Skip to content

Skip to table of contents

ਰੱਬ ਕੁਝ ਪ੍ਰਾਰਥਨਾਵਾਂ ਕਿਉਂ ਨਹੀਂ ਸੁਣਦਾ?

ਰੱਬ ਕੁਝ ਪ੍ਰਾਰਥਨਾਵਾਂ ਕਿਉਂ ਨਹੀਂ ਸੁਣਦਾ?

ਸਾਡਾ ਸਵਰਗੀ ਪਿਤਾ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ। ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਦਿਲੋਂ ਪ੍ਰਾਰਥਨਾ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ ਅਤੇ ਉਹ ਸਾਡੀ ਸੁਣਦਾ ਹੈ। ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਕੁਝ ਕਾਰਨਾਂ ਕਰਕੇ ਉਹ ਸਾਡੀ ਪ੍ਰਾਰਥਨਾ ਨਹੀਂ ਸੁਣਦਾ। ਆਓ ਆਪਾਂ ਦੇਖੀਏ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਕਿਵੇਂ ਨਹੀਂ।

“ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ।”—ਮੱਤੀ 6:7.

ਜੇ ਤੁਹਾਡਾ ਦੋਸਤ ਤੁਹਾਨੂੰ ਦਿਨ-ਰਾਤ ਇਕ ਹੀ ਗੱਲ ਵਾਰ-ਵਾਰ ਕਹੀ ਜਾਂਦਾ ਹੈ, ਤਾਂ ਤੁਹਾਨੂੰ ਕਿਵੇਂ ਲੱਗੇਗਾ। ਬਿਨਾਂ ਸ਼ੱਕ, ਤੁਹਾਨੂੰ ਖਿੱਝ ਚੜ੍ਹੇਗੀ। ਯਹੋਵਾਹ ਵੀ ਨਹੀਂ ਚਾਹੁੰਦਾ ਕਿ ਅਸੀਂ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰੀਏ ਜਾਂ ਕਿਸੇ ਕਿਤਾਬ ਵਿੱਚੋਂ ਪੜ੍ਹ ਕੇ ਪ੍ਰਾਰਥਨਾ ਕਰੀਏ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਚੰਗੇ ਦੋਸਤ ਵਾਂਗ ਉਸ ਨੂੰ ਦਿਲੋਂ ਪ੍ਰਾਰਥਨਾ ਕਰੀਏ।

“ਜਦੋਂ ਤੁਸੀਂ ਮੰਗਦੇ ਵੀ ਹੋ, ਤਾਂ ਤੁਹਾਨੂੰ ਮਿਲਦਾ ਨਹੀਂ ਕਿਉਂਕਿ ਤੁਸੀਂ ਮਾੜੀ ਨੀਅਤ ਨਾਲ ਮੰਗਦੇ ਹੋ।”—ਯਾਕੂਬ 4:3.

ਜੇ ਅਸੀਂ ਰੱਬ ਤੋਂ ਉਹ ਚੀਜ਼ਾਂ ਦੀ ਮੰਗ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ ਕਿ ਉਹ ਗ਼ਲਤ ਹਨ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣੇਗਾ। ਮਿਸਾਲ ਲਈ, ਜੇ ਕੋਈ ਵਿਅਕਤੀ ਜੂਆ ਖੇਡਦਾ ਹੈ ਤੇ ਉਹ ਪ੍ਰਾਰਥਨਾ ਕਰਦਾ ਹੈ ਕਿ ਉਹ ਜੂਆ ਜਿੱਤ ਜਾਵੇ, ਤਾਂ ਕੀ ਰੱਬ ਉਸ ਦੀ ਪ੍ਰਾਰਥਨਾ ਸੁਣੇਗਾ? ਬਿਲਕੁਲ ਨਹੀਂ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਰੱਬ ਲਾਲਚੀ ਲੋਕਾਂ ਨਾਲ ਨਫ਼ਰਤ ਕਰਦਾ ਹੈ। ਨਾਲੇ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਕਿਸਮਤ ਵਰਗੀਆਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਨਾ ਕਰੀਏ। (ਯਸਾਯਾਹ 65:11; ਲੂਕਾ 12:15) ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਕੀ ਮੰਗਦੇ ਹਾਂ। ਸਾਨੂੰ ਸੋਚਣਾ ਚਾਹੀਦਾ ਹੈ ਕਿ ਪ੍ਰਾਰਥਨਾ ਵਿਚ ਇਹ ਚੀਜ਼ਾਂ ਮੰਗਣੀਆਂ ਸਹੀ ਹਨ ਅਤੇ ਕੀ ਰੱਬ ਇਸ ਤੋਂ ਖ਼ੁਸ਼ ਹੋਵੇਗਾ। ਬਾਈਬਲ ਦੱਸਦੀ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।

“ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।”—ਕਹਾਉਤਾਂ 28:9.

ਬਾਈਬਲ ਜ਼ਮਾਨੇ ਵਿਚ, ਰੱਬ ਨੇ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੋ ਉਸ ਦਾ ਕਹਿਣਾ ਨਹੀਂ ਮੰਨਦੇ ਸਨ। (ਯਸਾਯਾਹ 1:15, 16) ਅੱਜ ਵੀ ਰੱਬ ਬਦਲਿਆ ਨਹੀਂ ਹੈ। (ਮਲਾਕੀ 3:6) ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ। ਪਰ ਉਦੋਂ ਕੀ ਜੇ ਅਸੀਂ ਪਹਿਲਾਂ ਗ਼ਲਤ ਕੰਮ ਕੀਤੇ ਸਨ? ਕੀ ਇਸ ਦਾ ਇਹ ਮਤਲਬ ਹੈ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਕਦੇ ਨਹੀਂ ਸੁਣੇਗਾ? ਬਿਲਕੁਲ ਨਹੀਂ! ਜੇ ਅਸੀਂ ਉਸ ਤੋਂ ਮਾਫ਼ੀ ਮੰਗਦੇ ਹਾਂ ਅਤੇ ਸਹੀ ਰਾਹ ’ਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਰੱਬ ਸਾਡੀ ਜ਼ਰੂਰ ਸੁਣੇਗਾ।—ਰਸੂਲਾਂ ਦੇ ਕੰਮ 3:19.