ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ
“ਯਹੋਵਾਹ ਉਨ੍ਹਾਂ ਨਾਲ ਗਹਿਰੀ ਦੋਸਤੀ ਕਰਦਾ ਹੈ ਜੋ ਉਸ ਤੋਂ ਡਰਦੇ ਹਨ।”—ਜ਼ਬੂ. 25:14.
ਗੀਤ: 27, 21
1-3. (ੳ) ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
ਬਾਈਬਲ ਵਿਚ ਅਬਰਾਹਾਮ ਨੂੰ ਤਿੰਨ ਵਾਰ ਪਰਮੇਸ਼ੁਰ ਦਾ ਦੋਸਤ ਕਿਹਾ ਗਿਆ ਹੈ। (2 ਇਤ. 20:7; ਯਸਾ. 41:8; ਯਾਕੂ. 2:23) ਬਾਈਬਲ ਵਿਚ ਸਿਰਫ਼ ਅਬਰਾਹਾਮ ਬਾਰੇ ਇੱਦਾਂ ਕਿਹਾ ਗਿਆ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਿਰਫ਼ ਅਬਰਾਹਾਮ ਹੀ ਪਰਮੇਸ਼ੁਰ ਦਾ ਦੋਸਤ ਸੀ? ਨਹੀਂ। ਬਾਈਬਲ ਦੱਸਦੀ ਹੈ ਕਿ ਅਸੀਂ ਸਾਰੇ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ।
2 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ, ਪਰਮੇਸ਼ੁਰ ’ਤੇ ਨਿਹਚਾ ਰੱਖੀ ਅਤੇ ਉਸ ਦੇ ਪੱਕੇ ਦੋਸਤ ਬਣੇ। (ਜ਼ਬੂਰਾਂ ਦੀ ਪੋਥੀ 25:14 [NW] ਪੜ੍ਹੋ।) ਇਹ ਸੇਵਕ ਪੌਲੁਸ ਵੱਲੋਂ ਦੱਸੇ ‘ਗਵਾਹਾਂ ਦੇ ਵੱਡੇ ਬੱਦਲ’ ਦਾ ਹਿੱਸਾ ਹਨ। ਵੱਖੋ-ਵੱਖਰੇ ਪਿਛੋਕੜਾਂ ਦੇ ਇਹ ਲੋਕ ਪਰਮੇਸ਼ੁਰ ਦੇ ਦੋਸਤ ਸਨ।—ਇਬ. 12:1.
3 ਆਓ ਆਪਾਂ ਬਾਈਬਲ ਵਿਚ ਦੱਸੇ ਯਹੋਵਾਹ ਦੇ ਤਿੰਨ ਦੋਸਤਾਂ ਬਾਰੇ ਦੇਖੀਏ: (1) ਮੋਆਬ ਵਿਚ ਰਹਿਣ ਵਾਲੀ ਵਫ਼ਾਦਾਰ ਵਿਧਵਾ ਰੂਥ, (2) ਯਹੂਦਾਹ ਦਾ ਵਫ਼ਾਦਾਰ ਰਾਜਾ ਹਿਜ਼ਕੀਯਾਹ ਅਤੇ (3) ਯਿਸੂ ਦੀ ਨਿਮਰ ਮਾਂ ਮਰੀਅਮ। ਅਸੀਂ ਪਰਮੇਸ਼ੁਰ ਨਾਲ ਇਨ੍ਹਾਂ ਦੀ ਦੋਸਤੀ ਤੋਂ ਕੀ ਸਿੱਖ ਸਕਦੇ ਹਾਂ?
ਉਸ ਨੇ ਪਿਆਰ ਅਤੇ ਵਫ਼ਾਦਾਰੀ ਦਿਖਾਈ
4, 5. ਰੂਥ ਨੂੰ ਕਿਹੜਾ ਮੁਸ਼ਕਲ ਫ਼ੈਸਲਾ ਕਰਨਾ ਪੈਣਾ ਸੀ ਅਤੇ ਇਹ ਉਸ ਲਈ ਇੰਨਾ ਔਖਾ ਕਿਉਂ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਨਾਓਮੀ ਆਪਣੀਆਂ ਨੂੰਹਾਂ ਰੂਥ ਅਤੇ ਆਰਪਾਹ ਨਾਲ ਮੋਆਬ ਤੋਂ ਇਜ਼ਰਾਈਲ ਨੂੰ ਜਾ ਰਹੀ ਸੀ। ਰਸਤੇ ਵਿਚ ਆਰਪਾਹ ਨੇ ਆਪਣੇ ਦੇਸ਼ ਮੋਆਬ ਮੁੜਨ ਦਾ ਫ਼ੈਸਲਾ ਕੀਤਾ। ਪਰ ਨਾਓਮੀ ਨੇ ਆਪਣੇ ਦੇਸ਼ ਇਜ਼ਰਾਈਲ ਮੁੜਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਰੂਥ ਨੂੰ ਸ਼ਾਇਦ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਕਰਨਾ ਪੈਣਾ ਸੀ। ਕੀ ਉਹ ਆਪਣੇ ਪਰਿਵਾਰ ਕੋਲ ਮੋਆਬ ਵਾਪਸ ਜਾਏਗੀ ਜਾਂ ਆਪਣੀ ਸੱਸ ਨਾਓਮੀ ਨਾਲ ਬੈਤਲਹਮ ਜਾ ਕੇ ਰਹੇਗੀ? ਰੂਥ ਨੇ ਕੀ ਕਰਨ ਦਾ ਫ਼ੈਸਲਾ ਕੀਤਾ?—ਰੂਥ 1:1-8, 14.
5 ਰੂਥ ਦਾ ਪਰਿਵਾਰ ਮੋਆਬ ਵਿਚ ਰਹਿੰਦਾ ਸੀ। ਉਹ ਆਪਣੇ ਪੇਕੇ ਵਾਪਸ ਜਾ ਸਕਦੀ ਸੀ ਅਤੇ ਉਸ ਦਾ ਪਰਿਵਾਰ ਉਸ ਦੀ ਦੇਖ-ਭਾਲ ਕਰ ਸਕਦਾ ਸੀ। ਉਹ ਮੋਆਬ ਦੇ ਲੋਕਾਂ, ਉੱਥੋਂ ਦੀ ਭਾਸ਼ਾ ਅਤੇ ਸਭਿਆਚਾਰ ਨੂੰ ਜਾਣਦੀ ਸੀ। ਨਾਓਮੀ ਨੇ ਰੂਥ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਉਸ ਨੂੰ ਬੈਤਲਹਮ ਵਿਚ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਨਾਲੇ ਨਾਓਮੀ ਨੂੰ ਇਸ ਗੱਲ ਦਾ ਡਰ ਸੀ ਕਿ ਉਹ ਰੂਥ ਵਾਸਤੇ ਨਾ ਤਾਂ ਪਤੀ ਲੱਭ ਸਕੇਗੀ ਤੇ ਨਾ ਹੀ ਘਰ। ਇਸ ਲਈ ਨਾਓਮੀ ਨੇ ਰੂਥ ਨੂੰ ਮੋਆਬ ਵਾਪਸ ਜਾਣ ਲਈ ਕਿਹਾ ਜਿੱਦਾਂ ਆਰਪਾਹ ‘ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ’ ਸੀ। (ਰੂਥ 1:9-15) ਪਰ ਰੂਥ ਨੇ ਆਪਣੇ ਲੋਕਾਂ ਅਤੇ ਦੇਵਤਿਆਂ ਕੋਲ ਵਾਪਸ ਨਾ ਮੁੜਨ ਦਾ ਫ਼ੈਸਲਾ ਕੀਤਾ।
6. (ੳ) ਰੂਥ ਨੇ ਸਮਝਦਾਰੀ ਨਾਲ ਕਿਹੜਾ ਫ਼ੈਸਲਾ ਕੀਤਾ? (ਅ) ਬੋਅਜ਼ ਨੇ ਰੂਥ ਬਾਰੇ ਕਿਉਂ ਕਿਹਾ ਸੀ ਕਿ ਉਸ ਨੇ ਪਰਮੇਸ਼ੁਰ ਦੇ ਖੰਭਾਂ ਹੇਠ ਪਨਾਹ ਲਈ ਸੀ?
6 ਲੱਗਦਾ ਹੈ ਕਿ ਰੂਥ ਨੇ ਆਪਣੇ ਪਤੀ ਜਾਂ ਸੱਸ ਤੋਂ ਯਹੋਵਾਹ ਬਾਰੇ ਸਿੱਖਿਆ ਸੀ। ਉਸ ਨੇ ਸਿੱਖਿਆ ਸੀ ਕਿ ਯਹੋਵਾਹ ਮੋਆਬ ਦੇ ਦੇਵਤਿਆਂ ਵਰਗਾ ਨਹੀਂ ਹੈ। ਉਹ ਯਹੋਵਾਹ ਨੂੰ ਪਿਆਰ ਕਰਦੀ ਸੀ ਤੇ ਜਾਣਦੀ ਸੀ ਕਿ ਯਹੋਵਾਹ ਹੀ ਉਸ ਦੇ ਪਿਆਰ ਤੇ ਭਗਤੀ ਦਾ ਹੱਕਦਾਰ ਹੈ। ਇਸ ਲਈ ਰੂਥ ਨੇ ਸਮਝਦਾਰੀ ਨਾਲ ਫ਼ੈਸਲਾ ਕੀਤਾ। ਉਸ ਨੇ ਨਾਓਮੀ ਨੂੰ ਕਿਹਾ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਨਾਓਮੀ ਅਤੇ ਰੂਥ ਦੇ ਪਿਆਰ ਬਾਰੇ ਸੋਚ ਕੇ ਸਾਡੇ ਦਿਲ ਛੋਹੇ ਜਾਂਦੇ ਹਨ। ਪਰ ਇਸ ਤੋਂ ਵੀ ਕਿਤੇ ਜ਼ਿਆਦਾ ਸਾਡੇ ਦਿਲ ਉਦੋਂ ਛੋਹੇ ਜਾਂਦੇ ਹਨ ਜਦੋਂ ਅਸੀਂ ਯਹੋਵਾਹ ਲਈ ਰੂਥ ਦਾ ਪਿਆਰ ਦੇਖਦੇ ਹਾਂ। ਇਸ ਗੱਲ ਨੇ ਬੋਅਜ਼ ਨੂੰ ਵੀ ਪ੍ਰਭਾਵਿਤ ਕੀਤਾ। ਉਸ ਨੇ ਬਾਅਦ ਵਿਚ ਰੂਥ ਦੀ ਤਾਰੀਫ਼ ਕੀਤੀ ਕਿ ਉਹ ‘ਪਰਮੇਸ਼ੁਰ ਦੇ ਖੰਭਾਂ ਹੇਠ ਪਰਤੀਤ ਕਰ ਕੇ ਆਈ ਹੈ।’ (ਰੂਥ 2:12 ਪੜ੍ਹੋ।) ਬੋਅਜ਼ ਦੇ ਸ਼ਬਦਾਂ ਨੂੰ ਪੜ੍ਹ ਕੇ ਸ਼ਾਇਦ ਸਾਨੂੰ ਯਾਦ ਆਵੇ ਕਿ ਜਿੱਦਾਂ ਮਾਪੇ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਪਨਾਹ ਦਿੰਦੇ ਹਨ, ਉੱਦਾਂ ਹੀ ਯਹੋਵਾਹ ਰੂਥ ਲਈ ਪਨਾਹ ਬਣਿਆ। (ਜ਼ਬੂ. 36:7; 91:1-4) ਯਹੋਵਾਹ ਨੇ ਉਸ ਨੂੰ ਉਸ ਦੀ ਨਿਹਚਾ ਦਾ ਇਨਾਮ ਦਿੱਤਾ। ਰੂਥ ਨੂੰ ਆਪਣੇ ਕੀਤੇ ਫ਼ੈਸਲੇ ਦਾ ਕਦੇ ਕੋਈ ਪਛਤਾਵਾ ਨਹੀਂ ਹੋਇਆ।
7. ਕਿਹੜੀ ਗੱਲ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜੋ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਤੋਂ ਹਿਚਕਿਚਾਉਂਦੇ ਹਨ?
7 ਬਹੁਤ ਸਾਰੇ ਲੋਕ ਯਹੋਵਾਹ ਬਾਰੇ ਸਿੱਖਦੇ ਹਨ, ਪਰ ਉਹ ਯਹੋਵਾਹ ਦੀ ਪਨਾਹ ਹੇਠ ਨਹੀਂ ਆਉਂਦੇ। ਉਹ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਹਿਚਕਿਚਾਉਂਦੇ ਹਨ। ਜੇ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪਣ ਤੋਂ ਹਿਚਕਿਚਾਉਂਦੇ ਹੋ, ਤਾਂ ਕੀ ਤੁਸੀਂ ਕਦੀ ਆਪਣੇ ਆਪ ਤੋਂ ਪੁੱਛਿਆ ਹੈ ਕਿ ਇੱਦਾਂ ਕਿਉਂ ਹੈ? ਸਾਰੇ ਹੀ ਕਿਸੇ-ਨਾ-ਕਿਸੇ ਦੇਵੀ-ਦੇਵਤੇ ਨੂੰ ਮੰਨਦੇ ਹਨ। (ਯਹੋ. 24:15) ਪਰ ਸਮਝਦਾਰੀ ਸੱਚੇ ਰੱਬ ਦੀ ਭਗਤੀ ਕਰਨ ਵਿਚ ਹੀ ਹੈ। ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਦੇ ਹੋ, ਤਾਂ ਤੁਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋ ਕਿ ਯਹੋਵਾਹ ਤੁਹਾਡੀ ਪਨਾਹ ਹੈ। ਨਾਲੇ ਉਹ ਤੁਹਾਡੀ ਔਖੀਆਂ ਘੜੀਆਂ ਪਾਰ ਕਰਨ ਵਿਚ ਮਦਦ ਕਰੇਗਾ ਤਾਂਕਿ ਤੁਸੀਂ ਉਸ ਦੀ ਸੇਵਾ ਵਿਚ ਲੱਗੇ ਰਹੋ। ਰੂਥ ਲਈ ਵੀ ਪਰਮੇਸ਼ੁਰ ਨੇ ਇੱਦਾਂ ਹੀ ਕੀਤਾ।
“ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ”
8. ਹਿਜ਼ਕੀਯਾਹ ਦੇ ਪਿਛੋਕੜ ਬਾਰੇ ਦੱਸੋ।
8 ਹਿਜ਼ਕੀਯਾਹ ਦਾ ਪਿਛੋਕੜ ਰੂਥ ਦੇ ਪਿਛੋਕੜ ਤੋਂ ਬਹੁਤ ਵੱਖਰਾ ਸੀ। ਹਿਜ਼ਕੀਯਾਹ ਯਹੋਵਾਹ ਦੀ ਚੁਣੀ ਹੋਈ ਕੌਮ ਵਿੱਚੋਂ ਸੀ। ਪਰ ਇਸ ਕੌਮ ਦੇ ਸਾਰੇ ਲੋਕ ਵਫ਼ਾਦਾਰ ਨਹੀਂ ਸਨ। ਹਿਜ਼ਕੀਯਾਹ ਦਾ ਪਿਤਾ ਆਹਾਜ਼ ਇਕ ਦੁਸ਼ਟ ਰਾਜਾ 2 ਰਾਜ. 16:2-4, 10-17; 2 ਇਤ. 28:1-3.
ਸੀ। ਉਸ ਨੇ ਪਰਮੇਸ਼ੁਰ ਦੇ ਮੰਦਰ ਦੀ ਬੇਅਦਬੀ ਕੀਤੀ ਅਤੇ ਲੋਕਾਂ ਨੂੰ ਹੋਰ ਦੇਵੀ-ਦੇਵਤਿਆਂ ਦੇ ਪਿੱਛੇ ਲਾਇਆ। ਇੱਥੋਂ ਤਕ ਕਿ ਆਹਾਜ਼ ਨੇ ਹਿਜ਼ਕੀਯਾਹ ਦੇ ਕੁਝ ਭਰਾਵਾਂ ਨੂੰ ਝੂਠੇ ਦੇਵਤੇ ਅੱਗੇ ਬਲ਼ੀਆਂ ਚੜ੍ਹਾਉਣ ਲਈ ਜੀਉਂਦਾ ਸਾੜ ਦਿੱਤਾ। ਅਸੀਂ ਸੋਚ ਵੀ ਨਹੀਂ ਸਕਦੇ ਕਿ ਹਿਜ਼ਕੀਯਾਹ ਦਾ ਬਚਪਨ ਕਿੰਨਾ ਭੈੜਾ ਸੀ!—9, 10. (ੳ) ਹਿਜ਼ਕੀਯਾਹ ਸੌਖਿਆਂ ਹੀ ਯਹੋਵਾਹ ’ਤੇ ਗੁੱਸੇ ਕਿਉਂ ਹੋ ਸਕਦਾ ਸੀ? (ਅ) ਸਾਨੂੰ ਪਰਮੇਸ਼ੁਰ ਨਾਲ ਗੁੱਸੇ ਕਿਉਂ ਨਹੀਂ ਹੋਣਾ ਚਾਹੀਦਾ? (ੲ) ਸਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਵੱਡੇ ਹੋ ਕੇ ਜਿਹੋ ਜਿਹੇ ਇਨਸਾਨ ਬਣਾਂਗੇ ਉਹ ਸਾਡੇ ਘਰ ਦੇ ਮਾਹੌਲ ’ਤੇ ਨਿਰਭਰ ਕਰਦਾ ਹੈ?
9 ਆਹਾਜ਼ ਦੀ ਬੁਰੀ ਮਿਸਾਲ ਕਰਕੇ ਉਸ ਦਾ ਪੁੱਤਰ ਹਿਜ਼ਕੀਯਾਹ ਯਹੋਵਾਹ ਨਾਲ ਗੁੱਸੇ ਹੋ ਸਕਦਾ ਸੀ। ਕੁਝ ਭੈਣਾਂ-ਭਰਾਵਾਂ ਨੇ ਹਿਜ਼ਕੀਯਾਹ ਜਿੰਨੇ ਦੁੱਖ ਨਹੀਂ ਸਹੇ, ਪਰ ਉਹ ਮੰਨਦੇ ਹਨ ਕਿ ਉਨ੍ਹਾਂ ਕੋਲ “ਯਹੋਵਾਹ ਤੇ ਗੁੱਸੇ” ਹੋਣ ਜਾਂ ਉਸ ਦੇ ਸੰਗਠਨ ਪ੍ਰਤੀ ਆਪਣੇ ਦਿਲ ਵਿਚ ਕੁੜੱਤਣ ਭਰਨ ਦਾ ਜਾਇਜ਼ ਕਾਰਨ ਹੈ। (ਕਹਾ. 19:3) ਹੋਰਨਾਂ ਨੂੰ ਲੱਗਦਾ ਹੈ ਕਿ ਬਚਪਨ ਵਿਚ ਘਰ ਦੇ ਮਾੜੇ ਮਾਹੌਲ ਕਰਕੇ ਸ਼ਾਇਦ ਵੱਡੇ ਹੋ ਕੇ ਉਨ੍ਹਾਂ ਦੀ ਜ਼ਿੰਦਗੀ ਬੁਰੀ ਹੋਵੇ ਜਾਂ ਉਹ ਆਪਣੇ ਮਾਪਿਆਂ ਵਾਂਗ ਗ਼ਲਤੀਆਂ ਕਰਨ। (ਹਿਜ਼. 18:2, 3) ਪਰ ਕੀ ਇਹ ਗੱਲਾਂ ਸੱਚ ਹਨ?
10 ਹਿਜ਼ਕੀਯਾਹ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਇਹ ਗੱਲਾਂ ਸੱਚ ਨਹੀਂ ਹਨ। ਯਹੋਵਾਹ ’ਤੇ ਗੁੱਸੇ ਹੋਣ ਦਾ ਕਦੀ ਵੀ ਕੋਈ ਵਾਜਬ ਕਾਰਨ ਨਹੀਂ ਹੁੰਦਾ। ਯਹੋਵਾਹ ਕਿਸੇ ਨਾਲ ਬੁਰਾ ਨਹੀਂ ਕਰਦਾ। (ਅੱਯੂ. 34:10) ਇਹ ਸੱਚ ਹੈ ਕਿ ਇਹ ਮਾਪਿਆਂ ਦੇ ਹੱਥ ਵਿਚ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਕੰਮ ਕਰਨੇ ਸਿਖਾਉਣਗੇ ਜਾਂ ਮਾੜੇ। (ਕਹਾ. 22:6; ਕੁਲੁ. 3:21) ਪਰ ਵੱਡੇ ਹੋ ਕੇ ਅਸੀਂ ਕਿਹੋ ਜਿਹੇ ਇਨਸਾਨ ਬਣਾਂਗੇ ਇਹ ਸਾਡੇ ਘਰ ਦੇ ਮਾਹੌਲ ’ਤੇ ਨਿਰਭਰ ਨਹੀਂ ਕਰਦਾ। ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ ਯਾਨੀ ਇਹ ਸਾਡੇ ’ਤੇ ਹੈ ਕਿ ਅਸੀਂ ਚੰਗੇ ਕੰਮ ਕਰਾਂਗੇ ਜਾਂ ਬੁਰੇ। (ਬਿਵ. 30:19) ਹਿਜ਼ਕੀਯਾਹ ਨੇ ਆਪਣੀ ਜ਼ਿੰਦਗੀ ਵਿਚ ਕੀ ਕੀਤਾ?
11. ਹਿਜ਼ਕੀਯਾਹ ਯਹੂਦਾਹ ਦਾ ਚੰਗਾ ਰਾਜਾ ਕਿਉਂ ਸੀ?
11 ਭਾਵੇਂ ਕਿ ਹਿਜ਼ਕੀਯਾਹ ਦਾ ਪਿਤਾ ਯਹੂਦਾਹ ਦੇਸ਼ ਦੇ ਸਭ ਤੋਂ ਭੈੜਿਆਂ ਰਾਜਿਆਂ ਵਿੱਚੋਂ ਸੀ, ਫਿਰ ਵੀ ਹਿਜ਼ਕੀਯਾਹ ਵੱਡਾ ਹੋ ਕੇ ਇਕ ਬਹੁਤ ਹੀ ਚੰਗਾ ਰਾਜਾ ਬਣਿਆ। (2 ਰਾਜਿਆਂ 18:5, 6 ਪੜ੍ਹੋ।) ਉਹ ਆਪਣੇ ਪਿਤਾ ਦੀ ਬੁਰੀ ਮਿਸਾਲ ’ਤੇ ਨਹੀਂ ਚੱਲਿਆ। ਇਸ ਦੀ ਬਜਾਇ, ਉਸ ਨੇ ਯਸਾਯਾਹ, ਮੀਕਾਹ ਅਤੇ ਹੋਸ਼ੇਆ ਵਰਗੇ ਯਹੋਵਾਹ ਦੇ ਨਬੀਆਂ ਦੀ ਗੱਲ ਧਿਆਨ ਨਾਲ ਸੁਣੀ। ਉਸ ਨੇ ਉਨ੍ਹਾਂ ਵੱਲੋਂ ਦਿੱਤੀ ਸਲਾਹ ਅਤੇ ਤਾੜਨਾ ਨੂੰ ਦਿਲੋਂ ਕਬੂਲ ਕੀਤਾ। ਇਸ ਤੋਂ ਉਸ ਨੂੰ ਹੱਲਾਸ਼ੇਰੀ ਮਿਲੀ ਕਿ ਉਹ ਆਪਣੇ ਪਿਤਾ ਵੱਲੋਂ ਕੀਤੀਆਂ ਗ਼ਲਤੀਆਂ ਸੁਧਾਰੇ। ਉਸ ਨੇ ਮੰਦਰ ਨੂੰ ਸਾਫ਼ ਕੀਤਾ, ਪਰਮੇਸ਼ੁਰ ਤੋਂ ਲੋਕਾਂ ਦੇ ਪਾਪਾਂ ਲਈ ਮਾਫ਼ੀ ਮੰਗੀ ਅਤੇ ਪੂਰੇ ਦੇਸ਼ ਵਿੱਚੋਂ ਝੂਠੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਾ ਸਫ਼ਾਇਆ ਕੀਤਾ। (2 ਇਤ. 29:1-11, 18-24; 31:1) ਥੋੜ੍ਹੇ ਸਮੇਂ ਬਾਅਦ ਜਦੋਂ ਅੱਸ਼ੂਰੀਆਂ ਦੇ ਰਾਜੇ ਸਨਹੇਰੀਬ ਨੇ ਯਰੂਸ਼ਲਮ ’ਤੇ ਚੜ੍ਹਾਈ ਕਰਨ ਦੀ ਧਮਕੀ ਦਿੱਤੀ, ਤਾਂ ਉਸ ਵੇਲੇ ਰਾਜਾ ਹਿਜ਼ਕੀਯਾਹ ਨੇ ਦਲੇਰੀ ਅਤੇ ਨਿਹਚਾ ਦਾ ਸਬੂਤ ਦਿੱਤਾ। ਉਸ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਆਪਣੇ ਲੋਕਾਂ ਨੂੰ ਹਿੰਮਤ ਦਿੱਤੀ। (2 ਇਤ. 32:7, 8) ਭਾਵੇਂ ਕਿ ਕੁਝ ਸਮੇਂ ਬਾਅਦ ਹਿਜ਼ਕੀਯਾਹ ਘਮੰਡੀ ਬਣ ਗਿਆ, ਪਰ ਜਦੋਂ ਯਹੋਵਾਹ ਨੇ ਉਸ ਨੂੰ ਸੁਧਾਰਿਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ। (2 ਇਤ. 32:24-26) ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਿਜ਼ਕੀਯਾਹ ਦੀ ਮਿਸਾਲ ਸਾਡੇ ਲਈ ਕਿੰਨੀ ਵਧੀਆ ਹੈ! ਭਾਵੇਂ ਕਿ ਬਚਪਨ ਵਿਚ ਹਿਜ਼ਕੀਯਾਹ ਦੇ ਘਰ ਦਾ ਮਾਹੌਲ ਬਹੁਤ ਮਾੜਾ ਸੀ, ਪਰ ਉਸ ਨੇ ਇਸ ਦਾ ਅਸਰ ਆਪਣੇ ’ਤੇ ਨਹੀਂ ਪੈਣ ਦਿੱਤਾ। ਇਸ ਦੀ ਬਜਾਇ, ਉਹ ਯਹੋਵਾਹ ਦਾ ਸੱਚਾ ਦੋਸਤ ਸਾਬਤ ਹੋਇਆ।
12. ਹਿਜ਼ਕੀਯਾਹ ਵਾਂਗ ਅੱਜ ਬਹੁਤ ਸਾਰਿਆਂ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਦੇ ਦੋਸਤ ਹਨ?
12 ਅੱਜ ਦੁਨੀਆਂ ਵਿਚ ਲੋਕਾਂ ਦਾ ਖ਼ੂਨ ਸਫ਼ੈਦ ਹੋ ਚੁੱਕਾ ਹੈ ਅਤੇ ਦੁਨੀਆਂ ਬਹੁਤ ਜ਼ਾਲਮ ਹੋ ਚੁੱਕੀ ਹੈ। ਇਸ ਕਰਕੇ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। (2 ਤਿਮੋ. 3:1-5) ਭਾਵੇਂ ਕਿ ਬਹੁਤ ਸਾਰੇ ਮਸੀਹੀਆਂ ਦੀ ਪਰਵਰਿਸ਼ ਮਾੜੇ ਮਾਹੌਲ ਵਿਚ ਹੋਈ ਹੈ, ਪਰ ਫਿਰ ਵੀ ਉਨ੍ਹਾਂ ਨੇ ਯਹੋਵਾਹ ਨਾਲ ਪੱਕੀ ਦੋਸਤੀ ਕੀਤੀ ਹੈ। ਹਿਜ਼ਕੀਯਾਹ ਵਾਂਗ ਇਨ੍ਹਾਂ ਮਸੀਹੀਆਂ ਨੇ ਇਹ ਗੱਲ ਸੱਚ ਸਾਬਤ ਕੀਤੀ ਹੈ ਕਿ ਬਚਪਨ ਦਾ ਮਾੜਾ ਮਾਹੌਲ ਇਹ ਤੈਅ ਨਹੀਂ ਕਰਦਾ ਕਿ ਕੋਈ ਵਿਅਕਤੀ ਵੱਡਾ ਹੋ ਕੇ ਕਿਹੋ ਜਿਹਾ ਇਨਸਾਨ ਬਣੇਗਾ। ਪਰਮੇਸ਼ੁਰ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਇਸ ਲਈ ਅਸੀਂ ਹਿਜ਼ਕੀਯਾਹ ਵਾਂਗ ਯਹੋਵਾਹ ਦੀ ਸੇਵਾ ਅਤੇ ਉਸ ਦੀ ਮਹਿਮਾ ਕਰਨ ਦੀ ਚੋਣ ਕਰ ਸਕਦੇ ਹਾਂ।
“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”
13, 14. ਸ਼ਾਇਦ ਮਰੀਅਮ ਲਈ ਪਰਮੇਸ਼ੁਰ ਵੱਲੋਂ ਦਿੱਤੀ ਜ਼ਿੰਮੇਵਾਰੀ ਚੁੱਕਣੀ ਔਖੀ ਕਿਉਂ ਹੋਣੀ ਸੀ? ਪਰ ਉਸ ਨੇ ਜਬਰਾਏਲ ਨੂੰ ਕੀ ਜਵਾਬ ਦਿੱਤਾ?
13 ਹਿਜ਼ਕੀਯਾਹ ਤੋਂ ਬਹੁਤ ਸਾਲਾਂ ਬਾਅਦ, ਮਰੀਅਮ ਨਾਂ ਦੀ ਇਕ ਨਿਮਰ ਔਰਤ ਨੇ ਯਹੋਵਾਹ ਨਾਲ ਪੱਕੀ ਦੋਸਤੀ ਕੀਤੀ। ਪਰਮੇਸ਼ੁਰ ਨੇ ਇਸ ਔਰਤ ਨੂੰ ਇਕ ਅਜਿਹੀ ਜ਼ਿੰਮੇਵਾਰੀ ਦਿੱਤੀ ਜੋ ਕਿਸੇ ਹੋਰ ਇਨਸਾਨ ਨੂੰ ਨਹੀਂ ਦਿੱਤੀ ਗਈ। ਉਸ ਦੀ ਕੁੱਖੋਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੇ ਜਨਮ ਲੈਣਾ ਸੀ ਅਤੇ ਉਸ ਨੇ ਉਸ ਦੀ ਪਰਵਰਿਸ਼ ਕਰਨੀ ਸੀ। ਸੋਚੋ ਕਿ ਯਹੋਵਾਹ ਨੇ ਮਰੀਅਮ ’ਤੇ ਕਿੰਨਾ ਭਰੋਸਾ ਕੀਤਾ ਹੋਣਾ ਜਿਸ ਕਰਕੇ ਉਸ ਨੇ ਉਸ ਨੂੰ ਇੰਨਾ ਵੱਡਾ ਮਾਣ ਬਖ਼ਸ਼ਿਆ। ਜਦੋਂ ਉਸ ਨੂੰ ਇਹ ਸਨਮਾਨ ਮਿਲਿਆ, ਤਾਂ ਉਸ ਨੂੰ ਕਿੱਦਾਂ ਲੱਗਾ ਹੋਣਾ?
14 ਅਸੀਂ ਇਹ ਤਾਂ ਸੋਚਦੇ ਹਾਂ ਕਿ ਮਰੀਅਮ ਨੂੰ ਕਿੰਨਾ ਵੱਡਾ ਸਨਮਾਨ ਮਿਲਿਆ, ਪਰ ਅਸੀਂ ਸ਼ਾਇਦ ਇਹ ਨਹੀਂ ਸੋਚਦੇ ਕਿ ਉਸ ਦੇ ਮਨ ਵਿਚ ਕਿਹੜੀਆਂ ਚਿੰਤਾਵਾਂ ਸਨ। ਮਿਸਾਲ ਲਈ, ਜਬਰਾਏਲ ਦੂਤ ਨੇ ਉਸ ਨੂੰ ਕਿਹਾ ਕਿ ਉਹ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਬਣਾਏ ਬਿਨਾਂ ਗਰਭਵਤੀ ਹੋਵੇਗੀ। ਪਰ ਜਬਰਾਏਲ ਨੇ ਉਸ ਦੇ ਪਰਿਵਾਰ ਵਾਲਿਆਂ ਅਤੇ ਆਂਢੀਆਂ-ਗੁਆਂਢੀਆਂ ਨੂੰ ਇਹ ਨਹੀਂ ਦੱਸਿਆ ਕਿ ਉਹ ਕਿਵੇਂ ਗਰਭਵਤੀ ਹੋਵੇਗੀ। ਉਹ ਮਰੀਅਮ ਬਾਰੇ ਕੀ ਸੋਚਣਗੇ? ਉਹ ਆਪਣੇ ਮੰਗੇਤਰ ਯੂਸੁਫ਼ ਨੂੰ ਕਿੱਦਾਂ ਸਮਝਾਵੇਗੀ ਕਿ ਉਸ ਨੇ ਉਸ ਨਾਲ ਕੋਈ ਬੇਵਫ਼ਾਈ ਨਹੀਂ ਕੀਤੀ? ਇਸ ਤੋਂ ਇਲਾਵਾ, ਮਰੀਅਮ ਨੂੰ ਅੱਤ ਮਹਾਨ ਦੇ ਮੁੰਡੇ ਦਾ ਪਾਲਣ-ਪੋਸ਼ਣ ਕਰਨ ਦੀ ਭਾਰੀ ਜ਼ਿੰਮੇਵਾਰੀ ਮਿਲੀ ਸੀ। ਸਾਨੂੰ ਇਹ ਨਹੀਂ ਪਤਾ ਕਿ ਮਰੀਅਮ ਲੂਕਾ 1:26-38.
ਦੇ ਮਨ ਵਿਚ ਹੋਰ ਕਿਹੜੀਆਂ ਚਿੰਤਾਵਾਂ ਸਨ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਉਸ ਨੇ ਜਬਰਾਏਲ ਨੂੰ ਕੀ ਜਵਾਬ ਦਿੱਤਾ ਸੀ। ਉਸ ਨੇ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।”—15. ਮਰੀਅਮ ਦੀ ਨਿਹਚਾ ਬੇਮਿਸਾਲ ਕਿਉਂ ਹੈ?
15 ਵਾਕਈ, ਮਰੀਅਮ ਦੀ ਨਿਹਚਾ ਬੇਮਿਸਾਲ ਹੈ! ਮਰੀਅਮ ਪਰਮੇਸ਼ੁਰ ਲਈ ਕੁਝ ਵੀ ਕਰਨ ਲਈ ਤਿਆਰ ਸੀ, ਜਿਵੇਂ ਇਕ ਦਾਸੀ ਆਪਣੇ ਮਾਲਕ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੀ ਹੈ। ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਉਸ ਦੀ ਦੇਖ-ਭਾਲ ਅਤੇ ਹਿਫਾਜ਼ਤ ਕਰੇਗਾ। ਮਰੀਅਮ ਦੀ ਨਿਹਚਾ ਇੰਨੀ ਮਜ਼ਬੂਤ ਕਿਉਂ ਸੀ? ਪੈਦਾ ਹੁੰਦਿਆਂ ਹੀ ਸਾਡੇ ਵਿਚ ਨਿਹਚਾ ਨਹੀਂ ਹੁੰਦੀ। ਪਰ ਨਿਹਚਾ ਪੈਦਾ ਕਰਨ ਲਈ ਸਾਨੂੰ ਖ਼ੁਦ ਕੋਸ਼ਿਸ਼ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੀ ਮਿਹਰ ਦੀ ਵੀ ਲੋੜ ਹੁੰਦੀ ਹੈ। (ਗਲਾ. 5:22; ਅਫ਼. 2:8) ਮਰੀਅਮ ਨੇ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਆਓ ਅਸੀਂ ਦੇਖੀਏ ਕਿ ਮਰੀਅਮ ਨੇ ਦੂਜਿਆਂ ਦੀ ਗੱਲ ਕਿਵੇਂ ਧਿਆਨ ਨਾਲ ਸੁਣੀ ਅਤੇ ਉਹ ਕਿਹੜੀਆਂ ਗੱਲਾਂ ਕਰਦੀ ਹੁੰਦੀ ਸੀ।
16. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਰੀਅਮ ਧਿਆਨ ਨਾਲ ਸੁਣਦੀ ਸੀ?
16 ਮਰੀਅਮ ਧਿਆਨ ਨਾਲ ਸੁਣਦੀ ਸੀ। ਬਾਈਬਲ ਕਹਿੰਦੀ ਹੈ ਕਿ “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।” (ਯਾਕੂ. 1:19) ਬਾਈਬਲ ਕਹਿੰਦੀ ਹੈ ਕਿ ਮਰੀਅਮ ਹਮੇਸ਼ਾ ਧਿਆਨ ਨਾਲ ਗੱਲ ਸੁਣਦੀ ਸੀ, ਖ਼ਾਸ ਕਰਕੇ ਜਦੋਂ ਕੋਈ ਯਹੋਵਾਹ ਬਾਰੇ ਗੱਲਾਂ ਕਰਦਾ ਸੀ। ਉਹ ਇਨ੍ਹਾਂ ਖ਼ਾਸ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੀ ਸੀ। ਅਸੀਂ ਇਸ ਦੀਆਂ ਦੋ ਮਿਸਾਲਾਂ ਦੇਖ ਸਕਦੇ ਹਾਂ। ਪਹਿਲੀ, ਜਦੋਂ ਯਿਸੂ ਦੇ ਜਨਮ ਵੇਲੇ ਚਰਵਾਹਿਆਂ ਨੇ ਮਰੀਅਮ ਨੂੰ ਦੂਤ ਵੱਲੋਂ ਭੇਜਿਆ ਸੁਨੇਹਾ ਸੁਣਾਇਆ। ਦੂਜੀ, ਜਦੋਂ 12 ਸਾਲਾਂ ਦੇ ਯਿਸੂ ਨੇ ਇਕ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮਰੀਅਮ ਹੈਰਾਨ ਰਹਿ ਗਈ। ਇਨ੍ਹਾਂ ਦੋਹਾਂ ਗੱਲਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਮਰੀਅਮ ਜੋ ਵੀ ਸੁਣਦੀ ਸੀ ਧਿਆਨ ਨਾਲ ਸੁਣਦੀ ਸੀ, ਯਾਦ ਰੱਖਦੀ ਸੀ ਅਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਦੀ ਸੀ।—ਲੂਕਾ 2:16-19, 49, 51 ਪੜ੍ਹੋ।
17. ਅਸੀਂ ਮਰੀਅਮ ਦੀਆਂ ਗੱਲਾਂ ਤੋਂ ਉਸ ਬਾਰੇ ਕੀ ਸਿੱਖ ਸਕਦੇ ਹਾਂ?
17 ਮਰੀਅਮ ਕਿਹੜੀਆਂ ਗੱਲਾਂ ਕਰਦੀ ਸੀ? ਬਾਈਬਲ ਸਾਨੂੰ ਜ਼ਿਆਦਾ ਨਹੀਂ ਦੱਸਦੀ ਕਿ ਮਰੀਅਮ ਕਿਹੜੀਆਂ ਗੱਲਾਂ ਕਰਦੀ ਸੀ। ਲੂਕਾ 1:46-55 ਵਿਚ ਉਸ ਦੀ ਸਭ ਤੋਂ ਲੰਬੀ ਗੱਲਬਾਤ ਹੈ। ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਮਰੀਅਮ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇਹ ਕਿਉਂ ਕਿਹਾ ਜਾ ਸਕਦਾ ਹੈ? ਮਰੀਅਮ ਦੀਆਂ ਗੱਲਾਂ ਸਮੂਏਲ ਦੀ ਮਾਂ ਹੰਨਾਹ ਦੀ ਪ੍ਰਾਰਥਨਾ ਨਾਲ ਮਿਲਦੀਆਂ-ਜੁਲਦੀਆਂ ਹਨ। (1 ਸਮੂ. 2:1-10) ਲੱਗਦਾ ਹੈ ਕਿ ਮਰੀਅਮ ਨੇ ਲਗਭਗ 20 ਕੁ ਵਾਰ ਆਪਣੀ ਗੱਲਬਾਤ ਵਿਚ ਬਾਈਬਲ ਦੀਆਂ ਆਇਤਾਂ ਦਾ ਜ਼ਿਕਰ ਕੀਤਾ ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਸੱਚਾਈ ਬਾਰੇ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸਨ ਜੋ ਉਸ ਨੇ ਆਪਣੇ ਮਹਾਨ ਦੋਸਤ ਯਹੋਵਾਹ ਅਤੇ ਉਸ ਦੇ ਬਚਨ ਤੋਂ ਸਿੱਖੀਆਂ ਸਨ।
18. ਅਸੀਂ ਕਿਨ੍ਹਾਂ ਗੱਲਾਂ ਵਿਚ ਮਰੀਅਮ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ?
18 ਮਰੀਅਮ ਦੀ ਤਰ੍ਹਾਂ ਸ਼ਾਇਦ ਸਾਨੂੰ ਕਈ ਵਾਰ ਯਹੋਵਾਹ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਔਖੀਆਂ ਲੱਗਣ। ਆਓ ਆਪਾਂ ਮਰੀਅਮ ਦੀ ਰੀਸ ਕਰੀਏ, ਨਿਮਰਤਾ ਨਾਲ ਯਹੋਵਾਹ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਸਵੀਕਾਰ ਕਰੀਏ ਅਤੇ ਪੂਰਾ ਭਰੋਸਾ ਰੱਖੀਏ ਕਿ ਯਹੋਵਾਹ ਸਾਡੀ ਮਦਦ ਕਰੇਗਾ। ਅਸੀਂ ਯਹੋਵਾਹ ਦੀ ਗੱਲ ਧਿਆਨ ਨਾਲ ਸੁਣ ਕੇ ਵੀ ਮਰੀਅਮ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਬਾਰੇ ਅਤੇ ਉਸ ਦੇ ਮਕਸਦ ਬਾਰੇ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਵੀ ਮਰੀਅਮ ਦੀ ਰੀਸ ਕਰ ਸਕਦੇ ਹਾਂ। ਫਿਰ ਅਸੀਂ ਖ਼ੁਸ਼ੀ ਨਾਲ ਦੂਸਰਿਆਂ ਨੂੰ ਵੀ ਇਨ੍ਹਾਂ ਗੱਲਾਂ ਬਾਰੇ ਦੱਸ ਸਕਦੇ ਹਾਂ।—ਜ਼ਬੂ. 77:11, 12; ਲੂਕਾ 8:18; ਰੋਮੀ. 10:15.
19. ਨਿਹਚਾ ਦੀਆਂ ਸ਼ਾਨਦਾਰ ਮਿਸਾਲਾਂ ਦੀ ਰੀਸ ਕਰਦਿਆਂ ਸਾਨੂੰ ਕਿਹੜਾ ਸਨਮਾਨ ਮਿਲੇਗਾ?
19 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਬਰਾਹਾਮ ਦੀ ਤਰ੍ਹਾਂ ਰੂਥ, ਹਿਜ਼ਕੀਯਾਹ ਅਤੇ ਮਰੀਅਮ ਯਹੋਵਾਹ ਦੇ ਦੋਸਤ ਸਨ। ਇਸ ਤੋਂ ਇਲਾਵਾ, ‘ਗਵਾਹਾਂ ਦਾ ਵੱਡਾ ਬੱਦਲ’ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਦੋਸਤ ਬਣਨ ਦਾ ਸਨਮਾਨ ਮਿਲਿਆ ਸੀ। ਆਓ ਆਪਾਂ ਨਿਹਚਾ ਦੀਆਂ ਇਨ੍ਹਾਂ ਸ਼ਾਨਦਾਰ ਮਿਸਾਲਾਂ ਦੀ ਰੀਸ ਕਰਦੇ ਰਹੀਏ। (ਇਬ. 6:11, 12) ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਨੂੰ ਹਮੇਸ਼ਾ ਲਈ ਯਹੋਵਾਹ ਦੇ ਦੋਸਤ ਬਣਨ ਦਾ ਸਨਮਾਨ ਮਿਲੇਗਾ।