Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਇਕ ਬਹੁਤ ਹੀ ਮਸ਼ਹੂਰ ਗੱਡੀ

ਇਕ ਬਹੁਤ ਹੀ ਮਸ਼ਹੂਰ ਗੱਡੀ

“ਬ੍ਰਾਜ਼ੀਲ ਵਿਚ ਪ੍ਰਭੂ ਦੀ ਸੇਵਾ ਕਰਨ ਲਈ ਲਾਊਡਸਪੀਕਰ ਵਾਲੀ ਇੱਕੋ ਹੀ ਗੱਡੀ ਸੀ। ਇਸ ਨੂੰ ਲੱਖਾਂ ਲੋਕ ‘ਵਾਚ ਟਾਵਰ ਲਾਊਡਸਪੀਕਰ ਗੱਡੀ’ ਦੇ ਨਾਂ ਨਾਲ ਜਾਣਦੇ ਹਨ।”—ਨਥਾਨਿਏਲ ਏ. ਯੂਲ 1938 ਵਿਚ।

1930 ਦੇ ਸ਼ੁਰੂ ਵਿਚ ਬ੍ਰਾਜ਼ੀਲ ਵਿਚ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਤਰੱਕੀ ਨਹੀਂ ਹੋ ਰਹੀ ਸੀ। ਪਰ 1935 ਵਿਚ ਨਥਾਨਿਏਲ ਅਤੇ ਉਸ ਦੀ ਪਤਨੀ ਮੌਡ ਯੂਲ ਨਾਂ ਦੇ ਪਾਇਨੀਅਰਾਂ ਨੇ ਭਰਾ ਜੋਸਫ਼ ਐੱਫ਼. ਰਦਰਫ਼ਰਡ ਨੂੰ ਚਿੱਠੀ ਲਿਖੀ ਜੋ ਉਸ ਸਮੇਂ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ ਅਤੇ ਲਿਖਿਆ ਕਿ ਉਹ ਕਿਤੇ ਵੀ ਜਾ ਕੇ “ਖ਼ੁਸ਼ੀ ਨਾਲ ਸੇਵਾ ਕਰਨ ਲਈ ਤਿਆਰ ਹਨ।”

ਨਥਾਨਿਏਲ ਉਸ ਵੇਲੇ 62 ਸਾਲਾਂ ਦਾ ਸੀ ਅਤੇ ਉਹ ਇਕ ਰੀਟਾਇਰਡ ਸਿਵਲ ਇੰਜੀਨੀਅਰ ਸੀ। ਉਹ ਸਾਨ ਫ਼ਰਾਂਸਿਸਕੋ, ਕੈਲੇਫ਼ੋਰਨੀਆ, ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਸਰਵਿਸ ਡਾਇਰੈਕਟਰ ਸੀ। ਉੱਥੇ ਉਸ ਨੇ ਸਰਵਿਸ ਡਾਇਰੈਕਟਰ ਵਜੋਂ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕੀਤੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਪੀਕਰਾਂ ਦਾ ਇਸਤੇਮਾਲ ਕੀਤਾ। ਉਸ ਦੇ ਤਜਰਬੇ ਅਤੇ ਖ਼ੁਸ਼ੀ ਨਾਲ ਸੇਵਾ ਕਰਨ ਦੇ ਇਰਾਦੇ ਕਰਕੇ ਉਹ ਬ੍ਰਾਜ਼ੀਲ ਲਈ ਬਰਕਤ ਸਾਬਤ ਹੋਇਆ। ਉਸ ਨੂੰ ਬ੍ਰਾਜ਼ੀਲ ਦਾ ਬ੍ਰਾਂਚ ਸੇਵਕ ਬਣਾਇਆ ਗਿਆ। ਬ੍ਰਾਜ਼ੀਲ ਬਹੁਤ ਵੱਡਾ ਦੇਸ਼ ਹੈ ਜਿੱਥੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

1936 ਵਿਚ ਨਥਾਨਿਏਲ ਅਤੇ ਮੌਡ ਬ੍ਰਾਜ਼ੀਲ ਗਏ। ਉਨ੍ਹਾਂ ਨਾਲ ਭਰਾ ਐਨਟੋਨਿਓ ਪੀ. ਆਨਡ੍ਰਾਡੇ ਵੀ ਗਿਆ ਜੋ ਪਾਇਨੀਅਰ ਅਤੇ ਅਨੁਵਾਦਕ ਸੀ। ਉਹ ਆਪਣੇ ਨਾਲ ਜਹਾਜ਼ ਰਾਹੀਂ 35 ਤਵਿਆਂ ਵਾਲੇ ਰਿਕਾਰਡ ਪਲੇਅਰ ਅਤੇ ਇਕ ਲਾਊਡਸਪੀਕਰ ਵਾਲੀ ਗੱਡੀ ਲੈ ਕੇ ਆਏ। ਇਹ ਔਜ਼ਾਰ ਪ੍ਰਚਾਰ ਦੇ ਕੰਮ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋਏ। ਦੁਨੀਆਂ ਦੇ ਖੇਤਰਫਲ ਵਿਚ ਬ੍ਰਾਜ਼ੀਲ ਪੰਜਵੇਂ ਨੰਬਰ ’ਤੇ ਹੈ, ਪਰ ਉਸ ਵੇਲੇ ਉੱਥੇ ਲਗਭਗ 60 ਪ੍ਰਚਾਰਕ ਸਨ! ਪਰ ਇਨ੍ਹਾਂ ਨਵੇਂ ਔਜ਼ਾਰਾਂ ਨੇ ਕੁਝ ਹੀ ਸਾਲਾਂ ਵਿਚ ਲੱਖਾਂ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਵਿਚ ਮਦਦ ਕੀਤੀ।

ਨਥਾਨਿਏਲ ਅਤੇ ਮੌਡ ਦੇ ਬ੍ਰਾਜ਼ੀਲ ਪਹੁੰਚਣ ਤੋਂ ਇਕ ਮਹੀਨੇ ਬਾਅਦ ਬ੍ਰਾਂਚ ਆਫ਼ਿਸ ਨੇ ਸਾਓ ਪੌਲੋ ਸ਼ਹਿਰ ਵਿਚ ਸੰਮੇਲਨ ਦਾ ਪ੍ਰਬੰਧ * ਕੀਤਾ। ਮੌਡ ਲਾਊਡਸਪੀਕਰ ਵਾਲੀ ਗੱਡੀ ਚਲਾਉਂਦੀ ਸੀ ਅਤੇ ਇਸ ਗੱਡੀ ਰਾਹੀਂ ਪਹਿਲੀ ਵਾਰ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆ ਕੇ ਭਾਸ਼ਣ ਸੁਣਨ। ਨਤੀਜੇ ਵਜੋਂ, 110 ਲੋਕ ਭਾਸ਼ਣ ਸੁਣਨ ਆਏ। ਇਸ ਸੰਮੇਲਨ ਨੇ ਪ੍ਰਚਾਰਕਾਂ ਦੇ ਜੋਸ਼ ਨੂੰ ਹੋਰ ਵਧਾਇਆ ਜਿਸ ਕਰਕੇ ਉਹ ਇਸ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਪ੍ਰੇਰਿਤ ਹੋਏ। ਉਨ੍ਹਾਂ ਨੇ ਸਿੱਖਿਆ ਕਿ ਪ੍ਰਕਾਸ਼ਨਾਂ ਅਤੇ ਗਵਾਹੀ ਕਾਰਡ (ਟੈਸਟੀਮਨੀ ਕਾਰਡ) ਵਰਤ ਕੇ ਗਵਾਹੀ ਕਿਵੇਂ ਦੇਣੀ ਹੈ। ਨਾਲੇ ਇਹ ਵੀ ਸਿੱਖਿਆ ਕਿ ਅੰਗ੍ਰੇਜ਼ੀ, ਸਪੈਨਿਸ਼, ਹੰਗਰੀ, ਜਰਮਨੀ, ਪੋਲਿਸ਼ ਅਤੇ ਬਾਅਦ ਵਿਚ ਪੁਰਤਗਾਲੀ ਭਾਸ਼ਾ ਦੀਆਂ ਰਿਕਾਰਡਿੰਗਾਂ ਸੁਣਾ ਕੇ ਪ੍ਰਚਾਰ ਕਿਵੇਂ ਕਰਨਾ ਹੈ।

ਇਸ ਲਾਊਡਸਪੀਕਰ ਗੱਡੀ ਰਾਹੀਂ ਬ੍ਰਾਜ਼ੀਲ ਵਿਚ ਲੱਖਾਂ ਲੋਕਾਂ ਤਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਪਹੁੰਚਾਇਆ ਗਿਆ

1937 ਵਿਚ ਸਾਓ ਪੌਲੋ, ਰਿਓ ਡ ਜਨੇਰੋ ਅਤੇ ਕੂਰੀਟਿਬਾ ਵਿਚ ਤਿੰਨ ਸੰਮੇਲਨ ਹੋਏ। ਇਸ ਕਰਕੇ ਭੈਣਾਂ-ਭਰਾਵਾਂ ਵਿਚ ਪ੍ਰਚਾਰ ਦੇ ਕੰਮ ਲਈ ਨਵਾਂ ਜੋਸ਼ ਭਰ ਗਿਆ। ਭੈਣ-ਭਰਾ ਜਿਸ ਇਲਾਕੇ ਵਿਚ ਘਰ-ਘਰ ਜਾ ਕੇ ਪ੍ਰਚਾਰ ਕਰਦੇ ਸਨ, ਉਹ ਉਸ ਇਲਾਕੇ ਵਿਚ ਲਾਊਡਸਪੀਕਰ ਵਾਲੀ ਗੱਡੀ ਲੈ ਕੇ ਜਾਂਦੇ ਸਨ। ਭਰਾ ਹੋਜ਼ੇ ਮਗਲੋਵਸਕੀ, ਜੋ ਉਸ ਸਮੇਂ ਛੋਟੀ ਉਮਰ ਦਾ ਸੀ, ਨੇ ਬਾਅਦ ਵਿਚ ਲਿਖਿਆ: “ਅਸੀਂ ਇਕ ਰੇੜ੍ਹੀ ’ਤੇ ਬਾਈਬਲ ਪ੍ਰਕਾਸ਼ਨ ਰੱਖ ਲੈਂਦੇ ਸੀ ਅਤੇ ਜਦੋਂ ਲਾਊਡਸਪੀਕਰ ਵਾਲੀ ਗੱਡੀ ਵਿਚ ਭਾਸ਼ਣ ਚਲਾਇਆ ਜਾਂਦਾ ਸੀ, ਤਾਂ ਅਸੀਂ ਉਨ੍ਹਾਂ ਲੋਕਾਂ ਨਾਲ ਜਾ ਕੇ ਗੱਲ ਕਰਦੇ ਸੀ ਜੋ ਆਪਣੇ ਘਰਾਂ ਤੋਂ ਨਿਕਲ ਕੇ ਦੇਖਣ ਆਉਂਦੇ ਸਨ ਕਿ ਬਾਹਰ ਕੀ ਹੋ ਰਿਹਾ ਸੀ।”

ਨਦੀਆਂ ਵਿਚ ਬਪਤਿਸਮਾ ਦਿੱਤਾ ਜਾਂਦਾ ਸੀ ਜਦ ਕਿ ਨਦੀ ’ਤੇ ਨਹਾਉਣ ਆਏ ਲੋਕ ਨੇੜੇ ਹੀ ਧੁੱਪੇ ਬੈਠੇ ਹੁੰਦੇ ਸਨ। ਲਾਊਡਸਪੀਕਰ ਵਾਲੀ ਗੱਡੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਿੰਨਾ ਹੀ ਵਧੀਆ ਮੌਕਾ ਸੀ! ਭਰਾ ਰਦਰਫ਼ਰਡ ਦੇ ਬਪਤਿਸਮੇ ਦਾ ਭਾਸ਼ਣ ਗੂੰਜ ਰਿਹਾ ਸੀ। ਦਿਲਚਸਪੀ ਰੱਖਣ ਵਾਲੇ ਲੋਕ ਗੱਡੀ ਦੇ ਆਲੇ-ਦੁਆਲੇ ਭਾਸ਼ਣ ਸੁਣਨ ਲਈ ਇਕੱਠੇ ਹੋ ਗਏ ਅਤੇ ਇਸ ਭਾਸ਼ਣ ਦਾ ਨਾਲ ਦੀ ਨਾਲ ਪੁਰਤਗਾਲੀ ਭਾਸ਼ਾ ਵਿਚ ਅਨੁਵਾਦ ਕੀਤਾ ਜਾ ਰਿਹਾ ਸੀ। ਬਾਅਦ ਵਿਚ ਬਪਤਿਸਮਾ ਦੇਣ ਵੇਲੇ ਪੋਲਿਸ਼ ਭਾਸ਼ਾ ਵਿਚ ਰਾਜ ਦੇ ਗੀਤ ਲਾ ਦਿੱਤੇ। ਭੈਣਾਂ-ਭਰਾਵਾਂ ਨੇ ਅਲੱਗ-ਅਲੱਗ ਭਾਸ਼ਾਵਾਂ ਵਿਚ ਗੀਤ ਗਾਏ। 1938 ਦੀ ਯੀਅਰ ਬੁੱਕ ਵਿਚ ਰਿਪੋਰਟ ਦਿੱਤੀ ਗਈ: “ਇਸ ਵੇਲੇ ਪੰਤੇਕੁਸਤ ’ਤੇ ਹੋਈ ਘਟਨਾ ਯਾਦ ਆਈ ਜਦੋਂ ਸਾਰਿਆਂ ਨੂੰ ਆਪੋ-ਆਪਣੀ ਭਾਸ਼ਾ ਵਿਚ ਗੱਲਾਂ ਸਮਝ ਆਈਆਂ ਸਨ।”

ਸੰਮੇਲਨ ਤੋਂ ਬਾਅਦ, ਚਾਹੇ ਮੀਂਹ ਪਵੇ ਜਾਂ ਹਨੇਰੀ, ਹਰ ਐਤਵਾਰ ਨੂੰ ਸਾਓ ਪੌਲੋ ਸ਼ਹਿਰ ਵਿਚ ਅਤੇ ਨੇੜੇ ਦੇ ਕਸਬਿਆਂ ਦੀਆਂ ਪਾਰਕਾਂ, ਘਰਾਂ ਅਤੇ ਫੈਕਟਰੀਆਂ ਵਿਚ ਲਾਊਡਸਪੀਕਰ ਵਾਲੀ ਗੱਡੀ ਰਾਹੀਂ ਰਿਕਾਰਡ ਕੀਤੇ ਬਾਈਬਲ ਭਾਸ਼ਣ ਸੁਣਾਏ ਜਾਂਦੇ ਸਨ। ਸਾਓ ਪੌਲੋ ਦੇ ਉੱਤਰ-ਪੱਛਮ ਵੱਲ 97 ਕਿਲੋਮੀਟਰ (60 ਮੀਲ) ਦੂਰੀ ’ਤੇ ਸਥਿਤ 3,000 ਕੋੜ੍ਹੀਆਂ ਦੀ ਇਕ ਬਸਤੀ ਵਿਚ ਹਰ ਮਹੀਨੇ ਲਾਊਡਸਪੀਕਰ ਵਾਲੀ ਗੱਡੀ ਰਾਹੀਂ ਸੰਦੇਸ਼ ਸੁਣਾਇਆ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਉੱਥੇ ਇਕ ਵਧੀਆ ਮੰਡਲੀ ਸਥਾਪਿਤ ਹੋਈ। ਇਨ੍ਹਾਂ ਪ੍ਰਚਾਰਕਾਂ ਨੂੰ ਆਪਣੀ ਬੀਮਾਰੀ ਦੇ ਬਾਵਜੂਦ ਵੀ ਕੋੜ੍ਹੀਆਂ ਦੀ ਇਕ ਹੋਰ ਬਸਤੀ ਵਿਚ ਦਿਲਾਸੇ ਦਾ ਸੰਦੇਸ਼ ਸੁਣਾਉਣ ਦੀ ਇਜਾਜ਼ਤ ਮਿਲ ਗਈ।

1938 ਦੇ ਅਖ਼ੀਰ ਵਿਚ ਪੁਰਤਗਾਲੀ ਭਾਸ਼ਾ ਵਿਚ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਆ ਗਈਆਂ। ਮੁਰਦਿਆਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਇਕ ਤਿਉਹਾਰ ਦੇ ਦਿਨ ਲਾਊਡਸਪੀਕਰ ਵਾਲੀ ਗੱਡੀ ਨੂੰ ਇਕ ਕਬਰਸਤਾਨ ਤੋਂ ਦੂਜੇ ਕਬਰਸਤਾਨ ਤਕ ਲਿਜਾਇਆ ਜਾਂਦਾ ਸੀ ਅਤੇ ਇਨ੍ਹਾਂ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਸਨ: “ਮਰੇ ਹੋਏ ਕਿੱਥੇ ਹਨ?”, “ਯਹੋਵਾਹ” ਅਤੇ “ਧਨ-ਦੌਲਤ।” ਇਹ ਭਾਸ਼ਣ ਸੋਗ ਮਨਾਉਣ ਵਾਲੇ 40,000 ਤੋਂ ਜ਼ਿਆਦਾ ਲੋਕਾਂ ਨੇ ਸੁਣੇ।

ਪਾਦਰੀਆਂ ਨੂੰ ਗੱਡੀ ਰਾਹੀਂ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਤੋਂ ਨਫ਼ਰਤ ਸੀ। ਉਹ ਅਕਸਰ ਇਲਾਕੇ ਦੇ ਅਧਿਕਾਰੀਆਂ ’ਤੇ ਜ਼ੋਰ ਪਾਉਂਦੇ ਸਨ ਕਿ ਉਹ ਲਾਊਡਸਪੀਕਰ ਦਾ ਮੂੰਹ ਬੰਦ ਕਰ ਦੇਣ। ਭੈਣ ਮੌਡ ਨੂੰ ਯਾਦ ਹੈ ਕਿ ਇਕ ਵਾਰੀ ਇਕ ਪਾਦਰੀ ਦੇ ਉਕਸਾਉਣ ਕਰਕੇ ਭੀੜ ਨੇ ਗੱਡੀ ਨੂੰ ਘੇਰਾ ਪਾ ਲਿਆ। ਪਰ ਮੇਅਰ ਅਤੇ ਪੁਲਿਸ ਅਧਿਕਾਰੀ ਆਏ ਅਤੇ ਉਨ੍ਹਾਂ ਨੇ ਪੂਰਾ ਪ੍ਰੋਗ੍ਰਾਮ ਸੁਣਿਆ। ਮੇਅਰ ਵਾਪਸ ਜਾਣ ਲੱਗਾ ਬਾਈਬਲ ਪ੍ਰਕਾਸ਼ਨ ਆਪਣੇ ਨਾਲ ਲੈ ਗਿਆ। ਉਸ ਦਿਨ ਕਿਸੇ ਤਰ੍ਹਾਂ ਦਾ ਕੋਈ ਦੰਗਾ-ਫ਼ਸਾਦ ਨਹੀਂ ਹੋਇਆ। ਵਿਰੋਧਤਾ ਦੇ ਬਾਵਜੂਦ 1940 ਦੀ ਯੀਅਰ ਬੁੱਕ ਵਿਚ ਬ੍ਰਾਜ਼ੀਲ ਦੀ ਰਿਪੋਰਟ ਵਿਚ ਸਾਲ 1939 ਨੂੰ “ਵਿਸ਼ਵ ਦੇ ਮਹਾਰਾਜ ਦੀ ਸੇਵਾ ਕਰਨ ਅਤੇ ਉਸ ਦੇ ਨਾਂ ਦਾ ਐਲਾਨ ਕਰਨ ਵਾਲਿਆਂ ਲਈ ਸਭ ਤੋਂ ਵਧੀਆ” ਸਾਲ ਕਿਹਾ ਗਿਆ ਸੀ।

ਸੱਚ-ਮੁੱਚ ਬ੍ਰਾਜ਼ੀਲ ਵਿਚ “ਵਾਚ ਟਾਵਰ ਲਾਊਡਸਪੀਕਰ ਗੱਡੀ” ਕਰਕੇ ਪ੍ਰਚਾਰ ਦੇ ਕੰਮ ਵਿਚ ਇਕ ਨਵਾਂ ਮੋੜ ਆਇਆ। ਇਸ ਨੇ ਲੱਖਾਂ ਲੋਕਾਂ ਤਕ ਰਾਜ ਦਾ ਸੰਦੇਸ਼ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਭਾਵੇਂ ਕਿ 1941 ਵਿਚ ਇਸ ਮਸ਼ਹੂਰ ਗੱਡੀ ਨੂੰ ਵੇਚ ਦਿੱਤਾ ਗਿਆ, ਪਰ ਬ੍ਰਾਜ਼ੀਲ ਦੇ ਵਿਸ਼ਾਲ ਇਲਾਕੇ ਵਿਚ ਯਹੋਵਾਹ ਦੇ ਹਜ਼ਾਰਾਂ ਹੀ ਗਵਾਹ ਨੇਕਦਿਲ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਾ ਰਹੇ ਹਨ।—ਬ੍ਰਾਜ਼ੀਲ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।

[ਫੁਟਨੋਟ]

^ ਪੈਰਾ 7 ਪਹਿਲਾਂ ਸੰਮੇਲਨਾਂ ਦੌਰਾਨ ਭੈਣ-ਭਰਾ ਪ੍ਰਚਾਰ ’ਤੇ ਜਾਂਦੇ ਹੁੰਦੇ ਸਨ।