ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?
4 | ਰੱਬ ਦੀ ਮਦਦ ਨਾਲ ਨਫ਼ਰਤ ’ਤੇ ਜਿੱਤ ਹਾਸਲ ਕਰੋ
ਬਾਈਬਲ ਦੀ ਸਿੱਖਿਆ:
“ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ, ਸ਼ਾਂਤੀ, ਧੀਰਜ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।”—ਗਲਾਤੀਆਂ 5:22, 23.
ਇਸ ਦਾ ਕੀ ਮਤਲਬ ਹੈ?
ਰੱਬ ਦੀ ਮਦਦ ਨਾਲ ਨਫ਼ਰਤ ਦੇ ਚੱਕਰ ਨੂੰ ਤੋੜਿਆ ਜਾ ਸਕਦਾ ਹੈ। ਉਸ ਦੀ ਸ਼ਕਤੀ ਸਾਡੇ ਵਿਚ ਉਹ ਗੁਣ ਪੈਦਾ ਕਰ ਸਕਦੀ ਹੈ ਜੋ ਅਸੀਂ ਆਪਣੇ ਆਪ ਕਦੇ ਵੀ ਪੈਦਾ ਨਹੀਂ ਕਰ ਸਕਦੇ। ਇਸ ਲਈ ਆਪਣੀ ਤਾਕਤ ਨਾਲ ਨਫ਼ਰਤ ’ਤੇ ਜਿੱਤ ਹਾਸਲ ਕਰਨ ਦੀ ਬਜਾਇ ਸਾਨੂੰ ਰੱਬ ਦੀ ਤਾਕਤ ’ਤੇ ਭਰੋਸਾ ਕਰਨਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਵੀ ਰੱਬ ਦੇ ਸੇਵਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਹੋਵਾਂਗੇ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।” (ਫ਼ਿਲਿੱਪੀਆਂ 4:13) ਵਾਕਈ, ਅਸੀਂ ਕਹਿ ਸਕਾਂਗੇ: “ਮੈਨੂੰ ਯਹੋਵਾਹ ਤੋਂ ਮਦਦ ਮਿਲਦੀ ਹੈ।” —ਜ਼ਬੂਰ 121:2.
ਤੁਸੀਂ ਕੀ ਕਰ ਸਕਦੇ ਹੋ?
“ਯਹੋਵਾਹ ਨੇ ਮੈਨੂੰ ਹਿੰਸਕ ਆਦਮੀ ਤੋਂ ਸ਼ਾਂਤੀ-ਪਸੰਦ ਇਨਸਾਨ ਬਣਾ ਦਿੱਤਾ।” —ਵਲਡੋ
ਯਹੋਵਾਹ ਪਰਮੇਸ਼ੁਰ ਨੂੰ ਸ਼ਕਤੀ ਲਈ ਦਿਲੋਂ ਪ੍ਰਾਰਥਨਾ ਕਰੋ। (ਲੂਕਾ 11:13) ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਲਈ ਉਸ ਤੋਂ ਮਦਦ ਮੰਗੋ। ਬਾਈਬਲ ਵਿੱਚੋਂ ਪਿਆਰ, ਸ਼ਾਂਤੀ, ਧੀਰਜ ਅਤੇ ਸੰਜਮ ਵਰਗੇ ਗੁਣਾਂ ਬਾਰੇ ਜਾਣੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਦਿਲ ਵਿੱਚੋਂ ਨਫ਼ਰਤ ਕੱਢ ਸਕਦੇ ਹੋ। ਦੇਖੋ ਕਿ ਤੁਸੀਂ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹੋ। ਨਾਲੇ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜੋ ਇਹ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸਤ ਤੁਹਾਨੂੰ “ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਦੇ ਸਕਦੇ ਹਨ।—ਇਬਰਾਨੀਆਂ 10:24.