Skip to content

Skip to table of contents

ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ

ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ

“ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ।”​—1 ਸਮੂ. 20:42.

ਗੀਤ: 29, 31

1, 2. ਯੋਨਾਥਾਨ ਦੀ ਦਾਊਦ ਨਾਲ ਦੋਸਤੀ ਵਫ਼ਾਦਾਰੀ ਦੀ ਵਧੀਆ ਮਿਸਾਲ ਕਿਉਂ ਹੈ?

ਨੌਜਵਾਨ ਦਾਊਦ ਦੀ ਦਲੇਰੀ ਦੇਖ ਕੇ ਯੋਨਾਥਾਨ ਜ਼ਰੂਰ ਦੰਗ ਰਹਿ ਗਿਆ ਹੋਣਾ। ਦਾਊਦ ਨੇ ਦੈਂਤ ਗੋਲਿਅਥ ਨੂੰ ਮਾਰਿਆ ਅਤੇ ਉਹ ਉਸ ‘ਫਲਿਸਤੀ ਦਾ ਸਿਰ ਆਪਣੇ ਹੱਥ ਵਿੱਚ’ ਲੈ ਕੇ ਯੋਨਾਥਾਨ ਦੇ ਪਿਤਾ ਇਜ਼ਰਾਈਲ ਦੇ ਰਾਜੇ ਸ਼ਾਊਲ ਕੋਲ ਆਇਆ। (1 ਸਮੂ. 17:57) ਯੋਨਾਥਾਨ ਨੂੰ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਪਰਮੇਸ਼ੁਰ ਦਾਊਦ ਦੇ ਨਾਲ ਸੀ ਅਤੇ ਉਦੋਂ ਤੋਂ ਯੋਨਾਥਾਨ ਅਤੇ ਦਾਊਦ ਪੱਕੇ ਯਾਰ ਬਣ ਗਏ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਇਕ-ਦੂਜੇ ਦੇ ਵਫ਼ਾਦਾਰ ਰਹਿਣਗੇ। (1 ਸਮੂ. 18:1-3) ਯੋਨਾਥਾਨ ਮਰਨ ਤਕ ਦਾਊਦ ਪ੍ਰਤੀ ਵਫ਼ਾਦਾਰ ਰਿਹਾ।

2 ਭਾਵੇਂ ਕਿ ਯਹੋਵਾਹ ਨੇ ਇਜ਼ਰਾਈਲ ਦਾ ਅਗਲਾ ਰਾਜਾ ਯੋਨਾਥਾਨ ਦੀ ਬਜਾਇ ਦਾਊਦ ਨੂੰ ਚੁਣਿਆ ਸੀ, ਫਿਰ ਵੀ ਯੋਨਾਥਾਨ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਨਾਲੇ ਜਦੋਂ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਤਾਂ ਯੋਨਾਥਾਨ ਆਪਣੇ ਦੋਸਤ ਦਾਊਦ ਲਈ ਬਹੁਤ ਫ਼ਿਕਰਮੰਦ ਸੀ। ਉਹ ਜਾਣਦਾ ਸੀ ਕਿ ਦਾਊਦ ਯਹੂਦੀਆ ਵਿਚ ਹੋਰੇਸ਼ ਦੇ ਜੰਗਲ ਵਿਚ ਲੁਕਿਆ ਹੋਇਆ ਸੀ। ਇਸ ਲਈ ਯੋਨਾਥਾਨ ਉਸ ਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦੇਣ ਗਿਆ। ਯੋਨਾਥਾਨ ਨੇ ਦਾਊਦ ਨੂੰ ਕਿਹਾ: “ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਉ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਅੱਪੜੇਗਾ ਅਤੇ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।”​—1 ਸਮੂ. 23:16, 17.

3. ਯੋਨਾਥਾਨ ਲਈ ਕਿਸ ਪ੍ਰਤੀ ਵਫ਼ਾਦਾਰ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਅਤੇ ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਅਸੀਂ ਅਕਸਰ ਵਫ਼ਾਦਾਰ ਲੋਕਾਂ ਦੀ ਤਾਰੀਫ਼ ਕਰਦੇ ਹਾਂ। ਪਰ ਕੀ ਅਸੀਂ ਯੋਨਾਥਾਨ ਦੀ ਸਿਰਫ਼ ਇਸ ਲਈ ਤਾਰੀਫ਼ ਕਰਦੇ ਹਾਂ ਕਿਉਂਕਿ ਉਹ ਦਾਊਦ ਪ੍ਰਤੀ ਵਫ਼ਾਦਾਰ ਸੀ? ਨਹੀਂ। ਯੋਨਾਥਾਨ ਦੀ ਜ਼ਿੰਦਗੀ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣਾ ਸਭ ਤੋਂ ਜ਼ਰੂਰੀ ਸੀ। ਦਰਅਸਲ ਉਸ ਦਾ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਦਾ ਵੀ ਇਹੀ ਕਾਰਨ ਸੀ। ਨਾਲੇ ਭਾਵੇਂ ਉਸ ਦੀ ਜਗ੍ਹਾ ਦਾਊਦ ਨੂੰ ਰਾਜਾ ਬਣਾਇਆ ਜਾਣਾ ਸੀ, ਫਿਰ ਵੀ ਯੋਨਾਥਾਨ ਦਾਊਦ ਨਾਲ ਈਰਖਾ ਨਹੀਂ ਸੀ ਕਰਦਾ। ਇੱਥੋਂ ਤਕ ਕਿ ਯੋਨਾਥਾਨ ਨੇ ਦਾਊਦ ਦੀ ਯਹੋਵਾਹ ’ਤੇ ਭਰੋਸਾ ਰੱਖਣ ਵਿਚ ਮਦਦ ਕੀਤੀ। ਉਹ ਦੋਵੇਂ ਯਹੋਵਾਹ ਅਤੇ ਇਕ-ਦੂਜੇ ਦੇ ਵਫ਼ਾਦਾਰ ਰਹੇ। ਉਨ੍ਹਾਂ ਨੇ ਆਪਣਾ ਕੀਤਾ ਵਾਅਦਾ ਨਿਭਾਇਆ: “ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ।”​—1 ਸਮੂ. 20:42.

4. (ੳ) ਕਿਸ ਪ੍ਰਤੀ ਵਫ਼ਾਦਾਰ ਰਹਿ ਕੇ ਸਾਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

4 ਸਾਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (1 ਥੱਸ. 2:10, 11) ਪਰ ਇਨ੍ਹਾਂ ਦੇ ਵਫ਼ਾਦਾਰ ਰਹਿਣ ਤੋਂ ਪਹਿਲਾਂ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਕਿਉਂਕਿ ਉਹ ਸਾਡਾ ਜੀਵਨਦਾਤਾ ਹੈ। (ਪ੍ਰਕਾ. 4:11) ਜਦੋਂ ਅਸੀਂ ਉਸ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਪਰ ਜੇ ਅਸੀਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨੀ ਹੈ, ਤਾਂ ਸਾਨੂੰ ਔਖੀਆਂ ਘੜੀਆਂ ਦੌਰਾਨ ਵੀ ਯਹੋਵਾਹ ਦਾ ਲੜ ਨਹੀਂ ਛੱਡਣਾ ਚਾਹੀਦਾ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਯੋਨਾਥਾਨ ਦੀ ਮਿਸਾਲ ਸਾਨੂੰ ਚਾਰ ਹਾਲਾਤਾਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਕਿਵੇਂ ਮਦਦ ਕਰ ਸਕਦੀ ਹੈ: (1) ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਧਿਕਾਰ ਰੱਖਣ ਵਾਲਾ ਸਾਡੇ ਆਦਰ ਦਾ ਹੱਕਦਾਰ ਨਹੀਂ ਹੈ, (2) ਜਦੋਂ ਸਾਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਅਸੀਂ ਪਹਿਲਾਂ ਕਿਸ ਦੇ ਵਫ਼ਾਦਾਰ ਰਹਾਂਗੇ, (3) ਜਦੋਂ ਕੋਈ ਜ਼ਿੰਮੇਵਾਰ ਭਰਾ ਸਾਡੀ ਗੱਲ ਦਾ ਗ਼ਲਤ ਮਤਲਬ ਕੱਢਦਾ ਹੈ ਜਾਂ ਸਾਡੇ ਨਾਲ ਨਾਜਾਇਜ਼ ਤਰੀਕੇ ਨਾਲ ਪੇਸ਼ ਆਉਂਦਾ ਹੈ ਅਤੇ (4) ਜਦੋਂ ਸਾਡੇ ਲਈ ਆਪਣਾ ਵਾਅਦਾ ਨਿਭਾਉਣਾ ਔਖਾ ਹੁੰਦਾ ਹੈ।

ਜੇ ਸਾਨੂੰ ਲੱਗਦਾ ਹੈ ਕਿ ਕੋਈ ਅਧਿਕਾਰ ਰੱਖਣ ਵਾਲਾ ਸਾਡੇ ਆਦਰ ਦਾ ਹੱਕਦਾਰ ਨਹੀਂ ਹੈ?

5. ਇਜ਼ਰਾਈਲ ਦੇ ਲੋਕਾਂ ਲਈ ਸ਼ਾਊਲ ਦੇ ਰਾਜ ਦੌਰਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਕਿਉਂ ਸੀ?

5 ਯਹੋਵਾਹ ਨੇ ਯੋਨਾਥਾਨ ਦੇ ਪਿਤਾ ਸ਼ਾਊਲ ਨੂੰ ਰਾਜਾ ਬਣਾਇਆ ਸੀ। ਪਰ ਬਾਅਦ ਵਿਚ ਸ਼ਾਊਲ ਬਾਗ਼ੀ ਹੋ ਗਿਆ ਅਤੇ ਉਹ ਯਹੋਵਾਹ ਦੀ ਮਿਹਰ ਗੁਆ ਬੈਠਾ। (1 ਸਮੂ. 15:17-23) ਪਰਮੇਸ਼ੁਰ ਨੇ ਇਕਦਮ ਸ਼ਾਊਲ ਨੂੰ ਰਾਜ-ਗੱਦੀ ਤੋਂ ਨਹੀਂ ਹਟਾਇਆ। ਇਸ ਲਈ ਇਹ ਇਜ਼ਰਾਈਲ ਦੇ ਲੋਕਾਂ ਅਤੇ ਉਸ ਦੇ ਕਰੀਬੀ ਦੋਸਤਾਂ ਲਈ ਇਮਤਿਹਾਨ ਦੀ ਘੜੀ ਸੀ। ਉਨ੍ਹਾਂ ਲਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਸੀ ਕਿਉਂਕਿ “ਯਹੋਵਾਹ ਦੇ ਸਿੰਘਾਸਣ” ’ਤੇ ਬੈਠਾ ਰਾਜਾ ਬਹੁਤ ਬੁਰੇ ਕੰਮ ਕਰ ਰਿਹਾ ਸੀ।—1 ਇਤ. 29:23.

6. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯੋਨਾਥਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ?

6 ਜਦੋਂ ਯੋਨਾਥਾਨ ਦਾ ਪਿਤਾ ਸ਼ਾਊਲ ਯਹੋਵਾਹ ਤੋਂ ਬੇਮੁਖ ਹੋਣ ਲੱਗਾ, ਤਾਂ ਵੀ ਯੋਨਾਥਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। (1 ਸਮੂ. 13:13, 14) ਨਬੀ ਸਮੂਏਲ ਨੇ ਕਿਹਾ ਸੀ: “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।” (1 ਸਮੂ. 12:22) ਇਸ ਗੱਲ ’ਤੇ ਯੋਨਾਥਾਨ ਨੇ ਵਿਸ਼ਵਾਸ ਦਿਖਾਇਆ ਜਦੋਂ ਫਲਿਸਤੀਆਂ ਦੀ ਵੱਡੀ ਫ਼ੌਜ 30,000 ਰਥਾਂ ਸਣੇ ਇਜ਼ਰਾਈਲੀਆਂ ਉੱਤੇ ਹਮਲਾ ਕਰਨ ਆਈ। ਸ਼ਾਊਲ ਕੋਲ ਸਿਰਫ਼ 600 ਆਦਮੀ ਸਨ ਅਤੇ ਹਥਿਆਰ ਸਿਰਫ਼ ਯੋਨਾਥਾਨ ਤੇ ਸ਼ਾਊਲ ਕੋਲ ਹੀ ਸਨ। ਫਿਰ ਵੀ ਯੋਨਾਥਾਨ ਆਪਣੇ ਹਥਿਆਰ ਚੁੱਕਣ ਵਾਲੇ ਨਾਲ ਫਲਿਸਤੀਆਂ ਦੀ ਚੌਂਕੀ ’ਤੇ ਗਿਆ। ਯੋਨਾਥਾਨ ਨੇ ਕਿਹਾ ਕਿ “ਯਹੋਵਾਹ ਅੱਗੇ ਕੁਝ ਔਖ ਨਹੀਂ ਜੋ ਬਹੁਤਿਆਂ ਨਾਲ ਛੁਟਕਾਰਾ ਕਰੇ ਯਾ ਥੋੜਿਆਂ ਨਾਲ।” ਇਨ੍ਹਾਂ ਦੋਨਾਂ ਨੇ ਚੌਂਕੀ ’ਤੇ ਲਗਭਗ 20 ਫ਼ੌਜੀਆਂ ਨੂੰ ਮਾਰ ਦਿੱਤਾ। ਫਿਰ “ਧਰਤੀ ਵਿੱਚ ਭੁੰਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ।” ਫਲਿਸਤੀ ਘਬਰਾ ਗਏ ਅਤੇ ਇਕ-ਦੂਜੇ ’ਤੇ ਹਮਲਾ ਕਰਨ ਲੱਗ ਪਏ। ਯੋਨਾਥਾਨ ਦੀ ਪਰਮੇਸ਼ੁਰ ’ਤੇ ਨਿਹਚਾ ਕਰਕੇ ਇਜ਼ਰਾਈਲ ਦੀ ਜਿੱਤ ਹੋਈ।​—1 ਸਮੂ. 13:5, 15, 22; 14:1, 2, 6, 14, 15, 20.

7. ਯੋਨਾਥਾਨ ਆਪਣੇ ਪਿਤਾ ਨਾਲ ਕਿਵੇਂ ਪੇਸ਼ ਆਉਂਦਾ ਸੀ?

7 ਭਾਵੇਂ ਸ਼ਾਊਲ ਯਹੋਵਾਹ ਤੋਂ ਦੂਰ ਹੁੰਦਾ ਗਿਆ, ਫਿਰ ਵੀ ਜਿੱਥੇ ਹੋ ਸਕਦਾ ਸੀ ਯੋਨਾਥਾਨ ਆਪਣੇ ਪਿਤਾ ਦੇ ਆਗਿਆਕਾਰ ਰਿਹਾ। ਮਿਸਾਲ ਲਈ, ਉਹ ਦੋਵੇਂ ਯਹੋਵਾਹ ਦੇ ਲੋਕਾਂ ਦੇ ਬਚਾਅ ਲਈ ਇਕੱਠੇ ਲੜੇ।—1 ਸਮੂ. 31:1, 2.

8, 9. ਸਾਨੂੰ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?

8 ਯੋਨਾਥਾਨ ਵਾਂਗ, ਜਦੋਂ ਹੋ ਸਕੇ ਅਸੀਂ ਵੀ ਆਪਣੇ ਦੇਸ਼ ਦੀ ਸਰਕਾਰ ਦੇ ਅਧੀਨ ਰਹਿ ਕੇ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਸਕਦੇ ਹਾਂ। ਯਹੋਵਾਹ ਨੇ ਇਨ੍ਹਾਂ “ਅਧਿਕਾਰ ਰੱਖਣ ਵਾਲਿਆਂ” ਨੂੰ ਸਾਡੇ ’ਤੇ ਅਧਿਕਾਰ ਦਿੱਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਦਾ ਆਦਰ ਕਰੀਏ। (ਰੋਮੀਆਂ 13:1, 2 ਪੜ੍ਹੋ।) ਇਸੇ ਕਰਕੇ ਸਾਨੂੰ ਸਰਕਾਰੀ ਅਧਿਕਾਰੀਆਂ ਨਾਲ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ ਭਾਵੇਂ ਕਿ ਉਹ ਬੇਈਮਾਨ ਹੋਣ ਅਤੇ ਸਾਨੂੰ ਲੱਗੇ ਕਿ ਉਹ ਸਾਡੇ ਆਦਰ ਦੇ ਹੱਕਦਾਰ ਨਹੀਂ ਹਨ। ਦਰਅਸਲ ਸਾਨੂੰ ਉਨ੍ਹਾਂ ਸਾਰਿਆਂ ਦਾ ਆਦਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਅਧਿਕਾਰ ਦਿੱਤਾ ਹੈ।​—1 ਕੁਰਿੰ. 11:3; ਇਬ. 13:17.

ਅਸੀਂ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਦਾ ਆਦਰ ਕਰ ਕੇ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਸਕਦੇ ਹਾਂ (ਪੈਰਾ 9 ਦੇਖੋ))

9 ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੀ ਭੈਣ ਓਲਗਾ ਆਪਣੇ ਪਤੀ ਦੇ ਬੁਰੇ ਸਲੂਕ ਦੇ ਬਾਵਜੂਦ ਵੀ ਉਸ ਦਾ ਆਦਰ ਕਰਦੀ ਰਹੀ। ਇਸ ਤਰ੍ਹਾਂ ਕਰਕੇ ਉਸ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਈ।  [1] ਓਲਗਾ ਯਹੋਵਾਹ ਦੀ ਗਵਾਹ ਸੀ ਜਿਸ ਕਰਕੇ ਉਸ ਦਾ ਪਤੀ ਕਦੀ-ਕਦੀ ਚੁੱਪ ਵੱਟ ਲੈਂਦਾ ਸੀ ਜਾਂ ਚੁੱਭਵੀਆਂ ਗੱਲਾਂ ਕਹਿੰਦਾ ਸੀ। ਉਸ ਨੇ ਇੱਥੋਂ ਤਕ ਕਿਹਾ ਕਿ ਉਹ ਉਸ ਨੂੰ ਛੱਡ ਦੇਵੇਗਾ ਤੇ ਨਿਆਣੇ ਆਪਣੇ ਕੋਲ ਰੱਖ ਲਵੇਗਾ। ਪਰ ਓਲਗਾ ਨੇ “ਬੁਰਾਈ ਦੇ ਵੱਟੇ ਬੁਰਾਈ” ਨਹੀਂ ਕੀਤੀ। ਉਸ ਨੇ ਚੰਗੀ ਪਤਨੀ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਆਪਣੇ ਪਤੀ ਲਈ ਖਾਣਾ ਬਣਾਉਂਦੀ ਸੀ, ਉਸ ਦੇ ਕੱਪੜੇ ਧੋਂਦੀ ਸੀ ਅਤੇ ਆਪਣੇ ਦੋ ਮੁੰਡਿਆਂ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਆਪਣੇ ਪਤੀ ਦੇ ਰਿਸ਼ਤੇਦਾਰਾਂ ਦਾ ਵੀ ਖ਼ਿਆਲ ਰੱਖਦੀ ਸੀ। (ਰੋਮੀ. 12:17) ਨਾਲੇ ਜਦੋਂ ਵੀ ਹੋ ਸਕਦਾ ਸੀ ਉਹ ਆਪਣੇ ਪਤੀ ਨਾਲ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂਦੀ ਸੀ। ਮਿਸਾਲ ਲਈ, ਜਦੋਂ ਉਸ ਦਾ ਪਤੀ ਆਪਣੇ ਪਿਤਾ ਦੇ ਸੰਸਕਾਰ ’ਤੇ ਗਿਆ ਜੋ ਕਿਸੇ ਹੋਰ ਸ਼ਹਿਰ ਵਿਚ ਰਹਿੰਦਾ ਸੀ, ਤਾਂ ਓਲਗਾ ਨੇ ਸਫ਼ਰ ਲਈ ਪੂਰੀ ਤਿਆਰੀ ਕੀਤੀ। ਸੰਸਕਾਰ ਵੇਲੇ ਉਹ ਚਰਚ ਦੇ ਬਾਹਰ ਖੜ੍ਹੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ। ਕਈ ਸਾਲਾਂ ਬਾਅਦ ਓਲਗਾ ਦਾ ਪਤੀ ਉਸ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਲੱਗ ਪਿਆ ਕਿਉਂਕਿ ਓਲਗਾ ਨੇ ਬਹੁਤ ਧੀਰਜ ਰੱਖਿਆ ਅਤੇ ਹਮੇਸ਼ਾ ਉਸ ਲਈ ਆਦਰ ਦਿਖਾਇਆ। ਹੁਣ ਉਹ ਓਲਗਾ ਨੂੰ ਸਭਾਵਾਂ ’ਤੇ ਜਾਣ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਉਸ ਨੂੰ ਸਭਾਵਾਂ ’ਤੇ ਛੱਡਣ ਵੀ ਜਾਂਦਾ ਹੈ। ਕਦੇ-ਕਦਾਈਂ ਉਹ ਵੀ ਉਸ ਨਾਲ ਸਭਾਵਾਂ ’ਤੇ ਹਾਜ਼ਰ ਹੁੰਦਾ ਹੈ।​—1 ਪਤ. 3:1.

ਜਦੋਂ ਸਾਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਅਸੀਂ ਪਹਿਲਾਂ ਕਿਸ ਦੇ ਵਫ਼ਾਦਾਰ ਰਹਾਂਗੇ

10. ਯੋਨਾਥਾਨ ਕਿਵੇਂ ਜਾਣਦਾ ਸੀ ਕਿ ਉਸ ਨੂੰ ਕਿਸ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ?

10 ਜਦੋਂ ਸ਼ਾਊਲ ਨੇ ਕਿਹਾ ਕਿ ਉਹ ਦਾਊਦ ਨੂੰ ਮਾਰ ਦੇਵੇਗਾ, ਤਾਂ ਯੋਨਾਥਾਨ ਨੂੰ ਔਖਾ ਫ਼ੈਸਲਾ ਕਰਨਾ ਪਿਆ। ਉਹ ਆਪਣੇ ਪਿਤਾ ਦੇ ਵਫ਼ਾਦਾਰ ਰਹਿਣਾ ਚਾਹੁੰਦਾ ਸੀ, ਪਰ ਉਹ ਦਾਊਦ ਦੇ ਵੀ ਵਫ਼ਾਦਾਰ ਰਹਿਣਾ ਚਾਹੁੰਦਾ ਸੀ। ਯੋਨਾਥਾਨ ਜਾਣਦਾ ਸੀ ਕਿ ਪਰਮੇਸ਼ੁਰ ਸ਼ਾਊਲ ਦੇ ਨਾਲ ਨਹੀਂ, ਸਗੋਂ ਦਾਊਦ ਨਾਲ ਸੀ। ਇਸ ਲਈ ਉਸ ਨੇ ਦਾਊਦ ਦੇ ਵਫ਼ਾਦਾਰ ਰਹਿਣ ਦਾ ਫ਼ੈਸਲਾ ਕੀਤਾ। ਉਸ ਨੇ ਦਾਊਦ ਨੂੰ ਚੇਤਾਵਨੀ ਦਿੱਤੀ ਕਿ ਉਹ ਲੁਕ ਜਾਵੇ। ਫਿਰ ਉਸ ਨੇ ਸ਼ਾਊਲ ਨੂੰ ਪੁੱਛਿਆ ਕਿ ਉਹ ਦਾਊਦ ਨੂੰ ਕਿਉਂ ਮਾਰਨਾ ਚਾਹੁੰਦਾ ਹੈ।​—1 ਸਮੂਏਲ 19:1-6 ਪੜ੍ਹੋ।

11, 12. ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਸਾਡੀ ਉਸ ਪ੍ਰਤੀ ਵਫ਼ਾਦਾਰ ਰਹਿਣ ਵਿਚ ਕਿਵੇਂ ਮਦਦ ਹੁੰਦੀ ਹੈ?

11 ਆਸਟ੍ਰੇਲੀਆ ਦੀ ਰਹਿਣ ਵਾਲੀ ਭੈਣ ਐਲਿਸ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਕਿਸ ਦੇ ਵਫ਼ਾਦਾਰ ਰਹੇਗੀ। ਉਹ ਬਾਈਬਲ ਅਧਿਐਨ ਦੌਰਾਨ ਜੋ ਵੀ ਸਿੱਖਦੀ ਸੀ, ਉਹ ਆਪਣੇ ਪਰਿਵਾਰ ਨਾਲ ਸਾਂਝਾ ਕਰਦੀ ਸੀ। ਉਸ ਨੇ ਆਪਣੇ ਪਰਿਵਾਰ ਨੂੰ ਇਹ ਵੀ ਦੱਸਿਆ ਕਿ ਉਹ ਕ੍ਰਿਸਮਸ ਕਿਉਂ ਨਹੀਂ ਮਨਾਵੇਗੀ। ਪਹਿਲਾਂ ਤਾਂ ਉਸ ਦਾ ਪਰਿਵਾਰ ਪਰੇਸ਼ਾਨ ਹੋਇਆ, ਪਰ ਬਾਅਦ ਵਿਚ ਉਸ ਨਾਲ ਬਹੁਤ ਗੁੱਸੇ ਹੋਇਆ। ਪਰਿਵਾਰ ਦੇ ਮੈਂਬਰਾਂ ਨੂੰ ਲੱਗਾ ਕਿ ਐਲਿਸ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਸੀ। ਫਿਰ ਉਸ ਦੀ ਮੰਮੀ ਨੇ ਕਿਹਾ ਕਿ ਉਹ ਐਲਿਸ ਦੀ ਸ਼ਕਲ ਦੁਬਾਰਾ ਕਦੀ ਨਹੀਂ ਦੇਖਣਾ ਚਾਹੁੰਦੀ। ਐਲਿਸ ਨੇ ਕਿਹਾ: “ਮੈਨੂੰ ਇਸ ਗੱਲ ਦਾ ਬਹੁਤ ਧੱਕਾ ਅਤੇ ਸਦਮਾ ਲੱਗਾ ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ। ਪਰ ਫਿਰ ਵੀ ਮੈਂ ਯਹੋਵਾਹ ਤੇ ਉਸ ਦੇ ਪੁੱਤਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਫ਼ੈਸਲਾ ਕੀਤਾ ਅਤੇ ਅਗਲੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ।”​—ਮੱਤੀ 10:37.

12 ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਣ ਦੀ ਬਜਾਇ ਖ਼ੇਡ ਟੀਮ, ਸਕੂਲ ਜਾਂ ਦੇਸ਼ ਪ੍ਰਤੀ ਵਫ਼ਾਦਾਰੀ ਦਿਖਾਉਣ ਲੱਗ ਸਕਦੇ ਹਾਂ। ਮਿਸਾਲ ਲਈ, ਹੈਨਰੀ ਨੂੰ ਆਪਣੀ ਸਕੂਲ ਟੀਮ ਨਾਲ ਸ਼ਤਰੰਜ ਖੇਡਣ ਵਿਚ ਮਜ਼ਾ ਆਉਂਦਾ ਸੀ ਅਤੇ ਉਹ ਆਪਣੇ ਸਕੂਲ ਲਈ ਇਨਾਮ ਜਿੱਤਣਾ ਚਾਹੁੰਦਾ ਸੀ। ਪਰ ਹਰ ਸ਼ਨੀ-ਐਤਵਾਰ ਸ਼ਤਰੰਜ ਖੇਡਣ ਕਰਕੇ ਉਸ ਕੋਲ ਪ੍ਰਚਾਰ ਅਤੇ ਮੀਟਿੰਗਾਂ ’ਤੇ ਜਾਣ ਲਈ ਸਮਾਂ ਨਹੀਂ ਸੀ ਬਚਦਾ। ਹੈਨਰੀ ਨੇ ਕਿਹਾ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਬਜਾਇ ਉਸ ਲਈ ਸਕੂਲ ਪ੍ਰਤੀ ਵਫ਼ਾਦਾਰ ਰਹਿਣਾ ਜ਼ਿਆਦਾ ਜ਼ਰੂਰੀ ਹੋ ਗਿਆ ਸੀ। ਇਸ ਲਈ ਉਸ ਨੇ ਆਪਣੇ ਸਕੂਲ ਲਈ ਸ਼ਤਰੰਜ ਨਾ ਖੇਡਣ ਦਾ ਫ਼ੈਸਲਾ ਕੀਤਾ।—ਮੱਤੀ 6:33.

13. ਪਰਿਵਾਰ ਵਿਚ ਸਮੱਸਿਆਵਾਂ ਹੋਣ ਤੇ ਕਿਹੜੀ ਗੱਲ ਸਾਡੀ ਸਹੀ ਫ਼ੈਸਲਾ ਕਰਨ ਵਿਚ ਮਦਦ ਕਰੇਗੀ?

13 ਕਈ ਵਾਰ ਸਾਡੇ ਲਈ ਇੱਕੋ ਸਮੇਂ ’ਤੇ ਆਪਣੇ ਪਰਿਵਾਰ ਦੇ ਅਲੱਗ-ਅਲੱਗ ਮੈਂਬਰਾਂ ਪ੍ਰਤੀ ਵਫ਼ਾਦਾਰ ਰਹਿਣਾ ਔਖਾ ਹੋ ਸਕਦਾ ਹੈ। ਮਿਸਾਲ ਲਈ, ਕੈੱਨ ਦੱਸਦਾ ਹੈ: “ਮੈਂ ਆਪਣੀ ਬਜ਼ੁਰਗ ਮਾਂ ਨੂੰ ਬਾਕਾਇਦਾ ਮਿਲਣ ਜਾਣਾ ਚਾਹੁੰਦਾ ਸੀ ਅਤੇ ਇਹ ਵੀ ਚਾਹੁੰਦਾ ਸੀ ਕਿ ਉਹ ਕਦੀ-ਕਦਾਈਂ ਸਾਡੇ ਨਾਲ ਆ ਕੇ ਰਹੇ। ਪਰ ਮੇਰੀ ਮੰਮੀ ਅਤੇ ਮੇਰੀ ਪਤਨੀ ਦੀ ਆਪਸ ਵਿਚ ਬਣਦੀ ਨਹੀਂ ਸੀ।” ਉਹ ਅੱਗੇ ਦੱਸਦਾ ਹੈ: “ਜਦੋਂ ਮੈਂ ਇਕ ਨੂੰ ਖ਼ੁਸ਼ ਕਰਦਾ ਸੀ, ਤਾਂ ਦੂਜੀ ਨਾਰਾਜ਼ ਹੋ ਜਾਂਦੀ ਸੀ।” ਕੈੱਨ ਨੇ ਸੋਚਿਆ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਵਫ਼ਾਦਾਰੀ ਦੀ ਪਹਿਲੀ ਹੱਕਦਾਰ ਉਸ ਦੀ ਪਤਨੀ ਹੈ। ਸੋ ਉਸ ਨੇ ਸਮਝਦਾਰੀ ਨਾਲ ਇਸ ਮਸਲੇ ਨੂੰ ਸੁਲਝਾਇਆ ਜਿਸ ਤੋਂ ਉਸ ਦੀ ਪਤਨੀ ਖ਼ੁਸ਼ ਸੀ। ਫਿਰ ਉਸ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਉਸ ਨੂੰ ਮੰਮੀ ਜੀ ਨਾਲ ਪਿਆਰ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ। ਨਾਲੇ ਉਸ ਨੇ ਆਪਣੀ ਮੰਮੀ ਜੀ ਨੂੰ ਵੀ ਸਮਝਾਇਆ ਕਿ ਉਨ੍ਹਾਂ ਨੂੰ ਉਸ ਦੀ ਪਤਨੀ ਨਾਲ ਆਦਰ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ।​—ਉਤਪਤ 2:24; 1 ਕੁਰਿੰਥੀਆਂ 13:4, 5 ਪੜ੍ਹੋ।

ਜਦੋਂ ਕੋਈ ਭਰਾ ਸਾਡੀ ਗੱਲ ਦਾ ਗ਼ਲਤ ਮਤਲਬ ਕੱਢੇ ਜਾਂ ਨਾਜਾਇਜ਼ ਤਰੀਕੇ ਨਾਲ ਪੇਸ਼ ਆਵੇ

14. ਸ਼ਾਊਲ ਯੋਨਾਥਾਨ ਨਾਲ ਕਿਵੇਂ ਪੇਸ਼ ਆਇਆ?

14 ਅਸੀਂ ਉਦੋਂ ਵੀ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ ਜਦੋਂ ਕੋਈ ਅਧਿਕਾਰ ਰੱਖਣ ਵਾਲਾ ਭਰਾ ਸਾਡੇ ਨਾਲ ਨਾਜਾਇਜ਼ ਤਰੀਕੇ ਨਾਲ ਪੇਸ਼ ਆਉਂਦਾ ਹੈ। ਰਾਜਾ ਸ਼ਾਊਲ ਨੂੰ ਪਰਮੇਸ਼ੁਰ ਨੇ ਚੁਣਿਆ ਸੀ, ਪਰ ਉਸ ਨੇ ਆਪਣੇ ਪੁੱਤਰ ਨਾਲ ਬਹੁਤ ਬੁਰਾ ਸਲੂਕ ਕੀਤਾ। ਉਹ ਇਹ ਗੱਲ ਨਹੀਂ ਸਮਝਿਆ ਕਿ ਯੋਨਾਥਾਨ ਦਾਊਦ ਨੂੰ ਕਿਉਂ ਪਿਆਰ ਕਰਦਾ ਸੀ। ਸੋ ਜਦੋਂ ਯੋਨਾਥਾਨ ਨੇ ਦਾਊਦ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸ਼ਾਊਲ ਬਹੁਤ ਗੁੱਸੇ ਹੋਇਆ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਆਪਣੇ ਪੁੱਤਰ ਦੀ ਬੇਇੱਜ਼ਤੀ ਕੀਤੀ। ਪਰ ਯੋਨਾਥਾਨ ਆਪਣੇ ਪਿਤਾ ਦਾ ਆਦਰ ਕਰਦਾ ਰਿਹਾ। ਉਸੇ ਸਮੇਂ ਦੌਰਾਨ ਉਹ ਯਹੋਵਾਹ ਅਤੇ ਦਾਊਦ ਪ੍ਰਤੀ ਵੀ ਵਫ਼ਾਦਾਰ ਰਿਹਾ ਜਿਸ ਨੂੰ ਪਰਮੇਸ਼ੁਰ ਨੇ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ ਸੀ।—1 ਸਮੂ. 20:30-41.

15. ਜੇ ਕੋਈ ਭਰਾ ਸਾਡੇ ਨਾਲ ਨਾਜਾਇਜ਼ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

15 ਅੱਜ ਮੰਡਲੀਆਂ ਵਿਚ ਅਗਵਾਈ ਲੈਣ ਵਾਲੇ ਭਰਾ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਨ੍ਹਾਂ ਭਰਾਵਾਂ ਵਿਚ ਵੀ ਕਮੀਆਂ-ਕਮਜ਼ੋਰੀਆਂ ਹਨ। ਇਸ ਕਰਕੇ ਹੋ ਸਕਦਾ ਹੈ ਕਿ ਉਹ ਸ਼ਾਇਦ ਸਾਡੀ ਗੱਲ ਦਾ ਗ਼ਲਤ ਮਤਲਬ ਕੱਢਣ ਜਾਂ ਇਹ ਗੱਲ ਨਾ ਸਮਝਣ ਕਿ ਅਸੀਂ ਕੋਈ ਕੰਮ ਕਿਉਂ ਕੀਤਾ ਹੈ। (1 ਸਮੂ. 1:13-17) ਸੋ ਭਾਵੇਂ ਜੇ ਕੋਈ ਸਾਡੀ ਗੱਲ ਦਾ ਗ਼ਲਤ ਮਤਲਬ ਕੱਢਦਾ ਹੈ ਜਾਂ ਸਾਡੇ ਨਾਲ ਨਾਜਾਇਜ਼ ਤਰੀਕੇ ਨਾਲ ਪੇਸ਼ ਆਉਂਦਾ ਹੈ, ਤਾਂ ਫਿਰ ਵੀ ਆਓ ਆਪਾਂ ਯਹੋਵਾਹ ਦੇ ਵਫ਼ਾਦਾਰ ਰਹੀਏ।

ਜਦੋਂ ਵਾਅਦਾ ਨਿਭਾਉਣਾ ਬਹੁਤ ਮੁਸ਼ਕਲ ਹੋਵੇ

16. ਸਾਨੂੰ ਕਿਹੜੇ ਹਾਲਾਤਾਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ?

16 ਸ਼ਾਊਲ ਚਾਹੁੰਦਾ ਸੀ ਕਿ ਦਾਊਦ ਦੀ ਬਜਾਇ ਯੋਨਾਥਾਨ ਇਜ਼ਰਾਈਲ ਦਾ ਅਗਲਾ ਰਾਜਾ ਬਣੇ। (1 ਸਮੂ. 20:31) ਪਰ ਯੋਨਾਥਾਨ ਯਹੋਵਾਹ ਨਾਲ ਪਿਆਰ ਕਰਦਾ ਸੀ ਤੇ ਉਸ ਪ੍ਰਤੀ ਵਫ਼ਾਦਾਰ ਸੀ। ਸੋ ਆਪਣੇ ਬਾਰੇ ਸੋਚਣ ਦੀ ਬਜਾਇ ਯੋਨਾਥਾਨ ਦਾਊਦ ਦਾ ਦੋਸਤ ਬਣ ਗਿਆ ਅਤੇ ਉਸ ਨਾਲ ਕੀਤੇ ਆਪਣੇ ਵਾਅਦੇ ਨੂੰ ਨਿਭਾਇਆ। ਦਰਅਸਲ ਜਿਹੜਾ ਵੀ ਯਹੋਵਾਹ ਨੂੰ ਪਿਆਰ ਕਰਦਾ ਹੈ ਅਤੇ ਉਸ ਦੇ ਵਫ਼ਾਦਾਰ ਹੈ, ਉਹ “ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ।” (ਜ਼ਬੂ. 15:4) ਅਸੀਂ ਯਹੋਵਾਹ ਦੇ ਵਫ਼ਾਦਾਰ ਹੋਣ ਕਰਕੇ ਆਪਣੇ ਵਾਅਦੇ ਨਿਭਾਵਾਂਗੇ। ਮਿਸਾਲ ਲਈ, ਜੇਕਰ ਅਸੀਂ ਆਪਣੇ ਕਾਰੋਬਾਰ ਵਿਚ ਕੋਈ ਸਹੁੰ ਖਾਂਦੇ ਹਾਂ, ਤਾਂ ਅਸੀਂ ਉਸ ’ਤੇ ਪੂਰਾ ਉਤਰਾਂਗੇ ਭਾਵੇਂ ਸਾਨੂੰ ਘਾਟਾ ਹੀ ਕਿਉਂ ਨਾ ਪਵੇ। ਜੇ ਸਾਡੀ ਵਿਆਹੁਤਾ ਜ਼ਿੰਦਗੀ ਵਿਚ ਸਮੱਸਿਆਵਾਂ ਆਉਂਦੀਆਂ ਹਨ, ਤਾਂ ਅਸੀਂ ਆਪਣੇ ਪਤੀ ਜਾਂ ਪਤਨੀ ਪ੍ਰਤੀ ਵਫ਼ਾਦਾਰ ਰਹਿ ਕੇ ਯਹੋਵਾਹ ਲਈ ਪਿਆਰ ਦਿਖਾਵਾਂਗੇ।​—ਮਲਾਕੀ 2:13-16 ਪੜ੍ਹੋ।

ਜੇ ਅਸੀਂ ਕਾਰੋਬਾਰ ਵਿਚ ਕੋਈ ਸਹੁੰ ਖਾਂਦੇ ਹਾਂ, ਤਾਂ ਅਸੀਂ ਉਸ ’ਤੇ ਪੂਰਾ ਉਤਰਾਂਗੇ ਕਿਉਂਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਹਾਂ (ਪੈਰਾ 16 ਦੇਖੋ)

17. ਤੁਹਾਨੂੰ ਇਸ ਲੇਖ ਤੋਂ ਕੀ ਫ਼ਾਇਦਾ ਹੋਇਆ ਹੈ?

17 ਅਸੀਂ ਯੋਨਾਥਾਨ ਵਾਂਗ ਪਰਮੇਸ਼ੁਰ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ ਅਤੇ ਆਪਣੇ ਬਾਰੇ ਨਹੀਂ ਸੋਚਣਾ ਚਾਹੁੰਦੇ। ਆਓ ਆਪਾਂ ਆਪਣੇ ਭੈਣਾਂ-ਭਰਾਵਾਂ ਦੇ ਵਫ਼ਾਦਾਰ ਰਹੀਏ ਭਾਵੇਂ ਉਹ ਸਾਨੂੰ ਨਾਰਾਜ਼ ਹੀ ਕਿਉਂ ਨਾ ਕਰਨ। ਨਾਲੇ ਆਓ ਆਪਾਂ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ। ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਾਂਗੇ ਅਤੇ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਹੋਵੇਗੀ। (ਕਹਾ. 27:11) ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਉਹ ਹਮੇਸ਼ਾ ਸਾਡੇ ਭਲੇ ਲਈ ਕੰਮ ਕਰੇਗਾ ਅਤੇ ਸਾਡਾ ਖ਼ਿਆਲ ਰੱਖੇਗਾ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਦਾਊਦ ਦੇ ਜ਼ਮਾਨੇ ਵਿਚ ਉਨ੍ਹਾਂ ਲੋਕਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਵਫ਼ਾਦਾਰ ਰਹੇ ਅਤੇ ਜੋ ਨਹੀਂ ਰਹੇ।

^ [1] (ਪੈਰਾ 9) ਕੁਝ ਨਾਂ ਬਦਲੇ ਗਏ ਹਨ।