ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਕੀ ਤੁਸੀਂ ਕਦੀ ਸੋਚਿਆ ਕਿ ਰੱਬ ਸਾਡੀ ਪ੍ਰਾਰਥਨਾ ਸੁਣਦਾ ਵੀ ਹੈ ਜਾਂ ਨਹੀਂ? ਕਈ ਲੋਕਾਂ ਦੇ ਮਨ ਵਿਚ ਵੀ ਇਹੀ ਸਵਾਲ ਆਉਂਦਾ ਹੈ, ਖ਼ਾਸ ਕਰਕੇ ਜਦੋਂ ਉਹ ਰੱਬ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਵਾਰ-ਵਾਰ ਪ੍ਰਾਰਥਨਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਨਿਕਲਦਾ। ਕੀ ਇਸ ਦਾ ਇਹ ਮਤਲਬ ਹੈ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ? ਬਿਲਕੁਲ ਨਹੀਂ! ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਅਸੀਂ ਉਸ ਨੂੰ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਜ਼ਰੂਰ ਸੁਣਦਾ ਹੈ। ਆਓ ਆਪਾਂ ਦੇਖੀਏ ਕਿ ਅਸੀਂ ਇਸ ਗੱਲ ’ਤੇ ਕਿਉਂ ਯਕੀਨ ਕਰ ਸਕਦੇ ਹਾਂ।
ਰੱਬ ਸਾਡੀ ਸੁਣਦਾ ਹੈ।
“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂਰ 65:2.
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਇਸ ਦੇ ਬਾਵਜੂਦ ਵੀ ਉਹ ਮਨ ਦੀ ਸ਼ਾਂਤੀ ਪਾਉਣ ਲਈ ਪ੍ਰਾਰਥਨਾ ਕਰਦੇ ਹਨ। ਪਰ ਪ੍ਰਾਰਥਨਾ ਅਸੀਂ ਸਿਰਫ਼ ਇਸ ਲਈ ਨਹੀਂ ਕਰਦੇ ਕਿ ਅਸੀਂ ਚੰਗਾ ਮਹਿਸੂਸ ਕਰੀਏ। ਬਾਈਬਲ ਕਹਿੰਦੀ ਹੈ, “ਯਹੋਵਾਹ * ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। . . . ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।”—ਜ਼ਬੂਰ 145:18, 19.
ਇਸ ਲਈ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਜੋ ਯਹੋਵਾਹ ਨੂੰ ਸੱਚੇ ਦਿਲੋਂ ਪੁਕਾਰਦੇ ਹਨ, ਉਹ ਉਨ੍ਹਾਂ ਦੀ ਜ਼ਰੂਰ ਸੁਣਦਾ ਹੈ। ਉਹ ਪਿਆਰ ਨਾਲ ਕਹਿੰਦਾ ਹੈ: “ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ।”—ਯਿਰਮਿਯਾਹ 29:12.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ।
“ਪ੍ਰਾਰਥਨਾ ਕਰਨ ਵਿਚ ਲੱਗੇ ਰਹੋ।”—ਰੋਮੀਆਂ 12:12.
ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ “ਲਗਾਤਾਰ ਪ੍ਰਾਰਥਨਾ ਕਰਦੇ ਰਹੋ” ਅਤੇ ‘ਹਰ ਮੌਕੇ ’ਤੇ ਪ੍ਰਾਰਥਨਾ ਕਰਦੇ ਰਹੋ।’ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ।—1 ਥੱਸਲੁਨੀਕੀਆਂ 5:17; ਅਫ਼ਸੀਆਂ 6:18.
ਰੱਬ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ? ਜ਼ਰਾ ਇਕ ਮਿਸਾਲ ’ਤੇ ਗੌਰ ਕਰੋ। ਕਿਹੜਾ ਪਿਤਾ ਨਹੀਂ ਚਾਹੇਗਾ ਕਿ ਉਸ ਦਾ ਬੱਚਾ ਉਸ ਤੋਂ ਆ ਕੇ ਮਦਦ ਮੰਗੇ? ਇਕ ਪਿਤਾ ਆਪਣੇ ਬੱਚੇ ਦੀਆਂ ਲੋੜਾਂ ਅਤੇ ਭਾਵਨਾਵਾਂ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ, ਪਰ ਜਦੋਂ ਬੱਚਾ ਉਸ ਤੋਂ ਮਦਦ ਮੰਗਦਾ ਹੈ, ਤਾਂ ਇਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਪਿਤਾ ਦੇਖ ਸਕਦਾ ਹੈ ਕਿ ਉਸ ਦਾ ਬੱਚਾ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ’ਤੇ ਭਰੋਸਾ ਕਰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਉਹ ਦੇਖ ਸਕਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ’ਤੇ ਭਰੋਸਾ ਕਰਦੇ ਹਾਂ।—ਕਹਾਉਤਾਂ 15:8; ਯਾਕੂਬ 4:8.
ਰੱਬ ਵਾਕਈ ਸਾਡਾ ਫ਼ਿਕਰ ਕਰਦਾ ਹੈ।
“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡਾ ਫ਼ਿਕਰ ਕਰਦਾ ਹੈ। ਉਹ ਸਾਡੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ।
ਪੁਰਾਣੇ ਜ਼ਮਾਨੇ ਵਿਚ ਰੱਬ ਦਾ ਇਕ ਭਗਤ ਸੀ ਜੋ ਹਮੇਸ਼ਾ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕਰਦਾ ਸੀ। ਉਸ ਦਾ ਨਾਂ ਦਾਊਦ ਸੀ। (ਜ਼ਬੂਰ 23:1-6) ਰੱਬ ਦਾਊਦ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਹਮੇਸ਼ਾ ਉਸ ਦੀ ਪ੍ਰਾਰਥਨਾ ਸੁਣੀ। (ਰਸੂਲਾਂ ਦੇ ਕੰਮ 13:22) ਇਸੇ ਤਰ੍ਹਾਂ ਉਹ ਸਾਡੀਆਂ ਵੀ ਪ੍ਰਾਰਥਨਾਵਾਂ ਸੁਣਦਾ ਹੈ ਕਿਉਂਕਿ ਉਸ ਨੂੰ ਸਾਡਾ ਫ਼ਿਕਰ ਹੈ।
“ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ . . . ਸੁਣਦਾ ਹੈ”
ਬਾਈਬਲ ਵਿਚ ਦਰਜ ਇਹ ਸ਼ਬਦ ਜ਼ਬੂਰਾਂ ਦੇ ਇਕ ਲਿਖਾਰੀ ਦੇ ਹਨ। ਉਹ ਰੱਬ ਨੂੰ ਆਪਣਾ ਦੋਸਤ ਮੰਨਦਾ ਸੀ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਰੱਬ ਉਸ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਇਸ ਕਰਕੇ ਉਸ ਨੇ ਆਪਣੇ ਆਪ ਨੂੰ ਰੱਬ ਦੇ ਹੋਰ ਨੇੜੇ ਮਹਿਸੂਸ ਕੀਤਾ ਅਤੇ ਉਸ ਨੂੰ ਨਿਰਾਸ਼ਾ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੀ।—ਜ਼ਬੂਰ 116:1-9.
ਜਦੋਂ ਸਾਨੂੰ ਯਕੀਨ ਹੁੰਦਾ ਹੈ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ, ਤਾਂ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਰਹਾਂਗੇ। ਜ਼ਰਾ ਪੈਤਰੋ ਨਾਂ ਦੇ ਵਿਅਕਤੀ ਦੇ ਤਜਰਬੇ ’ਤੇ ਗੌਰ ਕਰੋ ਜੋ ਉੱਤਰੀ ਸਪੇਨ ਵਿਚ ਰਹਿੰਦਾ ਹੈ। ਉਸ ਦੇ 19 ਸਾਲਾਂ ਦੇ ਮੁੰਡੇ ਦੀ ਮੌਤ ਇਕ ਹਾਦਸੇ ਵਿਚ ਹੋ ਗਈ। ਇਸ ਦੁੱਖ ਦੀ ਘੜੀ ਵਿਚ ਪੈਤਰੋ ਨੇ ਰੱਬ ਅੱਗੇ ਵਾਰ-ਵਾਰ ਆਪਣਾ ਦਿਲ ਖੋਲ੍ਹਿਆ। ਇੱਦਾਂ ਕਰਨ ਕਰਕੇ ਕੀ ਹੋਇਆ? ਪੈਤਰੋ ਦੱਸਦਾ ਹੈ: “ਯਹੋਵਾਹ ਨੇ ਭੈਣਾਂ-ਭਰਾਵਾਂ ਰਾਹੀਂ ਮੈਨੂੰ ਤੇ ਮੇਰੀ ਪਤਨੀ ਨੂੰ ਦਿਲਾਸਾ ਦਿੱਤਾ।”
ਭਾਵੇਂ ਕਿ ਪ੍ਰਾਰਥਨਾਵਾਂ ਕਰਨ ਕਰਕੇ ਉਨ੍ਹਾਂ ਦਾ ਮੁੰਡਾ ਵਾਪਸ ਨਹੀਂ ਆਇਆ, ਪਰ ਇੱਦਾਂ ਕਰਨ ਨਾਲ ਪੈਤਰੋ ਤੇ ਉਸ ਦੇ ਪਰਿਵਾਰ ਨੂੰ ਬਹੁਤ ਹਿੰਮਤ ਮਿਲੀ। ਉਸ ਦੀ ਪਤਨੀ ਮਾਰੀਆ ਕਾਰਮਨ ਨੇ ਦੱਸਿਆ: “ਪ੍ਰਾਰਥਨਾਵਾਂ ਕਰ ਕੇ ਮੈਂ ਆਪਣਾ ਗਮ ਸਹਿ ਸਕੀ। ਮੈਂ ਜਾਣਦੀ ਸੀ ਕਿ ਯਹੋਵਾਹ ਪਰਮੇਸ਼ੁਰ ਨੂੰ ਪਤਾ ਸੀ ਕਿ ਮੇਰੇ ’ਤੇ ਕੀ ਬੀਤ ਰਹੀ ਹੈ ਕਿਉਂਕਿ ਜਦੋਂ ਮੈਂ ਪ੍ਰਾਰਥਨਾ ਕਰਦੀ ਸੀ, ਤਾਂ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਸੀ।”
ਬਾਈਬਲ ਅਤੇ ਖ਼ੁਦ ਦੇ ਤਜਰਬਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਪ੍ਰਾਰਥਨਾਵਾਂ ਦਾ ਸੁਣਨ ਵਾਲਾ ਹੈ। ਪਰ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੱਬ ਸਾਰੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ। ਰੱਬ ਕੁਝ ਪ੍ਰਾਰਥਨਾਵਾਂ ਕਿਉਂ ਸੁਣਦਾ ਹੈ ਤੇ ਕੁਝ ਕਿਉਂ ਨਹੀਂ?
^ ਪੇਰਗ੍ਰੈਫ 5 ਰੱਬ ਦਾ ਨਾਂ ਯਹੋਵਾਹ ਹੈ।—ਜ਼ਬੂਰ 83:18.