Skip to content

Skip to table of contents

ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ

ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ

“ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਹ ਨੂੰ ਮੈਂ ਚੁਣਿਆ ਹੈ, ਮੇਰੇ ਦੋਸਤ ਅਬਰਾਹਾਮ ਦੀ ਅੰਸ।”​—ਯਸਾ. 41:8.

ਗੀਤ: 51, 22

1, 2. (ੳ) ਸਾਨੂੰ ਕਿਵੇਂ ਪਤਾ ਹੈ ਕਿ ਇਨਸਾਨ ਯਹੋਵਾਹ ਦੇ ਦੋਸਤ ਬਣ ਸਕਦੇ ਹਨ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

ਸਾਨੂੰ ਜਨਮ ਤੋਂ ਲੈ ਕੇ ਮਰਨ ਤਕ ਪਿਆਰ ਦੀ ਲੋੜ ਹੁੰਦੀ ਹੈ। ਸਾਨੂੰ ਜੀਵਨ ਸਾਥੀ ਤੋਂ ਮਿਲਣ ਵਾਲੇ ਪਿਆਰ ਦੇ ਨਾਲ-ਨਾਲ ਸੱਚੇ ਤੇ ਪਿਆਰ ਕਰਨ ਵਾਲੇ ਦੋਸਤਾਂ ਦੀ ਵੀ ਲੋੜ ਹੁੰਦੀ ਹੈ। ਪਰ ਸਾਨੂੰ ਸਭ ਤੋਂ ਜ਼ਿਆਦਾ ਯਹੋਵਾਹ ਦੇ ਪਿਆਰ ਦੀ ਲੋੜ ਹੈ। ਕਈਆਂ ਦਾ ਕਹਿਣਾ ਹੈ ਕਿ ਇਨਸਾਨ ਪਰਮੇਸ਼ੁਰ ਦੇ ਚੰਗੇ ਦੋਸਤ ਬਣ ਹੀ ਨਹੀਂ ਸਕਦੇ ਕਿਉਂਕਿ ਉਹ ਅਦਿੱਖ ਅਤੇ ਸਰਬਸ਼ਕਤੀਮਾਨ ਹੈ। ਪਰ ਸਾਨੂੰ ਪਤਾ ਹੈ ਕਿ ਇਹ ਸੱਚ ਨਹੀਂ ਹੈ।

2 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਨਸਾਨ ਪਰਮੇਸ਼ੁਰ ਦੇ ਦੋਸਤ ਬਣੇ ਸਨ। ਸਾਨੂੰ ਉਨ੍ਹਾਂ ਦੀਆਂ ਮਿਸਾਲਾਂ ਤੋਂ ਸਿੱਖਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਡੀ ਜ਼ਿੰਦਗੀ ਵਿਚ ਪਰਮੇਸ਼ੁਰ ਨਾਲ ਦੋਸਤੀ ਕਰਨੀ ਸਭ ਤੋਂ ਜ਼ਰੂਰੀ ਗੱਲ ਹੈ। ਆਓ ਆਪਾਂ ਅਬਰਾਹਾਮ ਦੀ ਮਿਸਾਲ ਦੇਖੀਏ। (ਯਾਕੂਬ 2:23 ਪੜ੍ਹੋ।) ਉਹ ਪਰਮੇਸ਼ੁਰ ਦਾ ਦੋਸਤ ਕਿਵੇਂ ਬਣਿਆ? ਨਿਹਚਾ ਕਰਕੇ ਅਬਰਾਹਾਮ ਦੀ ਪਰਮੇਸ਼ੁਰ ਨਾਲ ਦੋਸਤੀ ਪੱਕੀ ਸੀ। ਇਸ ਲਈ ਅਬਰਾਹਾਮ ਨਿਹਚਾ ਰੱਖਣ ਵਾਲਿਆਂ ਦੇ “ਪਿਤਾ” ਵਜੋਂ ਜਾਣਿਆ ਜਾਂਦਾ ਹੈ। (ਰੋਮੀ. 4:11) ਇਸ ਮਿਸਾਲ ’ਤੇ ਗੌਰ ਕਰਦਿਆਂ ਆਪਣੇ ਆਪ ਤੋਂ ਪੁੱਛੋ, ‘ਮੈਂ ਅਬਰਾਹਾਮ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦਾ ਹਾਂ? ਮੈਂ ਯਹੋਵਾਹ ਨਾਲ ਆਪਣੀ ਦੋਸਤੀ ਪੱਕੀ ਕਿਵੇਂ ਕਰ ਸਕਦਾ ਹਾਂ?’

ਅਬਰਾਹਾਮ ਯਹੋਵਾਹ ਦਾ ਦੋਸਤ ਕਿਵੇਂ ਬਣਿਆ?

3, 4. (ੳ) ਸਮਝਾਓ ਕਿ ਅਬਰਾਹਾਮ ਦੀ ਨਿਹਚਾ ਦੀ ਸਭ ਤੋਂ ਵੱਡੀ ਪਰਖ ਕਿਵੇਂ ਹੋਈ। (ਅ) ਅਬਰਾਹਾਮ ਇਸਹਾਕ ਦੀ ਕੁਰਬਾਨੀ ਦੇਣ ਲਈ ਕਿਉਂ ਤਿਆਰ ਸੀ?

3 ਆਪਣੇ ਮਨ ਵਿਚ ਤਸਵੀਰ ਬਣਾਓ ਕਿ ਇਕ ਬਜ਼ੁਰਗ ਆਦਮੀ ਹੌਲੀ-ਹੌਲੀ ਪਹਾੜ ’ਤੇ ਚੜ੍ਹ ਰਿਹਾ ਹੈ। ਜ਼ਰੂਰ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਸਫ਼ਰ ਕਰ ਰਿਹਾ ਹੈ। ਇਹ ਸਫ਼ਰ ਇਸ ਲਈ ਔਖਾ ਨਹੀਂ ਹੈ ਕਿਉਂਕਿ ਉਹ ਬੁੱਢਾ ਹੋ ਚੁੱਕਾ ਹੈ। ਅਬਰਾਹਾਮ ਸ਼ਾਇਦ 125 ਸਾਲਾਂ ਦਾ ਹੈ, ਪਰ ਉਸ ਵਿਚ ਅਜੇ ਵੀ ਜਾਨ ਹੈ।  [1] ਲਗਭਗ 25 ਸਾਲਾਂ ਦਾ ਉਸ ਦਾ ਜਵਾਨ ਮੁੰਡਾ ਇਸਹਾਕ ਬਾਲ਼ਣ ਚੁੱਕੀ ਉਸ ਦੇ ਪਿੱਛੇ-ਪਿੱਛੇ ਜਾ ਰਿਹਾ ਹੈ। ਅਬਰਾਹਾਮ ਕੋਲ ਇਕ ਛੁਰਾ ਹੈ ਅਤੇ ਅੱਗ ਬਾਲ਼ਣ ਦਾ ਸਾਮਾਨ ਹੈ। ਯਹੋਵਾਹ ਨੇ ਉਸ ਨੂੰ ਆਪਣੇ ਪੁੱਤਰ ਦਾ ਬਲੀਦਾਨ ਦੇਣ ਲਈ ਕਿਹਾ ਹੈ।—ਉਤ. 22:1-8.

4 ਸ਼ਾਇਦ ਇਹ ਅਬਰਾਹਾਮ ਦੀ ਨਿਹਚਾ ਦੀ ਸਭ ਤੋਂ ਵੱਡੀ ਪਰਖ ਸੀ। ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਨਿਰਦਈ ਹੈ, ਤਾਂ ਹੀ ਉਸ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਕਿਹਾ। ਨਾਲੇ ਕੁਝ ਲੋਕ ਇਹ ਕਹਿੰਦੇ ਹਨ ਕਿ ਅਬਰਾਹਾਮ ਆਪਣੇ ਪੁੱਤਰ ਨੂੰ ਪਿਆਰ ਨਹੀਂ ਸੀ ਕਰਦਾ, ਇਸ ਕਰਕੇ ਉਹ ਉਸ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਿਆ। ਲੋਕ ਇੱਦਾਂ ਇਸ ਕਰਕੇ ਕਹਿੰਦੇ ਹਨ ਕਿਉਂਕਿ ਉਹ ਨਾ ਤਾਂ ਪਰਮੇਸ਼ੁਰ ’ਤੇ ਨਿਹਚਾ ਕਰਦੇ ਹਨ ਅਤੇ ਨਾ ਹੀ ਨਿਹਚਾ ਰੱਖਣ ਦਾ ਮਤਲਬ ਸਮਝਦੇ ਹਨ। (1 ਕੁਰਿੰ. 2:14-16) ਪਰ ਅਬਰਾਹਾਮ ਪਰਮੇਸ਼ੁਰ ’ਤੇ ਅੰਨ੍ਹਾ ਵਿਸ਼ਵਾਸ ਨਹੀਂ ਸੀ ਕਰਦਾ, ਸਗੋਂ ਮਜ਼ਬੂਤ ਨਿਹਚਾ ਕਰਕੇ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਉਸ ਨੂੰ ਪਤਾ ਸੀ ਕਿ ਯਹੋਵਾਹ ਉਸ ਨੂੰ ਕਦੀ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹੇਗਾ ਜਿਸ ਕਰਕੇ ਉਸ ਦਾ ਹਮੇਸ਼ਾ ਲਈ ਨੁਕਸਾਨ ਹੋਵੇ। ਅਬਰਾਹਾਮ ਨੂੰ ਪਤਾ ਸੀ ਕਿ ਜੇ ਉਹ ਯਹੋਵਾਹ ਦਾ ਕਹਿਣਾ ਮੰਨੇਗਾ, ਤਾਂ ਯਹੋਵਾਹ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਜ਼ਰੂਰ ਬਰਕਤਾਂ ਦੇਵੇਗਾ। ਅਬਰਾਹਾਮ ਦੀ ਨਿਹਚਾ ਇੰਨੀ ਪੱਕੀ ਕਿਉਂ ਸੀ? ਕਿਉਂਕਿ ਉਸ ਕੋਲ ਗਿਆਨ ਅਤੇ ਤਜਰਬਾ ਸੀ।

5. ਸ਼ਾਇਦ ਅਬਰਾਹਾਮ ਨੇ ਯਹੋਵਾਹ ਬਾਰੇ ਕਿੱਥੋਂ ਸਿੱਖਿਆ ਸੀ? ਇਹ ਗਿਆਨ ਲੈਣ ਦਾ ਨਤੀਜਾ ਕੀ ਨਿਕਲਿਆ?

5 ਗਿਆਨ। ਅਬਰਾਹਾਮ ਦੀ ਪਰਵਰਿਸ਼ ਊਰ ਨਾਂ ਦੇ ਸ਼ਹਿਰ ਵਿਚ ਹੋਈ ਸੀ। ਉੱਥੇ ਦੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਉਪਾਸਨਾ ਕਰਦੇ ਸਨ ਅਤੇ ਅਬਰਾਹਾਮ ਦਾ ਪਿਤਾ ਵੀ ਇੱਦਾਂ ਕਰਦਾ ਸੀ। (ਯਹੋ. 24:2) ਫਿਰ ਅਬਰਾਹਾਮ ਨੇ ਯਹੋਵਾਹ ਬਾਰੇ ਕਿੱਥੋਂ ਸਿੱਖਿਆ ਸੀ? ਬਾਈਬਲ ਦੱਸਦੀ ਹੈ ਕਿ ਨੂਹ ਦਾ ਪੁੱਤਰ ਸ਼ੇਮ ਅਬਰਾਹਾਮ ਦਾ ਰਿਸ਼ਤੇਦਾਰ ਸੀ। ਸ਼ੇਮ ਦੀ ਮੌਤ ਉਦੋਂ ਹੋਈ ਜਦੋਂ ਅਬਰਾਹਾਮ 150 ਸਾਲਾਂ ਦਾ ਸੀ। ਸ਼ੇਮ ਦੀ ਨਿਹਚਾ ਬਹੁਤ ਮਜ਼ਬੂਤ ਸੀ ਅਤੇ ਉਸ ਨੇ ਸ਼ਾਇਦ ਆਪਣੇ ਰਿਸ਼ਤੇਦਾਰਾਂ ਨੂੰ ਯਹੋਵਾਹ ਬਾਰੇ ਦੱਸਿਆ ਹੋਵੇ। ਅਸੀਂ ਪੱਕੀ ਤਰ੍ਹਾਂ ਨਹੀਂ ਜਾਣਦੇ, ਪਰ ਹੋ ਸਕਦਾ ਹੈ ਕਿ ਅਬਰਾਹਾਮ ਨੇ ਸ਼ੇਮ ਜਾਂ ਆਪਣੇ ਕਿਸੇ ਰਿਸ਼ਤੇਦਾਰ ਤੋਂ ਯਹੋਵਾਹ ਬਾਰੇ ਸਿੱਖਿਆ ਹੋਵੇ। ਅਬਰਾਹਾਮ ਨੇ ਜੋ ਕੁਝ ਸਿੱਖਿਆ, ਉਸ ਕਰਕੇ ਉਹ ਯਹੋਵਾਹ ਨੂੰ ਪਿਆਰ ਕਰਨ ਲੱਗ ਪਿਆ ਅਤੇ ਉਸ ਉੱਤੇ ਨਿਹਚਾ ਕਰਨ ਲੱਗ ਪਿਆ।

6, 7. ਅਬਰਾਹਾਮ ਨਾਲ ਕੀ-ਕੀ ਹੋਇਆ ਜਿਨ੍ਹਾਂ ਕਰਕੇ ਉਸ ਦੀ ਨਿਹਚਾ ਮਜ਼ਬੂਤ ਹੋਈ?

6 ਤਜਰਬਾ। ਅਬਰਾਹਾਮ ਨਾਲ ਕੀ-ਕੀ ਹੋਇਆ ਜਿਨ੍ਹਾਂ ਕਰਕੇ ਉਸ ਦੀ ਨਿਹਚਾ ਮਜ਼ਬੂਤ ਹੋਈ? ਕਿਹਾ ਜਾ ਸਕਦਾ ਹੈ ਕਿ ਇਕ ਇਨਸਾਨ ਜੋ ਸੋਚਦਾ ਹੈ ਉਸ ਨਾਲ ਜਜ਼ਬਾਤ ਪੈਦਾ ਹੁੰਦੇ ਹਨ ਅਤੇ ਇਹ ਜਜ਼ਬਾਤ ਉਸ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਅਬਰਾਹਾਮ ਨੇ ਯਹੋਵਾਹ ਬਾਰੇ ਜੋ ਵੀ ਸਿੱਖਿਆ ਸੀ ਉਸ ਨਾਲ ਉਸ ਦੇ ਦਿਲ ਵਿਚ “ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ” ਲਈ ਸ਼ਰਧਾ ਪੈਦਾ ਹੋਈ। (ਉਤ. 14:22) ਬਾਈਬਲ ਇਸ ਸ਼ਰਧਾ ਨੂੰ “ਪਰਮੇਸ਼ੁਰ ਦਾ ਡਰ” ਕਹਿੰਦੀ ਹੈ। (ਇਬ. 5:7) ਪਰਮੇਸ਼ੁਰ ਨਾਲ ਪੱਕੀ ਦੋਸਤੀ ਕਰਨ ਲਈ ਸਾਨੂੰ ਉਸ ਦਾ ਡਰ ਹੋਣਾ ਚਾਹੀਦਾ ਹੈ। (ਕਹਾ. 3:32) ਇਸ ਡਰ ਨੇ ਅਬਰਾਹਾਮ ਨੂੰ ਯਹੋਵਾਹ ਦਾ ਕਹਿਣਾ ਮੰਨਣ ਲਈ ਪ੍ਰੇਰਿਤ ਕੀਤਾ।

7 ਪਰਮੇਸ਼ੁਰ ਨੇ ਅਬਰਾਹਾਮ ਅਤੇ ਸਾਰਾਹ ਨੂੰ ਊਰ ਸ਼ਹਿਰ ਛੱਡ ਕੇ ਪਰਦੇਸ ਚਲੇ ਜਾਣ ਲਈ ਕਿਹਾ। ਉਹ ਹੁਣ ਜਵਾਨ ਨਹੀਂ ਰਹੇ ਸਨ ਅਤੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਤੰਬੂਆਂ ਵਿਚ ਰਹਿਣਾ ਪੈਣਾ ਸੀ। ਭਾਵੇਂ ਕਿ ਅਬਰਾਹਾਮ ਜਾਣਦਾ ਸੀ ਕਿ ਇੱਦਾਂ ਕਰਨਾ ਖ਼ਤਰਿਆਂ ਤੋਂ ਖਾਲੀ ਨਹੀਂ ਹੋਣਾ ਸੀ, ਫਿਰ ਵੀ ਉਸ ਨੇ ਯਹੋਵਾਹ ਦੇ ਆਗਿਆਕਾਰ ਰਹਿਣ ਦਾ ਦ੍ਰਿੜ੍ਹ ਇਰਾਦਾ ਕੀਤਾ ਸੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦੇਣ ਦੇ ਨਾਲ-ਨਾਲ ਉਸ ਦੀ ਹਿਫਾਜ਼ਤ ਵੀ ਕੀਤੀ ਸੀ। ਮਿਸਾਲ ਲਈ, ਜਦੋਂ ਅਬਰਾਹਾਮ ਦੀ ਖੂਬਸੂਰਤ ਪਤਨੀ ਸਾਰਾਹ ਨੂੰ ਉਸ ਤੋਂ ਲੈ ਲਿਆ ਗਿਆ ਅਤੇ ਉਸ ਦੀ ਆਪਣੀ ਜਾਨ ਖ਼ਤਰੇ ਵਿਚ ਸੀ, ਤਾਂ ਵੀ ਅਬਰਾਹਾਮ ਯਹੋਵਾਹ ਦਾ ਕਹਿਣਾ ਮੰਨਦਾ ਰਿਹਾ। ਇਕ ਤੋਂ ਜ਼ਿਆਦਾ ਵਾਰ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਅਬਰਾਹਾਮ ਤੇ ਸਾਰਾਹ ਦੀ ਰੱਖਿਆ ਕੀਤੀ। (ਉਤ. 12:10-20; 20:2-7, 10-12, 17, 18) ਇਨ੍ਹਾਂ ਤਜਰਬਿਆਂ ਕਰਕੇ ਅਬਰਾਹਾਮ ਦੀ ਨਿਹਚਾ ਹੋਰ ਮਜ਼ਬੂਤ ਹੋਈ।

8. ਅਸੀਂ ਗਿਆਨ ਅਤੇ ਤਜਰਬੇ ਕਿਵੇਂ ਹਾਸਲ ਕਰ ਸਕਦੇ ਹਾਂ ਤਾਂਕਿ ਯਹੋਵਾਹ ਨਾਲ ਸਾਡੀ ਦੋਸਤੀ ਪੱਕੀ ਹੋਵੇ?

8 ਕੀ ਅਸੀਂ ਯਹੋਵਾਹ ਦੇ ਕਰੀਬੀ ਦੋਸਤ ਬਣ ਸਕਦੇ ਹਾਂ? ਜੀ ਹਾਂ, ਬਿਲਕੁਲ। ਅਬਰਾਹਾਮ ਦੀ ਤਰ੍ਹਾਂ ਸਾਨੂੰ ਯਹੋਵਾਹ ਬਾਰੇ ਸਿੱਖਣ ਦੀ ਲੋੜ ਹੈ। ਸਾਨੂੰ ਅੱਜ ਜਿਸ ਗਿਆਨ ਅਤੇ ਤਜਰਬੇ ਦੀ ਲੋੜ ਹੈ, ਉਹ ਬਾਈਬਲ ਵਿਚ ਹਨ। ਸਾਡੇ ਕੋਲ ਬਾਈਬਲ ਹੋਣ ਕਰਕੇ ਅਬਰਾਹਾਮ ਨਾਲੋਂ ਕਿਤੇ ਜ਼ਿਆਦਾ ਗਿਆਨ ਅਤੇ ਤਜਰਬੇ ਹਨ। (ਦਾਨੀ. 12:4; ਰੋਮੀ. 11:33) ਬਾਈਬਲ “ਅਕਾਸ਼ ਅਰ ਧਰਤੀ ਦੇ ਮਾਲਕ” ਦੇ ਗਿਆਨ ਨਾਲ ਭਰੀ ਹੋਈ ਹੈ। ਅਸੀਂ ਯਹੋਵਾਹ ਬਾਰੇ ਜੋ ਸਿੱਖਦੇ ਹਾਂ, ਉਸ ਕਰਕੇ ਸਾਡੇ ਵਿਚ ਯਹੋਵਾਹ ਲਈ ਪਿਆਰ ਅਤੇ ਸ਼ਰਧਾ ਪੈਦਾ ਹੁੰਦੀ ਹੈ। ਇਹ ਪਿਆਰ ਅਤੇ ਸ਼ਰਧਾ ਸਾਨੂੰ ਯਹੋਵਾਹ ਦੇ ਆਗਿਆਕਾਰ ਰਹਿਣ ਲਈ ਪ੍ਰੇਰਿਤ ਕਰਦੀ ਹੈ। ਆਗਿਆਕਾਰ ਰਹਿ ਕੇ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਸਾਡੀ ਹਿਫਾਜ਼ਤ ਕਰਦਾ ਹੈ ਅਤੇ ਸਾਨੂੰ ਬਰਕਤਾਂ ਦਿੰਦਾ ਹੈ। ਇਨ੍ਹਾਂ ਗੱਲਾਂ ਕਰਕੇ ਸਾਡੀ ਨਿਹਚਾ ਵਧਦੀ ਹੈ। ਜਦੋਂ ਅਸੀਂ ਪੂਰਾ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਸਾਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ। (ਜ਼ਬੂ. 34:8; ਕਹਾ. 10:22) ਯਹੋਵਾਹ ਦੇ ਗਿਆਨ ਅਤੇ ਜ਼ਿੰਦਗੀ ਵਿਚ ਹੁੰਦੇ ਤਜਰਬਿਆਂ ਕਰਕੇ ਯਹੋਵਾਹ ਨਾਲ ਸਾਡੀ ਦੋਸਤੀ ਹੋਰ ਵੀ ਪੱਕੀ ਹੁੰਦੀ ਜਾਵੇਗੀ।

ਅਬਰਾਹਾਮ ਪਰਮੇਸ਼ੁਰ ਦਾ ਦੋਸਤ ਕਿਉਂ ਸੀ?

9, 10. (ੳ) ਕਿਸੇ ਨਾਲ ਦੋਸਤੀ ਪੱਕੀ ਕਿਵੇਂ ਕੀਤੀ ਜਾ ਸਕਦੀ ਹੈ? (ਅ) ਸਾਨੂੰ ਕਿਵੇਂ ਪਤਾ ਹੈ ਕਿ ਅਬਰਾਹਾਮ ਨੇ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਬਹੁਮੁੱਲੀ ਸਮਝਿਆ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦਿੱਤਾ?

9 ਚੰਗੇ ਦੋਸਤ ਬਹੁਮੁੱਲੇ ਹੁੰਦੇ ਹਨ। (ਕਹਾਉਤਾਂ 17:17 ਪੜ੍ਹੋ।) ਦੋਸਤੀ ਕੀਮਤੀ ਫੁੱਲਦਾਨ ਦੀ ਤਰ੍ਹਾਂ ਨਹੀਂ ਹੁੰਦੀ ਜਿਸ ਨੂੰ ਸਿਰਫ਼ ਸਜਾਵਟ ਲਈ ਵਰਤਿਆ ਜਾਂਦਾ ਹੈ। ਇਸ ਤੋਂ ਉਲਟ, ਇਹ ਇਕ ਖੂਬਸੂਰਤ ਫੁੱਲ ਦੀ ਤਰ੍ਹਾਂ ਹੈ ਜਿਸ ਨੂੰ ਖਿੜਨ ਲਈ ਪਾਣੀ ਅਤੇ ਦੇਖ-ਭਾਲ ਦੀ ਲੋੜ ਹੁੰਦੀ ਹੈ। ਅਬਰਾਹਾਮ ਨੇ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਬਹੁਮੁੱਲੀ ਸਮਝਿਆ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦਿੱਤਾ। ਅਬਰਾਹਾਮ ਨੇ ਯਹੋਵਾਹ ਨਾਲ ਆਪਣੀ ਦੋਸਤੀ ਕਿਵੇਂ ਕਾਇਮ ਰੱਖੀ?

10 ਅਬਰਾਹਾਮ ਨੇ ਹਮੇਸ਼ਾ ਪਰਮੇਸ਼ੁਰ ਦਾ ਸ਼ਰਧਾਮਈ ਡਰ ਰੱਖਿਆ ਅਤੇ ਉਸ ਦੇ ਆਗਿਆਕਾਰ ਰਿਹਾ। ਮਿਸਾਲ ਲਈ, ਆਪਣੇ ਪਰਿਵਾਰ ਅਤੇ ਨੌਕਰਾਂ-ਚਾਕਰਾਂ ਨਾਲ ਕਨਾਨ ਦਾ ਸਫ਼ਰ ਕਰਦਿਆਂ ਉਸ ਨੇ ਹਰ ਛੋਟਾ-ਵੱਡਾ ਫ਼ੈਸਲਾ ਯਹੋਵਾਹ ਦੇ ਨਿਰਦੇਸ਼ਨ ਮੁਤਾਬਕ ਕੀਤਾ। ਇਸਹਾਕ ਦੇ ਜਨਮ ਤੋਂ ਇਕ ਸਾਲ ਪਹਿਲਾਂ, ਜਦੋਂ ਅਬਰਾਹਾਮ 99 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਆਪਣੇ ਘਰਾਣੇ ਦੇ ਸਾਰੇ ਆਦਮੀਆਂ ਦੀ ਸੁੰਨਤ ਕਰਨ ਲਈ ਕਿਹਾ। ਕੀ ਇਹ ਹੁਕਮ ਮਿਲਣ ’ਤੇ ਅਬਰਾਹਾਮ ਨੇ ਕੋਈ ਸਵਾਲ ਖੜ੍ਹਾ ਕੀਤਾ ਜਾਂ ਇਸ ਹੁਕਮ ਨੂੰ ਨਾ ਮੰਨਣ ਦਾ ਬਹਾਨਾ ਲੱਭਿਆ? ਨਹੀਂ। ਉਸ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ ਅਤੇ “ਉਸੇ ਦਿਹਾੜੇ” ਯਹੋਵਾਹ ਦਾ ਹੁਕਮ ਮੰਨਿਆ।​—ਉਤ. 17:10-14, 23.

11. ਅਬਰਾਹਾਮ ਸਦੂਮ ਅਤੇ ਗਮੋਰਾ ਬਾਰੇ ਚਿੰਤਿਤ ਕਿਉਂ ਸੀ ਅਤੇ ਯਹੋਵਾਹ ਨੇ ਉਸ ਦੀ ਚਿੰਤਾ ਕਿੱਦਾਂ ਦੂਰ ਕੀਤੀ?

11 ਅਬਰਾਹਾਮ ਹਮੇਸ਼ਾ ਯਹੋਵਾਹ ਦੇ ਆਗਿਆਕਾਰ ਰਿਹਾ, ਇੱਥੋਂ ਤਕ ਕਿ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ। ਇਸੇ ਕਰਕੇ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਹੋਈ। ਉਹ ਕਿਸੇ ਵੀ ਮਾਮਲੇ ਬਾਰੇ ਦਿਲ ਖੋਲ੍ਹ ਕੇ ਯਹੋਵਾਹ ਨਾਲ ਗੱਲ ਕਰ ਸਕਦਾ ਸੀ। ਇੱਥੋਂ ਤਕ ਕਿ ਉਹ ਮੁਸ਼ਕਲ ਸਵਾਲਾਂ ਦੇ ਜਵਾਬਾਂ ਲਈ ਯਹੋਵਾਹ ਤੋਂ ਮਦਦ ਮੰਗਦਾ ਸੀ। ਮਿਸਾਲ ਲਈ, ਅਬਰਾਹਾਮ ਚਿੰਤਾ ਵਿਚ ਪੈ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਸਦੂਮ ਅਤੇ ਗਮੋਰਾ ਦਾ ਨਾਸ਼ ਕਰਨ ਵਾਲਾ ਸੀ। ਕਿਉਂ? ਕਿਉਂਕਿ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਮਾੜੇ ਲੋਕਾਂ ਦੇ ਨਾਲ-ਨਾਲ ਚੰਗੇ ਲੋਕ ਵੀ ਮਾਰੇ ਜਾਣਗੇ। ਉਸ ਨੂੰ ਸਦੂਮ ਵਿਚ ਰਹਿੰਦੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਪਰਿਵਾਰ ਦਾ ਸ਼ਾਇਦ ਫ਼ਿਕਰ ਸੀ। ਅਬਰਾਹਾਮ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ ਜੋ “ਸਾਰੀ ਧਰਤੀ ਦਾ ਨਿਆਈ” ਹੈ। ਇਸ ਲਈ ਉਸ ਨੇ ਬੜੀ ਨਿਮਰਤਾ ਨਾਲ ਯਹੋਵਾਹ ਨੂੰ ਆਪਣੀ ਚਿੰਤਾ ਦੱਸੀ। ਯਹੋਵਾਹ ਨੇ ਆਪਣੇ ਦੋਸਤ ਅਬਰਾਹਾਮ ਨੂੰ ਧੀਰਜ ਨਾਲ ਸਿਖਾਇਆ ਕਿ ਉਹ ਕਿੰਨਾ ਦਇਆਵਾਨ ਪਰਮੇਸ਼ੁਰ ਹੈ! ਨਾਲੇ ਉਸ ਨੂੰ ਸਮਝਾਇਆ ਕਿ ਨਿਆਂ ਕਰਦਿਆਂ ਉਹ ਚੰਗੇ ਲੋਕਾਂ ਨੂੰ ਲੱਭ ਕੇ ਬਚਾਉਂਦਾ ਹੈ।—ਉਤ. 18:22-33.

12, 13. (ੳ) ਅਬਰਾਹਾਮ ਦੇ ਗਿਆਨ ਅਤੇ ਤਜਰਬੇ ਕਰਕੇ ਉਸ ਦੀ ਕਿਵੇਂ ਮਦਦ ਹੋਈ? (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਯਹੋਵਾਹ ’ਤੇ ਭਰੋਸਾ ਸੀ?

12 ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਅਬਰਾਹਾਮ ਦੇ ਗਿਆਨ ਅਤੇ ਤਜਰਬੇ ਕਰਕੇ ਉਹ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਸਕਿਆ। ਇਸ ਲਈ ਬਾਅਦ ਵਿਚ ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਕਿਹਾ, ਤਾਂ ਉਸ ਨੇ ਇਸ ਗੱਲ ’ਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਉਸ ਨਾਲ ਹਮੇਸ਼ਾ ਧੀਰਜ ਅਤੇ ਪਿਆਰ ਨਾਲ ਪੇਸ਼ ਆਇਆ ਸੀ। ਨਾਲੇ ਉਸ ਨੇ ਇਹ ਵੀ ਸੋਚਿਆ ਕਿ ਯਹੋਵਾਹ ਨੇ ਉਸ ਦਾ ਭਰੋਸਾ ਕਦੀ ਨਹੀਂ ਤੋੜਿਆ ਅਤੇ ਹਮੇਸ਼ਾ ਉਸ ਦੀ ਹਿਫਾਜ਼ਤ ਕੀਤੀ। ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਅਚਾਨਕ ਜ਼ਾਲਮ ਨਹੀਂ ਬਣ ਗਿਆ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

13 ਪਹਾੜ ਉੱਤੇ ਚੜ੍ਹਨ ਤੋਂ ਪਹਿਲਾਂ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਕਿਹਾ: ‘ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕਕੇ ਤੁਹਾਡੇ ਕੋਲ ਮੁੜ ਆਵਾਂਗੇ।’ (ਉਤ. 22:5) ਅਬਰਾਹਾਮ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਇਸਹਾਕ ਨਾਲ ਮੁੜ ਆਉਣ ਬਾਰੇ ਝੂਠ ਬੋਲ ਰਿਹਾ ਸੀ, ਜਦ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਲਈ ਚੱਲਾ ਸੀ? ਨਹੀਂ। ਬਾਈਬਲ ਕਹਿੰਦੀ ਹੈ ਕਿ ਅਬਰਾਹਾਮ ਨੂੰ ਪਤਾ ਸੀ ਕਿ ਯਹੋਵਾਹ ਉਸ ਦੇ ਮੁੰਡੇ ਨੂੰ ਜੀਉਂਦਾ ਕਰ ਸਕਦਾ ਹੈ। (ਇਬਰਾਨੀਆਂ 11:19 ਪੜ੍ਹੋ।) ਅਬਰਾਹਾਮ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਬੱਚਾ ਪੈਦਾ ਕਰਨ ਦੀ ਤਾਕਤ ਦਿੱਤੀ ਸੀ, ਭਾਵੇਂ ਕਿ ਉਹ ਅਤੇ ਸਾਰਾਹ ਬੁੱਢੇ ਹੋ ਚੁੱਕੇ ਸਨ। (ਇਬ. 11:11, 12, 18) ਇਸ ਲਈ ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਲਈ ਕੁਝ ਵੀ ਨਾਮੁਮਕਿਨ ਨਹੀਂ ਹੈ। ਅਬਰਾਹਾਮ ਨਹੀਂ ਜਾਣਦਾ ਸੀ ਕਿ ਉਸ ਦਿਨ ਕੀ ਹੋਣਾ ਸੀ। ਪਰ ਉਸ ਨੂੰ ਨਿਹਚਾ ਸੀ ਕਿ ਜੇ ਯਹੋਵਾਹ ਚਾਹੇ, ਤਾਂ ਉਹ ਆਪਣੇ ਵਾਅਦੇ ਪੂਰੇ ਕਰਨ ਲਈ ਇਸਹਾਕ ਨੂੰ ਜੀਉਂਦਾ ਕਰ ਸਕਦਾ ਸੀ। ਇਸੇ ਲਈ ਅਬਰਾਹਾਮ ਨੂੰ ਨਿਹਚਾ ਰੱਖਣ ਵਾਲਿਆਂ ਦਾ “ਪਿਤਾ” ਕਿਹਾ ਜਾਂਦਾ ਹੈ।

14. ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋ? ਅਬਰਾਹਾਮ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

14 ਅੱਜ ਸਾਡੇ ਬਾਰੇ ਕੀ? ਭਾਵੇਂ ਯਹੋਵਾਹ ਸਾਨੂੰ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦੇਣ ਲਈ ਨਹੀਂ ਕਹਿੰਦਾ, ਪਰ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ। ਕਈ ਵਾਰ ਸ਼ਾਇਦ ਸਾਨੂੰ ਸਮਝ ਨਾ ਆਵੇ ਕਿ ਯਹੋਵਾਹ ਨੇ ਸਾਨੂੰ ਇਹ ਹੁਕਮ ਕਿਉਂ ਦਿੱਤੇ ਹਨ ਜਾਂ ਸ਼ਾਇਦ ਸਾਨੂੰ ਇਹ ਹੁਕਮ ਮੰਨਣੇ ਔਖੇ ਲੱਗਣ। ਕੀ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ? ਕਈਆਂ ਨੂੰ ਪ੍ਰਚਾਰ ਕਰਨਾ ਮੁਸ਼ਕਲ ਲੱਗਦਾ ਹੈ। ਸ਼ਾਇਦ ਸ਼ਰਮੀਲੇ ਸੁਭਾਅ ਹੋਣ ਕਰਕੇ ਉਨ੍ਹਾਂ ਲਈ ਅਜਨਬੀਆਂ ਨਾਲ ਗੱਲ ਕਰਨੀ ਔਖੀ ਹੋਵੇ। ਹੋਰਨਾਂ ਨੂੰ ਸ਼ਾਇਦ ਕੰਮ ਦੀ ਥਾਂ ’ਤੇ ਜਾਂ ਸਕੂਲ ਵਿਚ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਵਾਉਣ ਤੋਂ ਡਰ ਲੱਗੇ। (ਕੂਚ 23:2; 1 ਥੱਸ. 2:2) ਜਦੋਂ ਤੁਹਾਨੂੰ ਕੋਈ ਮੁਸ਼ਕਲ ਕੰਮ ਕਰਨ ਲਈ ਕਿਹਾ ਜਾਵੇ, ਤਾਂ ਅਬਰਾਹਾਮ ਦੀ ਨਿਹਚਾ ਅਤੇ ਦਲੇਰੀ ਦੀ ਵਧੀਆ ਮਿਸਾਲ ਬਾਰੇ ਸੋਚੋ। ਜਦੋਂ ਅਸੀਂ ਇਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਇਨ੍ਹਾਂ ਦੀ ਰੀਸ ਕਰਨ ਅਤੇ ਆਪਣੇ ਦੋਸਤ ਯਹੋਵਾਹ ਦੇ ਹੋਰ ਵੀ ਨੇੜੇ ਜਾਣ ਲਈ ਪ੍ਰੇਰਿਤ ਹੁੰਦੇ ਹਾਂ।—ਇਬ. 12:1, 2.

ਸਭ ਤੋਂ ਅਨਮੋਲ ਦੋਸਤੀ

15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਬਰਾਹਾਮ ਨੂੰ ਯਹੋਵਾਹ ਦੇ ਹੁਕਮ ਮੰਨਣ ਦਾ ਕਦੇ ਕੋਈ ਪਛਤਾਵਾ ਨਹੀਂ ਹੋਇਆ ਸੀ?

15 ਕੀ ਅਬਰਾਹਾਮ ਨੂੰ ਯਹੋਵਾਹ ਦੇ ਹੁਕਮ ਮੰਨਣ ਦਾ ਕਦੇ ਪਛਤਾਵਾ ਹੋਇਆ? ਬਾਈਬਲ ਕਹਿੰਦੀ ਹੈ ਕਿ “ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ।” (ਉਤ. 25:8, ERV) 175 ਸਾਲਾਂ ਦੀ ਉਮਰ ਵਿਚ ਅਬਰਾਹਾਮ ਦੀ ਤਾਕਤ ਨੇ ਜਵਾਬ ਦੇ ਦਿੱਤਾ। ਪਰ ਫਿਰ ਵੀ ਉਹ ਆਪਣੀ ਬਿਤਾਈ ਹੋਈ ਜ਼ਿੰਦਗੀ ਬਾਰੇ ਖ਼ੁਸ਼ੀ ਨਾਲ ਸੋਚ ਸਕਦਾ ਸੀ। ਕਿਉਂ? ਕਿਉਂਕਿ ਉਸ ਲਈ ਯਹੋਵਾਹ ਨਾਲ ਆਪਣੀ ਦੋਸਤੀ ਸਭ ਤੋਂ ਜ਼ਿਆਦਾ ਅਹਿਮ ਸੀ। ਪਰ ਜਦੋਂ ਅਸੀਂ ਪੜ੍ਹਦੇ ਹਾਂ ਕਿ ਅਬਰਾਹਾਮ “ਲੰਬੀ ਅਤੇ ਸੰਤੁਸ਼ਟ ਜ਼ਿੰਦਗੀ” ਭੋਗ ਕੇ ਮਰ ਗਿਆ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਦੀ ਨਵੀਂ ਦੁਨੀਆਂ ਵਿਚ ਜੀਉਣ ਦੀ ਕੋਈ ਖ਼ਾਹਸ਼ ਨਹੀਂ ਸੀ?

16. ਨਵੀਂ ਦੁਨੀਆਂ ਵਿਚ ਅਬਰਾਹਾਮ ਕਿਹੜੀਆਂ ਖ਼ੁਸ਼ੀਆਂ ਦਾ ਆਨੰਦ ਮਾਣੇਗਾ?

16 ਬਾਈਬਲ ਕਹਿੰਦੀ ਹੈ ਕਿ “ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।” (ਇਬ. 11:10) ਅਬਰਾਹਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਇਕ ਦਿਨ ਉਹ ਸ਼ਹਿਰ ਯਾਨੀ ਪਰਮੇਸ਼ੁਰ ਦਾ ਰਾਜ ਦੇਖੇਗਾ ਜੋ ਪੂਰੀ ਧਰਤੀ ਉੱਤੇ ਹਕੂਮਤ ਕਰੇਗਾ। ਬਿਨਾਂ ਸ਼ੱਕ ਉਹ ਇਹ ਦਿਨ ਜ਼ਰੂਰ ਦੇਖੇਗਾ! ਸੋਚੋ ਕਿ ਅਬਰਾਹਾਮ ਨੂੰ ਨਵੀਂ ਦੁਨੀਆਂ ਵਿਚ ਰਹਿਣ ਅਤੇ ਪਰਮੇਸ਼ੁਰ ਨਾਲ ਆਪਣੀ ਦੋਸਤੀ ਫਿਰ ਤੋਂ ਪੱਕੀ ਕਰਨ ਵਿਚ ਕਿੰਨੀ ਖ਼ੁਸ਼ੀ ਹੋਵੇਗੀ! ਉਸ ਨੂੰ ਇਸ ਗੱਲੋਂ ਵੀ ਖ਼ੁਸ਼ੀ ਹੋਵੇਗੀ ਕਿ ਉਸ ਦੀ ਨਿਹਚਾ ਦੀ ਮਿਸਾਲ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਹਜ਼ਾਰਾਂ ਸਾਲਾਂ ਤਕ ਮਦਦ ਕੀਤੀ। ਨਵੀਂ ਦੁਨੀਆਂ ਵਿਚ ਉਸ ਨੂੰ ਇਹ ਵੀ ਪਤਾ ਲੱਗੇਗਾ ਕਿ ਉਹ ਆਪਣੇ ਪੁੱਤਰ ਦੀ ਜੋ ਕੁਰਬਾਨੀ ਦੇਣ ਲੱਗਾ ਸੀ ਉਸ ਨੇ ਕਿਸੇ ਬਹੁਤ ਹੀ ਅਹਿਮ ਘਟਨਾ ਨੂੰ ਦਰਸਾਇਆ ਸੀ। (ਇਬ. 11:19) ਨਾਲੇ ਉਸ ਨੂੰ ਪਤਾ ਲੱਗੇਗਾ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਜਾਣ ਵੇਲੇ ਜੋ ਉਸ ਨੂੰ ਦੁੱਖ ਹੋਇਆ ਸੀ, ਉਸ ਨਾਲ ਲੱਖਾਂ ਲੋਕਾਂ ਦੀ ਯਹੋਵਾਹ ਦਾ ਦੁੱਖ ਸਮਝਣ ਵਿਚ ਮਦਦ ਹੋਈ ਜਦੋਂ ਯਹੋਵਾਹ ਨੇ ਮਨੁੱਖਜਾਤੀ ਲਈ ਆਪਣੇ ਪੁੱਤਰ ਦੀ ਰਿਹਾਈ ਦੀ ਕੀਮਤ ਦਿੱਤੀ। (ਯੂਹੰ. 3:16) ਅਬਰਾਹਾਮ ਦੀ ਮਿਸਾਲ ਨੇ ਸਾਡੀ ਮਦਦ ਕੀਤੀ ਹੈ ਕਿ ਅਸੀਂ ਰਿਹਾਈ ਦੀ ਕੀਮਤ ਲਈ ਹੋਰ ਵੀ ਕਦਰ ਦਿਖਾਈਏ ਜੋ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ।

17. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

17 ਆਓ ਆਪਾਂ ਸਾਰੇ ਅਬਰਾਹਾਮ ਦੀ ਨਿਹਚਾ ਦੀ ਰੀਸ ਕਰਨ ਦਾ ਪੱਕਾ ਇਰਾਦਾ ਕਰੀਏ। ਸਾਨੂੰ ਵੀ ਅਬਰਾਹਾਮ ਵਾਂਗ ਗਿਆਨ ਅਤੇ ਤਜਰਬੇ ਦੀ ਲੋੜ ਹੈ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਬਾਰੇ ਸਿੱਖਦੇ ਰਹਾਂਗੇ ਅਤੇ ਉਸ ਦੇ ਆਗਿਆਕਾਰ ਰਹਾਂਗੇ, ਉੱਦਾਂ-ਉੱਦਾਂ ਅਸੀਂ ਦੇਖਾਂਗੇ ਕਿ ਯਹੋਵਾਹ ਕਿਵੇਂ ਸਾਨੂੰ ਬਰਕਤਾਂ ਦਿੰਦਾ ਹੈ ਅਤੇ ਸਾਡੀ ਹਿਫਾਜ਼ਤ ਕਰਦਾ ਹੈ। (ਇਬਰਾਨੀਆਂ 6:10-12 ਪੜ੍ਹੋ।) ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਨਾਲ ਸਾਡੀ ਦੋਸਤੀ ਹਮੇਸ਼ਾ ਬਣੀ ਰਹੇ। ਅਗਲੇ ਲੇਖ ਵਿਚ ਅਸੀਂ ਤਿੰਨ ਹੋਰ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਗੌਰ ਕਰਾਂਗੇ ਜੋ ਯਹੋਵਾਹ ਦੇ ਪੱਕੇ ਦੋਸਤ ਸਨ।

^ [1] (ਪੈਰਾ 3) ਇਸ ਆਦਮੀ ਅਤੇ ਉਸ ਦੀ ਪਤਨੀ ਦੇ ਪਹਿਲਾਂ ਨਾਂ ਅਬਰਾਮ ਅਤੇ ਸਾਰਈ ਸਨ। ਪਰ ਅਸੀਂ ਇਸ ਲੇਖ ਵਿਚ ਉਨ੍ਹਾਂ ਨੂੰ ਅਬਰਾਹਾਮ ਅਤੇ ਸਾਰਾਹ ਦੇ ਨਾਂ ਨਾਲ ਬੁਲਾਵਾਂਗੇ ਜੋ ਯਹੋਵਾਹ ਨੇ ਉਨ੍ਹਾਂ ਨੂੰ ਬਾਅਦ ਵਿਚ ਦਿੱਤੇ ਸਨ।