਨਬੀ ਖੜ੍ਹਾ ਕਰੇਗਾ। ਇਸ ਲਈ ਸ਼ਾਇਦ ਉਨ੍ਹਾਂ ਨੇ ਸੋਚਿਆ ਹੋਣਾ, ‘ਕਿਤੇ ਯਿਸੂ ਹੀ ਤਾਂ ਉਹ ਨਬੀ ਨਹੀਂ?’ (ਬਿਵ. 18:15-18) ਸ਼ਾਇਦ ਉਨ੍ਹਾਂ ਨੇ ਇਹ ਵੀ ਸੋਚਿਆ ਹੋਣਾ ਕਿ ਜੇ ਯਿਸੂ ਨੂੰ ਰਾਜਾ ਬਣਾ ਦਿੱਤਾ ਜਾਵੇ, ਤਾਂ ਉਹ ਚੰਗੀ ਤਰ੍ਹਾਂ ਰਾਜ ਕਰੇਗਾ। ਇੱਥੋਂ ਤਕ ਕਿ ਉਹ ਤਾਂ ਪੂਰੀ ਇਜ਼ਰਾਈਲ ਕੌਮ ਨੂੰ ਰੋਟੀ ਖੁਆ ਸਕੇਗਾ। ਇਸ ਲਈ ਭੀੜ ਨੇ “[ਯਿਸੂ] ਨੂੰ ਫੜ ਕੇ ਜ਼ਬਰਦਸਤੀ ਰਾਜਾ ਬਣਾਉਣ” ਦੀ ਕੋਸ਼ਿਸ਼ ਕੀਤੀ। (ਯੂਹੰ. 6:14, 15) ਜੇ ਯਿਸੂ ਉਨ੍ਹਾਂ ਦਾ ਰਾਜਾ ਬਣ ਜਾਂਦਾ, ਤਾਂ ਉਹ ਯਹੂਦੀਆਂ ਦੀ ਰਾਜਨੀਤੀ ਵਿਚ ਹਿੱਸਾ ਲੈ ਰਿਹਾ ਹੁੰਦਾ। ਉਸ ਵੇਲੇ ਯਹੂਦੀ ਰੋਮੀ ਸਾਮਰਾਜ ਦੇ ਅਧੀਨ ਸਨ। ਪਰ ਉਸ ਨੇ ਇੱਦਾਂ ਨਹੀਂ ਕੀਤਾ। ਬਾਈਬਲ ਦੱਸਦੀ ਹੈ ਕਿ ਉਹ “ਪਹਾੜ ʼਤੇ ਚਲਾ ਗਿਆ।” ਯਿਸੂ ਨੇ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ ਰੱਖੀ! ਇੰਨੇ ਦਬਾਅ ਦੇ ਬਾਵਜੂਦ ਵੀ ਉਸ ਨੇ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ।

6. ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)

6 ਇਹ ਤਾਂ ਸੱਚ ਹੈ ਕਿ ਅੱਜ ਲੋਕ ਸਾਨੂੰ ਚਮਤਕਾਰ ਕਰ ਕੇ ਖਾਣਾ ਖੁਆਉਣ ਜਾਂ ਬੀਮਾਰਾਂ ਨੂੰ ਠੀਕ ਕਰਨ ਲਈ ਨਹੀਂ ਕਹਿਣਗੇ ਤੇ ਨਾ ਹੀ ਸਾਨੂੰ ਨੇਤਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਪਰ ਉਹ ਸ਼ਾਇਦ ਸਾਡੇ ʼਤੇ ਹੋਰ ਤਰੀਕਿਆਂ ਨਾਲ ਰਾਜਨੀਤੀ ਵਿਚ ਹਿੱਸਾ ਲੈਣ ਦਾ ਦਬਾਅ ਪਾਉਣ। ਜਿਵੇਂ ਉਹ ਸਾਡੇ ʼਤੇ ਵੋਟ ਪਾਉਣ ਜਾਂ ਕਿਸੇ ਅਜਿਹੇ ਵਿਅਕਤੀ ਦਾ ਸਾਥ ਦੇਣ ਦਾ ਦਬਾਅ ਪਾਉਣ ਜੋ ਉਨ੍ਹਾਂ ਦੇ ਹਿਸਾਬ ਨਾਲ ਇਕ ਚੰਗਾ ਨੇਤਾ ਬਣ ਸਕਦਾ ਹੈ। ਇਸ ਮਾਮਲੇ ਵਿਚ ਸਾਨੂੰ ਯਿਸੂ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। ਉਸ ਨੇ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ ਅਤੇ ਬਾਅਦ ਵਿਚ ਇਕ ਮੌਕੇ ਤੇ ਉਸ ਨੇ ਕਿਹਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰ. 17:14; 18:36) ਮਸੀਹੀਆਂ ਵਜੋਂ, ਸਾਨੂੰ ਯਿਸੂ ਵਰਗੀ ਸੋਚ ਰੱਖਣੀ ਚਾਹੀਦੀ ਹੈ ਅਤੇ ਉਸ ਵਰਗੇ ਹੀ ਕੰਮ ਕਰਨੇ ਚਾਹੀਦੇ ਹਨ। ਯਿਸੂ ਵਾਂਗ ਅਸੀਂ ਵੀ ਸਿਰਫ਼ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਾਂ, ਇਸੇ ਬਾਰੇ ਪ੍ਰਚਾਰ ਅਤੇ ਪ੍ਰਾਰਥਨਾ ਕਰਦੇ ਹਾਂ। (ਮੱਤੀ 6:10) ਹੁਣ ਆਓ ਆਪਾਂ ਦੁਬਾਰਾ ਤੋਂ ਰੋਟੀਆਂ ਦੇ ਚਮਤਕਾਰ ʼਤੇ ਧਿਆਨ ਦੇਈਏ ਅਤੇ ਦੇਖੀਏ ਕਿ ਅਸੀਂ ਉਸ ਤੋਂ ਹੋਰ ਕਿਹੜੇ ਸਬਕ ਸਿੱਖ ਸਕਦੇ ਹਾਂ।

ਯਿਸੂ ਨੇ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲਿਆ ਅਤੇ ਸਾਨੂੰ ਵੀ ਉਸ ਦੀ ਰੀਸ ਕਰਨੀ ਚਾਹੀਦੀ ਹੈ (ਪੈਰਾ 6 ਦੇਖੋ)


ਰੋਟੀਆਂ ਦਾ ਮਤਲਬ

7. ਯਿਸੂ ਨੇ ਕਿਹੜਾ ਚਮਤਕਾਰ ਕੀਤਾ ਅਤੇ ਇਸ ਦਾ ਰਸੂਲਾਂ ʼਤੇ ਕੀ ਅਸਰ ਪਿਆ? (ਯੂਹੰਨਾ 6:16-20)

7 ਭੀੜ ਨੂੰ ਖਾਣਾ ਖੁਆਉਣ ਤੋਂ ਬਾਅਦ ਯਿਸੂ ਨੇ ਰਸੂਲਾਂ ਨੂੰ ਕਿਸ਼ਤੀ ਰਾਹੀਂ ਕਫ਼ਰਨਾਹੂਮ ਜਾਣ ਲਈ ਕਿਹਾ। ਪਰ ਯਿਸੂ ਆਪ ਪਹਾੜ ʼਤੇ ਚਲਾ ਗਿਆ ਤਾਂਕਿ ਲੋਕ ਉਸ ਨੂੰ ਰਾਜਾ ਨਾ ਬਣਾਉਣ। (ਯੂਹੰਨਾ 6:16-20 ਪੜ੍ਹੋ।) ਜਦੋਂ ਰਸੂਲ ਕਿਸ਼ਤੀ ਵਿਚ ਸਫ਼ਰ ਕਰ ਰਹੇ ਸਨ, ਤਾਂ ਅਚਾਨਕ ਇਕ ਤੂਫ਼ਾਨ ਆਇਆ ਅਤੇ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗ ਪਈਆਂ। ਫਿਰ ਯਿਸੂ ਪਾਣੀ ʼਤੇ ਤੁਰ ਕੇ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਪਤਰਸ ਰਸੂਲ ਨੂੰ ਵੀ ਪਾਣੀ ʼਤੇ ਤੁਰਨ ਲਈ ਕਿਹਾ। (ਮੱਤੀ 14:22-31) ਜਿੱਦਾਂ ਹੀ ਯਿਸੂ ਕਿਸ਼ਤੀ ʼਤੇ ਚੜ੍ਹਿਆ, ਤੂਫ਼ਾਨ ਸ਼ਾਂਤ ਹੋ ਗਿਆ। ਇਹ ਦੇਖ ਕੇ ਰਸੂਲ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਕਿਹਾ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।” a (ਮੱਤੀ 14:33) ਰੋਟੀਆਂ ਵਾਲਾ ਚਮਤਕਾਰ ਦੇਖ ਕੇ ਹੀ ਰਸੂਲਾਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਯਹੋਵਾਹ ਨੇ ਯਿਸੂ ਨੂੰ ਚਮਤਕਾਰ ਕਰਨ ਦੀ ਕਿੰਨੀ ਤਾਕਤ ਦਿੱਤੀ ਹੈ, ਪਰ ਉਹ ਇਹ ਗੱਲ ਨਹੀਂ ਸਮਝ ਸਕੇ। ਉਹ ਇਹ ਗੱਲ ਉਦੋਂ ਸਮਝੇ ਜਦੋਂ ਉਨ੍ਹਾਂ ਨੇ ਯਿਸੂ ਨੂੰ ਪਾਣੀ ʼਤੇ ਤੁਰਦਿਆਂ ਦੇਖਿਆ। ਮਰਕੁਸ ਨੇ ਲਿਖਿਆ: “ਇਹ ਦੇਖ ਕੇ ਚੇਲੇ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਲਈ ਇਹ ਗੱਲ ਸਮਝਣੀ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੇ ਅਜੇ ਤਕ ਇਹੀ ਨਹੀਂ ਸਮਝਿਆ ਸੀ ਕਿ ਜੋ ਰੋਟੀਆਂ ਦੀ ਕਰਾਮਾਤ ਕਰ ਸਕਦਾ ਹੈ, ਉਹ ਇਹ ਕਰਾਮਾਤ ਵੀ ਕਰ ਸਕਦਾ ਹੈ।” (ਮਰ. 6:50-52) ਕੁਝ ਸਮੇਂ ਬਾਅਦ, ਯਿਸੂ ਫਿਰ ਤੋਂ ਰੋਟੀਆਂ ਵਾਲੇ ਚਮਤਕਾਰ ਦਾ ਜ਼ਿਕਰ ਕਰਦਾ ਹੈ ਅਤੇ ਇਕ ਹੋਰ ਵਧੀਆ ਸਬਕ ਸਿਖਾਉਂਦਾ ਹੈ।

8-9. ਭੀੜ ਯਿਸੂ ਨੂੰ ਕਿਉਂ ਲੱਭ ਰਹੀ ਸੀ? (ਯੂਹੰਨਾ 6:26, 27)

8 ਭੀੜ ਦਾ ਪੂਰਾ ਧਿਆਨ ਆਪਣੀਆਂ ਲੋੜਾਂ ਅਤੇ ਇੱਛਾਵਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਅਗਲੇ ਦਿਨ ਲੋਕਾਂ ਦੀ ਭੀੜ ਉਸੇ ਜਗ੍ਹਾ ਆਈ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਖਾਣਾ ਖੁਆਇਆ ਸੀ। ਪਰ ਉਨ੍ਹਾਂ ਨੇ ਦੇਖਿਆ ਕਿ ਯਿਸੂ ਅਤੇ ਉਸ ਦੇ ਰਸੂਲ ਉੱਥੇ ਨਹੀਂ ਸਨ। ਇਸ ਕਰਕੇ ਲੋਕ ਤਿਬਰਿਆਸ ਸ਼ਹਿਰ ਤੋਂ ਆਈਆਂ ਕੁਝ ਕਿਸ਼ਤੀਆਂ ਵਿਚ ਬੈਠੇ ਅਤੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਗਏ। (ਯੂਹੰ. 6:22-24) ਕੀ ਉਹ ਯਿਸੂ ਨੂੰ ਇਸ ਲਈ ਲੱਭ ਰਹੇ ਸਨ ਤਾਂਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਜ਼ਿਆਦਾ ਜਾਣ ਸਕਣ? ਨਹੀਂ। ਉਹ ਯਿਸੂ ਨੂੰ ਇਸ ਲਈ ਲੱਭ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਰੋਟੀ ਖੁਆ ਸਕੇ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

9 ਗੌਰ ਕਰੋ ਕਿ ਜਦੋਂ ਭੀੜ ਨੇ ਯਿਸੂ ਨੂੰ ਕਫ਼ਰਨਾਹੂਮ ਕੋਲ ਦੇਖਿਆ, ਤਾਂ ਕੀ ਹੋਇਆ। ਯਿਸੂ ਨੇ ਲੋਕਾਂ ਨੂੰ ਕਿਹਾ ਕਿ ਉਹ ਉਸ ਨੂੰ ਇਸ ਲਈ ਲੱਭ ਰਹੇ ਸਨ ਕਿਉਂਕਿ ਉਹ ਰੋਟੀ ਖਾਣੀ ਚਾਹੁੰਦੇ ਸਨ। ਉਨ੍ਹਾਂ ਨੇ “ਰੱਜ ਕੇ ਰੋਟੀਆਂ ਖਾਧੀਆਂ ਸਨ” ਯਾਨੀ ਉਹ ਉਸ ਭੋਜਨ ਤੋਂ ਸੰਤੁਸ਼ਟ ਸਨ “ਜਿਹੜਾ ਖ਼ਰਾਬ ਹੋ ਜਾਂਦਾ ਹੈ।” ਇਸ ਲਈ ਯਿਸੂ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ: “ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।” (ਯੂਹੰਨਾ 6:26, 27 ਪੜ੍ਹੋ।) ਉਸ ਨੇ ਕਿਹਾ ਕਿ ਉਸ ਦਾ ਪਿਤਾ ਉਨ੍ਹਾਂ ਨੂੰ ਇਹ ਭੋਜਨ ਦੇ ਸਕਦਾ ਹੈ। ਜਦੋਂ ਲੋਕਾਂ ਨੇ ਸੁਣਿਆ ਕਿ ਇਹ ਭੋਜਨ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ, ਤਾਂ ਉਹ ਸ਼ਾਇਦ ਹੈਰਾਨ ਰਹਿ ਗਏ ਹੋਣੇ। ਪਰ ਇਹ ਭੋਜਨ ਕੀ ਸੀ ਅਤੇ ਲੋਕ ਇਹ ਭੋਜਨ ਕਿੱਦਾਂ ਪਾ ਸਕਦੇ ਸਨ?

10. ‘ਹਮੇਸ਼ਾ ਦੀ ਜ਼ਿੰਦਗੀ ਪਾਉਣ’ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਸੀ?

10 ਸ਼ਾਇਦ ਯਹੂਦੀਆਂ ਨੂੰ ਲੱਗਾ ਕਿ ਇਹ ਭੋਜਨ ਪਾਉਣ ਲਈ ਉਨ੍ਹਾਂ ਨੂੰ ਕੁਝ ਕੰਮ ਕਰਨੇ ਪੈਣਗੇ। ਉਨ੍ਹਾਂ ਨੂੰ ਸ਼ਾਇਦ ਮੂਸਾ ਦੇ ਕਾਨੂੰਨ ਵਿਚ ਦੱਸੇ ਕੰਮ ਯਾਦ ਆਏ ਹੋਣ। ਪਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਘੱਲੇ ਹੋਏ ਸੇਵਕ ਉੱਤੇ ਆਪਣੀ ਨਿਹਚਾ ਦਾ ਸਬੂਤ ਦੇਣ’ ਦੀ ਲੋੜ ਹੈ। (ਯੂਹੰ. 6:28, 29) ‘ਹਮੇਸ਼ਾ ਦੀ ਜ਼ਿੰਦਗੀ ਪਾਉਣ’ ਲਈ ਯਿਸੂ ਉੱਤੇ ਨਿਹਚਾ ਦਾ ਸਬੂਤ ਦੇਣਾ ਜ਼ਰੂਰੀ ਹੈ। ਦਰਅਸਲ, ਯਿਸੂ ਨੇ ਪਹਿਲਾਂ ਵੀ ਇਸ ਬਾਰੇ ਦੱਸਿਆ ਸੀ। (ਯੂਹੰ. 3:16-18, 36) ਫਿਰ ਅੱਗੇ ਚੱਲ ਕੇ ਉਸ ਨੇ ਇਸ ਬਾਰੇ ਹੋਰ ਵੀ ਦੱਸਿਆ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ।​—ਯੂਹੰ. 17:3.

11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੂਦੀਆਂ ਦਾ ਧਿਆਨ ਹਾਲੇ ਵੀ ਆਪਣੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਸੀ? (ਜ਼ਬੂਰ 78:24, 25)

11 ਕੁਝ ਯਹੂਦੀ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਉਨ੍ਹਾਂ ਨੂੰ ਯਿਸੂ ʼਤੇ ਨਿਹਚਾ ਦਾ ਸਬੂਤ ਦੇਣ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਤੂੰ ਕਿਹੜਾ ਚਮਤਕਾਰ ਕਰੇਂਗਾ ਜਿਸ ਨੂੰ ਦੇਖ ਕੇ ਅਸੀਂ ਤੇਰੇ ਉੱਤੇ ਵਿਸ਼ਵਾਸ ਕਰੀਏ?” (ਯੂਹੰ. 6:30) ਉਨ੍ਹਾਂ ਨੇ ਕਿਹਾ ਕਿ ਮੂਸਾ ਦੇ ਜ਼ਮਾਨੇ ਵਿਚ ਉਨ੍ਹਾਂ ਦੇ ਪੂਰਵਜਾਂ ਨੂੰ ਆਕਾਸ਼ੋਂ ਮੰਨ ਮਿਲਦਾ ਸੀ ਜੋ ਉਨ੍ਹਾਂ ਦੀ ਰੋਜ਼ ਦੀ ਰੋਟੀ ਸੀ। (ਨਹ. 9:15; ਜ਼ਬੂਰ 78:24, 25 ਪੜ੍ਹੋ।) ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦਾ ਪੂਰਾ ਧਿਆਨ ਸੱਚ-ਮੁੱਚ ਦੀ ਰੋਟੀ ਉੱਤੇ ਲੱਗਾ ਹੋਇਆ ਸੀ। ਬਾਅਦ ਵਿਚ ਯਿਸੂ ਨੇ ਉਨ੍ਹਾਂ ਨੂੰ “ਸਵਰਗੋਂ ਅਸਲੀ ਰੋਟੀ” ਬਾਰੇ ਦੱਸਿਆ ਜੋ ਮੰਨ ਤੋਂ ਕਿਤੇ ਵਧ ਕੇ ਸੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਸੀ। ਪਰ ਉਨ੍ਹਾਂ ਨੇ ਯਿਸੂ ਤੋਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਰੋਟੀ ਦਾ ਕੀ ਮਤਲਬ ਸੀ। (ਯੂਹੰ. 6:32) ਉਨ੍ਹਾਂ ਦਾ ਪੂਰਾ ਧਿਆਨ ਆਪਣੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਸੀ। ਇਸ ਲਈ ਉਨ੍ਹਾਂ ਨੇ ਉਨ੍ਹਾਂ ਸੱਚਾਈਆਂ ʼਤੇ ਕੋਈ ਧਿਆਨ ਨਹੀਂ ਦਿੱਤਾ ਜੋ ਯਿਸੂ ਉਨ੍ਹਾਂ ਨੂੰ ਸਿਖਾ ਰਿਹਾ ਸੀ। ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਸਾਡੇ ਲਈ ਸਭ ਤੋਂ ਜ਼ਰੂਰੀ ਕੀ ਹੋਣਾ ਚਾਹੀਦਾ ਹੈ?

12. ਯਿਸੂ ਨੇ ਕਿੱਦਾਂ ਦਿਖਾਇਆ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਕੀ ਹੋਣਾ ਚਾਹੀਦਾ ਹੈ?

12 ਯੂਹੰਨਾ ਅਧਿਆਇ 6 ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖਦੇ ਹਾਂ। ਸਾਡੇ ਲਈ ਪਰਮੇਸ਼ੁਰ ਦਾ ਕਹਿਣਾ ਮੰਨਣਾ ਅਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੋਣਾ ਚਾਹੀਦਾ ਹੈ। ਇਹੀ ਗੱਲ ਯਿਸੂ ਨੇ ਉਦੋਂ ਕਹੀ ਜਦੋਂ ਸ਼ੈਤਾਨ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 4:3, 4) ਨਾਲੇ ਆਪਣੇ ਪਹਾੜੀ ਉਪਦੇਸ਼ ਵਿਚ ਵੀ ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਇਕ ਵਿਅਕਤੀ ਨੂੰ ਪਰਮੇਸ਼ੁਰ ਦੀ ਅਗਵਾਈ ਪਾਉਣ ਲਈ ਤਰਸਣਾ ਚਾਹੀਦਾ ਹੈ। (ਮੱਤੀ 5:3) ਇਸ ਲਈ ਅਸੀਂ ਖ਼ੁਦ ਤੋਂ ਪੁੱਛ ਸਕਦੇ ਹਾਂ, ‘ਕੀ ਮੇਰੇ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਮੇਰੇ ਲਈ ਆਪਣੀਆਂ ਲੋੜਾਂ ਅਤੇ ਇੱਛਾਵਾਂ ਪੂਰੀਆਂ ਕਰਨ ਨਾਲੋਂ ਯਹੋਵਾਹ ਨਾਲ ਆਪਣਾ ਰਿਸ਼ਤਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ?’

13. (ੳ) ਖਾਣ-ਪੀਣ ਦੀਆਂ ਚੀਜ਼ਾਂ ਦਾ ਮਜ਼ਾ ਲੈਣਾ ਗ਼ਲਤ ਕਿਉਂ ਨਹੀਂ ਹੈ? (ਅ) ਸਾਨੂੰ ਕਿਸ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ? (1 ਕੁਰਿੰਥੀਆਂ 10:6, 7, 11)

13 ਖਾਣ-ਪੀਣ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਲਈ ਪ੍ਰਾਰਥਨਾ ਕਰਨੀ ਅਤੇ ਉਨ੍ਹਾਂ ਦਾ ਮਜ਼ਾ ਲੈਣਾ ਗ਼ਲਤ ਨਹੀਂ ਹੈ। (ਲੂਕਾ 11:3) ਅਸੀਂ ਮਿਹਨਤ ਕਰ ਕੇ ਜੋ ਵੀ ‘ਖਾਂਦੇ-ਪੀਂਦੇ’ ਹਾਂ, ਉਸ ਵਿਚ ਸਾਨੂੰ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਹ “ਸੱਚੇ ਪਰਮੇਸ਼ੁਰ ਦੀ ਦੇਣ ਹੈ।” (ਉਪ. 2:24; 8:15; ਯਾਕੂ. 1:17) ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨਾ ਬਣ ਜਾਣ। ਪੌਲੁਸ ਰਸੂਲ ਨੇ ਵੀ ਮਸੀਹੀਆਂ ਨੂੰ ਇਹੀ ਗੱਲ ਕਹੀ। ਉਸ ਨੇ ਉਨ੍ਹਾਂ ਨੂੰ ਇਜ਼ਰਾਈਲੀਆਂ ਬਾਰੇ ਯਾਦ ਕਰਾਇਆ, ਖ਼ਾਸ ਕਰਕੇ ਉਸ ਘਟਨਾ ਬਾਰੇ ਜੋ ਸੀਨਈ ਪਹਾੜ ਲਾਗੇ ਵਾਪਰੀ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ “ਅਸੀਂ [ਇਜ਼ਰਾਈਲੀਆਂ] ਵਾਂਗ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਰੱਖੀਏ।” (1 ਕੁਰਿੰਥੀਆਂ 10:6, 7, 11 ਪੜ੍ਹੋ।) ਯਹੋਵਾਹ ਨੇ ਚਮਤਕਾਰ ਕਰ ਕੇ ਇਜ਼ਰਾਈਲੀਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਸੀ। ਪਰ ਖਾਣੇ ਦਾ ਲਾਲਚ ਕਰਨ ਕਰਕੇ ਉਹੀ ਖਾਣਾ ਉਨ੍ਹਾਂ ਲਈ ‘ਬੁਰੀ ਚੀਜ਼’ ਜਾਂ ਫੰਦਾ ਬਣ ਗਿਆ। (ਗਿਣ. 11:4-6, 31-34) ਨਾਲੇ ਜਦੋਂ ਉਨ੍ਹਾਂ ਨੇ ਸੋਨੇ ਦਾ ਵੱਛਾ ਬਣਾਇਆ, ਤਾਂ ਉਹ ਖਾਣ-ਪੀਣ ਅਤੇ ਮੌਜ-ਮਸਤੀ ਕਰਨ ਵਿਚ ਹੀ ਡੁੱਬ ਗਏ। (ਕੂਚ 32:4-6) ਪੌਲੁਸ ਨੇ ਇਜ਼ਰਾਈਲੀਆਂ ਦੀ ਮਿਸਾਲ ਦੇ ਕੇ ਉਨ੍ਹਾਂ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਨੇ ਜਲਦੀ ਹੀ 70 ਈਸਵੀ ਵਿਚ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਨਾਸ਼ ਹੁੰਦਾ ਦੇਖਣਾ ਸੀ। ਅਸੀਂ ਵੀ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵੀ ਪੌਲੁਸ ਦੀ ਚੇਤਾਵਨੀ ਵੱਲ ਧਿਆਨ ਦੇਈਏ।

14. ਬਾਈਬਲ ਵਿਚ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਕਿਹੜੇ ਵਾਅਦੇ ਕੀਤੇ ਗਏ ਹਨ?

14 ਜਦੋਂ ਯਿਸੂ ਨੇ ਇਹ ਪ੍ਰਾਰਥਨਾ ਕਰਨੀ ਸਿਖਾਈ ਕਿ ਸਾਨੂੰ “ਅੱਜ ਦੀ ਰੋਟੀ” ਦੇ, ਤਾਂ ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਦੀ ਇੱਛਾ “ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9-11) ਉਸ ਸਮੇਂ ਬਾਰੇ ਸੋਚ ਕੇ ਤੁਹਾਡੇ ਮਨ ਵਿਚ ਕਿਹੜੀ ਤਸਵੀਰ ਆਉਂਦੀ ਹੈ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ, ਤਾਂ ਸਾਨੂੰ ਵਧੀਆ-ਵਧੀਆ ਖਾਣਾ ਖਾਣ ਨੂੰ ਮਿਲੇਗਾ। ਯਸਾਯਾਹ 25:6-8 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਕੋਲ ਬਹੁਤਾਤ ਵਿਚ ਖਾਣਾ ਹੋਵੇਗਾ। ਨਾਲੇ ਜ਼ਬੂਰ 72:16 ਵਿਚ ਦੱਸਿਆ ਹੈ: “ਧਰਤੀ ਉੱਤੇ ਬਹੁਤ ਅੰਨ ਹੋਵੇਗਾ; ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।” ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਤੁਸੀਂ ਨਵੀਂ ਦੁਨੀਆਂ ਵਿਚ ਆਪਣਾ ਮਨਪਸੰਦ ਖਾਣਾ ਬਣਾਓਗੇ ਜਾਂ ਕੁਝ ਅਜਿਹਾ ਜੋ ਹੁਣ ਤਕ ਤੁਸੀਂ ਕਦੇ ਨਹੀਂ ਬਣਾਇਆ? ਨਾਲੇ ਉਸ ਵੇਲੇ ਤੁਹਾਡੇ ਕੋਲ ਆਪਣੇ ਅੰਗੂਰਾਂ ਦੇ ਬਾਗ਼ ਹੋਣਗੇ ਅਤੇ ਤੁਸੀਂ ਉਨ੍ਹਾਂ ਦੇ ਫਲਾਂ ਦਾ ਮਜ਼ਾ ਲੈ ਸਕੋਗੇ। (ਯਸਾ. 65:21, 22) ਧਰਤੀ ʼਤੇ ਸਾਰੇ ਜਣੇ ਚੰਗੀਆਂ ਚੀਜ਼ਾਂ ਦਾ ਮਜ਼ਾ ਲੈ ਸਕਣਗੇ।

15. ਜੀਉਂਦੇ ਕੀਤੇ ਗਏ ਲੋਕ ਕੀ ਸਿੱਖਣਗੇ? (ਯੂਹੰਨਾ 6:35)

15 ਯੂਹੰਨਾ 6:35 ਪੜ੍ਹੋ। ਹੁਣ ਜ਼ਰਾ ਫਿਰ ਤੋਂ ਉਨ੍ਹਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਯਿਸੂ ਨੇ ਚਮਤਕਾਰ ਕਰ ਕੇ ਰੋਟੀਆਂ ਅਤੇ ਮੱਛੀਆਂ ਖੁਆਈਆਂ ਸਨ। ਭਾਵੇਂ ਕਿ ਉਸ ਵੇਲੇ ਉਨ੍ਹਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ ਸੀ, ਪਰ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਨਵੀਂ ਦੁਨੀਆਂ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇ ਅਤੇ ਤੁਸੀਂ ਉਨ੍ਹਾਂ ਨੂੰ ਮਿਲ ਸਕੋ। (ਯੂਹੰ. 5:28, 29) ਉਨ੍ਹਾਂ ਨੂੰ ਸਿੱਖਣਾ ਪਵੇਗਾ ਕਿ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। ਜਿਹੜਾ ਮੇਰੇ ਕੋਲ ਆਉਂਦਾ ਹੈ, ਉਸ ਨੂੰ ਕਦੇ ਵੀ ਭੁੱਖ ਨਹੀਂ ਲੱਗੇਗੀ।” ਉਨ੍ਹਾਂ ਨੂੰ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨੀ ਪਵੇਗੀ। ਉਨ੍ਹਾਂ ਨੂੰ ਇਹ ਨਿਹਚਾ ਕਰਨੀ ਪਵੇਗੀ ਕਿ ਯਿਸੂ ਨੇ ਉਨ੍ਹਾਂ ਦੀ ਖ਼ਾਤਰ ਆਪਣੀ ਜਾਨ ਦਿੱਤੀ। ਅਸਲ ਵਿਚ, ਨਵੀਂ ਦੁਨੀਆਂ ਵਿਚ ਜਿਨ੍ਹਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ ਅਤੇ ਜੋ ਵੀ ਬੱਚੇ ਪੈਦਾ ਹੋਣਗੇ, ਉਨ੍ਹਾਂ ਸਾਰਿਆਂ ਨੂੰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਸਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਸ ਵੇਲੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਸਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਵਧੀਆ ਤੋਂ ਵਧੀਆ ਖਾਣਾ ਖਾਣ ਨਾਲ ਵੀ ਨਹੀਂ ਮਿਲਦੀ।

16. ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?

16 ਇਸ ਲੇਖ ਵਿਚ ਅਸੀਂ ਯੂਹੰਨਾ ਅਧਿਆਇ 6 ਦੀਆਂ ਕੁਝ ਗੱਲਾਂ ਉੱਤੇ ਚਰਚਾ ਕੀਤੀ। ਪਰ ਯਿਸੂ ਨੇ “ਹਮੇਸ਼ਾ ਦੀ ਜ਼ਿੰਦਗੀ” ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਉਸ ਸਮੇਂ ਦੇ ਯਹੂਦੀਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ʼਤੇ ਧਿਆਨ ਦੇਣ ਦੀ ਲੋੜ ਸੀ ਅਤੇ ਅੱਜ ਸਾਨੂੰ ਵੀ ਹੈ। ਅਗਲੇ ਲੇਖ ਵਿਚ ਅਸੀਂ ਯੂਹੰਨਾ ਅਧਿਆਇ 6 ਦੀਆਂ ਕੁਝ ਹੋਰ ਗੱਲਾਂ ʼਤੇ ਚਰਚਾ ਕਰਾਂਗੇ।

ਗੀਤ 20 ਤੂੰ ਅੱਖਾਂ ਦਾ ਤਾਰਾ ਵਾਰਿਆ