Skip to content

Skip to table of contents

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ

‘ਜੋ ਵਫ਼ਾਦਾਰੀ ਵਰਤਦੇ ਹਨ ਯਹੋਵਾਹ ਓਹਨਾਂ ਨੂੰ ਪਸੰਦ ਕਰਦਾ ਹੈ।’​—ਕਹਾ. 12:22.

ਗੀਤ: 18, 43

1, 2. ਦਾਊਦ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾਈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਰਾਤ ਦੇ ਸੰਨਾਟੇ ਵਿਚ ਦਾਊਦ ਅਤੇ ਅਬੀਸ਼ਈ ਦੱਬੇ ਪੈਰੀਂ 3,000 ਘੂਕ ਸੁੱਤੇ ਫ਼ੌਜੀਆਂ ਦੀ ਵਿੱਚੋਂ ਲੰਘ ਰਹੇ ਹਨ। ਤੰਬੂਆਂ ਦੇ ਵਿਚਕਾਰ ਉਨ੍ਹਾਂ ਨੂੰ ਸ਼ਾਊਲ ਦਿਖਾਈ ਦਿੰਦਾ ਹੈ ਜੋ ਗੂੜ੍ਹੀ ਨੀਂਦ ਸੁੱਤਾ ਪਿਆ ਹੈ। ਸ਼ਾਊਲ ਯਹੂਦੀਆ ਦੀ ਉਜਾੜ ਵਿਚ ਦਾਊਦ ਨੂੰ ਮਾਰਨ ਆਇਆ ਹੈ। ਅਬੀਸ਼ਈ ਨੇ ਦਾਊਦ ਦੇ ਕੰਨ ਵਿਚ ਕਿਹਾ: “ਹੁਣ ਆਗਿਆ ਕਰੋ ਤਾਂ ਮੈਂ [ਸ਼ਾਊਲ] ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ!” ਦਾਊਦ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਿਆ। ਦਾਊਦ ਨੇ ਕਿਹਾ: “ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਮਸਹ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ? . . . ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ।”​—1 ਸਮੂ. 26:8-12.

2 ਦਾਊਦ ਜਾਣਦਾ ਸੀ ਕਿ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਣ ਦਾ ਕੀ ਮਤਲਬ ਹੈ। ਉਸ ਨੂੰ ਪਤਾ ਸੀ ਕਿ ਸ਼ਾਊਲ ਪ੍ਰਤੀ ਆਦਰ ਦਿਖਾਉਣਾ ਬਹੁਤ ਜ਼ਰੂਰੀ ਸੀ। ਨਾਲੇ ਉਸ ਦੇ ਮਨ ਵਿਚ ਸ਼ਾਊਲ ਉੱਤੇ ਹੱਥ ਚੁੱਕਣ ਦਾ ਖ਼ਿਆਲ ਵੀ ਨਹੀਂ ਆਇਆ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਠਹਿਰਾਇਆ ਸੀ। ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਯਹੋਵਾਹ ਆਪਣੇ ਸੇਵਕਾਂ ਤੋਂ ਇਹ ਮੰਗ ਕਰਦਾ ਹੈ ਕਿ ਉਹ ਉਸ ਪ੍ਰਤੀ ਵਫ਼ਾਦਾਰੀ ਦਿਖਾਉਣ। ਨਾਲੇ ਉਨ੍ਹਾਂ ਦਾ ਵੀ ਆਦਰ ਕਰਨ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਅਧਿਕਾਰ ਮਿਲਿਆ ਹੈ।​—ਕਹਾਉਤਾਂ 12:22ਅ ਪੜ੍ਹੋ।

3. ਅਬੀਸ਼ਈ ਨੇ ਦਾਊਦ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾਈ?

3 ਅਬੀਸ਼ਈ ਦਾਊਦ ਦਾ ਆਦਰ ਕਰਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਨੇ ਦਾਊਦ ਨੂੰ ਰਾਜਾ ਚੁਣਿਆ ਸੀ। ਪਰ ਰਾਜਾ ਬਣਨ ਤੋਂ ਬਾਅਦ ਦਾਊਦ ਨੇ ਇਕ ਗੰਭੀਰ ਪਾਪ ਕੀਤਾ। ਉਸ ਨੇ ਊਰੀਯਾਹ ਦੀ ਪਤਨੀ ਨਾਲ ਗ਼ਲਤ ਕੰਮ ਕੀਤਾ ਅਤੇ ਫਿਰ ਯੋਆਬ ਨੂੰ ਕਿਹਾ ਕਿ ਊਰੀਯਾਹ ਨੂੰ ਲੜਾਈ ਦੇ ਬਿਲਕੁਲ ਮੋਹਰੇ ਕਰ ਦੇਵੇ ਤਾਂਕਿ ਉਹ ਮਾਰਿਆ ਜਾਵੇ। (2 ਸਮੂ. 11:2-4, 14, 15; 1 ਇਤ. 2:16) ਯੋਆਬ ਅਬੀਸ਼ਈ ਦਾ ਭਰਾ ਸੀ, ਇਸ ਲਈ ਉਸ ਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਕਿ ਦਾਊਦ ਨੇ ਕੀ ਕੀਤਾ ਸੀ। ਇਸ ਦੇ ਬਾਵਜੂਦ ਵੀ ਉਹ ਦਾਊਦ ਦਾ ਆਦਰ ਕਰਦਾ ਰਿਹਾ। ਇਸ ਤੋਂ ਇਲਾਵਾ, ਅਬੀਸ਼ਈ ਸੈਨਾਪਤੀ ਸੀ ਅਤੇ ਉਹ ਆਪਣੇ ਅਧਿਕਾਰ ਦੀ ਵਰਤੋਂ ਕਰ ਕੇ ਉਸ ਦੀ ਰਾਜ-ਗੱਦੀ ਹੜੱਪ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਉਲਟ, ਉਸ ਨੇ ਦਾਊਦ ਦੀ ਸੇਵਾ ਕੀਤੀ ਅਤੇ ਉਸ ਨੂੰ ਉਸ ਦੇ ਦੁਸ਼ਮਣਾਂ ਤੋਂ ਬਚਾਇਆ।​—2 ਸਮੂ. 10:10; 20:6; 21:15-17.

4. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਦਾਊਦ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ? (ਅ) ਅਸੀਂ ਹੋਰ ਕਿਹੜੇ ਲੋਕਾਂ ਬਾਰੇ ਗੱਲ ਕਰਾਂਗੇ?

4 ਦਾਊਦ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਦਾਊਦ ਨੇ ਜਵਾਨੀ ਵਿਚ ਫਲਿਸਤੀ ਦੈਂਤ ਗੋਲਿਅਥ ਦਾ ਸਾਮ੍ਹਣਾ ਕੀਤਾ ਜੋ ਬੇਸ਼ਰਮੀ ਨਾਲ “ਜੀਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ” ਕਰ ਰਿਹਾ ਸੀ। (1 ਸਮੂ. 17:23, 26, 48-51) ਇਸ ਤੋਂ ਕੁਝ ਸਮੇਂ ਬਾਅਦ ਦਾਊਦ ਰਾਜਾ ਬਣ ਗਿਆ ਅਤੇ ਉਸ ਨੇ ਗੰਭੀਰ ਪਾਪ ਕੀਤੇ। ਇਸ ਕਰਕੇ ਯਹੋਵਾਹ ਦੇ ਨਬੀ ਨਾਥਾਨ ਨੇ ਉਸ ਨੂੰ ਤਾੜਨਾ ਦਿੱਤੀ। ਦਾਊਦ ਨੇ ਆਪਣੇ ਪਾਪ ਕਬੂਲ ਕਰ ਕੇ ਤੋਬਾ ਕੀਤੀ। (2 ਸਮੂ. 12:1-5, 13) ਬੁਢਾਪੇ ਵਿਚ ਵੀ ਉਹ ਪਰਮੇਸ਼ੁਰ ਦੇ ਵਫ਼ਾਦਾਰ ਰਿਹਾ। ਮਿਸਾਲ ਲਈ, ਉਸ ਨੇ ਯਹੋਵਾਹ ਦਾ ਮੰਦਰ ਬਣਾਉਣ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ। (1 ਇਤ. 29:1-5) ਜ਼ਾਹਰ ਹੈ ਕਿ ਦਾਊਦ ਨੇ ਬਹੁਤ ਵੱਡੀਆਂ ਗ਼ਲਤੀਆਂ ਕੀਤੀਆਂ, ਪਰ ਫਿਰ ਵੀ ਉਸ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਛੱਡੀ। (ਜ਼ਬੂ. 51:4, 10; 86:2) ਇਸ ਲੇਖ ਵਿਚ ਅਸੀਂ ਦਾਊਦ ਅਤੇ ਉਸ ਦੇ ਜ਼ਮਾਨੇ ਵਿਚ ਰਹਿਣ ਵਾਲੇ ਹੋਰ ਲੋਕਾਂ ਬਾਰੇ ਗੱਲ ਕਰਾਂਗੇ ਅਤੇ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ: ਸਾਨੂੰ ਸਭ ਤੋਂ ਪਹਿਲਾਂ ਕਿਸ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ? ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਕਿਨ੍ਹਾਂ ਗੁਣਾਂ ਦੀ ਲੋੜ ਹੈ?

ਸਭ ਤੋਂ ਪਹਿਲਾਂ ਸਾਡੀ ਵਫ਼ਾਦਾਰੀ ਕਿਸ ਪ੍ਰਤੀ ਹੋਣੀ ਚਾਹੀਦੀ ਹੈ?

5. ਅਸੀਂ ਅਬੀਸ਼ਈ ਤੋਂ ਕਿਹੜਾ ਸਬਕ ਸਿੱਖਦੇ ਹਾਂ?

5 ਅਬੀਸ਼ਈ ਦਾਊਦ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਸ਼ਾਊਲ ਨੂੰ ਮਾਰਨਾ ਚਾਹੁੰਦਾ ਸੀ। ਪਰ ਦਾਊਦ ਜਾਣਦਾ ਸੀ ਕਿ “ਯਹੋਵਾਹ ਦੇ ਮਸਹ ਹੋਏ” ’ਤੇ ਹਮਲਾ ਕਰਨਾ ਬਹੁਤ ਗ਼ਲਤ ਸੀ। ਇਸ ਲਈ ਉਸ ਨੇ ਅਬੀਸ਼ਈ ਨੂੰ ਇਹ ਕਦਮ ਚੁੱਕਣ ਤੋਂ ਰੋਕਿਆ। (1 ਸਮੂ. 26:8-11) ਅਸੀਂ ਇਸ ਘਟਨਾ ਤੋਂ ਇਕ ਜ਼ਰੂਰੀ ਸਬਕ ਸਿੱਖਦੇ ਹਾਂ: ਜਦੋਂ ਸਾਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਸ ਦੇ ਵਫ਼ਾਦਾਰ ਰਹਾਂਗੇ, ਤਾਂ ਆਪਣੇ ਹਾਲਾਤਾਂ ਮੁਤਾਬਕ ਸੋਚੋ ਕਿ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ।

6. ਅਸੀਂ ਸਾਰੇ ਆਪਣੇ ਘਰਦਿਆਂ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ?

6 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਉਨ੍ਹਾਂ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਿਵੇਂ ਕਿ ਸਾਡੇ ਘਰ ਦੇ ਜਾਂ ਦੋਸਤ। ਪਰ ਪਾਪੀ ਹੋਣ ਕਰਕੇ ਸਾਡਾ ਦਿਲ ਸਾਨੂੰ ਗੁਮਰਾਹ ਕਰ ਸਕਦਾ ਹੈ। (ਯਿਰ. 17:9) ਸੋ ਜੇ ਕੋਈ ਸਾਡਾ ਘਰ ਦਾ ਜਾਂ ਦੋਸਤ ਗ਼ਲਤ ਕੰਮ ਕਰ ਕੇ ਸੱਚਾਈ ਛੱਡ ਦਿੰਦਾ ਹੈ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਸਾਡੀ ਵਫ਼ਾਦਾਰੀ ਦਾ ਸਭ ਤੋਂ ਪਹਿਲਾਂ ਹੱਕਦਾਰ ਹੈ।​—ਮੱਤੀ 22:37 ਪੜ੍ਹੋ।

7. ਇਕ ਭੈਣ ਨੇ ਮੁਸ਼ਕਲ ਹਾਲਾਤ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾਈ?

7 ਜੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ, ਤਾਂ ਇਸ ਹਾਲਤ ਵਿਚ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਸਕਦੇ ਹੋ। ਮਿਸਾਲ ਲਈ, ਭੈਣ ਐਨ ਦੀ ਮੰਮੀ ਨੂੰ ਮੰਡਲੀ ਵਿੱਚੋਂ ਛੇਕਿਆ ਗਿਆ ਸੀ। ਇਕ ਦਿਨ ਉਸ ਨੇ ਐਨ ਨੂੰ ਫ਼ੋਨ ਕਰ ਕੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਸੀ।  [1] ਐਨ ਦੀ ਮੰਮੀ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਸੀ ਕਿਉਂਕਿ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਨਾਲ ਗੱਲ ਨਹੀਂ ਕਰਦਾ। ਆਪਣੀ ਮੰਮੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਬਹੁਤ ਦੁੱਖ ਲੱਗਾ। ਸੋ ਉਸ ਨੇ ਆਪਣੀ ਮੰਮੀ ਨੂੰ ਚਿੱਠੀ ਲਿਖ ਕੇ ਜਵਾਬ ਦੇਣ ਦਾ ਵਾਅਦਾ ਕੀਤਾ। ਚਿੱਠੀ ਲਿਖਣ ਤੋਂ ਪਹਿਲਾਂ ਐਨ ਨੇ ਬਾਈਬਲ ਦੇ ਕੁਝ ਅਸੂਲਾਂ ’ਤੇ ਸੋਚ-ਵਿਚਾਰ ਕੀਤਾ। (1 ਕੁਰਿੰ. 5:11; 2 ਯੂਹੰ. 9-11) ਉਸ ਨੇ ਬੜੇ ਪਿਆਰ ਨਾਲ ਚਿੱਠੀ ਵਿਚ ਸਮਝਾਇਆ ਕਿ ਉਸ ਦੀ ਮੰਮੀ ਖ਼ੁਦ ਸਾਰਿਆਂ ਤੋਂ ਦੂਰ ਹੋਈ ਸੀ ਕਿਉਂਕਿ ਉਸ ਨੇ ਗ਼ਲਤੀ ਕਰ ਕੇ ਤੋਬਾ ਨਹੀਂ ਸੀ ਕੀਤੀ। ਉਸ ਨੇ ਕਿਹਾ: “ਮੰਮੀ ਜੀ, ਜੇ ਤੁਸੀਂ ਖ਼ੁਸ਼ ਹੋਣਾ ਚਾਹੁੰਦੇ ਹੋ, ਤਾਂ ਯਹੋਵਾਹ ਕੋਲ ਮੁੜ ਆਓ।”​—ਯਾਕੂ. 4:8.

8. ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਵਿਚ ਕਿਹੜੇ ਗੁਣ ਸਾਡੀ ਮਦਦ ਕਰਨਗੇ?

8 ਦਾਊਦ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਨਿਮਰ, ਪਿਆਰ ਕਰਨ ਵਾਲੇ ਅਤੇ ਦਲੇਰ ਵੀ ਸਨ। ਆਓ ਆਪਾਂ ਦੇਖੀਏ ਕਿ ਇਹ ਗੁਣ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ।

ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਨਿਮਰਤਾ ਦੀ ਲੋੜ ਹੈ

9. ਅਬਨੇਰ ਨੇ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ?

9 ਜਦੋਂ ਦਾਊਦ ਗੋਲਿਅਥ ਦਾ ਸਿਰ ਲੈ ਕੇ ਸ਼ਾਊਲ ਕੋਲ ਆਇਆ ਸੀ, ਤਾਂ ਸ਼ਾਊਲ ਦਾ ਮੁੰਡਾ ਯੋਨਾਥਾਨ ਅਤੇ ਇਜ਼ਰਾਈਲ ਦੀ ਫ਼ੌਜ ਦਾ ਸੈਨਾਪਤੀ ਅਬਨੇਰ ਉੱਥੇ ਸਨ। ਯੋਨਾਥਾਨ ਦਾਊਦ ਦਾ ਦੋਸਤ ਬਣ ਗਿਆ ਅਤੇ ਉਸ ਦੇ ਵਫ਼ਾਦਾਰ ਰਿਹਾ। (1 ਸਮੂ. 17:57–18:3) ਪਰ ਅਬਨੇਰ ਨੇ ਇੱਦਾਂ ਨਹੀਂ ਕੀਤਾ। ਦਰਅਸਲ, ਉਸ ਨੇ ਕੁਝ ਸਮੇਂ ਬਾਅਦ ਦਾਊਦ ਨੂੰ ਮਰਵਾਉਣ ਲਈ ਸ਼ਾਊਲ ਦੀ ਮਦਦ ਵੀ ਕੀਤੀ। ਦਾਊਦ ਨੇ ਲਿਖਿਆ: “ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ।” (ਜ਼ਬੂ. 54:3; 1 ਸਮੂ. 26:1-5) ਯੋਨਾਥਾਨ ਅਤੇ ਅਬਨੇਰ ਜਾਣਦੇ ਸਨ ਕਿ ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਬਣਨ ਲਈ ਚੁਣਿਆ ਸੀ। ਪਰ ਸ਼ਾਊਲ ਦੀ ਮੌਤ ਤੋਂ ਬਾਅਦ ਵੀ ਅਬਨੇਰ ਨੇ ਦਾਊਦ ਦਾ ਸਾਥ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਸ਼ਾਊਲ ਦੇ ਮੁੰਡੇ ਈਸ਼ਬੋਸ਼ਥ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਅਬਨੇਰ ਨੇ ਸ਼ਾਇਦ ਖ਼ੁਦ ਰਾਜਾ ਬਣਨਾ ਚਾਹਿਆ ਹੋਵੇ। ਸ਼ਾਇਦ ਇਸੇ ਲਈ ਉਸ ਨੇ ਸ਼ਾਊਲ ਰਾਜੇ ਦੀ ਰਖੇਲ ਨਾਲ ਗ਼ਲਤ ਕੰਮ ਕੀਤਾ। (2 ਸਮੂ. 2:8-10; 3:6-11) ਦਾਊਦ ਬਾਰੇ ਯੋਨਾਥਾਨ ਅਤੇ ਅਬਨੇਰ ਦੀ ਸੋਚ ਵੱਖਰੀ ਕਿਉਂ ਸੀ? ਕਿਉਂਕਿ ਯੋਨਾਥਾਨ ਯਹੋਵਾਹ ਦੇ ਵਫ਼ਾਦਾਰ ਹੋਣ ਦੇ ਨਾਲ-ਨਾਲ ਨਿਮਰ ਵੀ ਸੀ, ਪਰ ਅਬਨੇਰ ਵਿਚ ਇਹ ਗੁਣ ਨਹੀਂ ਸਨ।

10. ਅਬਸ਼ਾਲੋਮ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਕਿਉਂ ਨਹੀਂ ਸੀ?

10 ਨਿਮਰ ਨਾ ਹੋਣ ਕਰਕੇ ਦਾਊਦ ਦਾ ਮੁੰਡਾ ਅਬਸ਼ਾਲੋਮ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸੀ। ਉਹ ਰਾਜਾ ਬਣਨਾ ਚਾਹੁੰਦਾ ਸੀ, ਇਸ ਲਈ ਉਸ ਨੇ “ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ ਪੰਜਾਹ ਮਨੁੱਖ ਤਿਆਰ ਕਰ ਛੱਡੇ।” (2 ਸਮੂ. 15:1) ਨਾਲੇ ਉਸ ਨੇ ਚਿਕਨੀਆਂ-ਚੋਪੜੀਆਂ ਗੱਲਾਂ ਕਰ ਕੇ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਆਪਣੇ ਮਗਰ ਲਾ ਲਿਆ। ਇੱਥੋਂ ਤਕ ਕਿ ਉਸ ਨੇ ਆਪਣੇ ਪਿਤਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉਹ ਜਾਣਦਾ ਸੀ ਕਿ ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਸੀ।​—2 ਸਮੂ. 15:13, 14; 17:1-4.

11. ਅਸੀਂ ਅਬਨੇਰ, ਅਬਸ਼ਾਲੋਮ ਅਤੇ ਬਾਰੂਕ ਤੋਂ ਕੀ ਸਿੱਖਦੇ ਹਾਂ?

11 ਜਦੋਂ ਕੋਈ ਇਨਸਾਨ ਨਿਮਰ ਨਹੀਂ ਹੁੰਦਾ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਚਾਹੁੰਦਾ ਹੈ, ਤਾਂ ਉਸ ਲਈ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਔਖਾ ਹੋ ਜਾਂਦਾ ਹੈ। ਬਿਨਾਂ ਸ਼ੱਕ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਅਬਨੇਰ ਅਤੇ ਅਬਸ਼ਾਲੋਮ ਵਰਗੇ ਸੁਆਰਥੀ ਅਤੇ ਦੁਸ਼ਟ ਨਹੀਂ ਬਣਨਾ ਚਾਹੁੰਦੇ। ਪਰ ਸਾਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਦਿਲ ਵਿਚ ਕਿਤੇ ਪੈਸੇ ਦਾ ਲਾਲਚ ਜੜ੍ਹ ਨਾ ਫੜ ਲਵੇ ਜਾਂ ਅਸੀਂ ਉਸ ਨੌਕਰੀ ਦੇ ਸੁਪਨੇ ਨਾ ਲੈਣ ਲੱਗ ਪਈਏ ਜਿਨ੍ਹਾਂ ਕਰਕੇ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਕੁਝ ਜ਼ਿਆਦਾ ਸਮਝਣ ਲੱਗ ਪਈਏ। ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇਗਾ। ਯਿਰਮਿਯਾਹ ਦਾ ਸੈਕਟਰੀ ਬਾਰੂਕ ਕੁਝ ਸਮੇਂ ਲਈ ਉਨ੍ਹਾਂ ਚੀਜ਼ਾਂ ਦੇ ਸੁਪਨੇ ਲੈਣ ਲੱਗ ਪਿਆ ਜੋ ਉਸ ਕੋਲ ਨਹੀਂ ਸਨ। ਇਸ ਕਰਕੇ ਉਸ ਨੇ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆ ਲਈ। ਫਿਰ ਯਹੋਵਾਹ ਨੇ ਬਾਰੂਕ ਨੂੰ ਕਿਹਾ: “ਵੇਖ, ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ। ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।” (ਯਿਰ. 45:4, 5) ਬਾਰੂਕ ਨੇ ਯਹੋਵਾਹ ਦਾ ਕਹਿਣਾ ਮੰਨਿਆ। ਸਾਨੂੰ ਵੀ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ ਕਿਉਂਕਿ ਬਹੁਤ ਜਲਦੀ ਉਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਵਾਲਾ ਹੈ।

12. ਇਕ ਮਿਸਾਲ ਦੇ ਕੇ ਸਮਝਾਓ ਕਿ ਅਸੀਂ ਸੁਆਰਥੀ ਬਣ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਕਿਉਂ ਨਹੀਂ ਰਹਿ ਸਕਦੇ?

12 ਮੈਕਸੀਕੋ ਵਿਚ ਰਹਿਣ ਵਾਲੇ ਭਰਾ ਡਾਨੀਏਲ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇਗਾ ਜਾਂ ਬੱਸ ਆਪਣੇ ਆਪ ਨੂੰ ਖ਼ੁਸ਼ ਕਰੇਗਾ। ਉਹ ਇਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਯਹੋਵਾਹ ਦੀ ਗਵਾਹ ਨਹੀਂ ਸੀ। ਡਾਨੀਏਲ ਕਹਿੰਦਾ ਹੈ: “ਪਾਇਨੀਅਰ ਬਣਨ ਤੋਂ ਬਾਅਦ ਵੀ ਮੈਂ ਉਸ ਨੂੰ ਚਿੱਠੀਆਂ ਲਿਖਦਾ ਰਹਿੰਦਾ ਸੀ। ਪਰ ਅਖ਼ੀਰ ਮੈਂ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਇਕ ਤਜਰਬੇਕਾਰ ਬਜ਼ੁਰਗ ਭਰਾ ਨਾਲ ਉਸ ਕੁੜੀ ਬਾਰੇ ਗੱਲ ਕੀਤੀ। ਉਸ ਨੇ ਮੈਨੂੰ ਸਮਝਾਇਆ ਕਿ ਜੇ ਮੈਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਣਾ ਚਾਹੁੰਦਾ ਹਾਂ, ਤਾਂ ਮੈਨੂੰ ਉਸ ਕੁੜੀ ਨੂੰ ਚਿੱਠੀਆਂ ਲਿਖਣੀਆਂ ਬੰਦ ਕਰਨੀਆਂ ਪੈਣੀਆਂ ਸਨ। ਮੈਂ ਬਹੁਤ ਪ੍ਰਾਰਥਨਾਵਾਂ ਕਰਨ ਅਤੇ ਹੰਝੂ ਵਹਾਉਣ ਤੋਂ ਬਾਅਦ ਉਸ ਕੁੜੀ ਨੂੰ ਚਿੱਠੀਆਂ ਲਿਖਣੀਆਂ ਛੱਡ ਦਿੱਤੀਆਂ। ਜਲਦੀ ਹੀ ਮੈਨੂੰ ਪ੍ਰਚਾਰ ਵਿਚ ਹੋਰ ਖ਼ੁਸ਼ੀ ਮਿਲਣ ਲੱਗ ਪਈ।” ਕੁਝ ਸਮੇਂ ਬਾਅਦ ਡਾਨੀਏਲ ਦਾ ਵਿਆਹ ਯਹੋਵਾਹ ਨੂੰ ਪਿਆਰ ਕਰਨ ਵਾਲੀ ਇਕ ਭੈਣ ਨਾਲ ਹੋਇਆ ਅਤੇ ਹੁਣ ਉਹ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ।

ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਪਿਆਰ ਦੀ ਲੋੜ ਹੈ

ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਮਸੀਹੀ ਨੇ ਗੰਭੀਰ ਪਾਪ ਕੀਤਾ ਹੈ, ਤਾਂ ਕੀ ਤੁਸੀਂ ਵਫ਼ਾਦਾਰੀ ਦਿਖਾਉਂਦੇ ਹੋਏ ਉਸ ਮਸੀਹੀ ਦਾ ਯਹੋਵਾਹ ਨਾਲ ਰਿਸ਼ਤਾ ਬਚਾਉਣ ਲਈ ਕਦਮ ਚੁੱਕੋਗੇ? (ਪੈਰਾ 14 ਦੇਖੋ)

13. ਦਾਊਦ ਦੇ ਪਾਪ ਕਰਨ ’ਤੇ ਨਾਥਾਨ ਯਹੋਵਾਹ ਅਤੇ ਦਾਊਦ ਪ੍ਰਤੀ ਵਫ਼ਾਦਾਰ ਕਿਵੇਂ ਰਿਹਾ?

13 ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਕੇ ਅਸੀਂ ਹੋਰਨਾਂ ਪ੍ਰਤੀ ਵਫ਼ਾਦਾਰੀ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਧੀਆ ਤਰੀਕੇ ਨਾਲ ਮਦਦ ਵੀ ਕਰ ਸਕਦੇ ਹਾਂ। ਨਾਥਾਨ ਨਬੀ ਯਹੋਵਾਹ ਦੇ ਵਫ਼ਾਦਾਰ ਰਹਿਣ ਦੇ ਨਾਲ-ਨਾਲ ਦਾਊਦ ਦੇ ਵੀ ਵਫ਼ਾਦਾਰ ਰਿਹਾ। ਦਾਊਦ ਨੇ ਊਰੀਯਾਹ ਦੀ ਘਰਵਾਲੀ ਨਾਲ ਗ਼ਲਤ ਕੰਮ ਕਰਨ ਤੋਂ ਬਾਅਦ ਊਰੀਯਾਹ ਨੂੰ ਮਰਵਾ ਦਿੱਤਾ। ਫਿਰ ਯਹੋਵਾਹ ਨੇ ਦਾਊਦ ਨੂੰ ਤਾੜਨਾ ਦੇਣ ਲਈ ਨਾਥਾਨ ਨੂੰ ਘੱਲਿਆ। ਨਾਥਾਨ ਦਲੇਰ ਸੀ ਅਤੇ ਉਸ ਨੇ ਯਹੋਵਾਹ ਦੀ ਆਗਿਆ ਮੰਨੀ। ਪਰ ਉਸ ਨੇ ਦਾਊਦ ਨਾਲ ਸਮਝਦਾਰੀ ਅਤੇ ਪਿਆਰ ਨਾਲ ਗੱਲ ਕੀਤੀ। ਉਹ ਦਾਊਦ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਉਸ ਨੇ ਕਿੰਨੇ ਗੰਭੀਰ ਪਾਪ ਕੀਤੇ ਸਨ। ਇਸ ਲਈ ਉਸ ਨੇ ਦਾਊਦ ਨੂੰ ਇਕ ਅਮੀਰ ਆਦਮੀ ਦੀ ਕਹਾਣੀ ਸੁਣਾਈ ਜਿਸ ਨੇ ਇਕ ਗ਼ਰੀਬ ਦੀ ਭੇਡ ਚੋਰੀ ਕੀਤੀ। ਉਸ ਵਿਚਾਰੇ ਕੋਲ ਇੱਕੋ ਹੀ ਭੇਡ ਸੀ। ਇਹ ਸੁਣ ਕੇ ਦਾਊਦ ਨੂੰ ਉਸ ਅਮੀਰ ਆਦਮੀ ’ਤੇ ਬਹੁਤ ਗੁੱਸਾ ਆਇਆ। ਫਿਰ ਨਾਥਾਨ ਨੇ ਕਿਹਾ: “ਉਹ ਮਨੁੱਖ ਤੂੰ ਹੀ ਤਾਂ ਹੈਂ!” ਦਾਊਦ ਸਮਝ ਗਿਆ ਕਿ ਉਸ ਨੇ ਯਹੋਵਾਹ ਖ਼ਿਲਾਫ਼ ਪਾਪ ਕੀਤਾ ਸੀ।​—2 ਸਮੂ. 12:1-7, 13.

14. ਤੁਸੀਂ ਯਹੋਵਾਹ ਪ੍ਰਤੀ ਅਤੇ ਆਪਣੇ ਦੋਸਤ ਜਾਂ ਘਰ ਦੇ ਕਿਸੇ ਮੈਂਬਰ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹੋ?

14 ਤੁਸੀਂ ਵੀ ਨਾਥਾਨ ਵਾਂਗ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਸਕਦੇ ਹੋ। ਨਾਲੇ ਤੁਸੀਂ ਹੋਰਨਾਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਪ੍ਰਤੀ ਵੀ ਵਫ਼ਾਦਾਰ ਰਹਿ ਸਕਦੇ ਹੋ। ਮਿਸਾਲ ਲਈ, ਸ਼ਾਇਦ ਤੁਹਾਡੇ ਕੋਲ ਸਬੂਤ ਹੋਵੇ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਗੰਭੀਰ ਪਾਪ ਕੀਤਾ ਹੈ। ਸ਼ਾਇਦ ਤੁਸੀਂ ਉਸ ਦੇ ਵਫ਼ਾਦਾਰ ਰਹਿਣਾ ਚਾਹੋ ਖ਼ਾਸ ਕਰਕੇ ਜੇ ਉਹ ਤੁਹਾਡਾ ਚੰਗਾ ਦੋਸਤ ਜਾਂ ਘਰ ਦਾ ਹੋਵੇ। ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਣੀ ਜ਼ਿਆਦਾ ਜ਼ਰੂਰੀ ਹੈ। ਸੋ ਨਾਥਾਨ ਵਾਂਗ ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ਭੈਣ ਜਾਂ ਭਰਾ ਨੂੰ ਪਿਆਰ ਨਾਲ ਕਹੋ ਕਿ ਉਹ ਕਿਸੇ ਬਜ਼ੁਰਗ ਨਾਲ ਇਸ ਬਾਰੇ ਗੱਲ ਕਰੇ। ਜੇ ਉਹ ਤੁਹਾਡੇ ਦਿੱਤੇ ਹੋਏ ਸਮੇਂ ਵਿਚ ਕਿਸੇ ਬਜ਼ੁਰਗ ਨਾਲ ਗੱਲ ਨਹੀਂ ਕਰਦਾ, ਤਾਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਂਦਿਆਂ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਕਿਸੇ ਬਜ਼ੁਰਗ ਨਾਲ ਗੱਲ ਕਰੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਅਤੇ ਆਪਣੇ ਦੋਸਤ ਜਾਂ ਘਰ ਦੇ ਮੈਂਬਰ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋ। ਨਾਲੇ ਆਪਣੇ ਭੈਣ ਜਾਂ ਭਰਾ ਨੂੰ ਆਪਣੇ ਪਿਆਰ ਦਾ ਸਬੂਤ ਦਿੰਦੇ ਹੋ। ਜਦੋਂ ਤੁਸੀਂ ਇੱਦਾਂ ਕਰਦੇ ਹੋ, ਤਾਂ ਬਜ਼ੁਰਗ ਉਸ ਦਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਮਦਦ ਕਰ ਸਕਦੇ ਹਨ। ਬਜ਼ੁਰਗ ਉਸ ਨੂੰ ਨਰਮਾਈ ਅਤੇ ਪਿਆਰ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨਗੇ।​—ਲੇਵੀਆਂ 5:1; ਗਲਾਤੀਆਂ 6:1 ਪੜ੍ਹੋ।

ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਦਲੇਰੀ ਦੀ ਲੋੜ ਹੈ

15, 16. ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਹੂਸ਼ਈ ਨੂੰ ਦਲੇਰੀ ਦੀ ਕਿਉਂ ਲੋੜ ਸੀ?

15 ਹੂਸ਼ਈ ਰਾਜਾ ਦਾਊਦ ਦਾ ਇਕ ਵਫ਼ਾਦਾਰ ਦੋਸਤ ਸੀ। ਜਦੋਂ ਲੋਕਾਂ ਨੇ ਅਬਸ਼ਾਲੋਮ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਹੂਸ਼ਈ ਨੂੰ ਯਹੋਵਾਹ ਅਤੇ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਲਈ ਦਲੇਰੀ ਦੀ ਲੋੜ ਸੀ। ਉਸ ਨੂੰ ਪਤਾ ਸੀ ਕਿ ਅਬਸ਼ਾਲੋਮ ਆਪਣੀਆਂ ਫ਼ੌਜਾਂ ਨਾਲ ਯਰੂਸ਼ਲਮ ਪਹੁੰਚ ਚੁੱਕਾ ਸੀ ਅਤੇ ਦਾਊਦ ਭੱਜ ਗਿਆ ਸੀ। (2 ਸਮੂ. 15:13; 16:15) ਪਰ ਹੂਸ਼ਈ ਨੇ ਕੀ ਕੀਤਾ? ਕੀ ਉਹ ਦਾਊਦ ਨੂੰ ਲੱਤ ਮਾਰ ਕੇ ਅਬਸ਼ਾਲੋਮ ਨਾਲ ਰਲ਼ ਗਿਆ? ਨਹੀਂ। ਭਾਵੇਂ ਕਿ ਦਾਊਦ ਬੁੱਢਾ ਹੋ ਚੁੱਕਾ ਸੀ ਅਤੇ ਬਹੁਤ ਲੋਕ ਉਸ ਨੂੰ ਮਾਰਨਾ ਚਾਹੁੰਦੇ ਸਨ, ਫਿਰ ਵੀ ਹੂਸ਼ਈ ਉਸ ਪ੍ਰਤੀ ਵਫ਼ਾਦਾਰ ਰਿਹਾ ਕਿਉਂਕਿ ਯਹੋਵਾਹ ਨੇ ਦਾਊਦ ਨੂੰ ਰਾਜਾ ਬਣਾਇਆ ਸੀ। ਸੋ ਹੂਸ਼ਈ ਦਾਊਦ ਨੂੰ ਮਿਲਣ ਵਾਸਤੇ ਜ਼ੈਤੂਨ ਦੇ ਪਹਾੜ ’ਤੇ ਗਿਆ।—2 ਸਮੂ. 15:30, 32.

16 ਦਾਊਦ ਨੇ ਹੂਸ਼ਈ ਨੂੰ ਯਰੂਸ਼ਲਮ ਵਾਪਸ ਜਾਣ ਲਈ ਕਿਹਾ। ਨਾਲੇ ਕਿਹਾ ਕਿ ਉਹ ਅਬਸ਼ਾਲੋਮ ਦਾ ਦੋਸਤ ਹੋਣ ਦਾ ਢੌਂਗ ਕਰੇ ਤਾਂਕਿ ਉਹ ਅਹੀਥੋਫਲ ਦੀ ਸਲਾਹ ਮੰਨਣ ਦੀ ਬਜਾਇ ਹੂਸ਼ਈ ਦੀ ਮੰਨੇ। ਉਸ ਨੇ ਯਹੋਵਾਹ ਅਤੇ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਲਈ ਆਪਣੀ ਜਾਨ ਤਲੀ ’ਤੇ ਰੱਖੀ। ਦਾਊਦ ਨੇ ਯਹੋਵਾਹ ਨੂੰ ਹੂਸ਼ਈ ਦੀ ਮਦਦ ਕਰਨ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ। ਅਬਸ਼ਾਲੋਮ ਨੇ ਅਹੀਥੋਫਲ ਦੀ ਸਲਾਹ ਮੰਨਣ ਦੀ ਬਜਾਇ ਹੂਸ਼ਈ ਦੀ ਸੁਣੀ।​—2 ਸਮੂ. 15:31; 17:14.

17. ਵਫ਼ਾਦਾਰ ਰਹਿਣ ਲਈ ਸਾਨੂੰ ਦਲੇਰੀ ਦੀ ਕਿਉਂ ਲੋੜ ਹੈ?

17 ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਦਲੇਰੀ ਦੀ ਲੋੜ ਹੈ। ਸਾਡੇ ਵਿੱਚੋਂ ਕਈਆਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਆਪਣੇ ਘਰਦਿਆਂ, ਆਪਣੇ ਨਾਲ ਕੰਮ ਕਰਨ ਵਾਲਿਆਂ ਜਾਂ ਸਰਕਾਰੀ ਅਧਿਕਾਰੀਆਂ ਦਾ ਡੱਟ ਕੇ ਸਾਮ੍ਹਣਾ ਕੀਤਾ ਹੈ। ਮਿਸਾਲ ਲਈ, ਜਪਾਨ ਵਿਚ ਰਹਿਣ ਵਾਲਾ ਭਰਾ ਟਾਰੋ ਬਚਪਨ ਤੋਂ ਹੀ ਆਪਣੇ ਮਾਪਿਆਂ ਦਾ ਕਹਿਣਾ ਮੰਨਦਾ ਆਇਆ ਸੀ। ਉਹ ਫ਼ਰਜ਼ ਕਰਕੇ ਨਹੀਂ, ਸਗੋਂ ਆਪਣੇ ਮਾਪਿਆਂ ਦਾ ਦਿਲੋਂ ਕਹਿਣਾ ਮੰਨਦਾ ਸੀ। ਉਸ ਦੇ ਮਾਪੇ ਹੀ ਉਸ ਲਈ ਸਭ ਕੁਝ ਸਨ। ਪਰ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਸਟੱਡੀ ਛੱਡਣ ਲਈ ਕਿਹਾ। ਇਹ ਸੁਣ ਕੇ ਟਾਰੋ ਬਹੁਤ ਉਦਾਸ ਹੋ ਗਿਆ। ਉਸ ਲਈ ਆਪਣੇ ਮਾਪਿਆਂ ਨੂੰ ਇਹ ਦੱਸਣਾ ਬਹੁਤ ਮੁਸ਼ਕਲ ਸੀ ਕਿ ਉਸ ਨੇ ਸਭਾਵਾਂ ’ਤੇ ਜਾਣ ਦਾ ਪੱਕਾ ਫ਼ੈਸਲਾ ਕੀਤਾ ਹੈ। ਟਾਰੋ ਦੱਸਦਾ ਹੈ: “ਉਹ ਇੰਨੇ ਜ਼ਿਆਦਾ ਗੁੱਸੇ ਹੋਏ ਕਿ ਕਈ ਸਾਲਾਂ ਤਕ ਉਨ੍ਹਾਂ ਨੇ ਮੈਨੂੰ ਆਪਣੇ ਘਰ ਨਹੀਂ ਵੜਨ ਦਿੱਤਾ। ਮੈਂ ਯਹੋਵਾਹ ਨੂੰ ਦਲੇਰੀ ਲਈ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਫ਼ੈਸਲੇ ’ਤੇ ਪੱਕਾ ਰਹਾਂ। ਹੁਣ ਉਨ੍ਹਾਂ ਦਾ ਰਵੱਈਆ ਥੋੜ੍ਹਾ ਨਰਮ ਹੋ ਗਿਆ ਹੈ ਅਤੇ ਮੈਂ ਬਾਕਾਇਦਾ ਉਨ੍ਹਾਂ ਨੂੰ ਮਿਲਣ ਜਾ ਸਕਦਾ ਹਾਂ।”​—ਕਹਾਉਤਾਂ 29:25 ਪੜ੍ਹੋ।

18. ਤੁਹਾਨੂੰ ਇਸ ਲੇਖ ਤੋਂ ਕੀ ਫ਼ਾਇਦਾ ਹੋਇਆ ਹੈ?

18 ਸਾਨੂੰ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਉੱਨੀ ਹੀ ਖ਼ੁਸ਼ੀ ਮਿਲੇ, ਜਿੰਨੀ ਦਾਊਦ, ਯੋਨਾਥਾਨ, ਨਾਥਾਨ ਅਤੇ ਹੂਸ਼ਈ ਨੂੰ ਮਿਲੀ ਸੀ। ਅਸੀਂ ਕਦੀ ਵੀ ਅਬਨੇਰ ਅਤੇ ਅਬਸ਼ਾਲੋਮ ਵਾਂਗ ਬੇਵਫ਼ਾ ਨਹੀਂ ਬਣਨਾ ਚਾਹੁੰਦੇ। ਇਹ ਤਾਂ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਪਰ ਆਓ ਆਪਾਂ ਯਹੋਵਾਹ ਨੂੰ ਦਿਖਾਈਏ ਕਿ ਸਾਡੀ ਜ਼ਿੰਦਗੀ ਵਿਚ ਉਸ ਪ੍ਰਤੀ ਵਫ਼ਾਦਾਰ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।

^ [1] (ਪੈਰਾ 7) ਕੁਝ ਨਾਂ ਬਦਲੇ ਗਏ ਹਨ।