Skip to content

Skip to table of contents

ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹੋ

ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹੋ

ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਖ਼ੁਸ਼ੀਆਂ ਭਰੇ ਦਿਨ ਬਾਰੇ ਸੋਚੋ। ਕੀ ਇਹ ਉਹ ਦਿਨ ਸੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਜਾਂ ਜਦੋਂ ਤੁਹਾਡੇ ਘਰ ਪਹਿਲੇ ਬੱਚੇ ਦਾ ਜਨਮ ਹੋਇਆ ਸੀ? ਜਾਂ ਇਹ ਉਹ ਦਿਨ ਸੀ ਜਦੋਂ ਤੁਸੀਂ ਬਪਤਿਸਮਾ ਲਿਆ ਸੀ? ਸ਼ਾਇਦ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਅਤੇ ਖ਼ੁਸ਼ੀਆਂ ਭਰਿਆ ਦਿਨ ਸੀ। ਤੁਹਾਡੇ ਮਸੀਹੀ ਭੈਣ-ਭਰਾ ਇਹ ਦੇਖ ਕੇ ਕਿੰਨੇ ਖ਼ੁਸ਼ ਹੋਏ ਹੋਣੇ ਕਿ ਤੁਸੀਂ ਸਾਰਿਆਂ ਸਾਮ੍ਹਣੇ ਬਪਤਿਸਮਾ ਲੈ ਕੇ ਸਬੂਤ ਦਿੱਤਾ ਕਿ ਤੁਸੀਂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ, ਜਾਨ, ਸਮਝ ਅਤੇ ਸ਼ਕਤੀ ਨਾਲ ਪਿਆਰ ਕਰਦੇ ਹੋ।—ਮਰ. 12:30.

ਬਿਨਾਂ ਸ਼ੱਕ ਤੁਸੀਂ ਆਪਣੇ ਬਪਤਿਸਮੇ ਤੋਂ ਲੈ ਕੇ ਹੁਣ ਤਕ ਯਹੋਵਾਹ ਦੀ ਸੇਵਾ ਕਰ ਕੇ ਆਨੰਦ ਮਾਣਿਆ ਹੈ। ਪਰ ਕੁਝ ਭੈਣ-ਭਰਾ ਆਪਣੀ ਉਹ ਖ਼ੁਸ਼ੀ ਗੁਆ ਬੈਠੇ ਹਨ ਜਿਸ ਦਾ ਉਹ ਪਹਿਲਾਂ ਆਨੰਦ ਮਾਣਦੇ ਸਨ। ਇੱਦਾਂ ਕਿਉਂ ਹੋਇਆ? ਕਿਹੜੇ ਕਾਰਨਾਂ ਕਰਕੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿ ਸਕਦੇ ਹਾਂ?

ਕਈਆਂ ਨੇ ਆਪਣੀ ਖ਼ੁਸ਼ੀ ਕਿਉਂ ਗੁਆ ਦਿੱਤੀ?

ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਜਲਦੀ ਹੀ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਕੇ ਨਵੀਂ ਦੁਨੀਆਂ ਲਿਆਵੇਗਾ। ਇਸ ਵਾਅਦੇ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਇਸ ਤੋਂ ਇਲਾਵਾ, ਸਫ਼ਨਯਾਹ 1:14 ਸਾਨੂੰ ਭਰੋਸਾ ਦਿੰਦਾ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” ਪਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਇੰਤਜ਼ਾਰ ਕਰਦਿਆਂ ਬਹੁਤ ਸਮਾਂ ਹੋ ਗਿਆ ਹੈ, ਤਾਂ ਅਸੀਂ ਉਹ ਖ਼ੁਸ਼ੀ ਗੁਆ ਸਕਦੇ ਹਾਂ ਜਿਸ ਦਾ ਅਸੀਂ ਪਹਿਲਾਂ ਆਨੰਦ ਮਾਣਦੇ ਸੀ। ਨਾਲੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ।​—ਕਹਾ. 13:12.

ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਕਰ ਕੇ ਸਾਨੂੰ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ। ਸ਼ਾਇਦ ਯਹੋਵਾਹ ਦੇ ਸੇਵਕਾਂ ਦੇ ਵਧੀਆ ਚਾਲ-ਚਲਣ ਨੇ ਸਾਨੂੰ ਉਸ ਦੀ ਸੇਵਾ ਕਰਨ ਲਈ ਖਿੱਚਿਆ ਹੋਵੇ ਅਤੇ ਪਰਮੇਸ਼ੁਰ ਦੀ ਸੇਵਾ ਖ਼ੁਸ਼ੀ ਨਾਲ ਕਰਨ ਵਿਚ ਮਦਦ ਕੀਤੀ ਹੋਵੇ। (1 ਪਤ. 2:12) ਪਰ ਉਦੋਂ ਕੀ ਹੋ ਸਕਦਾ ਹੈ, ਜਦੋਂ ਇਕ ਮਸੀਹੀ ਨੂੰ ਪਰਮੇਸ਼ੁਰ ਦੇ ਮਿਆਰਾਂ ’ਤੇ ਨਾ ਚੱਲਣ ਕਰਕੇ ਤਾੜਨਾ ਮਿਲੇ? ਇਸ ਕਾਰਨ ਕਰਕੇ ਜਿਹੜੇ ਮਸੀਹੀ ਯਹੋਵਾਹ ਦੇ ਲੋਕਾਂ ਦਾ ਵਧੀਆ ਚਾਲ-ਚਲਣ ਦੇਖ ਕੇ ਸੱਚਾਈ ਵਿਚ ਆਏ ਸਨ, ਉਹ ਨਿਰਾਸ਼ ਹੋ ਸਕਦੇ ਹਨ ਅਤੇ ਆਪਣੀ ਖ਼ੁਸ਼ੀ ਗੁਆ ਸਕਦੇ ਹਨ।

ਦੁਨੀਆਂ ਦੀਆਂ ਚੀਜ਼ਾਂ ਕਰਕੇ ਸਾਡੀ ਖ਼ੁਸ਼ੀ ਗੁਆਚ ਸਕਦੀ ਹੈ। ਕਿਵੇਂ? ਸ਼ੈਤਾਨ ਦੀ ਦੁਨੀਆਂ ਸਾਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਸਾਨੂੰ ਉਹ ਚੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੈ। ਪਰ ਸਾਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ।” (ਮੱਤੀ 6:24) ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿਣ ਦੇ ਨਾਲ-ਨਾਲ ਦੁਨੀਆਂ ਦੀਆਂ ਚੀਜ਼ਾਂ ਇਕੱਠੀਆਂ ਨਹੀਂ ਕਰ ਸਕਦੇ।

ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਓ

ਯਹੋਵਾਹ ਨਾਲ ਪਿਆਰ ਕਰਨ ਵਾਲਿਆਂ ਲਈ ਉਸ ਦੀ ਸੇਵਾ ਕਰਨੀ ਬੋਝ ਨਹੀਂ ਹੈ। (1 ਯੂਹੰ. 5:3) ਯਾਦ ਹੈ ਯਿਸੂ ਨੇ ਕਿਹਾ ਸੀ: “ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ। ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” (ਮੱਤੀ 11:28-30) ਯਿਸੂ ਦੇ ਚੇਲੇ ਹੋਣ ਕਰਕੇ ਸਾਨੂੰ ਤਾਜ਼ਗੀ ਅਤੇ ਖ਼ੁਸ਼ੀ ਮਿਲਦੀ ਹੈ। ਯਹੋਵਾਹ ਦੀ ਸੇਵਾ ਕਰਦਿਆਂ ਸਾਡੇ ਕੋਲ ਖ਼ੁਸ਼ ਹੋਣ ਦੇ ਕਾਰਨ ਹਨ। ਆਓ ਆਪਾਂ ਹੁਣ ਤਿੰਨ ਅਹਿਮ ਕਾਰਨਾਂ ’ਤੇ ਗੌਰ ਕਰੀਏ।​—ਹਬ. 3:18.

ਅਸੀਂ ਆਪਣੇ ਜੀਵਨਦਾਤੇ ਅਤੇ ਖ਼ੁਸ਼ਦਿਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। (ਰਸੂ. 17:28; 1 ਤਿਮੋ. 1:11) ਸਾਨੂੰ ਪਤਾ ਹੈ ਕਿ ਅਸੀਂ ਆਪਣੇ ਸਿਰਜਣਹਾਰ ਕਰਕੇ ਹੀ ਹੋਂਦ ਵਿਚ ਹਾਂ। ਇਸ ਲਈ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ ਭਾਵੇਂ ਸਾਨੂੰ ਬਪਤਿਸਮਾ ਲਏ ਨੂੰ ਜਿੰਨੇ ਮਰਜ਼ੀ ਸਾਲ ਹੋ ਗਏ ਹੋਣ।

ਏਕਤੋਰ ਆਪਣੀ ਉਮੀਦ ਨੂੰ ਯਾਦ ਰੱਖ ਕੇ ਅਤੇ ਯਹੋਵਾਹ ਦੀ ਸੇਵਾ ਕਰ ਕੇ ਆਪਣੀ ਖ਼ੁਸ਼ੀ ਬਰਕਰਾਰ ਰੱਖਦਾ ਹੈ

ਏਕਤੋਰ ਦੀ ਮਿਸਾਲ ਲਓ ਜਿਸ ਨੇ 40 ਸਾਲ ਸਫ਼ਰੀ ਨਿਗਾਹਬਾਨ ਵਜੋਂ ਯਹੋਵਾਹ ਦੀ ਸੇਵਾ ਕੀਤੀ। ਉਹ “ਬੁਢੇਪੇ ਵਿੱਚ ਵੀ” ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦਾ ਹੈ। (ਜ਼ਬੂ. 92:12-14) ਏਕਤੋਰ ਆਪਣੀ ਪਤਨੀ ਦੀ ਬੀਮਾਰੀ ਕਰਕੇ ਯਹੋਵਾਹ ਦੀ ਸੇਵਾ ਪਹਿਲਾਂ ਵਾਂਗ ਨਹੀਂ ਕਰ ਸਕਦਾ, ਪਰ ਉਸ ਨੇ ਆਪਣੀ ਖ਼ੁਸ਼ੀ ਗੁਆਚਣ ਨਹੀਂ ਦਿੱਤੀ। ਉਹ ਦੱਸਦਾ ਹੈ: “ਮੇਰੀ ਪਤਨੀ ਦੀ ਸਿਹਤ ਹੌਲੀ-ਹੌਲੀ ਵਿਗੜਦੀ ਜਾ ਰਹੀ ਹੈ ਅਤੇ ਉਸ ਦੀ ਦੇਖ-ਭਾਲ ਕਰਨੀ ਮੇਰੇ ਲਈ ਔਖੀ ਹੈ। ਪਰ ਇਸ ਕਾਰਨ ਕਰਕੇ ਮੈਂ ਯਹੋਵਾਹ ਦੀ ਸੇਵਾ ਵਿਚ ਮਿਲਣ ਵਾਲੀ ਖ਼ੁਸ਼ੀ ਗੁਆਚਣ ਨਹੀਂ ਦਿੱਤੀ। ਯਹੋਵਾਹ ਮਕਸਦ ਭਰੀ ਜ਼ਿੰਦਗੀ ਦੇਣ ਵਾਲਾ ਹੈ। ਇਹ ਕਾਰਨ ਮੇਰੇ ਲਈ ਉਸ ਨੂੰ ਦਿਲੋਂ ਪਿਆਰ ਕਰਨ ਅਤੇ ਉਸ ਦੀ ਸੇਵਾ ਦਿਲੋਂ ਕਰਨ ਲਈ ਕਾਫ਼ੀ ਹੈ। ਮੈਂ ਪ੍ਰਚਾਰ ਵਿਚ ਲੱਗੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਪਰਮੇਸ਼ੁਰ ਵੱਲੋਂ ਦਿੱਤੀ ਉਮੀਦ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖਦਾ ਹਾਂ ਤਾਂਕਿ ਮੇਰੀ ਖ਼ੁਸ਼ੀ ਬਣੀ ਰਹੇ।”

ਯਹੋਵਾਹ ਨੇ ਰਿਹਾਈ ਦੀ ਕੀਮਤ ਦਿੱਤੀ ਤਾਂਕਿ ਅਸੀਂ ਖ਼ੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਸੱਚ-ਮੁੱਚ “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਜੀ ਹਾਂ, ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਨ ਨਾਲ ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ ਅਤੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ। ਕੀ ਇਹ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦਾ ਵਧੀਆ ਕਾਰਨ ਨਹੀਂ ਹੈ? ਕੀ ਸਾਨੂੰ ਯਿਸੂ ਦੀ ਕੁਰਬਾਨੀ ਲਈ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਯਹੋਵਾਹ ਦੀ ਖ਼ੁਸ਼ੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਨਹੀਂ ਹੋਣਾ ਚਾਹੀਦਾ?

ਖ਼ੇਸੂਸ ਨੇ ਆਪਣੀ ਜ਼ਿੰਦਗੀ ਸਾਦੀ ਕਰ ਕੇ ਸਾਲਾਂ ਤਕ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕੀਤੀ

ਮੈਕਸੀਕੋ ਵਿਚ ਰਹਿਣ ਵਾਲੇ ਖ਼ੇਸੂਸ ਨਾਂ ਦਾ ਭਰਾ ਨੇ ਕਿਹਾ: “ਮੈਨੂੰ ਆਪਣੇ ਕੰਮ ਤੋਂ ਬਗੈਰ ਕੁਝ ਸੁੱਝਦਾ ਨਹੀਂ ਸੀ। ਕਈ ਵਾਰ ਮੈਂ ਲਗਾਤਾਰ ਪੰਜ-ਪੰਜ ਸ਼ਿਫ਼ਟਾਂ ਲਾਉਂਦਾ ਸੀ ਭਾਵੇਂ ਕਿ ਇੱਦਾਂ ਕਰਨਾ ਲਾਜ਼ਮੀ ਨਹੀਂ ਸੀ। ਮੈਂ ਸਿਰਫ਼ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਲਈ ਕੰਮ ਕਰਦਾ ਹੁੰਦਾ ਸੀ। ਫਿਰ ਮੈਂ ਯਹੋਵਾਹ ਬਾਰੇ ਸਿੱਖਿਆ ਅਤੇ ਜਾਣਿਆ ਕਿ ਕਿਵੇਂ ਉਸ ਨੇ ਮਨੁੱਖਜਾਤੀ ਲਈ ਆਪਣਾ ਪੁੱਤਰ ਕੁਰਬਾਨ ਕੀਤਾ। ਮੇਰੇ ਦਿਲ ਵਿਚ ਉਸ ਦੀ ਸੇਵਾ ਕਰਨ ਦੀ ਬਹੁਤ ਇੱਛਾ ਸੀ। ਇਸ ਲਈ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਨਾਲੇ ਮੈਂ ਜਿਸ ਕੰਪਨੀ ਵਿਚ 28 ਸਾਲ ਕੰਮ ਕੀਤਾ, ਉਹ ਕੰਮ ਛੱਡ ਦਿੱਤਾ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਲੱਗ ਪਿਆ।” ਉਦੋਂ ਤੋਂ ਮੈਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ।

ਗ਼ਲਤ ਕੰਮਾਂ ਤੋਂ ਦੂਰ ਰਹਿਣ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਕੀ ਤੁਹਾਨੂੰ ਯਾਦ ਹੈ ਕਿ ਯਹੋਵਾਹ ਨੂੰ ਜਾਣਨ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਸੀ? ਪੌਲੁਸ ਰਸੂਲ ਨੇ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ “ਪਹਿਲਾਂ ਪਾਪ ਦੇ ਗ਼ੁਲਾਮ” ਸਨ, ਪਰ ਫਿਰ ਉਹ “ਧਾਰਮਿਕਤਾ ਦੇ ਗ਼ੁਲਾਮ ਬਣ ਗਏ।” ਉਨ੍ਹਾਂ ਨੇ ‘ਧਾਰਮਿਕਤਾ ਅਨੁਸਾਰ ਚੱਲ’ ਕੇ ਫਲ ਪੈਦਾ ਕੀਤੇ ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਰੋਮੀ. 6:17-22) ਯਹੋਵਾਹ ਦੇ ਮਿਆਰਾਂ ’ਤੇ ਚੱਲਣ ਕਰਕੇ ਅਸੀਂ ਵੀ ਅਨੈਤਿਕ ਚਾਲ-ਚਲਣ ਅਤੇ ਹਿੰਸਾ ਤੋਂ ਦੂਰ ਰਹਿੰਦੇ ਹਾਂ ਕਿਉਂਕਿ ਇਹ ਕੰਮ ਕਰ ਕੇ ਜ਼ਿੰਦਗੀ ਵਿਚ ਦੁੱਖ ਆਉਂਦੇ ਹਨ। ਇਸ ਲਈ ਅਸੀਂ ਖ਼ੁਸ਼ ਹਾਂ।

“ਯਹੋਵਾਹ ਦੀ ਸੇਵਾ ਵਿਚ ਬਿਤਾਏ ਸਾਲ ਹੀ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀ ਭਰੇ ਸਾਲ ਹਨ।”—ਜੇਮੀ

ਜੇਮੀ ਦੀ ਮਿਸਾਲ ਲੈ ਲਓ ਜੋ ਰੱਬ ’ਤੇ ਨਹੀਂ, ਸਗੋਂ ਵਿਕਾਸਵਾਦ ’ਤੇ ਵਿਸ਼ਵਾਸ ਕਰਦਾ ਸੀ। ਉਹ ਬਾਕਸਿੰਗ ਕਰਦਾ ਸੀ। ਉਸ ਨੇ ਮਸੀਹੀ ਮੀਟਿੰਗਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਉਹ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਛੱਡਣ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਨਾਲੇ ਉਸ ਨੇ ਨਿਹਚਾ ਲਈ ਵੀ ਪ੍ਰਾਰਥਨਾ ਕੀਤੀ। ਉਹ ਦੱਸਦਾ ਹੈ: “ਹੌਲੀ-ਹੌਲੀ ਮੈਂ ਪਿਆਰੇ ਪਿਤਾ ਅਤੇ ਦਿਆਲੂ ਪਰਮੇਸ਼ੁਰ ਦੀ ਹੋਂਦ ਬਾਰੇ ਜਾਣਿਆ। ਯਹੋਵਾਹ ਦੇ ਧਰਮੀ ਮਿਆਰਾਂ ’ਤੇ ਚੱਲਣ ਕਰਕੇ ਮੇਰੀ ਰਾਖੀ ਹੋਈ। ਜੇ ਮੈਂ ਆਪਣੀ ਜ਼ਿੰਦਗੀ ਨਾ ਬਦਲਦਾ, ਤਾਂ ਸ਼ਾਇਦ ਮੈਂ ਵੀ ਬਾਕਸਿੰਗ ਖੇਡਣ ਵਾਲੇ ਆਪਣੇ ਪੁਰਾਣੇ ਦੋਸਤਾਂ ਵਾਂਗ ਮਾਰਿਆ ਜਾਂਦਾ। ਯਹੋਵਾਹ ਦੀ ਸੇਵਾ ਵਿਚ ਬਿਤਾਏ ਸਾਲ ਹੀ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀ ਭਰੇ ਸਾਲ ਹਨ।”

ਹਿੰਮਤ ਨਾ ਹਾਰੋ!

ਦੁਸ਼ਟ ਦੁਨੀਆਂ ਦੇ ਅੰਤ ਦੀ ਉਡੀਕ ਕਰਦਿਆਂ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? ਯਾਦ ਰੱਖੋ ਕਿ ਅਸੀਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। “ਇਸ ਲਈ, ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਫ਼ਸਲ ਜ਼ਰੂਰ ਵੱਢਾਂਗੇ।” (ਗਲਾ. 6:8, 9) ਯਹੋਵਾਹ ਦੀ ਮਦਦ ਨਾਲ ਆਓ ਆਪਾਂ ਧੀਰਜ ਰੱਖੀਏ, “ਮਹਾਂਕਸ਼ਟ” ਵਿੱਚੋਂ ਬਚ ਨਿਕਲਣ ਲਈ ਜ਼ਰੂਰੀ ਗੁਣ ਪੈਦਾ ਕਰੀਏ ਅਤੇ ਔਖੀਆਂ ਘੜੀਆਂ ਦੇ ਬਾਵਜੂਦ ਵੀ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ।​—ਪ੍ਰਕਾ. 7:9, 13, 14; ਯਾਕੂ. 1:2-4.

ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਸਾਨੂੰ ਆਪਣੇ ਧੀਰਜ ਦਾ ਇਨਾਮ ਮਿਲੇਗਾ। ਕਿਉਂ? ਕਿਉਂਕਿ ਪਰਮੇਸ਼ੁਰ ਸਾਡੇ ਕੰਮਾਂ ਨੂੰ ਜਾਣਦਾ ਹੈ ਅਤੇ ਉਹ ਉਸ ਪਿਆਰ ਨੂੰ ਜਾਣਦਾ ਹੈ ਜੋ ਅਸੀਂ ਉਸ ਲਈ ਅਤੇ ਉਸ ਦੇ ਨਾਂ ਲਈ ਦਿਖਾਉਂਦੇ ਹਾਂ। ਜੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿੰਦੇ ਹਾਂ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਬਣਾਂਗੇ ਜਿਸ ਨੇ ਲਿਖਿਆ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ।”​—ਜ਼ਬੂ. 16:8, 9.