ਜੀਵਨੀ
ਯਹੋਵਾਹ ਨੇ ਮੇਰੀ ਸੇਵਾ ’ਤੇ ਬਰਕਤ ਪਾਈ
ਮੈਂ ਅਫ਼ਸਰ ਨੂੰ ਦੱਸਿਆ ਕਿ ਯੁੱਧ ਵਿਚ ਹਿੱਸਾ ਨਾ ਲੈਣ ਕਰਕੇ ਮੈਂ ਪਹਿਲਾਂ ਹੀ ਜੇਲ੍ਹ ਜਾ ਚੁੱਕਾ ਸੀ। ਮੈਂ ਉਸ ਨੂੰ ਪੁੱਛਿਆ: “ਕੀ ਤੁਸੀਂ ਮੈਨੂੰ ਫਿਰ ਜੇਲ੍ਹ ਵਿਚ ਸੁੱਟ ਦਿਓਗੇ?” ਇਹ ਦੂਜੀ ਵਾਰ ਸੀ ਜਦੋਂ ਮੈਨੂੰ ਅਮਰੀਕਾ ਦੀ ਫ਼ੌਜ ਵਿਚ ਜ਼ਬਰਦਸਤੀ ਭਰਤੀ ਹੋਣ ਲਈ ਕਿਹਾ ਗਿਆ ਸੀ।
ਮੇਰਾ ਜਨਮ 1926 ਵਿਚ ਅਮਰੀਕਾ ਵਿਚ ਓਹੀਓ ਦੇ ਕਰੂਕਸਵਿਲ ਸ਼ਹਿਰ ਵਿਚ ਹੋਇਆ ਸੀ। ਮੇਰੇ ਮਾਪੇ ਧਾਰਮਿਕ ਖ਼ਿਆਲਾਂ ਦੇ ਨਹੀਂ ਸਨ, ਪਰ ਉਹ ਸਾਨੂੰ ਅੱਠਾਂ ਭੈਣਾਂ-ਭਰਾਵਾਂ ਨੂੰ ਚਰਚ ਜਾਣ ਲਈ ਕਹਿੰਦੇ ਸਨ। ਮੈਂ ਮੈਥੋਡਿਸਟ ਚਰਚ ਗਿਆ। 14 ਸਾਲ ਦੀ ਉਮਰ ਵਿਚ ਮੈਨੂੰ ਪਾਦਰੀ ਨੇ ਇਨਾਮ ਦਿੱਤਾ ਕਿਉਂਕਿ ਮੈਂ ਇਕ ਸਾਲ ਲਈ ਕਦੀ ਵੀ ਐਤਵਾਰ ਨੂੰ ਚਰਚ ਜਾਣ ਦਾ ਨਾਗਾ ਨਹੀਂ ਸੀ ਪਾਇਆ।
ਉਸ ਸਮੇਂ ਦੌਰਾਨ ਮਾਰਗਰਟ ਵੌਕਰ ਨਾਂ ਦੀ ਇਕ ਗੁਆਂਢਣ, ਜੋ ਇਕ ਯਹੋਵਾਹ ਦੀ ਗਵਾਹ ਸੀ, ਸਾਡੇ ਘਰ ਆਉਣ ਲੱਗ ਪਈ ਅਤੇ ਮੰਮੀ ਜੀ ਨਾਲ ਬਾਈਬਲ ਬਾਰੇ ਗੱਲਾਂ ਕਰਦੀ ਹੁੰਦੀ ਸੀ। ਇਕ ਦਿਨ ਮੈਂ ਵੀ ਸਟੱਡੀ ਵਿਚ ਬੈਠ ਗਿਆ। ਮੰਮੀ ਜੀ ਨੂੰ ਲੱਗਾ ਕਿ ਮੈਂ ਸਟੱਡੀ ਵਿਚ ਵਿਘਨ ਪਾਵਾਂਗਾ, ਇਸ ਲਈ ਉਨ੍ਹਾਂ ਨੇ ਮੈਨੂੰ ਘਰੋਂ ਬਾਹਰ ਜਾਣ ਨੂੰ ਕਿਹਾ। ਪਰ ਮੈਂ ਉਨ੍ਹਾਂ ਵਿਚ ਹੁੰਦੀ ਗੱਲਬਾਤ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਰਿਹਾ। ਦੋ-ਤਿੰਨ ਵਾਰ ਸਾਡੇ ਘਰ ਆਉਣ ਤੋਂ ਬਾਅਦ ਮਾਰਗਰਟ ਨੇ ਮੈਨੂੰ ਪੁੱਛਿਆ: “ਤੈਨੂੰ ਪਤਾ ਰੱਬ ਦਾ ਨਾਂ ਕੀ ਹੈ?” ਮੈਂ ਕਿਹਾ: “ਸਾਰਿਆਂ ਨੂੰ ਪਤਾ ਹੈ ਕਿ ਉਸ ਦਾ ਨਾਂ ਰੱਬ ਹੈ।” ਉਸ ਨੇ ਕਿਹਾ: “ਆਪਣੀ ਬਾਈਬਲ ਲੈ ਕੇ ਆ ਅਤੇ ਉਸ ਵਿੱਚੋਂ ਜ਼ਬੂਰ 83:18 ਪੜ੍ਹ।” ਮੈਂ ਇੱਦਾਂ ਹੀ ਕੀਤਾ ਅਤੇ ਜਾਣਿਆ ਕਿ ਰੱਬ ਦਾ ਨਾਂ ਯਹੋਵਾਹ ਹੈ। ਮੈਂ ਭੱਜਾ-ਭੱਜਾ ਆਪਣੇ ਦੋਸਤਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਨੂੰ ਘਰ ਜਾ ਕੇ ਤੁਸੀਂ ਬਾਈਬਲ ਵਿੱਚੋਂ ਜ਼ਬੂਰ 83:18 ਪੜ੍ਹਿਓ ਅਤੇ ਦੇਖਿਓ ਕਿ ਰੱਬ ਦਾ ਨਾਂ ਕੀ ਹੈ।” ਤੁਸੀਂ ਕਹਿ ਸਕਦੇ ਹੋ ਕਿ ਮੈਂ ਉਸੇ ਵੇਲੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਮੈਂ ਬਾਈਬਲ ਅਧਿਐਨ ਕੀਤਾ ਅਤੇ 1941 ਵਿਚ ਬਪਤਿਸਮਾ ਲੈ ਲਿਆ। ਇਸ ਤੋਂ ਜਲਦੀ ਬਾਅਦ ਮੈਨੂੰ ਬੁੱਕ ਸਟੱਡੀ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਮੈਂ ਆਪਣੇ ਮੰਮੀ ਜੀ ਅਤੇ ਭੈਣ-ਭਰਾਵਾਂ ਨੂੰ ਆਉਣ ਲਈ ਕਿਹਾ ਅਤੇ ਉਨ੍ਹਾਂ ਨੇ ਬੁੱਕ ਸਟੱਡੀ ਵਿਚ ਆਉਣਾ ਸ਼ੁਰੂ ਕਰ ਦਿੱਤਾ। ਪਰ ਡੈਡੀ ਜੀ ਨੂੰ ਬਾਈਬਲ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ।
ਘਰਦਿਆਂ ਵੱਲੋਂ ਵਿਰੋਧ
ਮੈਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਮੈਂ ਘਰ ਵਿਚ ਸੰਗਠਨ ਦੇ ਬਹੁਤ ਸਾਰੇ ਪ੍ਰਕਾਸ਼ਨ ਰੱਖ ਲਏ। ਇਕ ਦਿਨ ਡੈਡੀ ਜੀ ਨੇ ਮੇਰੀਆਂ ਕਿਤਾਬਾਂ ਵੱਲ ਇਸ਼ਾਰਾ ਕਰਦਿਆਂ ਕਿਹਾ: “ਆਹ ਜਿਹੜੀਆਂ ਕਿਤਾਬਾਂ ਤੂੰ ਰੱਖੀਆਂ, ਇਹ ਚੁੱਕ ਕੇ ਬਾਹਰ ਸੁੱਟ ਤੇ ਤੂੰ ਵੀ ਚੱਲਦਾ ਬਣ।” ਮੈਂ ਘਰੋਂ ਚਲਾ ਗਿਆ ਅਤੇ ਓਹੀਓ ਦੇ ਜ਼ਾਨਸਵਿਲ ਸ਼ਹਿਰ ਦੇ ਨੇੜੇ ਰਹਿਣ ਲੱਗ ਪਿਆ, ਪਰ ਮੈਂ ਆਪਣੇ ਪਰਿਵਾਰ ਨੂੰ ਹੌਸਲਾ ਦੇਣ ਲਈ ਘਰ ਜਾਂਦਾ ਰਹਿੰਦਾ ਸੀ।
ਡੈਡੀ ਜੀ ਮੰਮੀ ਨੂੰ ਮੀਟਿੰਗਾਂ ਵਿਚ ਜਾਣ ਤੋਂ ਰੋਕਦੇ ਸਨ। ਕਈ ਵਾਰ ਜਦੋਂ ਮੰਮੀ ਜੀ ਮੀਟਿੰਗ ’ਤੇ ਜਾ ਰਹੇ ਹੁੰਦੇ ਸਨ, ਉਦੋਂ ਡੈਡੀ ਜੀ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਘੜੀਸ ਕੇ ਘਰ ਲੈ ਆਉਂਦੇ ਸਨ। ਪਰ ਮੰਮੀ ਜੀ ਨੱਠ ਕੇ ਦੂਜੇ ਦਰਵਾਜ਼ੇ ਰਾਹੀਂ ਮੀਟਿੰਗ ’ਤੇ ਚਲੇ ਜਾਂਦੇ ਸਨ। ਮੈਂ ਮੰਮੀ ਜੀ ਨੂੰ ਕਿਹਾ: “ਮੰਮੀ ਜੀ, ਫ਼ਿਕਰ ਨਾ ਕਰੋ। ਡੈਡੀ ਜੀ ਤੁਹਾਡੇ ਪਿੱਛੇ-ਪਿੱਛੇ ਭੱਜਦੇ ਥੱਕ ਜਾਣਗੇ।” ਸਮੇਂ ਦੇ ਬੀਤਣ ਨਾਲ ਡੈਡੀ ਜੀ ਨੇ ਉਨ੍ਹਾਂ ਨੂੰ ਰੋਕਣਾ ਬੰਦ ਕਰ ਦਿੱਤਾ ਅਤੇ ਮੰਮੀ ਜੀ ਬਿਨਾਂ ਵਿਰੋਧ ਤੋਂ ਮੀਟਿੰਗਾਂ ’ਤੇ ਆਉਣ ਲੱਗ ਪਏ।
1943 ਵਿਚ ਸਾਡੀ ਮੰਡਲੀ ਵਿਚ ਬਾਈਬਲ ਸਿਖਲਾਈ ਸਕੂਲ ਸ਼ੁਰੂ ਹੋਇਆ ਅਤੇ ਮੈਂ ਉਸ ਵਿਚ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਭਾਸ਼ਣ ਦੇਣ ਤੋਂ ਬਾਅਦ ਦਿੱਤੀ ਜਾਂਦੀ ਸਲਾਹ ਕਰਕੇ ਮੈਂ ਆਪਣੀ ਬੋਲਣ ਦੀ ਕਾਬਲੀਅਤ ਨੂੰ ਨਿਖਾਰ ਸਕਿਆ।
ਯੁੱਧ ਦੌਰਾਨ ਨਿਰਪੱਖਤਾ
ਮੈਨੂੰ 1944 ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਮੈਂ ਓਹੀਓ, ਕੋਲੰਬਸ ਦੇ ਫੌਰਟ ਹੇਜ਼ ਸ਼ਹਿਰ ਵਿਚ ਗਿਆ ਜਿੱਥੇ ਮੇਰੀ ਸਰੀਰਕ ਜਾਂਚ-ਪੜਤਾਲ ਕੀਤੀ ਗਈ ਅਤੇ ਮੈਂ ਫ਼ਾਰਮ ਵੀ ਭਰੇ। ਪਰ ਮੈਂ ਅਫ਼ਸਰਾਂ ਨੂੰ ਦੱਸਿਆ ਕਿ ਮੈਂ ਫੌਜੀ ਨਹੀਂ ਬਣਾਂਗਾ। ਉਨ੍ਹਾਂ ਨੇ ਮੈਨੂੰ ਜਾਣ ਦਿੱਤਾ। ਪਰ ਕੁਝ ਦਿਨਾਂ ਬਾਅਦ ਇਕ ਅਫ਼ਸਰ ਮੇਰੇ ਘਰ ਆਇਆ ਅਤੇ ਮੈਨੂੰ ਕਿਹਾ: “ਕੋਰਵਾਨ ਰੋਬਿਸਨ, ਮੇਰੇ ਕੋਲ ਤੈਨੂੰ ਗਿਰਫ਼ਤਾਰ ਕਰਨ ਲਈ ਵਾਰੰਟ ਹੈ।”
ਦੋ ਹਫ਼ਤੇ ਬਾਅਦ ਅਦਾਲਤ ਵਿਚ ਜੱਜ ਨੇ ਕਿਹਾ: “ਜੇ ਮੇਰੇ ਹੱਥ-ਵੱਸ ਹੁੰਦਾ, ਤਾਂ ਮੈਂ ਤੈਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਾ। ਕੀ ਤੂੰ ਕੁਝ ਕਹਿਣਾ ਚਾਹੁੰਦਾ?” ਮੈਂ ਕਿਹਾ: “ਜੱਜ ਸਾਹਿਬ, ਮੈਨੂੰ ਧਰਮ ਦਾ ਪ੍ਰਚਾਰਕ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਮੈਂ ਘਰ-ਘਰ ਜਾ ਕੇ ਪ੍ਰਚਾਰ ਕਰਨਾ ਹੈ ਅਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ।” ਜੱਜ ਨੇ ਨਿਆਂ-ਸਭਾ ਨੂੰ ਕਿਹਾ: “ਤੁਸੀਂ ਇਹ ਫ਼ੈਸਲਾ ਨਹੀਂ ਕਰਨਾ ਕਿ ਇਸ ਨੂੰ ਧਰਮ ਦਾ ਪ੍ਰਚਾਰਕ ਕਰਾਰ ਦਿੱਤਾ ਜਾਣਾ ਚਾਹੀਦਾ ਕਿ ਨਹੀਂ। ਪਰ ਤੁਸੀਂ ਇਹ ਫ਼ੈਸਲਾ ਕਰਨਾ ਹੈ ਕਿ ਇਸ ਨੂੰ ਫ਼ੌਜ ਵਿਚ ਭਰਤੀ ਹੋਣਾ ਚਾਹੀਦਾ ਹੈ ਕਿ ਨਹੀਂ।” ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਨਿਆਂ-ਸਭਾ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਮੈਨੂੰ ਦੋਸ਼ੀ ਕਰਾਰ ਦਿੱਤਾ। ਜੱਜ ਨੇ ਮੈਨੂੰ ਕੈਂਟਕੀ ਪ੍ਰਾਂਤ ਦੇ ਐਸ਼ਲੈਂਡ ਦੇ ਕੈਦਖ਼ਾਨੇ ਵਿਚ ਪੰਜ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ।
ਯਹੋਵਾਹ ਨੇ ਜੇਲ੍ਹ ਵਿਚ ਮੈਨੂੰ ਸੰਭਾਲਿਆ
ਮੈਂ ਆਪਣੀ ਸਜ਼ਾ ਦੇ ਪਹਿਲੇ ਦੋ ਹਫ਼ਤੇ ਕੋਲੰਬਸ, ਓਹੀਓ ਦੀ ਜੇਲ੍ਹ ਵਿਚ ਕੱਟੇ ਅਤੇ ਪਹਿਲੇ ਦਿਨ ਮੈਂ ਆਪਣੀ ਕੋਠੜੀ ਵਿੱਚੋਂ ਬਾਹਰ ਹੀ ਨਹੀਂ ਆਇਆ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਯਹੋਵਾਹ, ਮੈਂ ਪੰਜ ਸਾਲਾਂ ਲਈ ਇਸ ਕੋਠੜੀ ਵਿਚ ਨਹੀਂ ਰਹਿ ਸਕਦਾ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ?”
ਅਗਲੇ ਦਿਨ ਪਹਿਰੇਦਾਰਾਂ ਨੇ ਮੈਨੂੰ ਮੇਰੀ ਕੋਠੜੀ ਵਿੱਚੋਂ ਬਾਹਰ ਜਾਣ ਦਿੱਤਾ। ਮੈਂ ਇਕ ਲੰਬੇ ਤੇ ਹੱਟੇ-ਕੱਟੇ ਕੈਦੀ ਕੋਲ ਗਿਆ ਅਤੇ ਅਸੀਂ ਤਾਕੀ ਤੋਂ ਬਾਹਰ ਦੇਖਣ ਲੱਗ ਪਏ। ਉਸ ਨੇ ਮੈਨੂੰ ਪੁੱਛਿਆ: “ਯਾਰ, ਤੂੰ ਕੀ ਕੀਤਾ ਸੀ?” ਮੈਂ ਕਿਹਾ: “ਮੈਂ ਯਹੋਵਾਹ
ਦਾ ਗਵਾਹ ਹਾਂ।” ਉਸ ਨੇ ਕਿਹਾ: “ਸੱਚੀਂ? ਤਾਂ ਫਿਰ ਤੂੰ ਇੱਥੇ ਕਿੱਦਾਂ?” ਮੈਂ ਕਿਹਾ: “ਯਹੋਵਾਹ ਦੇ ਗਵਾਹ ਯੁੱਧ ਵਿਚ ਹਿੱਸਾ ਨਹੀਂ ਲੈਂਦੇ ਅਤੇ ਲੋਕਾਂ ਨੂੰ ਨਹੀਂ ਮਾਰਦੇ।” ਉਸ ਨੇ ਕਿਹਾ: “ਤੂੰ ਜੇਲ੍ਹ ਵਿਚ ਇਸ ਕਰਕੇ ਹੈਂ ਕਿਉਂਕਿ ਤੂੰ ਲੋਕਾਂ ਨੂੰ ਨਹੀਂ ਮਾਰਦਾ, ਜਦ ਕਿ ਹੋਰ ਲੋਕ ਇਸ ਲਈ ਜੇਲ੍ਹ ਵਿਚ ਹਨ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਮਾਰਿਆ ਹੈ। ਇਹ ਕੋਈ ਗੱਲ ਬਣੀ?” ਮੈਂ ਕਿਹਾ: “ਨਹੀਂ।”ਫਿਰ ਉਸ ਨੇ ਕਿਹਾ: “ਮੈਂ 15 ਸਾਲ ਕਿਸੇ ਹੋਰ ਜੇਲ੍ਹ ਵਿਚ ਸੀ ਜਿੱਥੇ ਮੈਂ ਤੁਹਾਡੇ ਕੁਝ ਪ੍ਰਕਾਸ਼ਨ ਪੜ੍ਹੇ ਸਨ।” ਉਸ ਦੇ ਗੱਲ ਕਰਦਿਆਂ ਮੈਂ ਪ੍ਰਾਰਥਨਾ ਕੀਤੀ: “ਯਹੋਵਾਹ ਇਹ ਆਦਮੀ ਮੇਰੀ ਮਦਦ ਕਰੇ।” ਉਸ ਵੇਲੇ ਪੌਲ ਨਾਂ ਦੇ ਉਸ ਆਦਮੀ ਨੇ ਮੈਨੂੰ ਕਿਹਾ: “ਜੇ ਕੋਈ ਵੀ ਤੈਨੂੰ ਹੱਥ ਲਾਵੇ, ਤਾਂ ਮੈਨੂੰ ਦੱਸੀਂ। ਮੈਂ ਇਨ੍ਹਾਂ ਨੂੰ ਸੂਤ ਕਰਾਂਗਾ।” ਇਸ ਕਰਕੇ ਜੇਲ੍ਹ ਦੇ ਜਿਸ ਹਿੱਸੇ ਵਿਚ ਮੈਨੂੰ ਰੱਖਿਆ ਗਿਆ ਸੀ, ਉਸ ਵਿਚ ਰਹਿੰਦੇ 50 ਕੈਦੀਆਂ ਨੇ ਮੈਨੂੰ ਕਦੀ ਕੁਝ ਨਹੀਂ ਕਿਹਾ।
ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਮੈਨੂੰ ਐਸ਼ਲੈਂਡ ਦੇ ਕੈਦਖ਼ਾਨੇ ਵਿਚ ਭੇਜਿਆ, ਤਾਂ ਮੈਨੂੰ ਉੱਥੇ ਸੱਚਾਈ ਵਿਚ ਮਜ਼ਬੂਤ ਭਰਾ ਮਿਲੇ। ਉਨ੍ਹਾਂ ਦੀ ਸੰਗਤੀ ਕਰਕੇ ਮੇਰੀ ਅਤੇ ਹੋਰਨਾਂ ਦੀ ਸੱਚਾਈ ਵਿਚ ਪੱਕੇ ਰਹਿਣ ਵਿਚ ਮਦਦ ਹੋਈ। ਉਹ ਸਾਨੂੰ ਮੀਟਿੰਗਾਂ ਲਈ ਹਰ ਹਫ਼ਤੇ ਬਾਈਬਲ ਰੀਡਿੰਗ ਦਾ ਭਾਗ ਪੇਸ਼ ਕਰਨ ਦੀ ਜ਼ਿੰਮੇਵਾਰੀ ਦਿੰਦੇ ਸਨ ਅਤੇ ਅਸੀਂ ਉਸ ਲਈ ਸਵਾਲ-ਜਵਾਬ ਤਿਆਰ ਕਰਦੇ ਸੀ। ਉੱਥੇ ਇਕ ਭਰਾ ਪ੍ਰਚਾਰ ਲਈ ਇਲਾਕਾ ਦਿੰਦਾ ਸੀ। ਅਸੀਂ ਇਕ ਵੱਡੇ ਕਮਰੇ ਵਿਚ ਰਹਿੰਦੇ ਸੀ ਜਿੱਥੇ ਕੰਧਾਂ ਨਾਲ ਬੈੱਡ ਲੱਗੇ ਹੋਏ ਸਨ। ਇਲਾਕਾ ਦੇਣ ਵਾਲਾ ਭਰਾ ਮੈਨੂੰ ਕਹਿੰਦਾ ਸੀ: “ਰੋਬਿਸਨ, ਤੂੰ ਇਹ-ਇਹ ਬੈੱਡ ਵਾਲੇ ਨੂੰ ਪ੍ਰਚਾਰ ਕਰਨਾ ਹੈ। ਜਿਨ੍ਹਾਂ ਨੂੰ ਵੀ ਇਹ ਬੈੱਡ ਮਿਲਣ, ਤੂੰ ਉਨ੍ਹਾਂ ਨੂੰ ਪ੍ਰਚਾਰ ਕਰਨਾ ਹੈ, ਇਹ ਤੇਰਾ ਪ੍ਰਚਾਰ ਦਾ ਇਲਾਕਾ ਹੈ। ਜਿਨ੍ਹਾਂ ਆਦਮੀਆਂ ਦੇ ਵੀ ਇਹ ਬੈੱਡ ਹੋਣ, ਉਨ੍ਹਾਂ ਦੇ ਰਿਹਾ ਹੋਣ ਤੋਂ ਪਹਿਲਾਂ-ਪਹਿਲਾਂ ਤੂੰ ਉਨ੍ਹਾਂ ਨੂੰ ਪ੍ਰਚਾਰ ਕਰਨਾ ਹੈ।” ਇਸ ਤਰ੍ਹਾਂ ਅਸੀਂ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕੇ।
ਜੇਲ੍ਹ ਤੋਂ ਛੁੱਟਣ ਤੋਂ ਬਾਅਦ
1945 ਵਿਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਸੀ, ਪਰ ਫਿਰ ਵੀ ਮੈਨੂੰ ਕੁਝ ਸਮੇਂ ਲਈ ਜੇਲ੍ਹ ਵਿਚ ਰਹਿਣਾ ਪਿਆ। ਮੈਨੂੰ ਆਪਣੇ ਪਰਿਵਾਰ ਦਾ ਫ਼ਿਕਰ ਸੀ ਕਿਉਂਕਿ ਡੈਡੀ ਜੀ ਨੇ ਕਿਹਾ ਸੀ: “ਪਹਿਲਾਂ ਤੈਨੂੰ ਘਰੋਂ ਕੱਢਾਂ, ਬਾਕੀਆਂ ਨੂੰ ਮੈਂ ਆਪੇ ਦੇਖ ਲਊਂ।” ਜੇਲ੍ਹ ਤੋਂ ਛੁੱਟਣ ਤੋਂ ਬਾਅਦ ਮੈਨੂੰ ਬਹੁਤ ਖ਼ੁਸ਼ੀ ਹੋਈ। ਡੈਡੀ ਜੀ ਦੇ ਵਿਰੋਧ ਦੇ ਬਾਵਜੂਦ ਵੀ ਮੇਰੇ ਪਰਿਵਾਰ ਦੇ ਸੱਤ ਮੈਂਬਰ ਮੀਟਿੰਗ ਵਿਚ ਜਾ ਰਹੇ ਸਨ ਅਤੇ ਮੇਰੀ ਇਕ ਛੋਟੀ ਭੈਣ ਨੇ ਬਪਤਿਸਮਾ ਲੈ ਲਿਆ।
ਜਦੋਂ 1950 ਵਿਚ ਕੋਰੀਆ ਵਿਚ ਯੁੱਧ ਛਿੜ ਪਿਆ, ਤਾਂ ਮੈਨੂੰ ਦੂਜੀ ਵਾਰ ਫ਼ੌਜ ਵਿਚ ਭਰਤੀ ਹੋਣ ਲਈ ਫੌਰਟ ਹੇਜ਼ ਸ਼ਹਿਰ ਬੁਲਾਇਆ ਗਿਆ। ਇਕ ਟੈੱਸਟ ਲੈਣ ਤੋਂ ਬਾਅਦ ਅਫ਼ਸਰ ਨੇ ਕਿਹਾ: “ਤੂੰ ਉਨ੍ਹਾਂ ਲੋਕਾਂ ਵਿੱਚੋਂ ਹੈਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਨੰਬਰ ਲਏ ਹਨ।” ਮੈਂ ਕਿਹਾ: “ਇਹ ਤਾਂ ਠੀਕ ਹੈ, ਪਰ ਮੈਂ ਫ਼ੌਜ ਵਿਚ ਭਰਤੀ ਨਹੀਂ ਹੋਣਾ।” ਮੈਂ 2 ਤਿਮੋਥਿਉਸ 2:3 ਦਾ ਹਵਾਲਾ ਦਿੱਤਾ ਅਤੇ ਕਿਹਾ: “ਮੈਂ ਤਾਂ ਪਹਿਲਾਂ ਹੀ ਮਸੀਹ ਦਾ ਫ਼ੌਜੀ ਹਾਂ।” ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਕਿਹਾ: “ਤੂੰ ਜਾ ਸਕਦਾ।”
ਇਸ ਤੋਂ ਜਲਦੀ ਬਾਅਦ ਮੈਂ ਓਹੀਓ ਦੇ ਸਿਨਸਿਨਾਟੀ ਸ਼ਹਿਰ ਵਿਚ ਹੋਏ ਵੱਡੇ ਸੰਮੇਲਨ ਵਿਚ ਬੈਥਲ ਜਾਣ ਲਈ ਮੀਟਿੰਗ ਵਿਚ ਹਾਜ਼ਰ ਹੋਇਆ। ਭਰਾ ਮਿਲਟਨ ਹੈੱਨਸ਼ਲ ਨੇ ਸਾਨੂੰ ਕਿਹਾ ਕਿ ਬੈਥਲ ਵਿਚ ਰਾਜ ਦੇ ਕੰਮ ਲਈ ਮਿਹਨਤੀ ਭਰਾਵਾਂ ਦੀ ਲੋੜ ਸੀ। ਮੈਂ ਬੈਥਲ ਸੇਵਾ ਲਈ ਫ਼ਾਰਮ ਭਰ ਦਿੱਤਾ ਅਤੇ ਮੈਨੂੰ ਬੈਥਲ ਬੁਲਾ ਲਿਆ ਗਿਆ। ਮੈਂ ਅਗਸਤ 1954 ਵਿਚ ਬਰੁਕਲਿਨ ਬੈਥਲ ਚਲਾ ਗਿਆ ਅਤੇ ਉਸ ਸਮੇਂ ਤੋਂ ਮੈਂ ਉੱਥੇ ਹੀ ਸੇਵਾ ਕਰ ਰਿਹਾ ਹਾਂ।
ਬੈਥਲ ਵਿਚ ਮੈਨੂੰ ਕਦੇ ਕੰਮ ਦੀ ਘਾਟ ਨਹੀਂ ਸੀ। ਕਈ ਸਾਲ ਮੈਂ ਛਾਪੇਖ਼ਾਨੇ ਅਤੇ ਆਫ਼ਿਸਾਂ ਵਿਚ ਪਾਣੀ ਗਰਮ ਕਰਨ ਵਾਲੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਸਾਂਭ-ਸੰਭਾਲ ਦਾ ਕੰਮ ਕੀਤਾ। ਮੈਂ ਹੋਰ ਮਸ਼ੀਨਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਜਿੰਦਿਆਂ ਨੂੰ ਵੀ ਠੀਕ ਕਰਦਾ ਸੀ। ਮੈਂ ਨਿਊਯਾਰਕ ਸਿਟੀ ਦੇ ਅਸੈਂਬਲੀ ਹਾਲਾਂ ਵਿਚ ਵੀ ਕੰਮ ਕੀਤਾ।
ਮੈਨੂੰ ਬੈਥਲ ਦੀ ਜ਼ਿੰਦਗੀ ਬਹੁਤ ਪਸੰਦ ਹੈ ਕਿਉਂਕਿ ਇੱਥੇ ਸਵੇਰ ਨੂੰ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਤੋਂ ਚਰਚਾ ਹੁੰਦੀ ਹੈ ਅਤੇ ਹਰ ਹਫ਼ਤੇ ਬੈਥਲ ਪਰਿਵਾਰ ਮਿਲ ਕੇ ਪਹਿਰਾਬੁਰਜ ਅਧਿਐਨ ਕਰਦਾ ਹੈ। ਨਾਲੇ ਮੈਨੂੰ ਮੰਡਲੀ ਨਾਲ ਪ੍ਰਚਾਰ ਕਰ ਕੇ ਵੀ ਚੰਗਾ ਲੱਗਦਾ ਹੈ। ਕਿਹਾ ਜਾਵੇ, ਤਾਂ ਸਾਰੇ ਗਵਾਹਾਂ ਦੇ ਪਰਿਵਾਰਾਂ ਨੂੰ ਇੱਦਾਂ ਕਰਨਾ ਚਾਹੀਦਾ ਹੈ। ਜਦੋਂ ਮਾਪੇ ਅਤੇ ਬੱਚੇ ਮਿਲ ਕੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਤੋਂ ਚਰਚਾ ਕਰਦੇ ਹਨ, ਪਰਿਵਾਰਕ ਸਟੱਡੀ ਕਰਦੇ ਹਨ, ਮੀਟਿੰਗਾਂ ਅਤੇ ਪ੍ਰਚਾਰ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲੈਂਦੇ ਹਨ, ਤਾਂ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੋ ਸਕਦਾ ਹੈ।
ਮੈਂ ਬੈਥਲ ਅਤੇ ਮੰਡਲੀ ਵਿਚ ਬਹੁਤ ਸਾਰੇ ਦੋਸਤ ਬਣਾਏ। ਕੁਝ ਚੁਣੇ ਹੋਏ ਸਨ ਅਤੇ ਹੁਣ ਉਹ ਆਪਣਾ ਸਵਰਗੀ ਇਨਾਮ ਪ੍ਰਾਪਤ ਕਰ ਚੁੱਕੇ ਹਨ। ਕੁਝ ਨੂੰ ਧਰਤੀ ’ਤੇ ਰਹਿਣ ਦੀ ਉਮੀਦ ਹੈ। ਪਰ ਯਹੋਵਾਹ ਦੇ ਸਾਰੇ ਸੇਵਕਾਂ, ਇੱਥੋਂ ਤਕ ਕਿ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ, ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ। ਜੇ ਕਿਸੇ ਭੈਣ ਜਾਂ ਭਰਾ ਨਾਲ ਮੇਰੀ ਅਣਬਣ ਹੋ ਜਾਂਦੀ ਹੈ, ਤਾਂ ਮੈਂ ਹਮੇਸ਼ਾ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਮੱਤੀ 5:23, 24 ਬਾਰੇ ਸੋਚਦਾ ਹਾਂ ਕਿ ਸਾਨੂੰ ਆਪਸੀ ਅਣਬਣ ਨੂੰ ਕਿਵੇਂ ਖ਼ਤਮ ਕਰਨਾ ਚਾਹੀਦਾ ਹੈ। ਮਾਫ਼ੀ ਮੰਗਣੀ ਸੌਖੀ ਨਹੀਂ ਹੁੰਦੀ, ਪਰ ਮੈਂ ਦੇਖਿਆ ਹੈ ਕਿ ਮਾਫ਼ੀ ਮੰਗਣ ਤੋਂ ਬਾਅਦ ਮੈਂ ਜ਼ਿਆਦਾਤਰ ਭੈਣਾਂ-ਭਰਾਵਾਂ ਨਾਲ ਵਧੀਆ ਰਿਸ਼ਤਾ ਬਣਾ ਸਕਿਆ ਹਾਂ।
ਸੇਵਾ ਦੇ ਚੰਗੇ ਨਤੀਜੇ
ਵੱਡੀ ਉਮਰ ਹੋਣ ਕਰਕੇ ਮੇਰੇ ਲਈ ਹੁਣ ਘਰ-ਘਰ ਪ੍ਰਚਾਰ ਕਰਨਾ ਔਖਾ ਹੋ ਗਿਆ ਹੈ, ਪਰ ਮੈਂ ਅਜੇ ਹਾਰ ਨਹੀਂ ਮੰਨੀ ਹੈ।
ਮੈਂ ਥੋੜ੍ਹੀ-ਬਹੁਤੀ ਚੀਨੀ ਮੈਂਦਾਰਿਨ ਭਾਸ਼ਾ ਸਿੱਖੀ ਹੈ ਅਤੇ ਮੈਨੂੰ ਸੜਕ ’ਤੇ ਚੀਨੀ ਲੋਕਾਂ ਨੂੰ ਗਵਾਹੀ ਦੇ ਕੇ ਖ਼ੁਸ਼ੀ ਹੁੰਦੀ ਹੈ। ਕਈ ਵੇਲੇ ਮੈਂ ਸਵੇਰ ਨੂੰ ਪ੍ਰਚਾਰ ਕਰਦਿਆਂ ਦਿਲਚਸਪੀ ਰੱਖਣ ਵਾਲਿਆਂ ਨੂੰ 30 ਜਾਂ 40 ਕੁ ਰਸਾਲੇ ਦਿੰਦਾ ਹਾਂ।ਮੈਂ ਚੀਨ ਵਿਚ ਆਪਣੀ ਰਿਟਰਨ ਵਿਜ਼ਿਟ ਵੀ ਕੀਤੀ। ਇਕ ਦਿਨ ਇਕ ਨੌਜਵਾਨ ਕੁੜੀ ਮੇਰੇ ਵੱਲ ਦੇਖ ਕੇ ਮੁਸਕਰਾਈ ਜਦੋਂ ਉਹ ਫਲਾਂ ਦੀ ਰੇੜ੍ਹੀ ਸੰਬੰਧੀ ਇਸ਼ਤਿਹਾਰ ਵੰਡ ਰਹੀ ਸੀ। ਮੈਂ ਮੁਸਕਰਾਉਂਦਿਆਂ ਉਸ ਨੂੰ ਚੀਨੀ ਭਾਸ਼ਾ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕੀਤੇ। ਉਸ ਨੇ ਰਸਾਲੇ ਲਏ ਅਤੇ ਆਪਣਾ ਨਾਂ ਕੇਟੀ ਦੱਸਿਆ। ਇਸ ਤੋਂ ਬਾਅਦ ਉਹ ਜਦੋਂ ਵੀ ਮੈਨੂੰ ਦੇਖਦੀ, ਉਹ ਆ ਕੇ ਮੇਰੇ ਨਾਲ ਗੱਲ ਕਰਦੀ ਸੀ। ਮੈਂ ਉਸ ਨੂੰ ਅੰਗ੍ਰੇਜ਼ੀ ਵਿਚ ਫਲਾਂ ਅਤੇ ਸਬਜ਼ੀਆਂ ਦੇ ਨਾਂ ਸਿਖਾਏ ਅਤੇ ਉਹ ਮੇਰੇ ਪਿੱਛੇ-ਪਿੱਛੇ ਇਹ ਨਾਂ ਬੋਲਦੀ ਸੀ। ਮੈਂ ਉਸ ਨੂੰ ਬਾਈਬਲ ਦੀਆਂ ਗੱਲਾਂ ਵੀ ਸਮਝਾਈਆਂ ਅਤੇ ਉਸ ਨੇ ਮੇਰੇ ਤੋਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲਈ। ਪਰ ਕੁਝ ਹਫ਼ਤਿਆਂ ਬਾਅਦ ਉਹ ਕਿਤੇ ਗਾਇਬ ਹੀ ਹੋ ਗਈ।
ਮਹੀਨਿਆਂ ਬਾਅਦ ਇਕ ਹੋਰ ਕੁੜੀ ਇਸ਼ਤਿਹਾਰ ਵੰਡ ਰਹੀ ਸੀ ਜਿਸ ਨੂੰ ਮੈਂ ਰਸਾਲੇ ਦਿੱਤੇ। ਅਗਲੇ ਹਫ਼ਤੇ ਉਸ ਨੇ ਮੈਨੂੰ ਆਪਣਾ ਮੋਬਾਇਲ ਦਿੱਤਾ ਅਤੇ ਕਿਹਾ: “ਚੀਨ ਵਿਚ ਗੱਲ ਕਰੋ।” ਮੈਂ ਕਿਹਾ: “ਮੈਂ ਚੀਨ ਵਿਚ ਕਿਸੇ ਨੂੰ ਨਹੀਂ ਜਾਣਦਾ।” ਪਰ ਉਸ ਨੇ ਮੇਰੇ ’ਤੇ ਜ਼ੋਰ ਪਾਇਆ, ਇਸ ਲਈ ਮੈਂ ਫ਼ੋਨ ਲੈ ਕੇ ਕਿਹਾ: “ਹੈਲੋ, ਮੈਂ ਰੋਬਿਸਨ ਬੋਲ ਰਿਹਾ ਹਾਂ।” ਦੂਜੇ ਪਾਸਿਓਂ ਆਵਾਜ਼ ਆਈ: “ਰੋਬੀ, ਮੈਂ ਕੇਟੀ ਬੋਲ ਰਹੀ ਹਾਂ। ਮੈਂ ਚੀਨ ਵਾਪਸ ਆ ਗਈ ਹਾਂ।” ਮੈਂ ਕਿਹਾ: “ਚੀਨ?” ਕੇਟੀ ਨੇ ਜਵਾਬ ਦਿੱਤਾ: “ਹਾਂ। ਰੋਬੀ ਤੁਹਾਨੂੰ ਪਤਾ ਜਿਹੜੀ ਕੁੜੀ ਨੇ ਤੁਹਾਨੂੰ ਫ਼ੋਨ ਫੜਾਇਆ, ਉਹ ਕੌਣ ਹੈ? ਉਹ ਮੇਰੀ ਛੋਟੀ ਭੈਣ ਹੈ। ਤੁਸੀਂ ਮੈਨੂੰ ਬਹੁਤ ਵਧੀਆ ਗੱਲਾਂ ਸਿਖਾਈਆਂ। ਕਿਰਪਾ ਕਰਕੇ ਉਸ ਨੂੰ ਵੀ ਮੇਰੇ ਵਾਂਗ ਸਿਖਾਉਣਾ।” ਮੈਂ ਕਿਹਾ: “ਕੇਟੀ, ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਮੈਨੂੰ ਇਹ ਦੱਸਣ ਲਈ ਸ਼ੁਕਰੀਆ ਕਿ ਤੂੰ ਕਿੱਥੇ ਹੈਂ।” ਇਸ ਮੁਲਾਕਾਤ ਤੋਂ ਬਾਅਦ ਮੈਂ ਕੇਟੀ ਦੀ ਭੈਣ ਨਾਲ ਬੱਸ ਇਕ-ਦੋ ਵਾਰ ਹੋਰ ਮਿਲਿਆ। ਉਹ ਦੋਨੋਂ ਕੁੜੀਆਂ ਜਿੱਥੇ ਵੀ ਹੋਣ, ਮੈਂ ਚਾਹੁੰਦਾ ਹਾਂ ਕਿ ਉਹ ਯਹੋਵਾਹ ਬਾਰੇ ਹੋਰ ਸਿੱਖ ਰਹੀਆਂ ਹੋਣ।
ਮੈਨੂੰ ਯਹੋਵਾਹ ਦੀ ਸੇਵਾ ਕਰਦਿਆਂ 73 ਸਾਲ ਹੋ ਚੁੱਕੇ ਹਨ। ਮੈਂ ਖ਼ੁਸ਼ ਹਾਂ ਕਿ ਉਸ ਨੇ ਜੇਲ੍ਹ ਵਿਚ ਮੇਰੀ ਨਿਰਪੱਖ ਅਤੇ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ। ਨਾਲੇ ਮੇਰੇ ਸਕੇ ਭੈਣਾਂ-ਭਰਾਵਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਹੌਸਲਾ ਮਿਲਿਆ ਜਦੋਂ ਮੈਂ ਬਿਨਾਂ ਹਾਰੇ ਡੈਡੀ ਜੀ ਦੇ ਵਿਰੋਧ ਦਾ ਸਾਮ੍ਹਣਾ ਕੀਤਾ। ਮੇਰੇ ਮੰਮੀ ਜੀ ਅਤੇ ਮੇਰੇ ਛੇ ਭੈਣਾਂ-ਭਰਾਵਾਂ ਨੇ ਬਪਤਿਸਮਾ ਲੈ ਲਿਆ। ਇੱਥੋਂ ਤਕ ਕਿ ਮੇਰੇ ਡੈਡੀ ਜੀ ਦਾ ਰਵੱਈਆ ਵੀ ਨਰਮ ਹੋ ਗਿਆ ਸੀ ਅਤੇ ਉਹ ਮਰਨ ਤੋਂ ਪਹਿਲਾਂ ਕੁਝ ਮੀਟਿੰਗਾਂ ਵਿਚ ਗਏ ਸਨ।
ਜੇ ਇਹ ਪਰਮੇਸ਼ੁਰ ਦੀ ਇੱਛਾ ਹੈ, ਤਾਂ ਮੇਰੇ ਪਰਿਵਾਰ ਦੇ ਮੈਂਬਰ ਅਤੇ ਦੋਸਤ ਨਵੀਂ ਦੁਨੀਆਂ ਵਿਚ ਜੀਉਂਦੇ ਹੋਣਗੇ। ਜ਼ਰਾ ਉਸ ਖ਼ੁਸ਼ੀ ਬਾਰੇ ਸੋਚੋ ਜਦੋਂ ਅਸੀਂ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਹਮੇਸ਼ਾ ਯਹੋਵਾਹ ਦੀ ਭਗਤੀ ਕਰਾਂਗੇ।
ਜਦ ਇਹ ਲੇਖ ਤਿਆਰ ਕੀਤਾ ਜਾ ਰਿਹਾ ਸੀ, ਤਾਂ ਭਰਾ ਕੋਰਵਾਨ ਰੋਬਿਸਨ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦਿਆਂ ਗੁਜ਼ਰ ਗਏ।