Skip to content

Skip to table of contents

ਅਧਿਐਨ ਲੇਖ 49

ਗੀਤ 147 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰੀਏ?

ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰੀਏ?

‘ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।’​—ਯੂਹੰ. 6:40.

ਕੀ ਸਿੱਖਾਂਗੇ?

ਯਿਸੂ ਮਸੀਹ ਦੀ ਕੁਰਬਾਨੀ ਤੋਂ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ।

1. ਬਹੁਤ ਸਾਰੇ ਲੋਕ ਹਮੇਸ਼ਾ ਲਈ ਜੀਉਣ ਬਾਰੇ ਕਿਉਂ ਨਹੀਂ ਸੋਚਦੇ?

 ਬਹੁਤ ਸਾਰੇ ਲੋਕ ਤੰਦਰੁਸਤ ਰਹਿਣ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖਦੇ ਹਨ ਅਤੇ ਬਾਕਾਇਦਾ ਕਸਰਤ ਕਰਦੇ ਹਨ। ਪਰ ਉਹ ਇਹ ਕਦੇ ਵੀ ਨਹੀਂ ਸੋਚਦੇ ਕਿ ਉਹ ਹਮੇਸ਼ਾ ਲਈ ਜੀ ਸਕਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਦਾਂ ਹੋਣਾ ਨਾਮੁਮਕਿਨ ਹੈ। ਨਾਲੇ ਬੁਢਾਪੇ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਵੀ ਕਈ ਲੋਕ ਹਮੇਸ਼ਾ ਲਈ ਨਹੀਂ ਜੀਉਣਾ ਚਾਹੁੰਦੇ। ਪਰ ਯਿਸੂ ਨੇ ਕਿਹਾ ਕਿ ਇਨਸਾਨਾਂ ਲਈ “ਹਮੇਸ਼ਾ ਦੀ ਜ਼ਿੰਦਗੀ” ਪਾਉਣੀ ਮੁਮਕਿਨ ਹੈ। ਇਸ ਬਾਰੇ ਯੂਹੰਨਾ 3:16 ਅਤੇ 5:24 ਵਿਚ ਦੱਸਿਆ ਗਿਆ ਹੈ।

2. ਯੂਹੰਨਾ ਅਧਿਆਇ 6 ਵਿਚ ਹਮੇਸ਼ਾ ਦੀ ਜ਼ਿੰਦਗੀ ਬਾਰੇ ਕੀ ਕਿਹਾ ਹੈ? (ਯੂਹੰਨਾ 6:39, 40)

2 ਇਕ ਮੌਕੇ ʼਤੇ ਯਿਸੂ ਨੇ ਚਮਤਕਾਰ ਕਰ ਕੇ ਹਜ਼ਾਰਾਂ ਲੋਕਾਂ ਨੂੰ ਰੋਟੀ ਅਤੇ ਮੱਛੀ ਖੁਆਈ। a ਇਹ ਕਮਾਲ ਦਾ ਚਮਤਕਾਰ ਸੀ। ਪਰ ਅਗਲੇ ਦਿਨ ਜਦੋਂ ਲੋਕਾਂ ਦੀ ਭੀੜ ਉਸ ਦੇ ਪਿੱਛੇ-ਪਿੱਛੇ ਗਲੀਲ ਝੀਲ ਦੇ ਨੇੜੇ ਕਫ਼ਰਨਾਹੂਮ ਆਈ, ਤਾਂ ਉਸ ਨੇ ਉਨ੍ਹਾਂ ਨੂੰ ਜੋ ਕਿਹਾ, ਉਹ ਹੋਰ ਵੀ ਕਮਾਲ ਦਾ ਸੀ। ਉਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ, ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। (ਯੂਹੰਨਾ 6:39, 40 ਪੜ੍ਹੋ।) ਸੋਚੋ, ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਅਤੇ ਦੋਸਤ ਮੌਤ ਦੀ ਨੀਂਦ ਸੌਂ ਗਏ ਹਨ, ਤੁਸੀਂ ਉਨ੍ਹਾਂ ਨੂੰ ਦੁਬਾਰਾ ਮਿਲ ਸਕੋਗੇ। ਯਿਸੂ ਦੇ ਸ਼ਬਦਾਂ ਤੋਂ ਭਰੋਸਾ ਮਿਲਦਾ ਹੈ ਕਿ ਮੌਤ ਦੀ ਨੀਂਦ ਸੌਂ ਚੁੱਕੇ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਤੁਸੀਂ, ਤੁਹਾਡੇ ਪਰਿਵਾਰ ਦੇ ਮੈਂਬਰ ਅਤੇ ਦੋਸਤ ਹਮੇਸ਼ਾ ਲਈ ਜੀ ਸਕਣਗੇ। ਪਰ ਯਿਸੂ ਨੇ ਯੂਹੰਨਾ ਅਧਿਆਇ 6 ਦੀਆਂ ਅਗਲੀਆਂ ਆਇਤਾਂ ਵਿਚ ਜੋ ਕਿਹਾ, ਉਸ ਵੇਲੇ ਉਹ ਬਹੁਤ ਸਾਰੇ ਲੋਕਾਂ ਨੂੰ ਸਮਝਣਾ ਔਖਾ ਲੱਗਾ ਅਤੇ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਸਮਝਣਾ ਔਖਾ ਲੱਗਦਾ ਹੈ। ਆਓ ਆਪਾਂ ਉਨ੍ਹਾਂ ਸ਼ਬਦਾਂ ਦੀ ਧਿਆਨ ਨਾਲ ਜਾਂਚ ਕਰੀਏ।

3. ਯੂਹੰਨਾ 6:51 ਮੁਤਾਬਕ ਯਿਸੂ ਨੇ ਆਪਣੇ ਬਾਰੇ ਕੀ ਕਿਹਾ?

3 ਜਦੋਂ ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਰੋਟੀ ਖੁਆਈ, ਤਾਂ ਉਨ੍ਹਾਂ ਨੂੰ ਜ਼ਰੂਰ ਮੰਨ ਦੀ ਯਾਦ ਆਈ ਹੋਣੀ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਉਜਾੜ ਵਿਚ ਖੁਆਇਆ ਸੀ। ਬਾਈਬਲ ਵਿਚ ਮੰਨ ਨੂੰ ‘ਸਵਰਗੋਂ ਆਈ ਰੋਟੀ’ ਕਿਹਾ ਗਿਆ ਹੈ। (ਜ਼ਬੂ. 105:40; ਯੂਹੰ. 6:31) ਇਸ ਲਈ ਯਿਸੂ ਨੇ ਮੰਨ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਕ ਜ਼ਰੂਰੀ ਗੱਲ ਸਿਖਾਈ। ਉਸ ਨੇ ਖ਼ੁਦ ਨੂੰ “ਸਵਰਗੋਂ ਅਸਲੀ ਰੋਟੀ,” “ਜਿਹੜੀ ਰੋਟੀ ਪਰਮੇਸ਼ੁਰ ਦਿੰਦਾ ਹੈ” ਅਤੇ “ਜ਼ਿੰਦਗੀ ਦੇਣ ਵਾਲੀ ਰੋਟੀ” ਕਿਹਾ। (ਯੂਹੰ. 6:32, 33, 35) ਫਿਰ ਉਸ ਨੇ ਮੰਨ ਵਿਚ ਅਤੇ ਆਪਣੇ ਵਿਚ ਇਕ ਬਹੁਤ ਵੱਡਾ ਫ਼ਰਕ ਦੱਸਿਆ। ਭਾਵੇਂ ਕਿ ਮੰਨ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸੀ, ਪਰ ਉਸ ਨੂੰ ਖਾਣ ਵਾਲੇ ਇਕ-ਨਾ-ਇਕ ਦਿਨ ਮਰ ਗਏ। (ਯੂਹੰ. 6:49) ਪਰ ਯਿਸੂ ਨੇ ਆਪਣੇ ਬਾਰੇ ਕਿਹਾ: “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹੀ ਹਾਂ ਜੋ ਸਵਰਗੋਂ ਆਈ ਹੈ। ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।” (ਯੂਹੰਨਾ 6:51 ਪੜ੍ਹੋ।) ਇਹ ਸੁਣ ਕੇ ਯਹੂਦੀ ਸੋਚਣ ਲੱਗੇ ਕਿ ਯਿਸੂ ਖ਼ੁਦ ਨੂੰ ਸਵਰਗ ਤੋਂ ਉੱਤਰੀ “ਰੋਟੀ” ਕਿਵੇਂ ਕਹਿ ਸਕਦਾ ਹੈ? ਨਾਲੇ ਉਹ ਉਸ ਮੰਨ ਨਾਲੋਂ ਬਿਹਤਰ ਕਿਵੇਂ ਹੋ ਸਕਦਾ ਹੈ ਜੋ ਪਰਮੇਸ਼ੁਰ ਨੇ ਉਨ੍ਹਾਂ ਦੇ ਪੂਰਵਜਾਂ ਨੂੰ ਦਿੱਤਾ ਸੀ? ਯਿਸੂ ਨੇ ਇਕ ਅਜਿਹੀ ਗੱਲ ਕਹੀ ਜਿਸ ਵਿਚ ਇਸ ਸਵਾਲ ਦਾ ਜਵਾਬ ਲੁਕਿਆ ਹੈ। ਉਸ ਨੇ ਕਿਹਾ: “ਇਹ ਰੋਟੀ ਮੇਰਾ ਸਰੀਰ ਹੈ।” ਉਸ ਦੇ ਕਹਿਣ ਦਾ ਕੀ ਮਤਲਬ ਸੀ? ਸਾਡੇ ਲਈ ਇਸ ਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਤਾ ਲੱਗੇਗਾ ਕਿ ਸਾਨੂੰ ਅਤੇ ਸਾਡੇ ਆਪਣਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਮਿਲ ਸਕਦੀ ਹੈ। ਆਓ ਦੇਖੀਏ ਕਿ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ।

ਜ਼ਿੰਦਗੀ ਦੇਣ ਵਾਲੀ ਰੋਟੀ ਅਤੇ ਯਿਸੂ ਦੇ ਸਰੀਰ ਦੇ ਮਾਅਨੇ

4. ਯਿਸੂ ਦੀ ਗੱਲ ਸੁਣ ਕੇ ਕੁਝ ਯਹੂਦੀ ਹੈਰਾਨ ਕਿਉਂ ਰਹਿ ਗਏ?

4 ਜਦੋਂ ਯਿਸੂ ਨੇ ਕਿਹਾ ਕਿ ‘ਉਹ ਆਪਣਾ ਸਰੀਰ ਦੁਨੀਆਂ ਦੀ ਖ਼ਾਤਰ ਵਾਰੇਗਾ,’ ਤਾਂ ਕੁਝ ਯਹੂਦੀ ਹੈਰਾਨ ਰਹਿ ਗਏ। ਸ਼ਾਇਦ ਉਨ੍ਹਾਂ ਨੇ ਸੋਚਿਆ ਕਿ ਯਿਸੂ ਸੱਚ-ਮੁੱਚ ਉਨ੍ਹਾਂ ਨੂੰ ਆਪਣਾ ਮਾਸ ਖਾਣ ਲਈ ਦੇਵੇਗਾ। (ਯੂਹੰ. 6:52) ਯਿਸੂ ਨੇ ਅੱਗੇ ਜੋ ਕਿਹਾ, ਉਹ ਸੁਣ ਕੇ ਯਹੂਦੀ ਹੋਰ ਵੀ ਹੱਕੇ-ਬੱਕੇ ਰਹਿ ਗਏ ਹੋਣੇ। ਉਸ ਨੇ ਕਿਹਾ: “ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਓਗੇ ਅਤੇ ਉਸ ਦਾ ਲਹੂ ਨਹੀਂ ਪੀਓਗੇ, ਤਾਂ ਤੁਹਾਨੂੰ ਜ਼ਿੰਦਗੀ ਨਹੀਂ ਮਿਲੇਗੀ।”​—ਯੂਹੰ. 6:53.

5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਲੋਕਾਂ ਨੂੰ ਸੱਚ-ਮੁੱਚ ਉਸ ਦਾ ਲਹੂ ਪੀਣ ਨੂੰ ਨਹੀਂ ਕਿਹਾ?

5 ਨੂਹ ਦੇ ਦਿਨਾਂ ਵਿਚ ਯਹੋਵਾਹ ਨੇ ਇਨਸਾਨਾਂ ਨੂੰ ਲਹੂ ਖਾਣ ਤੋਂ ਮਨ੍ਹਾ ਕੀਤਾ ਸੀ। (ਉਤ. 9:3, 4) ਫਿਰ ਅੱਗੇ ਚੱਲ ਕੇ ਯਹੋਵਾਹ ਨੇ ਇਹੀ ਕਾਨੂੰਨ ਇਜ਼ਰਾਈਲੀਆਂ ਨੂੰ ਵੀ ਦਿੱਤਾ। ਜੇ ਕੋਈ ਲਹੂ ਖਾਂਦਾ ਸੀ, ਤਾਂ ਉਸ ਨੂੰ ‘ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।’ (ਲੇਵੀ. 7:27) ਯਿਸੂ ਪਰਮੇਸ਼ੁਰ ਦਾ ਕਾਨੂੰਨ ਮੰਨਦਾ ਸੀ ਤੇ ਦੂਜਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਸੀ। (ਮੱਤੀ 5:17-19) ਇਸ ਲਈ ਇਹ ਹੋ ਹੀ ਨਹੀਂ ਸਕਦਾ ਸੀ ਕਿ ਯਿਸੂ ਯਹੂਦੀਆਂ ਨੂੰ ਸੱਚ-ਮੁੱਚ ਉਸ ਦਾ ਮਾਸ ਖਾਣ ਜਾਂ ਲਹੂ ਪੀਣ ਨੂੰ ਕਹਿੰਦਾ। ਦਰਅਸਲ, ਇਹ ਗੱਲ ਕਹਿ ਕੇ ਯਿਸੂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ “ਹਮੇਸ਼ਾ ਦੀ ਜ਼ਿੰਦਗੀ” ਕਿੱਦਾਂ ਪਾ ਸਕਦੇ ਹਨ।​—ਯੂਹੰ. 6:54.

6. ਸਾਨੂੰ ਕਿੱਦਾਂ ਪਤਾ ਹੈ ਕਿ ਯੂਹੰਨਾ 6:53 ਵਿਚ ਯਿਸੂ ਬੱਸ ਇਕ ਮਿਸਾਲ ਦੇ ਰਿਹਾ ਸੀ?

6 ਯਿਸੂ ਅਸਲ ਵਿਚ ਕੀ ਕਹਿਣਾ ਚਾਹੁੰਦਾ ਸੀ? ਉਹ ਤਾਂ ਬੱਸ ਇਕ ਮਿਸਾਲ ਦੇ ਕੇ ਇਕ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਸੀ। ਉਸ ਨੇ ਇਕ ਸਾਮਰੀ ਔਰਤ ਨਾਲ ਗੱਲ ਕਰਦੇ ਵੇਲੇ ਵੀ ਇਹੀ ਤਰੀਕਾ ਵਰਤਿਆ ਸੀ। ਉਸ ਨੇ ਉਸ ਔਰਤ ਨੂੰ ਕਿਹਾ: “ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ, ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।” (ਯੂਹੰ. 4:7, 14) b ਯਿਸੂ ਉਸ ਔਰਤ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਸੱਚ-ਮੁੱਚ ਦਾ ਪਾਣੀ ਪੀ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੀ ਹੈ। ਉਸੇ ਤਰ੍ਹਾਂ, ਕਫ਼ਰਨਾਹੂਮ ਵਿਚ ਵੀ ਯਿਸੂ ਲੋਕਾਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਸੱਚ-ਮੁੱਚ ਉਸ ਦਾ ਮਾਸ ਖਾਣਾ ਅਤੇ ਲਹੂ ਪੀਣਾ ਪੈਣਾ।

ਦੋ ਘਟਨਾਵਾਂ ਵਿਚ ਫ਼ਰਕ

7. ਯੂਹੰਨਾ 6:53 ਵਿਚ ਯਿਸੂ ਨੇ ਜੋ ਕਿਹਾ, ਉਸ ਬਾਰੇ ਕੁਝ ਲੋਕ ਕੀ ਮੰਨਦੇ ਹਨ?

7 ਕੁਝ ਲੋਕਾਂ ਨੂੰ ਲੱਗਦਾ ਹੈ ਕਿ ਯੂਹੰਨਾ 6:53 ਵਿਚ ਯਿਸੂ ਇਹ ਸਮਝਾ ਰਿਹਾ ਸੀ ਕਿ ਪ੍ਰਭੂ ਦਾ ਸ਼ਾਮ ਦਾ ਭੋਜਨ ਕਿੱਦਾਂ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੋਨਾਂ ਮੌਕਿਆਂ ʼਤੇ ਯਿਸੂ ਨੇ ਮਿਲਦੇ-ਜੁਲਦੇ ਸ਼ਬਦ ਵਰਤੇ। (ਮੱਤੀ 26:26-28) ਇਸ ਲਈ ਉਹ ਮੰਨਦੇ ਹਨ ਕਿ ਪ੍ਰਭੂ ਦੇ ਸ਼ਾਮ ਦੇ ਭੋਜਨ ਵਿਚ ਜਿਹੜਾ ਵੀ ਵਿਅਕਤੀ ਆਉਂਦਾ ਹੈ, ਉਸ ਨੂੰ ਰੋਟੀ ਖਾਣੀ ਅਤੇ ਦਾਖਰਸ ਪੀਣਾ ਚਾਹੀਦਾ ਹੈ। ਕੀ ਉਨ੍ਹਾਂ ਦਾ ਇਹ ਮੰਨਣਾ ਸਹੀ ਹੈ? ਇਸ ਸਵਾਲ ਦਾ ਜਵਾਬ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਹਰ ਸਾਲ ਪ੍ਰਭੂ ਦਾ ਸ਼ਾਮ ਦਾ ਭੋਜਨ ਮਨਾਉਣ ਲਈ ਲੱਖਾਂ ਹੀ ਲੋਕ ਸਾਡੇ ਨਾਲ ਇਕੱਠੇ ਹੁੰਦੇ ਹਨ। ਅਸੀਂ ਦੇਖਾਂਗੇ ਕਿ ਯਿਸੂ ਨੇ ਯੂਹੰਨਾ 6:53 ਵਿਚ ਜੋ ਕਿਹਾ ਅਤੇ ਪ੍ਰਭੂ ਦੇ ਸ਼ਾਮ ਦੇ ਭੋਜਨ ਵੇਲੇ ਜੋ ਕਿਹਾ, ਉਸ ਵਿਚ ਕਿਹੜੇ-ਕਿਹੜੇ ਫ਼ਰਕ ਹਨ।

8. ਦੋਨਾਂ ਘਟਨਾਵਾਂ ਵਿਚ ਕਿਹੜੇ-ਕਿਹੜੇ ਫ਼ਰਕ ਹਨ? (ਤਸਵੀਰਾਂ ਵੀ ਦੇਖੋ।)

8 ਹੁਣ ਆਓ ਆਪਾਂ ਪ੍ਰਭੂ ਦੇ ਸ਼ਾਮ ਦੇ ਭੋਜਨ ਅਤੇ ਗਲੀਲ ਵਿਚ ਹੋਈ ਘਟਨਾ ਵਿਚ ਦੋ ਫ਼ਰਕ ਦੇਖੀਏ। ਪਹਿਲਾ, ਯੂਹੰਨਾ 6:53-56 ਵਿਚ ਲਿਖੀ ਗੱਲ ਯਿਸੂ ਨੇ ਕਦੋਂ ਤੇ ਕਿੱਥੇ ਕਹੀ ਸੀ? ਉਸ ਨੇ ਇਹ ਗੱਲ 32 ਈਸਵੀ ਵਿਚ ਗਲੀਲ ਵਿਚ ਯਹੂਦੀਆਂ ਦੀ ਇਕ ਵੱਡੀ ਭੀੜ ਨੂੰ ਕਹੀ ਸੀ। ਪਰ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਸ਼ੁਰੂਆਤ ਯਿਸੂ ਨੇ ਲਗਭਗ ਇਕ ਸਾਲ ਬਾਅਦ ਯਰੂਸ਼ਲਮ ਵਿਚ ਕੀਤੀ ਸੀ। ਦੂਜਾ, ਉਸ ਨੇ ਇਹ ਗੱਲ ਕਿਨ੍ਹਾਂ ਨੂੰ ਕਹੀ ਸੀ? ਗਲੀਲ ਵਿਚ ਜਿਨ੍ਹਾਂ ਨੂੰ ਯਿਸੂ ਨੇ ਇਹ ਗੱਲ ਕਹੀ, ਉਨ੍ਹਾਂ ਦਾ ਪੂਰਾ ਧਿਆਨ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਸੀ, ਨਾ ਕਿ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਸਿੱਖਣ ʼਤੇ। (ਯੂਹੰ. 6:26) ਅਸਲ ਵਿਚ, ਜਦੋਂ ਯਿਸੂ ਨੇ ਇਕ ਇੱਦਾਂ ਦੀ ਗੱਲ ਕਹੀ ਜਿਸ ਨੂੰ ਸਮਝਣਾ ਉਨ੍ਹਾਂ ਲਈ ਔਖਾ ਸੀ, ਤਾਂ ਉਨ੍ਹਾਂ ਨੇ ਯਿਸੂ ʼਤੇ ਨਿਹਚਾ ਕਰਨੀ ਛੱਡ ਦਿੱਤੀ। ਇੱਥੋਂ ਤਕ ਕਿ ਯਿਸੂ ਦੇ ਕੁਝ ਚੇਲੇ ਵੀ ਉਸ ਨੂੰ ਛੱਡ ਕੇ ਚਲੇ ਗਏ। (ਯੂਹੰ. 6:14, 36, 42, 60, 64, 66) ਪਰ ਧਿਆਨ ਦਿਓ ਕਿ ਇਕ ਸਾਲ ਬਾਅਦ 33 ਈਸਵੀ ਵਿਚ ਕੀ ਹੋਇਆ। ਉਸ ਵੇਲੇ ਪ੍ਰਭੂ ਦੇ ਸ਼ਾਮ ਦੇ ਭੋਜਨ ਦੌਰਾਨ ਉਸ ਦੇ 11 ਵਫ਼ਾਦਾਰ ਰਸੂਲ ਉਸ ਨਾਲ ਸਨ। ਭਾਵੇਂ ਕਿ ਉਨ੍ਹਾਂ ਨੂੰ ਵੀ ਯਿਸੂ ਦੀਆਂ ਕੁਝ ਗੱਲਾਂ ਸਮਝ ਨਹੀਂ ਆਈਆਂ ਸਨ, ਫਿਰ ਵੀ ਉਨ੍ਹਾਂ ਨੇ ਯਿਸੂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਨੂੰ ਯਕੀਨ ਸੀ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਸੀ ਜੋ ਸਵਰਗੋਂ ਆਇਆ ਸੀ। (ਮੱਤੀ 16:16) ਯਿਸੂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਤੇ ਕਿਹਾ: “ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੀਆਂ ਅਜ਼ਮਾਇਸ਼ਾਂ ਦੌਰਾਨ ਮੇਰਾ ਸਾਥ ਨਿਭਾਇਆ।” (ਲੂਕਾ 22:28) ਸਿਰਫ਼ ਇਨ੍ਹਾਂ ਦੋ ਫ਼ਰਕਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਮੰਨਣਾ ਗ਼ਲਤ ਹੋਵੇਗਾ ਕਿ ਯੂਹੰਨਾ 6:53 ਵਿਚ ਯਿਸੂ ਇਹ ਸਮਝਾ ਰਿਹਾ ਸੀ ਕਿ ਪ੍ਰਭੂ ਦਾ ਸ਼ਾਮ ਦਾ ਭੋਜਨ ਕਿੱਦਾਂ ਮਨਾਇਆ ਜਾਣਾ ਚਾਹੀਦਾ ਹੈ। ਇਸ ਗੱਲ ਦੇ ਹੋਰ ਵੀ ਕਈ ਸਬੂਤ ਹਨ।

ਯੂਹੰਨਾ ਅਧਿਆਇ 6 ਵਿਚ ਦੱਸਿਆ ਹੈ ਕਿ ਯਿਸੂ ਨੇ ਗਲੀਲ ਵਿਚ ਯਹੂਦੀਆਂ ਦੀ ਇਕ ਭੀੜ ਨੂੰ ਕੀ ਕਿਹਾ ਸੀ (ਖੱਬੇ ਪਾਸੇ)। ਇਕ ਸਾਲ ਬਾਅਦ ਉਸ ਨੇ ਯਰੂਸ਼ਲਮ ਵਿਚ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਗੱਲ ਕੀਤੀ (ਸੱਜੇ ਪਾਸੇ) (ਪੈਰਾ 8 ਦੇਖੋ)


ਯਿਸੂ ਦੀ ਕਹੀ ਗੱਲ ਤੋਂ ਤੁਹਾਨੂੰ ਵੀ ਫ਼ਾਇਦਾ ਹੋ ਸਕਦਾ ਹੈ

9. ਪ੍ਰਭੂ ਦੇ ਸ਼ਾਮ ਦੇ ਭੋਜਨ ਵੇਲੇ ਯਿਸੂ ਨੇ ਜੋ ਗੱਲ ਕਹੀ, ਉਹ ਕਿਨ੍ਹਾਂ ਲੋਕਾਂ ਲਈ ਸੀ?

9 ਪ੍ਰਭੂ ਦੇ ਸ਼ਾਮ ਦੇ ਭੋਜਨ ਵੇਲੇ ਯਿਸੂ ਨੇ ਆਪਣੇ ਰਸੂਲਾਂ ਨੂੰ ਬੇਖ਼ਮੀਰੀ ਰੋਟੀ ਦਿੱਤੀ ਅਤੇ ਕਿਹਾ ਕਿ ਇਹ ਉਸ ਦੇ ਸਰੀਰ ਨੂੰ ਦਰਸਾਉਂਦੀ ਹੈ। ਫਿਰ ਉਸ ਨੇ ਉਨ੍ਹਾਂ ਨੂੰ ਦਾਖਰਸ ਦਾ ਪਿਆਲਾ ਦਿੱਤਾ ਅਤੇ ਕਿਹਾ ਕਿ ਇਹ ਉਸ ਦੇ “ਇਕਰਾਰ ਦੇ ਲਹੂ” ਨੂੰ ਦਰਸਾਉਂਦਾ ਹੈ। (ਮਰ. 14:22-25; ਲੂਕਾ 22:20; 1 ਕੁਰਿੰ. 11:24) ਯਿਸੂ ਨੇ ਇਕਰਾਰ ਬਾਰੇ ਜੋ ਕਿਹਾ, ਉਹ ਬਹੁਤ ਮਾਅਨੇ ਰੱਖਦਾ ਹੈ। ਇਹ ਨਵਾਂ ਇਕਰਾਰ ਸਾਰੇ ਲੋਕਾਂ ਨਾਲ ਨਹੀਂ, ਸਗੋਂ “ਇਜ਼ਰਾਈਲ ਦੇ ਘਰਾਣੇ” ਨਾਲ ਕੀਤਾ ਗਿਆ ਸੀ ਯਾਨੀ ਉਨ੍ਹਾਂ ਲੋਕਾਂ ਨਾਲ ਜੋ “ਪਰਮੇਸ਼ੁਰ ਦੇ ਰਾਜ” ਵਿਚ ਯਿਸੂ ਨਾਲ ਰਾਜ ਕਰਨਗੇ। (ਇਬ. 8:6, 10; 9:15) ਉਸ ਵੇਲੇ ਰਸੂਲਾਂ ਨੂੰ ਇਹ ਗੱਲ ਸਮਝ ਨਹੀਂ ਆਈ, ਪਰ ਜਲਦੀ ਹੀ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਜਾਣਾ ਸੀ ਅਤੇ ਫਿਰ ਉਨ੍ਹਾਂ ਨੇ ਨਵੇਂ ਇਕਰਾਰ ਵਿਚ ਸ਼ਾਮਲ ਹੋ ਜਾਣਾ ਸੀ। ਇੱਦਾਂ ਉਨ੍ਹਾਂ ਨੂੰ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਮੌਕਾ ਮਿਲਣਾ ਸੀ।​—ਯੂਹੰ. 14:2, 3.

10. ਯਿਸੂ ਨੇ ਗਲੀਲ ਵਿਚ ਜੋ ਕਿਹਾ ਅਤੇ ਪ੍ਰਭੂ ਦੇ ਸ਼ਾਮ ਦੇ ਭੋਜਨ ਦੌਰਾਨ ਜੋ ਕਿਹਾ, ਉਸ ਵਿਚ ਇਕ ਹੋਰ ਫ਼ਰਕ ਕਿਹੜਾ ਹੈ? (ਤਸਵੀਰ ਵੀ ਦੇਖੋ।)

10 ਆਓ ਆਪਾਂ ਹੁਣ ਪ੍ਰਭੂ ਦੇ ਸ਼ਾਮ ਦੇ ਭੋਜਨ ਅਤੇ ਗਲੀਲ ਵਿਚ ਹੋਈ ਘਟਨਾ ਵਿਚ ਇਕ ਹੋਰ ਫ਼ਰਕ ਦੇਖੀਏ। ਪ੍ਰਭੂ ਦੇ ਸ਼ਾਮ ਦੇ ਭੋਜਨ ਵੇਲੇ ਯਿਸੂ ਨੇ ਜੋ ਗੱਲ ਕਹੀ, ਉਹ “ਛੋਟੇ ਝੁੰਡ” ʼਤੇ ਲਾਗੂ ਹੁੰਦੀ ਸੀ। ਯਿਸੂ ਦੇ 11 ਵਫ਼ਾਦਾਰ ਰਸੂਲ ਇਸ ਸਮੂਹ ਦੇ ਪਹਿਲੇ ਮੈਂਬਰ ਸਨ ਜੋ ਉਸ ਸਮੇਂ ਉਸ ਨਾਲ ਮੌਜੂਦ ਸਨ। (ਲੂਕਾ 12:32) ਉਸ ਸ਼ਾਮ ਯਿਸੂ ਨੇ ਇਨ੍ਹਾਂ ਰਸੂਲਾਂ ਨੂੰ ਰੋਟੀ ਖਾਣ ਅਤੇ ਦਾਖਰਸ ਪੀਣ ਲਈ ਕਿਹਾ। ਅੱਗੇ ਚੱਲ ਕੇ ਜਿਨ੍ਹਾਂ ਮਸੀਹੀਆਂ ਨੇ ਇਸ ਸਮੂਹ ਦਾ ਹਿੱਸਾ ਬਣਨਾ ਸੀ, ਉਨ੍ਹਾਂ ਨੇ ਵੀ ਪ੍ਰਭੂ ਦੇ ਸ਼ਾਮ ਦੇ ਭੋਜਨ ਦੌਰਾਨ ਰੋਟੀ ਖਾਣੀ ਅਤੇ ਦਾਖਰਸ ਪੀਣਾ ਸੀ। ਨਾਲੇ ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਮੌਕਾ ਮਿਲੇਗਾ। ਪਰ ਗਲੀਲ ਵਿਚ ਯਿਸੂ ਨੇ ਜੋ ਗੱਲ ਕਹੀ, ਉਹ ਉਨ੍ਹਾਂ ਲੋਕਾਂ ʼਤੇ ਲਾਗੂ ਹੁੰਦੀ ਸੀ ਜਿਨ੍ਹਾਂ ਨੂੰ ਕੋਈ ਨਹੀਂ ਗਿਣ ਸਕਦਾ।

ਰੋਟੀ ਅਤੇ ਦਾਖਰਸ ਸਿਰਫ਼ ਕੁਝ ਹੀ ਲੋਕ ਲੈਂਦੇ ਹਨ, ਪਰ ਹਰ ਕੋਈ ਯਿਸੂ ʼਤੇ ਨਿਹਚਾ ਕਰ ਸਕਦਾ ਹੈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦਾ ਹੈ (ਪੈਰਾ 10 ਦੇਖੋ)


11. ਯਿਸੂ ਨੇ ਗਲੀਲ ਵਿਚ ਅਜਿਹਾ ਕੀ ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਵੇਲੇ ਸਿਰਫ਼ ਕੁਝ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਸੀ?

11 ਯਿਸੂ ਗਲੀਲ ਵਿਚ ਜਿਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸ ਉਮੀਦ ਨਾਲ ਉਸ ਕੋਲ ਆਏ ਸਨ ਕਿ ਉਨ੍ਹਾਂ ਨੂੰ ਖਾਣਾ ਮਿਲੇਗਾ। ਪਰ ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਖਾਣੇ ਤੋਂ ਵੱਧ ਕੇ ਵੀ ਕੁਝ ਹੈ। ਉਸ ਨੇ ਉਨ੍ਹਾਂ ਨੂੰ ਇਕ ਇੱਦਾਂ ਦੇ ਇੰਤਜ਼ਾਮ ਬਾਰੇ ਦੱਸਿਆ ਜਿਸ ਨਾਲ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਸਨ। ਯਿਸੂ ਨੇ ਇਹ ਵੀ ਕਿਹਾ ਕਿ ਮਰ ਚੁੱਕੇ ਲੋਕਾਂ ਨੂੰ ਆਖ਼ਰੀ ਦਿਨ ʼਤੇ ਜੀਉਂਦਾ ਕੀਤਾ ਜਾ ਸਕਦਾ ਹੈ ਤੇ ਉਹ ਹਮੇਸ਼ਾ ਲਈ ਜੀ ਸਕਦੇ ਹਨ। ਉਸ ਸਮੇਂ ਯਿਸੂ ਨੇ ਜਿਸ ਬਰਕਤ ਬਾਰੇ ਦੱਸਿਆ, ਉਹ ਸਿਰਫ਼ ਕੁਝ ਲੋਕਾਂ ਲਈ ਨਹੀਂ, ਸਗੋਂ ਸਾਰੇ ਲੋਕਾਂ ਲਈ ਸੀ। ਉਸ ਨੇ ਕਿਹਾ: “ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਦੁਨੀਆਂ ਦੀ ਖ਼ਾਤਰ ਵਾਰਾਂਗਾ ਤਾਂਕਿ ਲੋਕਾਂ ਨੂੰ ਜ਼ਿੰਦਗੀ ਮਿਲੇ।”​—ਯੂਹੰ. 6:51.

12. ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਨ ਦੀ ਲੋੜ ਹੈ?

12 ਗਲੀਲ ਵਿਚ ਯਿਸੂ ਨੇ ਯਹੂਦੀਆਂ ਨੂੰ ਇਹ ਨਹੀਂ ਕਿਹਾ ਸੀ ਕਿ ਧਰਤੀ ਉੱਤੇ ਰਹਿਣ ਵਾਲੇ ਹਰ ਇਨਸਾਨ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਇਸ ਦੀ ਬਜਾਇ, ਇਹ ਬਰਕਤ ਸਿਰਫ਼ ਉਨ੍ਹਾਂ ਨੂੰ ਮਿਲੇਗੀ ਜੋ ‘ਇਹ ਰੋਟੀ ਖਾਂਦੇ ਹਨ’ ਯਾਨੀ ਜੋ ਯਿਸੂ ਉੱਤੇ ਨਿਹਚਾ ਕਰਦੇ ਹਨ। ਅੱਜ ਬਹੁਤ ਸਾਰੇ ਈਸਾਈਆਂ ਨੂੰ ਲੱਗਦਾ ਹੈ ਕਿ ਜੇ ਉਹ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨਣਗੇ, ਤਾਂ ਉਨ੍ਹਾਂ ਨੂੰ ਮੁਕਤੀ ਮਿਲੇਗੀ। (ਯੂਹੰ. 6:29) ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਦੇਖਿਆ ਜਾਵੇ ਤਾਂ ਭੀੜ ਦੇ ਕੁਝ ਲੋਕਾਂ ਨੇ ਸ਼ੁਰੂ ਵਿਚ ਯਿਸੂ ʼਤੇ ਨਿਹਚਾ ਕੀਤੀ ਸੀ, ਪਰ ਬਾਅਦ ਵਿਚ ਉਹ ਉਸ ਨੂੰ ਛੱਡ ਕੇ ਚਲੇ ਗਏ। ਉਨ੍ਹਾਂ ਨੇ ਇੱਦਾਂ ਕਿਉਂ ਕੀਤਾ?

13. ਜੇ ਇਕ ਵਿਅਕਤੀ ਸੱਚ-ਮੁੱਚ ਯਿਸੂ ਦਾ ਚੇਲਾ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕੀ ਕਰਨ ਦੀ ਲੋੜ ਹੈ?

13 ਭੀੜ ਦੇ ਜ਼ਿਆਦਾਤਰ ਲੋਕ ਉਦੋਂ ਤਕ ਯਿਸੂ ਦੇ ਨਾਲ ਰਹੇ, ਜਦੋਂ ਤਕ ਉਨ੍ਹਾਂ ਨੂੰ ਉਹ ਸਭ ਕੁਝ ਮਿਲਦਾ ਰਿਹਾ ਜੋ ਉਹ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਯਿਸੂ ਚਮਤਕਾਰ ਕਰ ਕੇ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਕਰੇ, ਉਨ੍ਹਾਂ ਨੂੰ ਮੁਫ਼ਤ ਵਿਚ ਖਾਣਾ ਖੁਆਵੇ ਅਤੇ ਉਹ ਗੱਲਾਂ ਸਿਖਾਵੇ ਜੋ ਉਹ ਸੁਣਨਾ ਚਾਹੁੰਦੇ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਹ ਧਰਤੀ ʼਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਹੀਂ ਆਇਆ। ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਇਹ ਸਿਖਾਉਣ ਆਇਆ ਹੈ ਕਿ ਜੇ ਉਹ ਸੱਚ-ਮੁੱਚ ਉਸ ਦੇ ਚੇਲੇ ਬਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ‘ਯਿਸੂ ਦੇ ਕੋਲ ਆਉਣ’ ਯਾਨੀ ਉਸ ਤੋਂ ਸਿੱਖਣ ਅਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਸੀ।​—ਯੂਹੰ. 5:40; 6:44.

14. ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

14 ਯਿਸੂ ਨੇ ਲੋਕਾਂ ਨੂੰ ਸਿਖਾਇਆ ਕਿ ਉਹ ਆਪਣਾ ਸਰੀਰ ਕੁਰਬਾਨ ਕਰ ਕੇ ਅਤੇ ਲਹੂ ਵਹਾ ਕੇ ਲੋਕਾਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੋਲ੍ਹੇਗਾ। ਉਨ੍ਹਾਂ ਨੂੰ ਇਸ ਸੱਚਾਈ ʼਤੇ ਨਿਹਚਾ ਕਰਨ ਦੀ ਲੋੜ ਸੀ ਅਤੇ ਅੱਜ ਸਾਨੂੰ ਵੀ ਇਸ ਗੱਲ ʼਤੇ ਨਿਹਚਾ ਕਰਨ ਦੀ ਲੋੜ ਹੈ। (ਯੂਹੰ. 6:40) ਤਾਂ ਫਿਰ ਯੂਹੰਨਾ 6:53 ਵਿਚ ਯਿਸੂ ਨੇ ਜੋ ਕਿਹਾ, ਉਸ ਦਾ ਮਤਲਬ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨ ਦੀ ਲੋੜ ਹੈ। ਨਾਲੇ ਇਹ ਬਰਕਤ ਪਾਉਣ ਦਾ ਮੌਕਾ ਸਿਰਫ਼ ਕੁਝ ਲੋਕਾਂ ਕੋਲ ਹੀ ਨਹੀਂ, ਸਗੋਂ ਸਾਰੇ ਲੋਕਾਂ ਕੋਲ ਹੈ।​—ਅਫ਼. 1:7.

15-16. ਯੂਹੰਨਾ ਅਧਿਆਇ 6 ਤੋਂ ਅਸੀਂ ਕੀ ਸਿੱਖਿਆ?

15 ਯੂਹੰਨਾ ਅਧਿਆਇ 6 ਵਿਚ ਅਸੀਂ ਕਿੰਨੀਆਂ ਜ਼ਰੂਰੀ ਅਤੇ ਹੌਸਲਾ ਵਧਾਉਣ ਵਾਲੀਆਂ ਗੱਲਾਂ ਸਿੱਖੀਆਂ। ਅਸੀਂ ਸਿੱਖਿਆ ਕਿ ਯਿਸੂ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ। ਗਲੀਲ ਵਿਚ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ਅਤੇ ਉਨ੍ਹਾਂ ਦੀਆਂ ਹੋਰ ਲੋੜਾਂ ਪੂਰੀਆਂ ਕੀਤੀਆਂ। (ਲੂਕਾ 9:11; ਯੂਹੰ. 6:2, 11, 12) ਪਰ ਸਭ ਤੋਂ ਜ਼ਰੂਰੀ, ਉਸ ਨੇ ਸਿਖਾਇਆ ਕਿ ਉਹ “ਜ਼ਿੰਦਗੀ ਦੇਣ ਵਾਲੀ ਰੋਟੀ” ਹੈ।​—ਯੂਹੰ. 6:35, 48.

16 ਯਿਸੂ ਨੇ ਜਿਨ੍ਹਾਂ ਨੂੰ “ਹੋਰ ਭੇਡਾਂ” ਕਿਹਾ, ਉਹ ਪ੍ਰਭੂ ਦੇ ਸ਼ਾਮ ਦੇ ਭੋਜਨ ਵਿਚ ਰੋਟੀ ਤੇ ਦਾਖਰਸ ਨਹੀਂ ਲੈਂਦੇ ਅਤੇ ਉਨ੍ਹਾਂ ਨੂੰ ਇੱਦਾਂ ਕਰਨਾ ਵੀ ਨਹੀਂ ਚਾਹੀਦਾ। (ਯੂਹੰ. 10:16) ਫਿਰ ਵੀ ਉਹ ਯਿਸੂ ਦੇ ਸਰੀਰ ਅਤੇ ਲਹੂ ਤੋਂ ਫ਼ਾਇਦਾ ਪਾਉਂਦੇ ਹਨ ਕਿਉਂਕਿ ਉਹ ਯਿਸੂ ਦੀ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਇਸ ਕਰਕੇ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਬਰਕਤਾਂ ਮਿਲਣਗੀਆਂ। (ਯੂਹੰ. 6:53) ਇਸ ਤੋਂ ਉਲਟ, ਜਿਹੜੇ ਲੋਕ ਰੋਟੀ ਖਾਂਦੇ ਹਨ ਅਤੇ ਦਾਖਰਸ ਪੀਂਦੇ ਹਨ, ਉਹ ਇਹ ਦਿਖਾਉਂਦੇ ਹਨ ਕਿ ਉਹ ਨਵੇਂ ਇਕਰਾਰ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਕੋਲ ਸਵਰਗ ਵਿਚ ਰਾਜਿਆਂ ਵਜੋਂ ਰਾਜ ਕਰਨ ਦੀ ਉਮੀਦ ਹੈ। ਚਾਹੇ ਅਸੀਂ ਚੁਣੇ ਹੋਏ ਹਾਂ ਜਾਂ ਹੋਰ ਭੇਡਾਂ, ਅਸੀਂ ਸਾਰਿਆਂ ਨੇ ਇਕ ਜ਼ਰੂਰੀ ਗੱਲ ਇਹ ਸਿੱਖੀ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨੀ ਚਾਹੀਦੀ ਹੈ।

ਗੀਤ 150 ਯਹੋਵਾਹ ਵਿਚ ਪਨਾਹ ਲਓ

a ਪਿਛਲੇ ਲੇਖ ਵਿਚ ਯੂਹੰਨਾ 6:5-35 ʼਤੇ ਚਰਚਾ ਕੀਤੀ ਗਈ ਸੀ।

b ਯਿਸੂ ਨੇ ਜਿਸ ਪਾਣੀ ਦਾ ਜ਼ਿਕਰ ਕੀਤਾ, ਉਸ ਦਾ ਮਤਲਬ ਹੈ, ਯਹੋਵਾਹ ਦੇ ਉਹ ਪ੍ਰਬੰਧ ਜਿਨ੍ਹਾਂ ਤੋਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।