ਅਸੀਂ ਨਫ਼ਰਤ ਨੂੰ ਜਿੱਤ ਸਕਦੇ ਹਾਂ!
ਕੀ ਤੁਸੀਂ ਕਦੀ ਨਫ਼ਰਤ ਦੇ ਸ਼ਿਕਾਰ ਹੋਏ ਹੋ?
ਸ਼ਾਇਦ ਤੁਸੀਂ ਖ਼ੁਦ ਨਫ਼ਰਤ ਦੇ ਸ਼ਿਕਾਰ ਨਾ ਹੋਏ ਹੋਵੋ, ਪਰ ਤੁਸੀਂ ਜ਼ਰੂਰ ਕਿਸੇ-ਨਾ-ਕਿਸੇ ਨੂੰ ਇਸ ਦੇ ਸ਼ਿਕਾਰ ਹੁੰਦਿਆਂ ਦੇਖਿਆ ਹੋਣਾ। ਅਸੀਂ ਖ਼ਬਰਾਂ ਵਿਚ ਅਕਸਰ ਸੁਣਦੇ ਹਾਂ ਕਿ ਲੋਕ ਹੋਰ ਦੇਸ਼ ਜਾਂ ਜਾਤ ਦੇ ਲੋਕਾਂ ਨਾਲ ਜਾਂ ਸਮਲਿੰਗੀਆਂ ਨਾਲ ਨਫ਼ਰਤ ਕਰਦੇ ਹਨ। ਇਸ ਕਰਕੇ ਅੱਜ ਬਹੁਤ ਸਾਰੀਆਂ ਸਰਕਾਰਾਂ ਉਨ੍ਹਾਂ ਅਪਰਾਧਾਂ ਖ਼ਿਲਾਫ਼ ਕਾਨੂੰਨ ਬਣਾ ਰਹੀਆਂ ਹਨ ਜੋ ਨਫ਼ਰਤ ਦੇ ਆਧਾਰ ’ਤੇ ਕੀਤੇ ਜਾਂਦੇ ਹਨ।
ਨਫ਼ਰਤ ਦੇ ਸ਼ਿਕਾਰ ਲੋਕਾਂ ਦੇ ਦਿਲਾਂ ਵਿਚ ਅਕਸਰ ਨਫ਼ਰਤ ਤੇ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਨਫ਼ਰਤ ਦਾ ਇਹ ਚੱਕਰ ਚੱਲਦਾ ਰਹਿੰਦਾ ਹੈ।
ਸ਼ਾਇਦ ਨਫ਼ਰਤ ਕਰਕੇ ਤੁਹਾਡੇ ਨਾਲ ਪੱਖਪਾਤ ਕੀਤਾ ਗਿਆ ਹੋਵੇ, ਤੁਹਾਡਾ ਮਜ਼ਾਕ ਉਡਾਇਆ ਗਿਆ ਹੋਵੇ, ਤੁਹਾਡੀ ਬੇਇੱਜ਼ਤੀ ਕੀਤੀ ਗਈ ਹੋਵੇ ਅਤੇ ਤੁਹਾਨੂੰ ਧਮਕੀਆਂ ਦਿੱਤੀਆਂ ਗਈਆਂ ਹੋਣ। ਪਰ ਨਫ਼ਰਤ ਇੱਥੇ ਹੀ ਖ਼ਤਮ ਨਹੀਂ ਹੁੰਦੀ, ਸਗੋਂ ਇਹ ਹਿੰਸਾ ਦਾ ਭਿਆਨਕ ਰੂਪ ਧਾਰ ਲੈਂਦੀ ਹੈ। ਨਫ਼ਰਤ ਕਰਨ ਵਾਲੇ ਲੋਕ ਦੂਜਿਆਂ ਨੂੰ ਡਰਾਉਂਦੇ-ਧਮਕਾਉਂਦੇ ਹਨ, ਭੰਨ-ਤੋੜ ਕਰਦੇ ਹਨ, ਬਲਾਤਕਾਰ ਕਰਦੇ ਹਨ, ਕਤਲ ਕਰਦੇ ਹਨ ਅਤੇ ਇੱਥੋਂ ਤਕ ਕਿ ਨਸਲੀ ਕਤਲੇਆਮ ਵੀ ਕਰਦੇ ਹਨ।
ਇਸ ਰਸਾਲੇ ਵਿਚ ਹੇਠਾਂ ਲਿਖੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਦੱਸਿਆ ਜਾਵੇਗਾ ਕਿ ਅਸੀਂ ਨਫ਼ਰਤ ਨੂੰ ਕਿਵੇਂ ਜਿੱਤ ਸਕਦੇ ਹਾਂ:
ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?
ਨਫ਼ਰਤ ਦਾ ਇਹ ਚੱਕਰ ਕਿਵੇਂ ਤੋੜਿਆ ਜਾ ਸਕਦਾ ਹੈ?
ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਹਮੇਸ਼ਾ ਲਈ ਨਫ਼ਰਤ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ?